April 18, 2011 | By ਸਿੱਖ ਸਿਆਸਤ ਬਿਊਰੋ
ਫ਼ਤਹਿਗੜ੍ਹ ਸਾਹਿਬ (16 ਅਪ੍ਰੈਲ, 2011): ਸਿੱਖ ਕਤਲੇਆਮ ਦੀ ਪੀੜਤ ਬੀਬੀ ਨਿਰਪ੍ਰੀਤ ਕੌਰ ਨੂੰ ਕਾਂਗਰਸੀ ਆਗੂ ਐਚ.ਐਸ. ਹੰਸਪਾਲ ਵਲੋਂ ਜਗਦੀਸ਼ ਟਾਇਟਲਰ ਵਿਰੁੱਧ ਕੇਸ ਵਾਪਸ ਲੈਣ ਲਈ ਦਬਾਅ ਪਾਉਣ ਦੀ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਸਖ਼ਤ ਨਿਖੇਧੀ ਕਰਦਿਆਂ ਦਲ ਦੇ ਪ੍ਰਜ਼ੀਡੀਅਮ ਮੈਂਬਰ ਭਾਈ ਕੁਲਬੀਰ ਸਿੰਘ ਬੜਾ ਪਿੰਡ, ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਅਤੇ ਜਸਵੀਰ ਸਿੰਘ ਖੰਡੂਰ ਨੇ ਉਸਨੂੰ ਘੱਟਗਿਣਤੀ ਕਮਿਸ਼ਨ ਵਿੱਚੋਂ ਵੀ ਬਾਹਰ ਕਰਨ ਅਤੇ ਫੌਜਦਾਰੀ ਕੇਸ ਦਰਜ ਕਰਨ ਦੀ ਮੰਗ ਕਰਦਿਆ ਕਿਹਾ ਕਿ ਹੰਸਪਾਲ ਇਸ ਕਮਿਸ਼ਨ ਵਿੱਚ ਬਣੇ ਰਹਿਣ ਦੇ ਯੋਗ ਨਹੀਂ। ਇਸਨੇ ਅਪਣੇ ਆਹੁਦੇ ਦੀ ਮਰਿਯਾਦਾ ਨੂੰ ਭੰਗ ਕੀਤਾ ਹੈ। ਇਸ ਲਈ ਉਹ ਅਪਣੀ ਜਿੰਮੇਵਾਰੀ ਸਮਝਦਿਆਂ ਕਮਿਸ਼ਨ ਦੀ ਮੈਂਬਰਸ਼ਿਪ ਤੋਂ ਖ਼ੁਦ ਅਸਤੀਫਾ ਦਵੇ ਜੇ ਉਹ ਅਜਿਹਾ ਨਹੀਂ ਕਰਦਾ ਤਾਂ ਸਰਕਾਰ ਨੂੰ ਆਪ ਕਾਰਵਾਈ ਕਰਕੇ ਉਸਦੀ ਮੈਂਬਰਿਸ਼ਪ ਖ਼ਤਮ ਕਰਨੀ ਚਾਹੀਦੀ ਹੈ। ਇਸ ਮੌਕੇ ਭਾਈ ਚੀਮਾ ਨੇ ਕਿਹਾ ਕਿ ਬੀਬੀ ਨਿਰਪ੍ਰੀਤ ਨੇ ਉਨ੍ਹਾਂ ਨੂੰ ਫੋਨ ’ਤੇ ਗਲਬਾਤ ਦੌਰਾਨ ਕਿਹਾ ਹੈ ਕਿ ਜੇ ਸਰਕਾਰ ਨੇ ਹੰਸਪਾਲ ’ਤੇ ਕਾਰਵਾਈ ਨਾ ਕੀਤੀ ਤਾਂ ਆਪਾਂ ਅਦਾਲਤ ਵਿਚ ਕੇਸ ਦਾਇਰ ਕਰਾਂਗੇ।
ਉਨ੍ਹਾਂ ਕਿਹਾ ਕਿ ਹੰਸਪਾਲ ਨੇ ਇਨਸਾਫ ਤੇ ਅਦਾਲਤੀ ਪ੍ਰਕਿਰਿਆ ਦੇ ਰਾਹ ਵਿੱਚ ਅੜਿਕਾ ਡਾਹੁਣ ਦੀ ਕੋਸ਼ਿਸ਼ ਕੀਤੀ ਹੈ ਜਿਸ ਕਾਰਨ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਵਿਅਕਤੀ ’ਤੇ ਪਰਚਾ ਦਰਜ ਕਰਕੇ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਉਕਤ ਆਗੂਆਂ ਨੇ ਕਿਹਾ ਕਿ ਹੰਸਪਾਲ ਸਿੱਖ ਘੱਟਗਿਣਤੀ ਦਾ ਪ੍ਰਤੀਨਿਧ ਹੋਣ ਦੇ ਬਾਵਯੂਦ ਸਿੱਖਾਂ ਨੂੰ ਇਨਸਾਫ ਦਿਵਾਉਣ ਦੀ ਥਾਂ ਰੋੜਾ ਅਟਕਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਕਾਰਨ ਇਹ ਸਿੱਖਾਂ ਦਾ ਪ੍ਰਤੀਨਿਧ ਅਖਵਾਉਣ ਦਾ ਹੱਕਦਾਰ ਨਹੀਂ ਰਿਹਾ।
ਉਕਤ ਆਗੂਆਂ ਨੇ ਕਿਹਾ ਕਿ ਡੇਰਾ ਭੈਣੀ ਵੀ ਪੰਜਾਬ ਦੀ ਧਰਤੀ ’ਤੇ ਪਸਰੇ ਬਾਕੀ ਡੇਰਿਆਂ ਤੋਂ ਵੱਖ ਨਹੀਂ। ਬਾਬਾ ਰਾਮ ਸਿੰਘ ਨੇ ਅਪਣਾ ਜੀਵਣ ਸਿੱਖੀ ਆਦਰਸ਼ਾ ਮੁਤਾਬਿਕ ਗੁਜ਼ਾਰਿਆ ਹੈ ਜਿਸ ਕਾਰਨ ਸਿੱਖ ਕੌਮ ਉਨ੍ਹਾਂ ਦਾ ਸਤਿਕਾਰ ਕਰਦੀ ਹੈ ਤੇ ਕਰਦੀ ਰਹੇਗੀ ਪਰ ਉਨ੍ਹਾਂ ਦੀ ਦੇਣ ਨੂੰ ਅਧਾਰ ਬਣਾ ਕੇ ਹੋਂਦ ’ਚ ਆਈ ਇਸ ਵੱਖਰੀ ਸੰਪਰਦਾ ਦੀ ਕਾਰਗੁਜ਼ਾਰੀ ਸ਼ੁਰੂ ਤੋਂ ਹੀ ਸ਼ਬਦ ਗੁਰੂ ਤੇ ਸਿੱਖ ਪੰਥ ਦੀ ਵਿਰੋਧੀ ਰਹੀ ਹੈ ਇਹ ਸੰਪਰਦਾ ਵੀ ਪੰਜਾਬ ਵਿਚਲੇ ਸੌਦਾ ਡੇਰਾ, ਅਸ਼ੂਤੋਸ਼ ਭਈਏ ਵਰਗੇ ਡੇਰਾ ਸਿਸਟਮ ਦਾ ਹੀ ਇੱਕ ਹਿੱਸਾ ਹੈ।
Related Topics: Akali Dal Panch Pardhani, Bhai Harpal Singh Cheema (Dal Khalsa), H S Hanspal