ਜਖਮ ਨੂੰ ਸੂਰਜ ਬਣਨ ਦਿਓ... » ਲੇਖ

ਜੂਨ 1984 ਦੇ ਘੱਲੂਘਾਰੇ ਬਾਰੇ ਲੁਕੀ ਹੋਈ ਸਭਿਆਚਾਰਕ ਰਾਜਨੀਤੀ ਦਾ ਵਿਸ਼ਲੇਸ਼ਣ

June 7, 2012 | By

– ਡਾ. ਗੁਰਭਗਤ ਸਿੰਘ

ਉਪਰੇਸ਼ਨ ਬਲਿਊ ਸਟਾਰ ਨੂੰ ਵਾਪਰਿਆਂ ਅੱਜ ਵੀਹ (20)* ਵਰ੍ਹੇ ਬੀਤ ਚੁੱਕੇ ਹਨ। ਅਜੇ ਵੀ ਇਸ ਗੰਭੀਰਤਾ ਨੂੰ ਸਮਝਣ ਦਾ ਯਤਨ ਨਹੀਂ ਕੀਤਾ ਗਿਆ। ਵੇਖਣ ਨੂੰ ਇਹ ਉਸ ਵਕਤ ਕਾਂਗਰਸ ਦੀ ਨੇਤਾ ਅਤੇ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਦਰਬਾਰ ਸਾਹਿਬ ਅਤੇ ਹੋਰ ਪਵਿੱਤਰ ਸਿੱਖ ਗੁਰਦੁਆਰਿਆਂ ਵਿੱਚ ਬੈਠੇ ਖਾੜਕੂ ਨੌਜੁਆਨਾਂ ਅਤੇ ਉਨ੍ਹਾਂ ਦੇ ਸਟੇਟ ਲਈ ਖਤਰਨਾਕ ਲੀਡਰਾਂ ਨੂੰ ਖਤਮ ਕਰਨ ਲਈ ਕੀਤਾ ਗਿਆ ਐਕਸ਼ਨ ਸੀ, ਜਿਸ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਨ੍ਹਾਂ ਦੇ ਸਿਰਕੱਢ ਸਾਥੀ ਸ਼ਹੀਦ ਹੋ ਗਏ। ਇਸ ਐਕਸ਼ਨ ਨੂੰ ਦੇਸ਼ ਦੇ ਹਿੱਤ ਅਤੇ ਸ਼ਾਂਤੀ ਲਈ ਸਥਾਪਿਤ ਕਰਨ ਲਈ ਕੀਤੀ ਗਈ ਕਾਰਵਾਈ ਵਜੋਂ ਹੀ ਪੇਸ਼ ਕੀਤਾ ਗਿਆ।

ਇਹ ਵੀ ਭੁੱਲਣ ਵਾਲੀ ਗੱਲ ਨਹੀਂ ਕਿ ਜਦੋਂ ਸੰਤ ਜਰਨੈਲ ਸਿੰਘ ਅਕਾਲ ਤਖ਼ਤ ਦੇ ਕੰਪਲੈਕਸ ਵਿੱਚ ਆਪਣੇ ਸਲਾਹਕਾਰਾਂ ਦੀ ਸਹਾਇਤਾ ਨਾਲ ਨੌਜੁਆਨਾਂ ਨੂੰ ਪ੍ਰੇਰਿਤ ਕਰ ਰਹੇ ਸਨ, ਉਸ ਸਮੇਂ ਸੰਤ ਹਰਚੰਦ ਸਿੰਘ ਲੌਗੋਂਵਾਲ ਵੀ ਮੋਰਚਾ ਚਲਾ ਰਹੇ ਸਨ। ਉਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਦੀ ਕਣਕ ਦੂਜੇ ਰਾਜਾਂ ਵਿਚ ਨਾਂ ਭੇਜਣ ਦਾ ਐਲਾਨ ਕਰ ਦਿੱਤਾ ਹੋਇਆ ਸੀ। ਉਨ੍ਹਾਂ ਦੇ ਐਲਾਨ ਦੇ ਝੱਟ ਪਿੱਛੋਂ ਹੀ ਉਪਰੇਸ਼ਨ ਬਲਿਊ ਸਟਾਰ, ਜਿਸ ਦਾ ਅਭਿਆਸ ਬਹੁਤ ਦੇਰ ਤੋਂ ਹੋ ਰਿਹਾ ਸੀ, ਕਰ ਦਿੱਤਾ ਗਿਆ। ਜਦੋਂ ਕਿ ਪ੍ਰਧਾਨ ਮੰਤਰੀ ਇੱਕ ਦਿਨ ਪਹਿਲਾਂ ਤੱਕ ਕਹਿ ਰਹੀ ਸੀ ਕਿ ਉਸ ਦਾ ਅਜਿਹਾ ਕੋਈ ਇਰਾਦਾ ਨਹੀਂ ਹੈ।

ਅਸਲ ਵਿਚ ਜੋ ਗੱਲ ਅਕਾਲੀਆਂ ਅਤੇ ਬਾਕੀ ਸਿੱਖਾਂ ਬਾਰੇ ਕਾਂਗਰਸ ਅਤੇ ਇੰਦਰਾ ਗਾਂਧੀ ਨੂੰ ਪ੍ਰਵਾਨ ਨਹੀਂ ਸੀ ਅਤੇ ਜਿਸ ਨੂੰ ਜੜ੍ਹੋਂ ਉਖਾੜਨ ਲਈ ਸਰਕਾਰ ਨੇ ਉਹ ਉਪਰੇਸ਼ਨ ਕੀਤਾ, ਉਹ ਸੀ ਸਿੱਖਾਂ ਦਾ ਆਪਣੇ ਆਪ ਨੂੰ ਇੱਕ ਵੱਖਰੀ ਕੌਮ ਮੰਨਣਾ। ਸੰਤ ਲੌਗੋਵਾਲ ਵੀ ਆਪਣੇ ਭਾਸ਼ਣਾਂ ਵਿਚ ਸਿੱਖਾਂ ਨੂੰ ਵੱਖਰੀ ਕੌਮ ਕਹਿ ਚੁੱਕੇ ਸਨ। ਭਾਵੇਂ ਸੰਤ ਲੌਂਗੋਵਾਲ ਦੇ ਮੋਰਚੇ ਅਤੇ ਭਿੰਡਰਾਂਵਾਲਿਆਂ ਦਾ ਨੌਜਵਾਨਾਂ ਨੂੰ ਆਪਣੇ ਮਾਣ ਲਈ ਜਿਊਣ ਵਾਸਤੇ ਪ੍ਰੇਰਿਤ ਕਰਨ ਲਈ ਐਕਸ਼ਨ ਵਿਚ ਆਉਣ ਲਈ ਪਿਛੋਕੜ ਉਸ ਵੇਲੇ ਦੀ ਮੱਧਲੀ ਅਤੇ ਹੇਠਲੀ ਸਿੱਖ ਕਿਸਾਨੀ ਦੀ ਮੰਦੀ ਆਰਥਿਕ ਹਾਲਤ ਹੀ ਨਹੀਂ ਸੀ। ਮਹਾਰਾਜਾ ਰਣਜੀਤ ਸਿੰਘ ਪਿੱਛੋਂ ਖਾਲਸਾ ਰਾਜ ਦੇ ਅਣਸੰਗਠਨ ਨਾਲ ਸਿੱਖਾਂ ਨੇ ਸੁਤੰਤਰ ਪੰਜਾਬੀ ਰਾਜ ਸਥਾਪਿਤ ਕਰਨ ਦੀ ਜੋ ਭੂਮਿਕਾ ਨਿਭਾਈ ਸੀ, ਉਸ ਦੇ ਛੇਤੀ ਸਮਾਪਤ ਹੋ ਜਾਣ ਕਾਰਨ ਉਨ੍ਹਾਂ ਵਿੱਚ ਸਦਾ ਕਾਇਮ ਰਹਿਣ ਵਾਲੀ ਅਸੰਤੁਸ਼ਟਤਾ ਘਰ ਕਰ ਗਈ ਸੀ। ਬਰਤਾਨਵੀ ਸਾਮਰਾਜ ਨੇ ਇੱਕ ਚੇਤੰਨ ਨੀਤੀ ਅਧੀਨ ਸਿੱਖਾਂ ਦੇ ਕ੍ਰਾਂਤੀਕਾਰੀ ਅਤੇ ਸੁਤੰਤਰ ਰਾਜ ਕਾਇਮ ਕਰਨ ਵਾਲੇ ਮੂਲ ਵਿਧਾਨ ਨੂੰ ਤੋੜਿਆ। ਕੁੱਝ ਲਾਲਚ, ਕੁੱਝ ਪ੍ਰਸ਼ੰਸਾ ਨਾਲ ਬਰਤਾਨਵੀ ਰਾਜ ਦੇ ਸਮੱਰਥਕ ਬਣਾਉਣ ਦਾ ਯਤਨ ਕੀਤਾ। ਇਕ ਵਿਸ਼ੇਸ਼ ਵਰਗ ਨੂੰ ਜਗੀਰਾਂ ਦੇ ਕੇ ਸਾਮਰਾਜ ਨੂੰ ਪੱਕਾ ਕਰਨ ਲਈ ਵਰਤਿਆ। ਉਨ੍ਹਾਂ ਨੂੰ ਸਾਮਰਾਜ ਦੇ ਬਹਾਦਰ ਸਿਪਾਹੀ ਬਣਾ ਲਿਆ।

ਬਰਤਾਨਵੀ ਸਾਮਰਾਜ ਸਿੱਖਾਂ ਦੇ ਨਾਇਕ ਬਣਨ, ਸੁਤੰਤਰ ਰਾਜ ਸਥਾਪਿਤ ਕਰਕੇ ਇਕ ਕੌਮ ਉਸਾਰਨ ਦੀ ਸ਼ਕਤੀ ਨੂੰ ਸਮਝਦਾ ਸੀ ਅਤੇ ਉਸ ਨੂੰ ਹਰ ਹੀਲੇ ਬਖੇਰਨ ਲਈ ਵਿਉਂਤਬੰਦੀ ਕਰਦਾ ਰਹਿੰਦਾ ਸੀ। ਪਰ ਸਿੱਖਾਂ ਵਿਚੋਂ ਸਮੂਹਿਕ ਤੌਰ ’ਤੇ ਆਪਣੀ ਇਸ ਸ਼ਕਤੀ ਪ੍ਰਤੀ ਭਾਵਨਾ ਅਤੇ ਚੇਤਨਤਾ ਕਦੇ ਮੂਲੋਂ ਖਤਮ ਨਾ ਹੋਈ। ਇਨ੍ਹਾਂ ਨੂੰ ਜਿਊਂਦਾ ਰੱਖਣ ਲਈ ਜ਼ਿੰਮੇਵਾਰ ਸਿੱਖਾਂ ਦਾ ਇਤਿਹਾਸ, ‘‘ਸ੍ਰੀ ਗੁਰੂ ਗ੍ਰੰਥ ਸਾਹਿਬ’’ ਅਤੇ ਦਸਮ ਗ੍ਰੰਥ ਦੀ ਹੋਂਦ ਸਨ।

ਅੰਗਰੇਜ਼ਾਂ ਨੇ ਜਦੋਂ ਭਾਰਤ ਦੀ ਵੰਡ ਕੀਤੀ ਅਤੇ ਇਸ ਨੂੰ ਆਜ਼ਾਦ ਕੀਤਾ, ਅਕਾਲੀ ਲੀਡਰ ਆਪਣੀ ਸੀਮਿਤ ਰਾਜਨੀਤਿਕ ਸੂਝ ਕਾਰਨ ਸਿੱਖਾਂ ਲਈ ਕੋਈ ਆਜ਼ਾਦ ਖਿੱਤਾ ਨਾ ਲੈ ਸਕੇ। ਕੇਵਲ ਕਾਂਗਰਸ ਤੋਂ ਇਹ ਵਾਇਦਾ ਲੈ ਕੇ ਹੀ ਸੰਤੁਸ਼ਟ ਹੋ ਗਏ ਕਿ ਆਜ਼ਾਦੀ ਮਿਲਣ ਤੋਂ ਪਿੱਛੋਂ ਸਿੱਖਾਂ ਨੂੰ ਇੱਕ ਖਿੱਤਾ ਦਿੱਤਾ ਜਾਵੇਗਾ ਜਿੱਥੇ ਉਹ ਅਜ਼ਾਦੀ ਦੀ ਰੌਸ਼ਨੀ ਮਾਣ ਸਕਣ। ਕਾਂਗਰਸ ਅਤੇ ਇਸ ਦੀ ਸਰਪ੍ਰਸਤ ਬੁਰਜੁਆਜ਼ੀ ਜੋ ਸਾਰੇ ਭਾਰਤੀ ਉਪਮਹਾਂਦੀਪ ਨੂੰ ਆਪਣੀ ਬੇਰੋਕ ਮੰਡੀ ਬਣਾਉਣਾ ਚਾਹੁੰਦੀ ਸੀ, ਸਿੱਖਾਂ ਦੀ ਆਜਾਦੀ ਲਈ ਭਾਵਨਾ ਅਤੇ ਅੰਦਰੂਨੀ ਖਿੱਚ ਤੋਂ ਡਰਦੀਆਂ ਹਨ।

ਜਦੋਂ ਇੰਦਰਾ ਗਾਂਧੀ ਨੇ ਬਲਿਊ ਸਟਾਰ ਉਪਰੇਸ਼ਨ ਕੀਤਾ, ਉਹ ਇਸ ਡਰ ਵਿੱਚ ਹੀ ਸੀ ਕਿ ਸਿੱਖ ਅਜ਼ਾਦ ਕੌਮ ਵਜੋਂ ਆਪਣੀ ਹਸਤੀ ਨਾ ਸਥਾਪਿਤ ਕਰ ਲੈਣ। ਸਮੁੱਚੀ ਪੰਜਾਬੀ ਕੌਮ ਦੇ ਇਹ ਨਾਇਕ ਆਪਣੇ ਵਿਲੱਖਣ ਮੂਲ ਵਿਧਾਨ ਨਾਲ ਮਹਾਰਾਜਾ ਰਣਜੀਤ ਸਿੰਘ ਵਾਂਗ ਮੁੜ ਖਾਲਸਾ ਰਾਜ ਬਣਾਉਣ ਲਈ ਮਜਬੂਰ ਨਾ ਕਰ ਦੇਣ। ਇਸ ਨਾਲ ਭਾਰਤੀ ਉਪਮਹਾਂਦੀਪ ਨੂੰ ਇੱਕ ਕੌਮ ਦੇ ਤੌਰ ’ਤੇ ਨੂੜਨ ਦੀ ਕਾਂਗਰਸ ਦੀ ਨੀਤੀ ਬਿਖਰ ਸਕਦੀ ਸੀ। ਖਾਲਸਾ ਰਾਜ ਜਾਂ ਸਿੱਖ ਨਾਇਕਤਾ ਵਿਚ ਸੁਤੰਤਰ ਪੰਜਾਬੀ ਰਾਜ ਦੀ ਸਥਾਪਤੀ ਦਾ ਪ੍ਰਭਾਵ ਦੂਜੇ ਖਿੱਤਿਆਂ ਉਤੇ ਵੀ ਪੈ ਸਕਦਾ ਸੀ। ਤਾਮਿਲ, ਉੱਤਰ ਪੂਰਬੀ ਕਬੀਲੇ, ਆਸਾਮੀ, ਤੇਲਗੂ ਸਭ ਅਤ੍ਰਿਪਤ ਅਤੇ ਅਣਵਿਕਸਿਤ ਰੱਖੀਆਂ ਗਈਆਂ ਕੌਮਾਂ ਆਪਣੀ ਅਜ਼ਾਦੀ ਲਈ ਸ਼ਕਤੀਵਰ ਮੁਹਿੰਮ ਅਰੰਭ ਕਰ ਸਕਦੀਆਂ ਸਨ। ਕੁੱਝ ਨੇ ਪਹਿਲਾਂ ਹੀ ਅਰੰਭ ਕਰ ਦਿੱਤੀਆਂ ਸਨ। ਉਪਰੇਸ਼ਨ ਬਲਿਊ ਸਟਾਰ ਦਾ ਮੁੱਦਾ ਕੇਵਲ ਸਿੱਖਾਂ ਦੀ ਕੌਮੀ ਚੇਤਨਤਾ ਅਤੇ ਵਿਰਸੇ ਨੂੰ ਹੀ ਠੇਸ ਪਹੁੰਚਾਉਣਾ ਨਹੀਂ ਸੀ, ਸਗੋਂ ਭਾਰਤੀ ਉਪਮਹਾਂਦੀਪ ਨੂੰ ਇੱਕ-ਕੌਮੀ ਰੱਖਣ ਦੇ ਪ੍ਰੋਜੈਕਟ ਨੂੰ ਸਖ਼ਤੀ ਨਾਲ ਲਾਗੂ ਕਰਨਾ ਸੀ।

ਉਪਰੇਸ਼ਨ ਬਲਿਊ ਸਟਾਰ ਦੀ ਘਟਨਾ ਨੂੰ ਯਾਦ ਰੱਖਣ ਦੀ ਲੋੜ ਹੈ ਅਤੇ ਇਹ ਦ੍ਰਿੜ ਕਰਨਾ ਜ਼ਰੂਰੀ ਹੈ ਕਿ ਭਾਰਤੀ ਉਪਮਹਾਂਦੀਪ ਵਿਲੱਖਣ ਕੌਮਾਂ ਦਾ ਉਪਮਹਾਂਦੀਪ ਹੈ। ਇਥੇ ਹਰ ਕੌਮ ਦਾ ਆਪਣਾ ਖਿੱਤਾ, ਭਾਸ਼ਾ, ਸਾਹਿਤ, ਸੰਸਥਾਵਾਂ ਅਤੇ ਪੰ੍ਰਪਰਾਵਾਂ ਹਨ। ਇਨ੍ਹਾਂ ਨੂੰ ਇੱਕ-ਕੌਮ ਦੇ ਸ਼ਿਕੰਜੇ ਵਿੱਚ ਨਹੀਂ ਕੱਸਿਆ ਜਾ ਸਕਦਾ। ਹਿਟਲਰ ਨੇ ਯਹੂਦੀਆਂ ਦੀ ਹਸਤੀ ਮਿਟਾਉਣ ਦਾ ਅਣਮਨੁੱਖੀ ਯਤਨ ਕੀਤਾ। ਯਹੂਦੀ ਦਾਰਸ਼ਨਿਕਾਂ ਅਤੇ ਸਮਾਜ ਸ਼ਾਸਤਰੀਆਂ ਨੇ ਆਪਣੇ ਖੇਤਰ ਵਿੱਚ ਇਸ ਵੰਗਾਰ ਨੂੰ ਕਬੂਲਿਆ। ਉਨ੍ਹਾਂ ਨੇ ਆਪਣੀ ਖੋਜ ਰਾਹੀਂ ਸਿੱਧ ਕਰ ਦਿੱਤਾ ਕਿ ਚਿੰਤਨ, ਅਭਿਆਸ ਅਤੇ ਭਾਸ਼ਾ ’ਚ ਕਿਸੇ ਪ੍ਰਕਾਰ ਦਾ ਇੱਕਵਾਦ ਜੀਵਨ ਦੀ ਵਿਲੱਖਣਤਾ ਤੋਂ ਹੀ ਇਨਕਾਰ ਨਹੀਂ ਸਗੋਂ ਭਾਸ਼ਾ ਅਤੇ ਚਿੰਤਨ ਨੂੰ ਕੁੱਝ ਸ਼ਾਸਕ ਹਿੱਤਾਂ ਲਈ ਵਰਤਣਾ ਹੈ। ਜੀਵਨ ਦੀ ਵਿਲੱਖਣਤਾ ਜਿਵੇਂ ਭਾਸ਼ਾ ਅਤੇ ਪ੍ਰਤੀਕ ਵਿਧਾਨਾਂ ਵਿੱਚ ਪ੍ਰਗਟ ਹੋਣ ਲਈ ਤਾਂਘਦੀ ਹੈ, ਉਸ ਨੂੰ ਰੋਕਣਾ ਹੈ।

ਹਿਟਲਰ ਦੇ ‘‘ਮਹਾਂਨਾਸ਼’’ ਦੇ ਪਿੱਛੋਂ ਪੱਛਮ ਦੇ ਜਿਨ੍ਹਾਂ ਪ੍ਰਭਾਵਸ਼ਾਲੀ ਚਿੰਤਕਾਂ ਨੇ ਸੋਚ ਨੂੰ ਬਦਲਿਆ ਹੈ ਅਤੇ ਇਕ ਕੌਮੀ ਫਾਸ਼ੀਵਾਦ ਨੂੰ ਸਦਾ ਲਈ ਸਮਾਪਤ ਕਰਨ ਦਾ ਪ੍ਰਣ ਕੀਤਾ ਹੈ। ਉਹ ਅਸਲ ਯਹੂਦੀ ਸਨ। ਯਾਕ ਦੈਰਿਦਾ, ਲਿੂਤਾਰ (ਦ), ਲੈਵੀਨਾਸ ਆਦਿ ਉੱਤਰ ਆਧੁਨਿਕ ਚਿੰਤਕ ਸਭ ਯਹੂਦੀ ਸਨ। ਸਿੱਖ ਵਿਦਵਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਉਪਰੇਸ਼ਨ ਬਲਿਊ ਸਟਾਰ ਪਿੱਛੇ ਲੁਕੇ ਹੋਏ ਇੱਕ ਕੌਮੀਵਾਦ ਨੂੰ ਨੰਗਾ ਕਰਨ, ਭਾਰਤੀ ਉਪਮਹਾਂਦੀਪ ਦੀ ਬਹੁਕੌਮੀ ਅਸਲੀਅਤ ਨੂੰ ਸਾਹਮਣੇ ਲਿਆਉਣ। ‘‘ਸ੍ਰੀ ਗੁਰੂ ਗ੍ਰੰਥ ਸਾਹਿਬ’’ ਅਤੇ ਦਸਮ ਗੰ੍ਰਥ ਜੀਵਨ ਨੂੰ ਇੱਕ ਤੋਂ ਵੱਧ ਦ੍ਰਿਸ਼ਟੀਆਂ ਤੋਂ ਦੇਖਦੇ ਹਨ ਵੱਖ-ਵੱਖ ਦ੍ਰਿਸ਼ਟੀਆਂ ਜਾਂ ਪਰਪੇਖਾਂ ਵਿੱਚ ਸੰਵਾਦ ਰਚਾਉਂਦੇ ਹਨ।

ਉਪਰੇਸ਼ਨ ਬਲਿਊ ਸਟਾਰ ਨੂੰ ਸਿੱਖ ਸਿਮਰਿਤੀ ਵਿੱਚ ਗੰਭੀਰਤਾ ਨਾਲ ਉਭਾਰਨ ਦੀ ਲੋੜ ਹੈ। ਅਜਿਹੀ ਗੰਭੀਰਤਾ ਜੋ ਸਿੱਖਾਂ ਵਿੱਚ ਇਕ ਕੌਮੀ ਨਾਇਕ ਹੋਣ ਦਾ ਚੇਤਾ ਵੀ ਕਰਵਾਵੇ ਅਤੇ ਨਾਲ ਹੀ ਪੰਜਾਬੀ ਕੌਮ ਦਾ ਮੂਹਰਲਾ ਦਸਤਾ ਬਣ ਕੇ ਪੰਜਾਬ ਨੂੰ ਸੋਸ਼ਣ ਅਤੇ ਪ੍ਰਤੰਤਰਤਾ ਤੋਂ ਮੁਕਤ ਕਰਵਾਏ। ਇਸ ਮੰਤਵ ਲਈ ਭਾਰਤ ਵਿੱਚ ਲਾਗੂ ਸੰਵਿਧਾਨ ’ਚ ਸੋਧ ਕਰਕੇ ਇੱਥੇ ਕਨਫੈਡਰੇਸ਼ਨ ਬਣਾਉਣ ਲਈ ਚੇਤਨਾ ਵਧਾਉਣ ਵਾਸਤੇ ਇਸ ਮੌਕੇ ਉਤੇ ਵਚਨਬੱਧਤਾ ਪੱਕੀ ਕਰਨ ਦੀ ਲੋੜ ਹੈ।

* 20 ਵਰ੍ਹੇ – ਜਿਸ ਸਮੇਂ ਇਹ ਲੇਖ ਪਹਿਲੀ ਵਾਰ “ਸਿੱਖ ਸ਼ਹਾਦਤ” ਵਿਚ ਛਾਪਿਆ ਗਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,