ਸੰਗਰੂਰ: ‘ਆਮ ਆਦਮੀ ਪਾਰਟੀ’ (ਆਪ) ਦੇ ਸੰਸਦ ਮੈਂਬਰ ਅਤੇ ਚੋਣ ਪ੍ਰਚਾਰ ਕਮੇਟੀ ਦੇ ਮੁਖੀ ਸ੍ਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਹੁਣ ਕਾਂਗਰਸ ਦਾ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੋਂ ਭਰੋਸਾ ਉਠ ਗਿਆ ਹੈ, ਜਦ ਕਿ ਪੰਜਾਬ ਦੀ ਜਨਤਾ ਤਾਂ ਪਹਿਲਾਂ ਹੀ ਕੈਪਟਨ ਅਤੇ ਕਾਂਗਰਸ ਵਿੱਚ ਭਰੋਸਾ ਗੁਆ ਚੁੱਕੀ ਸੀ। ਭਗਵੰਤ ਮਾਨ ਐਤਵਾਰ ਨੂੰ ਸੰਗਰੂਰ ‘ਚ ਪ੍ਰੈਸ ਕਾਨਫ਼ਰੰਸ ਕਰ ਰਹੇ ਸਨ।
ਭਗਵੰਤ ਮਾਨ ਨੇ ਕਿਹਾ ਕਿ ਕੱਲ ਜ਼ੀਰਕਪੁਰ ‘ਚ ਜਦੋਂ ਰਾਹੁਲ ਗਾਂਧੀ ਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਮੁੱਖ ਮੰਤਰੀ ਦੇ ਅਹੁਦੇ ਲਈ ਕਾਂਗਰਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਹੀ ਚਿਹਰਾ ਹੈ, ਤਾਂ ਰਾਹੁਲ ਗਾਂਧੀ ਨੇ ਕੋਰਾ ਜੁਆਬ ਦਿੰਦਿਆਂ ਕਿਹਾ ਕਿ ਕਾਂਗਰਸ ਦੇ ਵਿਧਾਇਕ ਬਾਅਦ ‘ਚ ਫ਼ੈਸਲਾ ਕਰਨਗੇ।
ਭਗਵੰਤ ਮਾਨ ਨੇ ਕਿਹਾ ਕਿ ਰਾਹੁਲ ਗਾਂਧੀ ਸਮੇਤ ਕਾਂਗਰਸ ਹਾਈ-ਕਮਾਂਡ ਨੂੰ ਪਤਾ ਚੱਲ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਜਲਵਾ ਖ਼ਤਮ ਹੋ ਚੁੱਕਾ ਹੈ, ਜਦ ਕਿ ਲੋਕ ਤਾਂ ਪਹਿਲਾਂ ਹੀ ਆਖ ਰਹੇ ਸਨ ਕਿ ਪੰਜਾਬ ਵਿੱਚ ਕਾਂਗਰਸ ਖ਼ਤਮ ਹੋ ਗਈ ਹੈ ਅਤੇ ਚੋਣਾਂ ਵਿੱਚ ਤੀਜੇ ਸਥਾਨ ‘ਤੇ ਰਹੇਗੀ। ਕੈਪਟਨ ਅਮਰਿੰਦਰ ਸਿੰਘ ਵਿੱਚ ਵੀ ਕੋਈ ਦਮ ਨਹੀਂ ਰਿਹਾ। ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਮੁੱਖ ਮੰਤਰੀ ਦੇ ਅਹੁਦੇ ਲਈ ਦਾਅਵੇਦਾਰੀ ਰੱਦ ਕਰਦਿਆਂ ਇਸ ਗੱਲ ਉਤੇ ਮੋਹਰ ਲਾ ਦਿੱਤੀ ਹੈ ਕਿ ਕੈਪਟਨ ਅਮਰਿੰਦਰ ਸਿੰਘ ‘ਫ਼ਲਾੱਪ’ ਹੋ ਚੁੱਕੇ ਹਨ। ਜਦ ਕਿ ਕੈਪਟਨ ਅਮਰਿੰਦਰ ਸਿੰਘ ਖ਼ੁਦ ਨੂੰ ‘ਪੰਜਾਬ ਦਾ ਕੈਪਟਨ’ ਪ੍ਰੋਗਰਾਮ ਦੇ ਰਹੇ ਹਨ।
ਭਗਵੰਤ ਮਾਨ ਨੇ ਕਿਹਾ ਕਿ ਸਿੱਧ ਹੋ ਗਿਆ ਹੈ ਕਿ ਕਾਂਗਰਸ ਬੁਰੀ ਤਰ ਘਬਰਾ ਚੁੱਕੀ ਹੈ। ਫ਼ਰਜ਼ੀ ਹਵਾ ਬਣਾਉਣ ਲਈ ਖ਼ਦ ਕੇ ਲਿਆਂਦੇ ਗਏ ਪ੍ਰਸ਼ਾਂਤ ਕਿਸ਼ੋਰ ਜਿਹੇ ਲੋਕ ਵੀ ਹੁਣ ਪਰਤ ਜਾਣ ਦੀਆਂ ਤਿਆਰੀਆਂ ਕਰਨ ਲੱਗੇ ਹਨ ਅਤੇ ਹੁਣ ਉਤਰ ਪ੍ਰਦੇਸ਼ ਵਿੱਚ ਆਪਣੀ ਜ਼ਮੀਨ ਲੱਭਣ ਲੱਗੇ ਹਨ ਕਿਉਂਕਿ ਉਨ•ਾਂ ਨੇ ਪੰਜਾਬ ਦਾ ਮਾਹੌਲ ਵੇਖ ਲਿਆ ਹੈ।
ਮਾਨ ਨੇ ਪੰਜਾਬ ਵਿੱਚ ਆ ਕੇ ਸਤਲੁਜ-ਯਮੁਨਾ ਲਿੰਕ (ਐਸ.ਵਾਈ.ਐਲ.) ਨਹਿਰ ਦੇ ਮੁੱਦੇ ‘ਤੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਆਪਣਾ ਸਟੈਂਡ ਸਪੱਸ਼ਟ ਨਾ ਕਰ ਕੇ ਇੱਕ ਵਾਰ ਫਿਰ ਕਾਂਗਰਸ ਦਾ ਦੋਹਰਾ ਚਿਹਰਾ ਨੰਗਾ ਕਰ ਦਿੱਤਾ ਹੈ। ਜਦੋਂ ਉਨ•ਾਂ ਤੋਂ ਪੁੱਛਿਆ ਗਿਆ ਤਾਂ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਮਾਮਲਾ ਅਦਾਲਤ ਵਿੱਚ ਹੈ, ਇਸ ਲਈ ਉਹ (ਰਾਹੁਲ) ਕੁੱਝ ਨਹੀਂ ਕਹਿਣਗੇ। ਉਨਾਂ ਨਾਲ ਹੀ ਇਹ ਵੀ ਕਿਹਾ ਕਿ ਉਧਰ ‘ਆਮ ਆਦਮੀ ਪਾਰਟੀ’ ਦੇ ਰਾਸ਼ਟਰੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਤੋਂ ਕਾਂਗਰਸ ਵਾਲੇ ਰੋਜ਼ ਪੁੱਛਦੇ ਹਨ ਕਿ ਐਸ.ਵਾਈ.ਐਲ. ਉੱਤੇ ਕੇਜਰੀਵਾਲ ਦਾ ਕੀ ਸਟੈਂਡ ਹੈ?
ਭਗਵੰਤ ਮਾਨ ਨੇ ਕਿਹਾ ਕਿ ਐਸ.ਵਾਈ.ਐਲ. ਜਿਹੇ ਨਾਜ਼ੁਕ ਮੁੱਦੇ ਉਤੇ ਪੰਜਾਬ ‘ਚ ਆ ਕੇ ਰਾਹੁਲ ਗਾਂਧੀ ਨੇ ਆਪਣਾ ਅਤੇ ਆਪਣੀ ਪਾਰਟੀ ਦਾ ਸਟੈਂਡ ਸਪੱਸ਼ਟ ਨਾ ਕਰ ਕੇ ਪੰਜਾਬ ਅਤੇ ਪੰਜਾਬ ਦੇ ਲੋਕਾਂ ਨੂੰ ਸਰੇਆਮ ਧੋਖਾ ਦੇਣ ਦਾ ਜਤਨ ਕੀਤਾ ਹੈ। ਇਸ ਧੋਖੇਬਾਜ਼ੀ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਦਾ ਸਾਥ ਦਿੱਤਾ, ਜੋ ਮੰਚ ਉਤੇ ਰਾਹੁਲ ਗਾਂਧੀ ਦੇ ਨਾਲ ਬੈਠੇ ਸਨ। ਜਦ ਕਿ ਕੈਪਟਨ ਅਮਰਿੰਦਰ ਸਿੰਘ ਖ਼ੁਦ ਨੂੰ ਪੰਜਾਬ ਦੇ ਪਾਣੀਆਂ ਦਾ ਰਾਖਾ ਦੱਸਦਿਆਂ ਨਹੀਂ ਹੰਭਦੇ। ਫਿਰ ਰਾਹੁਲ ਗਾਂਧੀ ਦਾ ਸਟੈਂਡ ਸਪੱਸ਼ਟ ਕਿਉਂ ਨਹੀਂ ਕਰਵਾਇਆ।
ਉਨਾਂ ਕਿਹਾ ਕਿ ‘ਆਮ ਆਦਮੀ ਪਾਰਟੀ’ ਦੇ ਵਲੰਟੀਅਰਜ਼ ਤੋਂ ਲੈ ਕੇ ਅਰਵਿੰਦ ਕੇਜਰੀਵਾਲ ਤੱਕ ਸਾਰਿਆਂ ਨੇ ਐਸ.ਵਾਈ.ਐਲ. ਬਾਰੇ ਅਪਣਾ ਸਟੈਂਡ ਸਪੱਸ਼ਟ ਕੀਤਾ ਹੋਇਆ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਨਾਲ ਹੈ। ਪੰਜਾਬ ਦੀਆਂ ਤਾਂ ਅੱਖਾਂ ਵਿੱਚ ਵੀ ਪਾਣੀ ਨਹੀਂ ਰਿਹਾ, ਹਰਿਆਣੇ ਨੂੰ ਹੁਣ ਪਾਣੀ ਕਿੱਥੋਂ ਦੇਵੇ?