June 1, 2016 | By ਸਿੱਖ ਸਿਆਸਤ ਬਿਊਰੋ
ਦਲ ਖਾਲਸਾ ਦੇ ਸਰਪ੍ਰਸਤ ਭਾਈ ਗਜਿੰਦਰ ਸਿੰਘ ਨੇ ਦੋ ਸਿੱਖ ਨੌਜਵਾਨਾਂ ਦੇ ਫੜੇ ਜਾਣ ਦੀਆਂ ਖਬਰਾਂ ਦੇ ਹਵਾਲੇ ਨਾਲ ਉਹਨਾਂ ਦਾ ਨਾਮ ਜੋੜੇ ਜਾਣ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਭਾਰਤੀ ਹਕੂਮਤ ਵਲੋਂ ਪਾਕਿਸਤਾਨ ਤੋਂ ਬਾਅਦ ਹੁਣ ਕੈਨੇਡਾ ਦਾ ਹਊਆ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕੁਝ ਚੌਣਵੀਆਂ ਅਖਬਾਰਾਂ ਵਿੱਚ ਉਹਨਾਂ ਦਾ ਨਾਂ ਪ੍ਰਕਾਸ਼ਿਤ ਹੋਣ ‘ਤੇ ਖਫਾ, ਭਾਈ ਗਜਿੰਦਰ ਸਿੰਘ ਨੇ ਈ-ਮੇਲ ਰਾਂਹੀਂ ਭੇਜੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਲੁਧਿਆਣਾ ਤੋਂ ਫੜੇ ਨੌਜਵਾਨ ਮਨਦੀਪ ਸਿੰਘ ਅਤੇ ਕੈਨੇਡਾ ਵਸਨੀਕ ਹਰਦੀਪ ਸਿੰਘ ਨਿੱਝਰ ਦੇ ਹਵਾਲੇ ਨਾਲ ਉਹਨਾਂ ਨੂੰ ਨਿਸ਼ਾਨਾ ਬਨਾਉਣਾ, ਭਾਰਤੀ ਏਜੰਸੀਆਂ ਦੀ ਬੇਈਮਾਨੀ ਅਤੇ ਬਦਨੀਤੀ ਦਰਸਾਉਂਦੀ ਹੈ।
ਉਹਨਾਂ ਕਿਹਾ ਕਿ ਕੈਨੇਡਾ ਤੋਂ ਆਪਣੇ ਪਿੰਡ ਗਏ, ਕਬੂਤਰ ਬਾਜ਼ੀ ਦੇ ਸ਼ੌਕੀਨ ਇੱਕ ਸਿੱਖ ਨੌਜਵਾਨ ਨੂੰ ਫੜ੍ਹਿਆ ਗਿਆ, ਉਸ ਦਾ ਸਬੰਧ ਕੈਨੇਡਾ ਰਹਿੰਦੇ ਇੱਕ ਹੋਰ ਸਿੰਘ ਨਾਲ ਜੋੜ੍ਹ ਦਿੱਤਾ ਗਿਆ, ਤੇ ਫਿਰ ਉਸ ਸਿੰਘ ਨੂੰ ਉਸ ਦੇ ਇੱਕ ਜੁਝਾਰੂ ਜੱਥੇਬੰਦੀ ਨਾਲ ਸਬੰਧਾਂ ਦੇ ਆਧਾਰ ‘ਤੇ ਕੈਨੇਡਾ ਵਿੱਚ ਚੱਲ ਰਹੇ ‘ਖਾਲਿਸਤਾਨੀ ਅੱਤਵਾਦੀਆਂ’ ਦੇ ਕੈਂਪਾ ਦਾ ਸੰਚਾਲਕ ਗਰਦਾਨ ਦਿੱਤਾ ਅਤੇ ਫੇਸਬੁੱਕ ਦੀਆਂ ਦੋਸਤੀਆਂ ਦੇ ਆਧਾਰ ‘ਤੇ ਇਸ ਸੱਭ ਕੁੱਝ ਨੂੰ ਮੇਰੇ ਨਾਲ ਜੋੜ੍ਹ ਦਿੱਤਾ ਗਿਆ।
ਉਹਨਾਂ ਕਿਹਾ ਕਿ ਇਸ ਤਰ੍ਹਾਂ ਭਾਰਤੀ ਏਜੰਸੀਆਂ ਨੇ ਕੈਨੇਡਾ ਨੂੰ ਵੀ ਕਸੂਰਵਾਰ ਬਣਾ ਦਿੱਤਾ, ਮੈਨੂੰ ਵੀ ਅਤੇ ਫੇਸਬੁੱਕ ਨੂੰ ਵੀ। ਉਹਨਾਂ ਕਿਹਾ ਕਿ ਨਤੀਜੇ ਵਜੋਂ ਦੋ ਤਿੰਨ ਬੇਗੁਨਾਹ ਜਜ਼ਬਾਤੀ ਨੌਜਵਾਨ ਇਸ ਸਾਰੇ ਸਿਲਸਿਲੇ ਵਿੱਚ ਕਾਲ ਕੋਠੜੀਆ ਵਿੱਚ ਸੜ੍ਹਨ ਲਈ ਤਾੜ੍ਹ ਦਿੱਤੇ ਗਏ।
ਉਹਨਾਂ ਸਪਸ਼ਟ ਕੀਤਾ ਕਿ ਇਹ ਨੌਜਵਾਨ, ਹੋਰ ਬਹੁਤ ਸਾਰੇ ਨੌਜਵਾਨਾਂ ਵਾਂਗ ਮੇਰੇ ਨਾਲ ਫੇਸਬੁੱਕ ਰਾਹੀਂ ਜੁੜ੍ਹੇ ਹੋਏ ਹਨ। ਇਹ ਨੌਜਵਾਨ ਕਵਿਤਾਵਾਂ ‘ਤੇ ਲੇਖ ਪੜ੍ਹਦੇ ਹਨ, ਤੇ ਪਿਆਰ ਕਰਦੇ ਹਨ। ਉਹਨਾਂ ਕਿਹਾ ਕਿ ਮੈਨੂੰ ਇੱਥੇ ਇਹ ਦੱਸਣ ਵਿੱਚ ਵੀ ਕੋਈ ਝਿਜਕ ਨਹੀਂ ਹੈ ਕਿ ਕਈ ਵਾਰੀ ਕੁੱਝ ਜਜ਼ਬਾਤੀ ਨੌਜਵਾਨ ਸੋਸ਼ਲ ਮੀਡੀਆ ਉਤੇ ਰਾਬਤਾ ਕਰ ਕੇ ਬਹੁਤ ਜਜ਼ਬਾਤੀ ਅਤੇ ਗਰਮ ਸੁਨੇਹੇ ਵੀ ਭੇਜਣ ਲੱਗ ਜਾਂਦੇ ਹਨ, ਅਤੇ ਮੈਂ ਉਹਨਾਂ ਨੂੰ ਹਮੇਸ਼ਾ ਪਿਆਰ ਨਾਲ ਸਮਝਾ ਕੇ ਰੋਕਦਾ ਹਾਂ।
ਉਹਨਾਂ ਕਿਹਾ ਕਿ ਸਤੰਬਰ 1981 ਵਿੱਚ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਰਿਹਾਈ ਅਤੇ ਖਾਲਿਸਤਾਨ ਦੇ ਸੰਘਰਸ਼ ਨੂੰ ਕੁੱਲ ਦੁਨੀਆਂ ਤੱਕ ਪਹੁੰਚਾਣ ਦੇ ਮਕਸਦ ਨਾਲ ਕੀਤੀ ਗਈ ਭਾਰਤੀ ਹਵਾਈ ਜਹਾਜ਼ ਦੀ ਹਾਈਜੈਕਿੰਗ ਤੋਂ ਇਲਾਵਾ ਮੇਰਾ ਕੋਈ ਸਬੰਧ ਕਿਸੇ ਮਿਲੀਟੈਂਟ ਕਾਰਵਾਈ ਨਾਲ ਨਹੀਂ ਰਿਹਾ ਤੇ ਨਾ ਹੈ। ਇਸ ਇੱਕ ਕਾਰਵਾਈ ਤੋਂ ਇਲਾਵਾ ਮੈਂ ਹਮੇਸ਼ਾਂ ਕਲਮ ਤੋਂ ਹੀ ਤਲਵਾਰ ਦਾ ਕੰਮ ਲਿੱਆ ਹੈ। ਭਾਰਤ ਸਰਕਾਰ ਦੀ ਮੈਨੂੰ ਇਹਨਾਂ ਕੇਸਾਂ ਵਿੱਚ ਉਲਝਾਣ ਦੀ ਕੋਸ਼ਿਸ਼ ਦੱਸਦੀ ਹੈ ਕਿ ਮੇਰੀ ਕਲਮ ਦੇ ਫੱਟ ਉਹਨਾਂ ਨੂੰ ਡਾਢੀ ਤਕਲੀਫ ਪਹੁੰਚਾ ਰਹੇ ਹਨ।
ਗਜਿੰਦਰ ਸਿੰਘ ਨੇ ਸਪਸ਼ਟ ਕੀਤਾ ਕਿ ਉਹਨਾਂ ਨੂੰ ਆਪਣੀਆਂ ਪੰਥਕ ਜ਼ਿੰਮੇਵਾਰੀਆਂ ਦਾ ਅਹਿਸਾਸ ਹੈ ਅਤੇ ਸਭ ਜਾਣਦੇ ਹਨ ਕਿ ਮੇਰੀ ਪਾਰਟੀ ਦਾ ਪ੍ਰੋਗਰਾਮ ਜਮਹੂਰੀ ਤਰੀਕੇ ਨਾਲ ਖਾਲਿਸਤਾਨ ਦੀ ਸਿਰਜਣਾ ਲਈ ਸਰਗਰਮੀਆਂ ਕਰਨਾ ਹੈ। ਉਹਨਾਂ ਕਿਹਾ ਕਿ ਮੇਰਾ ਨਾਮ ਕਿਸੇ ਅਜਿਹੀ ਗਤੀਵੀਧਿਆਂ ਨਾਲ ਜੋੜਣਾ ਜੋ ਮੇਰੀ ਪਾਰਟੀ ਦੀ ਨੀਤੀ ਦੇ ਅਨੁਕੂਲ ਨਹੀਂ. ਸਰਾਸਰ ਧੱਕਾ ਅਤੇ ਜ਼ਿਆਦਤੀ ਹੈ।
ਉਹਨਾਂ ਦਸਿਆ ਕਿ ਕੈਨੇਡਾ ਵਿੱਚ ਵੈਸਾਖੀ ਮੌਕੇ ਸਿੱਖ ਕੌਮ ਨੂੰ ਮਿਲੇ ਮਾਣ ਸਤਿਕਾਰ ਤੋਂ ਬਾਅਦ ਮੈਂ ਦੋ ਤਿੰਨ ਲੇਖ ਕੈਨੇਡਾ ਵਿੱਚ ਵੱਸਦੇ ਸਿੱਖਾਂ ਦੀ ਕਾਮਯਾਬੀ ਉਤੇ ਲਿਖੇ ਸਨ। ਅਤੇ ਇਹ ਵੀ ਲਿਖਿਆ ਸੀ ਕਿ ਭਾਰਤ ਦੇ ਹਾਕਮਾਂ ਤੋਂ ਇਹ ਸੱਭ ਹਜ਼ਮ ਨਹੀਂ ਹੋਣਾ, ਅਤੇ ਉਹ ਕੈਨੇਡਾ ਵਿੱਚ ਵੱਸਦੇ ਸਿੱਖਾਂ ਦਾ ਅਕਸ ਖਰਾਬ ਕਰਨ ਦਾ ਜ਼ਰੂਰ ਕੋਈ ਬਹਾਨਾ ਲਭਣਗੇ। ਉਹਨਾਂ ਕਿਹਾ ਕਿ ਮੈਂ ਸਿੱਖਾਂ ਨੂੰ ਖਬਰਦਾਰ ਕਰਦਾ ਰਿਹਾ ਹਾਂ ਕਿ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ, ਤੇ ਭਾਰਤੀ ਏਜੰਸੀਆਂ ਨੂੰ ਕੋਈ ਬਹਾਨਾ ਨਹੀਂ ਦੇਣਾ ਚਾਹੀਦਾ। ਉਹਨਾਂ ਕਿਹਾ ਕਿ ਮੇਰੇ ਲੇਖਾਂ ਦਾ ਜਵਾਬ ਭਾਰਤੀ ਏਜੰਸੀਆਂ ਨੇ ਇਸ ਤਰ੍ਹਾ ਦਿੱਤਾ ਕਿ ਮੈਨੂੰ ਹੀ ਲਪੇਟ ਲਿਆ ਗਿਆ ਹੈ। ਉਹਨਾਂ ਕਿਹਾ ਕਿ ਭਾਰਤੀ ਹਾਕਮਾਂ ਦਾ ਕੈਸਾ ਕਮਾਲ ਹੈ, ਕਿ ਉਹਨਾਂ ਨੇ ਇੱਕ ਤੀਰ ਨਾਲ ਤਿੰਨ ਸ਼ਿਕਾਰ ਕਰਨ ਦੀ ਕੋਸ਼ਿਸ਼ ਕੀਤੀ ਹੈ।
Related Topics: Arrests of sikh youth in punjab, Dal Khalsa International, Gajinder Singh Dal Khalsa, Sikhs in Canada