August 30, 2018 | By ਮਲਕੀਤ ਸਿੰਘ ਭਵਾਨੀਗੜ੍ਹ
ਮਨੁੱਖ ਆਪਣੀ ਗੱਲ ਨੂੰ ਦੂਜੇ ਤੱਕ ਅੱਪੜਦੀ ਕਰਨ ਲਈ ਵੱਖ ਵੱਖ ਤਰੀਕੇ ਅਪਣਾਉਂਦਾ ਹੈ, ਜਿਸ ਵਿੱਚੋਂ ਸਭ ਤੋ ਵੱਧ ਬੋਲ ਕੇ ਹੀ ਉਹ ਆਪਣੀ ਗੱਲ ਦੂਜੇ ਕੋਲ ਕਰਦਾ ਹੈ। ਇਸ ਨੂੰ ਮੋਟੇ ਰੂਪ ਵਿੱਚ ਸਮਝਣ ਲਈ ਦੋ ਕਿਸਮ ਦੇ ਬੰਦੇ ਮੁੱਖ ਤੌਰ ਤੇ ਆਪਣੇ ਆਲੇ ਦੁਆਲੇ ਵੱਖ ਵੱਖ ਖੇਤਰਾਂ ਵਿੱਚ ਵਿਚਰਦੇ ਹਨ।ਪਹਿਲੇ ਜੋ ਰੂਹ ਤੋਂ ਅਤੇ ਇਮਾਨਦਾਰੀ ਤੋਂ ਢਿੱਡੋਂ ਆਪਣੀ ਗੱਲ ਕਹਿ ਦਿੰਦੇ ਹਨ ਅਤੇ ਦੂਜੇ ਦਿਮਾਗ ਦੇ ਜੋਰ ਨਾਲ ਸ਼ਬਦਾਂ ਦੇ ਪਰਦੇ ਚ ਆਪਣੀ ਗੱਲ ਰੱਖਦੇ ਹਨ।ਇਮਾਨਦਾਰੀ ਅਤੇ ਰੂਹ ਤੋਂ ਬੋਲੀ ਗਈ ਗੱਲ ਆਪ ਮੁਹਾਰੇ ਆਪਣਾ ਅਸਰ ਛੱਡਦੀ ਹੈ ਅਤੇ ਸ਼ਬਦਾਂ ਦੇ ਪਰਦੇ ਕਰਕੇ ਦੱਸੀ ਜਾ ਰਹੀ ਗੱਲ ਨੂੰ ਕਿਸੇ ਖਾਸ ਮਕਸਦ ਅਤੇ ਅਸਰ ਲਈ ਤਿਆਰ ਕੀਤਾ ਜਾਂਦਾ ਹੈ ਜਿਸ ਵਿੱਚ ਸ਼ਬਦਾਂ ਦੀ ਮੁੱਖ ਭੂਮਿਕਾ ਰਹਿੰਦੀ ਹੈ।ਖਾਸ ਮਕਸਦ ਅਕਸਰ ਹੀ ਧੋਖੇ ਦੀ ਬਿਰਤੀ ਅਤੇ ਨਿੱਜੀ ਸੁਆਰਥਾਂ ਦਾ ਗੱਠਜੋੜ ਹੁੰਦਾ ਹੈ। ਇਹਦੇ ਨਿਸ਼ਾਨੇ ਨਾ ਤਾਂ ਸੌਖਿਆਂ ਸਮਝ ਪੈਂਦੇ ਹਨ ਤੇ ਨਾ ਹੀ ਛੇਤੀ ਕਿਤੇ ਸ਼ੱਕ ਦੇ ਘੇਰੇ ਚ ਆਉਂਦੇ ਹਨ ਅਤੇ ਦਿਨ ਪਰ ਦਿਨ ਡੂੰਘੇ ਅਤੇ ਘਾਤਕ ਬਣਦੇ ਜਾਂਦੇ ਹਨ।
ਪਿਛਲੇ ਕੁਝ ਵਰ੍ਹਿਆਂ ਚ ਮਾਧਿਅਮਾਂ ਦੀ ਗਿਣਤੀ ਅਤੇ ਗੱਲ ਕਰਨ ਦੀ ਸੌਖ ਵਧਣ ਕਰਕੇ ਮਨੁੱਖ ਆਪਣੀ ਗੱਲ ਨੂੰ ਕਾਹਲ ਅਤੇ ਬਿਨਾ ਸੋਚੇ ਵਿਚਾਰੇ ਕਹਿਣ ਚ ਲੱਗਾ ਹੋਇਆ ਹੈ, ਨਾਲ ਹੀ ਫਰੇਬੀ ਵਿਰਤੀ ਦੇ ਬੰਦੇ ਲਾਹਾ ਲੈ ਰਹੇ ਹਨ ਜਿਸ ਕਰਕੇ ਗੱਲਾਂ ਆਵਾਜਾਈ ਬਹੁਤ ਜ਼ਿਆਦਾ ਹੈ ਤੇ ਪਰਖ ਦੇ ਗੇੜ ਚੋਂ ਲੰਘਾਉਣ ਲਈ ਸਰੋਤੇ ਥੋੜੇ ਹਨ। ਕੌਣ ਕੀ ਕਹਿ ਰਿਹਾ ਹੈ, ਕਿਉਂ ਕਹਿ ਰਿਹਾ ਹੈ ਅਤੇ ਕਿਵੇਂ ਕਹਿ ਰਿਹਾ ਹੈ ਇਹਦੇ ਚ ਉਤਰਣ ਲਈ ਵਕਤ, ਨਿਸ਼ਚਾ, ਵਿਸ਼ਵਾਸ਼, ਤਜ਼ਰਬਾ, ਆਤਮਿਕ ਅਵਸਥਾ ਅਤੇ ਜੋ ਬੁਨਿਆਦੀ ਨਾਪ ਤੋਲ ਸਾਡੇ ਸਨ, ਉਹ ਕਿਤੇ ਨਾ ਕਿਤੇ ਸਾਡੇ ਤੋਂ ਖੁੱਸੇ ਜ਼ਰੂਰ ਹਨ ਤਾਂਹੀ ਇਹ ਵਰਤਾਰੇ ਦੀ ਤਸਵੀਰ ਸਾਨੂੰ ਸਾਫ ਨਹੀਂ ਦਿਖ ਰਹੀ ਧੁੰਦਲੀ ਦਿਖ ਰਹੀ ਹੈ। ਇਸ ਧੁੰਦ ਵਿੱਚ ਕੌਣ ਨਜ਼ਦੀਕ ਹੈ ਅਤੇ ਕੌਣ ਨਜ਼ਦੀਕ ਹੋ ਕੇ ਵੀ ਦੂਰ ਹੈ ਇਹ ਉਲਝਣਤਾਣੀ ‘ਚ ਬੰਦੇ ਦਿਨ ਪਰ ਦਿਨ ਫਸਦੇ ਜਾ ਰਹੇ ਹਨ।
ਇਹਦਾ ਅਸਰ ਬੁਨਿਆਦ ਤੋਂ ਭਟਕੇ ਬੰਦਿਆਂ ਤੇ ਬਹੁਤ ਛੇਤੀ ਅਤੇ ਸੌਖਿਆਂ ਹੋ ਜਾਂਦਾ ਹੈ, ਇਸ ਤਰ੍ਹਾਂ ਦੇ ਰੁਝਾਨ ਜਦੋਂ ਭਾਰੂ ਪੈਣ ਲੱਗ ਜਾਣ ਤਾਂ ਅਕਸਰ ਢਿੱਡੋਂ ਆਈਆਂ ਗੱਲਾਂ ਤੋਂ ਵੱਧ ਹੁੰਗਾਰਾ ਘੜ ਕੇ ਭੇਜੇ ਬੋਲਾਂ ਨੂੰ ਮਿਲਣ ਲੱਗ ਜਾਂਦਾ ਹੈ। ਕਿਉਂ ਜੋ ਬੰਦਾ ਆਪਣੇ ਆਪ ਦੀ ਸਹੀ ਪਹਿਚਾਣ ਤੋਂ ਦੂਰ ਹੁੰਦਾ ਹੈ ਤੇ ਰੂਹ ਤੋਂ ਆ ਰਹੇ ਬੋਲ ਬੰਦੇ ਦੀ ਬੁਨਿਆਦ ਹੁੰਦੇ ਹਨ ਇਸ ਕਰਕੇ ਉਹਦੀ ਕਸਵੱਟੀ ਸਹੀ ਨਿਤਾਰਾ ਨਹੀਂ ਕਰ ਪਾਉਂਦੀ।
ਦੂਜਾ ਇਹ ਕਿ ਬੰਦਾ ਕਾਹਲ ਦਾ ਸ਼ਿਕਾਰ ਹੋ ਗਿਆ ਹੈ, ਉਹ ਭਾਵੇਂ ਆਮ ਲੋਕਾਂ ਦੇ ਰੁਝਾਨ ਤੋਂ ਵੇਖ ਲਈਏ ਜਾਂ ਧਾਰਮਿਕ ਜਾਂ ਸਿਆਸੀ ਤੌਰ ਤੇ ਵਿਚਰਣ ਵਾਲਿਆਂ ਦੀ ਗਿਣਤੀ ਚੋਂ ਵੇਖ ਲਈਏ। ਜੇਕਰ ਬੁਨਿਆਦ ਤੇ ਝਾਤ ਪਾਈ ਜਾਵੇ ਤਾਂ ਇਕੱਲੀ ਕਾਹਲ ਸਾਡੇ ਕਿਸੇ ਵੀ ਅਮਲ ਦਾ ਹਿੱਸਾ ਨਹੀਂ ਰਹੀ ਤੇ ਸਾਡੀ ਕਾਹਲ ਦਾ ਵੱਡਾ ਲਾਭ ਸ਼ਬਦਾਂ ਦੇ ਪਰਦੇ ਕਰਨ ਵਾਲੇ ਬੰਦੇ ਲੈ ਰਹੇ ਹਨ। ਅਸੀਂ ਆਪਣੇ ਆਪ ਨੂੰ ਹਰ ਪੱਖ ਤੋਂ ਘਿਿਰਆ ਮਹਿਸੂਸ ਕਰਨ ਲੱਗ ਪਏ, ਜਿਸ ਕਰਕੇ ਸਾਡੇ ਬੰਦੇ ਹੱਲ ਲੱਭਣ ਨੂੰ ਭੱਜਣ ਲੱਗ ਪਏ। ਘਿਰੇ ਹੋਣਾ ਕੋਈ ਹਾਰ ਨੀ ਹੁੰਦੀ, ਘੇਰੇ ਦਾ ਹੱਲ ਲੱਭਣਾ ਵੀ ਕੋਈ ਗੁਨਾਹ ਨਹੀਂ, ਪਰ ਉਹਦੇ ਚ ਕਾਹਲ ਦੀਆਂ ਛੱਲਾਂ ਉੱਠਣੀਆਂ ਨਿਸ਼ਾਨੇ ਤੋਂ ਪਾਸੇ ਕਰਨ ਚ ਸਫਲ ਰਹਿੰਦੀਆਂ ਹਨ। ਅੱਜ ਸਾਨੂੰ ਹਰ ਪਾਸੇ ਤੋਂ ਦਿਸ਼ਾ ਦੇਣ ਦੀਆਂ ਅਵਾਜ਼ਾਂ ਪੈ ਰਹੀਆਂ ਹਨ, ਸਾਡੀ ਕਾਹਲ ਦੀ ਵੀ ਇਹੀ ਮੰਗ ਹੈ। ਤੇ ਜਦੋਂ ਇਮਾਨਦਾਰਾਂ ਦੀ ਮੰਗ ਅਤੇ ਬੇਈਮਾਨਾਂ ਦਾ ਦਾਅਵਾ ਇੱਕ ਹੋ ਜਾਵੇ ਤਾਂ ਸ਼ਬਦਾਂ ਦੀ ਪੁੱਠ ਚਾੜ੍ਹ ਕੇ ਭੇਜੇ ਬੋਲ ਆਮ ਬੰਦਿਆਂ ਦੀ ਤੋਰ ਨੂੰ ਕਿੰਨੀ ਛੇਤੀ ਮੋੜਾ ਦੇ ਦਿੰਦੇ ਹਨ ਇਹ ਅੰਦਾਜ਼ਾ ਲਾਉਣਾ ਕੋਈ ਬਹੁਤਾ ਔਖਾ ਨਹੀਂ। ਇਸ ਤਰ੍ਹਾਂ ਦੇ ਮੋੜ ਦੇਣ ਦੇ ਯਤਨ ਲਗਾਤਾਰ ਜਾਰੀ ਹਨ। ਰਾਹ ਭੁੱਲੇ ਬੰਦੇ ਨੂੰ ਜਿਵੇਂ ਕੋਈ ਕਹਿ ਦਿੰਦਾ ਉਵੇਂ ਤੁਰੀ ਜਾਂਦਾ, ਹੋਰ ਕੋਈ ਚਾਰਾ ਨਹੀਂ ਹੁੰਦਾ। ਦਿੱਕਤ ਭੁੱਲ ਚੁੱਕੇ ਰਾਹ ਦੀ ਹੈ, ਦਿੱਕਤ ਘਿਰੇ ਹੋਣ ਦੀ ਨਹੀਂ।
ਭੁੱਲੇ ਰਾਹ ਨੂੰ ਖੋਜਣਾ ਐਨਾ ਸੌਖਾ ਨਹੀਂ ਹੁੰਦਾ, ਉਹ ਅਜਿਹੀਆਂ ਕੁਰਬਾਨੀਆਂ ਦੀ ਮੰਗ ਕਰਦਾ ਜਿਹਨਾਂ ਦੀ ਕਈ ਵਾਰ ਹੋਰਾਂ ਨੂੰ ਭਿਨਕ ਤੱਕ ਨਹੀਂ ਪੈਂਦੀ ਤੇ ਸ਼ਾਇਦ ਇਸ ਤੋਂ ਵੀ ਕਿਤੇ ਵੱਧ ਔਖਾ ਹੈ ਭੁੱਲ ਚੁੱਕੇ ਰਾਹਾਂ ਨੂੰ ਲੱਭਣਾ ਤੇ ਉਹਨਾਂ ਤੇ ਚੱਲਣਾ। ਮਸ਼ਹੂਰੀ, ਰੌਲਾ, ਨਾਮ ਤੇ ਹੋਰ ਪਤਾ ਨੀ ਕੀ ਕੁਝ ਸ਼ਾਂਤ ਹੋ ਜਾਂਦਾ ਹੈ, ਕਾਹਲ ਤੋਂ ਬਾਅਦ ਇਹਨਾਂ ਦਾ ਤਿਆਗ ਹੋਣਾ ਹੀ ਸ਼ਬਦਾਂ ਦੇ ਪਰਦੇ ਪਿਛਲੀ ਕਹਾਣੀ ਨੂੰ ਸਮਝਣ ਚ ਸਹਾਈ ਹੁੰਦਾ ਹੈ। ਤਿਆਗੀ ਜਿਸ ਨੂੰ ਨਾ ਕੋਈ ਆਹੁਦਾ, ਨਾ ਮਸ਼ਹੂਰੀ , ਨਾ ਉਪਮਾਂ, ਨਾ ਹਾਜਰੀ ਲਵਾਉਂਦੇ ਬਿਆਨ ਤੇ ਨਾ ਹੀ ਕਿਸੇ ਸ਼ੌਹਰਤ ਦੀ ਭੁੱਖ ਹੋਵੇ, ਇਹ ਹੋਣਾ ਅਤੇ ਦਿਖਾਉਣਾ ਇਹਦੇ ਵਿੱਚ ਅੰਤਰ ਹੈ। ਇਹ ਅੰਤਰ ਵਧ ਫੁਲ ਰਿਹਾ ਹੈ, ਇਸ ਪਾੜੇ ਨੂੰ ਸਮਝੇ ਬਿਨਾਂ ਜੋ ਧੁੰਦਲੀ ਤਸਵੀਰ ਹੈ ਉਹ ਸਾਫ ਨਹੀਂ ਹੋਣੀ, ਨਾ ਸਫਰ ਮੁੱਕਣਾ ਤੇ ਨਾ ਮੰਜ਼ਿਲ ਮਿਲਣੀ ਤੇ ਸਭ ਤੋਂ ਵੱਧ ਖਤਰਨਾਕ ਇਹ ਇਸ ਲਈ ਹੁੰਦਾ ਕਿਉਂਕਿ ਇਹਦੇ ਚ ਮੰਜ਼ਿਲ ਦੇ ਨੇੜੇ ਹੋਣ ਦਾ ਬਹੁਤ ਵੱਡਾ ਭੁਲੇਖਾ ਹੁੰਦਾ। ਇਸ ਭੁਲੇਖੇ ਚ ਊਰਜਾ ਅਤੇ ਸਮਾਂ ਜਿੰਨਾ ਲੱਗ ਜਾਂਦਾ ਉਹਦੇ ਨਾਲ ਬੰਦਾ ਹਿੰਡੀ ਇੰਨਾ ਹੋ ਜਾਂਦਾ ਕਿ ਉਹ ਫਿਰ ਭੁੱਲੇ ਰਾਹ ਤੋਂ ਮੁਨਕਰ ਹੀ ਨਹੀਂ ਸਗੋਂ ਉਹਦੇ ਚ ਨੁਕਸ ਕੱਢਣ ਤੱਕ ਵੀ ਚਲਾ ਜਾਂਦਾ।
⊕ ਲੇਖਕ ਦੀ ਪਹਿਲੀ ਲਿਖਤ ਪੜ੍ਹੋ: ਸਾਡੇ ਅਮਲ ਦੀ ਲਿਸ਼ਕੋਰ ‘ਚ ਸਾਡਾ ਚਾਨਣ ਨਹੀਂ (6 ਜੂਨ 2018 ਨੂੰ ਸਾਡੇ ਰਵੱਈਏ ਬਾਬਤ)
ਫਿਰ ਉਹ ਸ਼ਬਦਾਂ ਦੇ ਹੇਰ ਫੇਰ ਘੜਦਾ, ਆਪਣੀ ਗੱਲ ਨੂੰ ਅਸਰਦਾਰ ਬਣਾਉਣ ਲਈ ਤੇ ਆਵਾਜਾਈ ਚ ਹੋਰ ਵਾਧਾ ਕਰਦਾ ਹੋਇਆ ਉਸ ਗੱਦੀ ਨੂੰ ਸਾਂਭ ਲੈਂਦਾ ਹੈ ਜਿੱਥੋਂ ਕਦੀ ਇੱਕ ਖਾਸ ਮਕਸਦ ਲਈ ਸ਼ਬਦਾਂ ਦੇ ਪਰਦੇ ਚ ਬਹੁਤ ਉਮੀਦਾਂ ਅਤੇ ਸੁਪਨੇ ਪਰੋਸੇ ਸੀ ਅਸਲ ਬੁਨਿਆਦ ਨੂੰ ਲਾਂਭੇ ਕਰਕੇ। ਇਸ ਤਰ੍ਹਾਂ ਨਾ ਜਾਣਦੇ ਹੋਏ ਵੀ ਬੰਦਾ ਕਿਸੇ ਦਾ ਹੱਥਠੋਕਾ ਕਿਵੇਂ ਬਣ ਗਿਆ, ਅਹਿਸਾਸ ਵੀ ਨੀ ਹੋਇਆ। ਅੱਗੇ ਦੀ ਅੱਗੇ ਇਹ ਸਿਲਸਲਾ ਜਾਰੀ ਹੈ, ਕੌਣ ਬੇਈਮਾਨ? ਕੌਣ ਇਮਾਨਦਾਰ? ਕੌਣ ਭੁਲੇਖੇ ਚ? ਕੌਣ ਸਾਜਿਸ਼ੀ? ਕੌਣ ਸਾਜਿਸ਼ ਦਾ ਸ਼ਿਕਾਰ? ਇਹ ਤੰਦਾਂ ਦਿਨ ਪਰ ਦਿਨ ਉਲਝ ਰਹੀਆਂ ਨੇ ਕਿਉਂ ਕਿ ਢਿੱਡੋਂ ਆਈਆਂ ਗੱਲਾਂ ਤੇ ਸ਼ਬਦਾਂ ਦੇ ਪਰਦੇ ਚ ਨਿਕਲਦੇ ਬੋਲ ਭਾਰੂ ਪੈਂਦੇ ਜਾ ਰਹੇ ਹਨ। ਇਹ ਤਾਣੀ ਕਿਸੇ ਕੰਨੀ ਤੋਂ ਫੜੇ ਬਿਨਾਂ ਜੇ ਸੁਲਝਾਉਣੀ ਚਾਹੀ ਤੇ ਹੋਰ ਉਲਝਦੀ ਜਾਣੀ ਹੈ। ਕਿਹੜੀ ਗੱਲ ਢਿੱਡੋਂ ਆ ਰਹੀ ਹੈ ਅਤੇ ਕਿਹੜੀ ਤੇ ਸ਼ਬਦਾਂ ਦੀ ਪਰਤ ਚਾੜ੍ਹੀ ਗਈ ਹੈ ਇਹ ਨਿਤਾਰਾ ਕਰਵਾਉਣ ਲਈ ਸਾਡੀ ਅਰਦਾਸ ਹੀ ਸਹਾਈ ਹੋ ਸਕਦੀ ਹੈ, ਸੱਚੇ ਪਾਤਸ਼ਾਹ ਹੀ ਉਹ ਭੁੱਲਿਆ ਹੋਇਆ ਬੁਨਿਆਦੀ ਰਾਹ ਸਾਨੂੰ ਵਿਖਾਉਣ ਚ ਸਹਾਈ ਹੋਣਗੇ, ਜਿਸ ਤੇ ਚੱਲਕੇ ਫਿਰ ਚਾਹੇ ਸ਼ਬਦਾਂ ਦੇ ਪਰਦੇ ਹੋਣ ਜਾ ਤੋਪਾਂ ਦੀਆਂ ਛਾਵਾਂ , ਨਾ ਇਹ ਪੈਰ ਡਗਮਗਾਉਣਗੇ ਤੇ ਨਾ ਹੀ ਕਾਹਲ ਦੀਆਂ ਛੱਲਾਂ ਸਾਡਾ ਰਾਹ ਬਦਲਣਗੀਆਂ।
– ਮਲਕੀਤ ਸਿੰਘ ਭਵਾਨੀਗੜ੍ਹ
Related Topics: Article By Malkeet Singh Bhawanighar, Malkeet Singh Bhawanigarh