April 21, 2012 | By ਸਿੱਖ ਸਿਆਸਤ ਬਿਊਰੋ
ਕੈਲੇਫੋਰਨੀਆ, ਅਮਰੀਕਾ (ਹੁਸਨ ਲੜੋਆ ਬੰਗਾ): ਬੀਤੇ ਦਿਨੀਂ ਅਮਰੀਕਾ ਦੇ ਪਹਿਲੇ ਗੁਰਦੁਆਰਾ ਸਾਹਿਬ ਅਤੇ ਇਤਿਹਾਸਕ ਪੱਖੋਂ ਗਦਰੀ ਬਾਬਿਆਂ ਦੇ ਸੰਘਰਸ਼ ਦਾ ਪਲੇਟਫਾਰਮ ਰਹੇ ਸਟਾਕਟਨ ਕੈਲੇਫੋਰਨੀਆ ਦੇ ਗੁਰਦੁਆਰਾ ਸਾਹਿਬ ਵਿੱਚ ਖਾਲਸਾ ਸਾਜਨਾ ਦਿਵਸ ਦੇ ਪਵਿੱਤਰ ਦਿਵਸ ਉੱਤੇ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪਿਛਲੇ ਸਾਲ ਨਾਲੋਂ ਅਧਿਕ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਤਿਉਹਾਰ ਮੌਕੇ ਸਿੱਖ ਆਗੂਆਂ ਤੋਂ ਇਲਾਵਾ ਅਮਰੀਕਨ ਸਿਆਸੀ ਆਗੂਆਂ, ਪੁਲਿਸ ਅਫਸਰਾਂ ਅਤੇ ਸਥਾਨਕ ਸਰਕਾਰਾਂ ਦੇ ਉੱਚ ਅਧਿਕਾਰੀਆਂ ਨੇ ਵੀ ਭਰਵੀਂ ਸ਼ਮੂਲੀਅਤ ਕੀਤੀ। ਪਹਿਲਾਂ ਰਾਤ ਵੇਲੇ ਵੀ ਦੀਵਾਨ ਸਜਾਏ ਗਏ, ਜਿਸ ਵਿੱਚ ਸਿੱਖ ਆਗੂਆਂ ਨੇ ਆਪਣੇ ਵਿਚਾਰ ਰੱਖੇ ਤੇ ਇਸ ਤੋਂ ਪਹਿਲਾਂ ਭਾਈ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲਿਆਂ ਨੇ ਵੀ ਕਥਾ ਦਾ ਪ੍ਰਵਾਹ ਚਲਾਇਆ। ਦਸਤਾਰ ਦਿਵਸ ਵੀ ਮਨਾਇਆ ਗਿਆ ਤੇ ਇਸੇ ਦੌਰਾਨ ਅੰਮ੍ਰਿਤ ਸੰਚਾਰ ਵੀ ਹੋਇਆ, ਜਿਸ ਵਿੱਚ ਕਾਫੀ ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ। ਭਾਈ ਪ੍ਰੀਤਮ ਸਿੰਘ ਜੀ ਮਿੱਠਾ ਟਿਵਾਣਾ ਵਾਲਿਆਂ ਨੇ ਭਰਪੂਰ ਹਾਜ਼ਰੀ ਭਰੀ ਤੇ ਭਾਈ ਲਖਵਿੰਦਰ ਸਿੰਘ ਸੋਹਲ ਦੇ ਰਾਗੀ ਜਥੇ ਨੇ ਹਾਜ਼ਰੀ ਦਿੱਤੀ।
ਨਗਰ ਕੀਰਤਨ ਵਾਲੇ ਦਿਨ ਸਵੇਰੇ ਸਜਾਏ ਗਏ ਦੀਵਾਨ ਵਿੱਚ ਵੱਖ-ਵੱਖ ਬੁਲਾਰਿਆਂ, ਜਿਨ੍ਹਾਂ ਵਿੱਚ ਡਾ. ਅਮਰਜੀਤ ਸਿੰਘ, ਡਾ. ਪ੍ਰਿਤਪਾਲ ਸਿੰਘ, ਜਸਵੰਤ ਸਿੰਘ ਹੋਠੀ, ਭਾਈ ਰੇਸ਼ਮ ਸਿੰਘ, ਭਾਈ ਭਜਨ ਸਿੰਘ ਭਿੰਡਰ, ਸੁਖਮਿੰਦਰ ਸਿੰਘ ਧਾਲੀਵਾਲ, ਕਾਂਗਰਸ ਦੇ ਉਮੀਦਵਾਰ ਰਿੱਕੀ ਗਿੱਲ, ਕਾਂਗਰਸਮੈਨ ਜੈਰੀ ਮੈਕਨੇਰਨੀ, ਸੁਪਵਾਈਜ਼ਰ ਕਿੰਨ ਵੋਗਲ, ਸੁਪਰਵਾਈਜ਼ਰ ਕਾਰਲਸ ਵਿਲਾਪੁਡੂਆ, ਸੁਪਰਵਾਈਜ਼ਰ ਲਰੋਏ ਓਰਨੇਲਸ, ਸੁਪਰਵਾਈਜ਼ਰ ਲੈਰੀ ਰੁਹਸਲੈਟਰ, ਸਟਾਕਟਨ ਸ਼ਹਿਰ ਦੀ ਮੇਅਰ ਐਨ ਜੋਹਨਸਟਨ, ਲੈਥਰੋਪ ਸ਼ਹਿਰ ਦੇ ਵਾਈਸ ਮੇਅਰ ਕਰਿਸ ਮੇਟੀਓ, ਲੈਥਰੋਪ ਸ਼ਹਿਰ ਦੇ ਕੌਂਸਲ ਮੈਂਬਰ ਸੰਨੀ ਧਾਲੀਵਾਲ, ਸਟਾਕਟਨ ਕੌਂਸਲ ਮੈਂਬਰ ਸੂਜਨ ਇਗਮੈਨ, ਡੇਲ ਫਰਿਚਨ, ਸੈਨ ਵਾਕਿਨ ਕਾਊਂਟੀ ਟੈਕਸ ਕੰਟਰੋਲਰ ਸ਼ਬੀਰ ਖਾਨ, ਕਾਊਂਟੀ ਸ਼ੈਰਫ ਸਟੀਵ ਮੂਰੇ, ਡਿਪਟੀ ਪੁਲਿਸ ਚੀਫ ਟਰੌਏ ਬਰੌਡਰਿਕ, ਲੌਡਾਈ ਪੁਲਿਸ ਚੀਫ ਮਾਰਕ ਹੈਲਮਸ ਸਟਾਕਟਨ ਪਲੈਨਿੰਗ ਕਮਿਸ਼ਨਰ, ਸੈਗ ਫੇਂਟ, ਰੈਂਡੀ ਹੈਚ, ਲੈਥਰੋਪ ਸ਼ਹਿਰ ਦੇ ਪਾਰਕ ਤੇ ਰੀਕਰੇਸ਼ਨ ਕਮਿਸ਼ਨਰ ਅਸ਼ੋਕ ਰਲਮਿਲੇ, ਅਸੈਂਬਲੀ ਮੈਂਬਰ ਬਿੱਲ ਬੈਰੀਹਿੱਲ ਆਦਿ ਸ਼ਾਮਲ ਹੋਏ। ਸਾਰੇ ਬੁਲਾਰਿਆਂ ਨੇ ਸਿੱਖਾਂ ਦੇ ਕੈਲੇਫੋਰਨੀਆ ਦੀ ਤਰੱਕੀ ਅਤੇ ਸ਼ਾਂਤੀ ਨਾਲ ਰਹਿਣ ਦੇ ਉਪਰਾਲਿਆਂ ਦੀ ਤਾਰੀਫ ਕੀਤੀ। ਸਿੱਖ ਆਗੂ ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਨੇ ਸਿੱਖਾਂ ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗਰੀਬ ਸਿੱਖ ਭਾਈਚਾਰੇ ਨੂੰ ਜਦੋਂ ਤੱਕ ਨਾਲ ਲੈ ਕੇ ਨਹੀਂ ਚੱਲਿਆ ਜਾਂਦਾ ਉਦੋਂ ਤੱਕ ਸਿੱਖਾਂ ਦਾ ਵਧਣਾ-ਫੁੱਲਣਾ ਰੁਕਿਆ ਰਹੇਗਾ। ਇਸ ਮੌਕੇ ਡਾ. ਪ੍ਰਿਤਪਾਲ ਸਿੰਘ, ਸੰਤ ਸਿੰਘ ਹੋਠੀ, ਭਾਈ ਰੇਸ਼ਮ ਸਿੰਘ, ਹਰਪ੍ਰੀਤ ਸਿੰਘ ਸੰਧੂ ਨੇ ਵੀ ਵਿਚਾਰ ਰੱਖੇ। ਇਸ ਮੌਕੇ ਸ. ਭਜਨ ਸਿੰਘ ਭਿੰਡਰ, ਐਮ. ਆਰ. ਪਾਲ, ਡਾ. ਅਮਰੀਕ ਸਿੰਘ, ਜਸਵਿੰਦਰ ਬੰਗਾ, ਸ. ਧਾਮੀ, ਮੱਖਣ ਲੁਹਾਰ ਨੇ ‘‘ਲਹੂ ਦਾ ਰੰਗ ਲਾਲ ਕਿਉਂ’’ ਨਾਮਕ ਸੀ. ਡੀ. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਰਿਲੀਜ਼ ਕੀਤੀ। ਇਸ ਦੀਵਾਨ ਵਿੱਚ ਭਾਈ ਕੁਲਵਿੰਦਰ ਸਿੰਘ ਨੇ ਜਥੇਦਾਰ ਕਪੂਰ ਸਿੰਘ ਜੀ ਦੀ ਤਲਵਾਰ ਵੀ ਸੰਗਤਾਂ ਨੂੰ ਦਿਖਾਈ।
ਐਤਕਾਂ ਨਗਰ ਕੀਰਤਨ ਦੇ ਫਲੋਟ ਭਾਵੇਂ ਇੰਨੇ ਜ਼ਿਆਦਾ ਨਹੀਂ ਸੀ ਪਰ ਸੰਗਤਾਂ ਦਾ ਇਕੱਠ ਪਿਛਲੇ ਸਾਲਾਂ ਨਾਲੋਂ ਜ਼ਿਆਦਾ ਸੀ। ਵੱਖ-ਵੱਖ ਸ਼ਾਮਲ ਫਲੋਟਾਂ ਵਿੱਚ ਬਰਾਡਸ਼ਾਹ ਰੋਡ ਸੈਕਰਾਮੈਂਟੋ, ਸਿੱਖ ਯੂਥ ਆਫ ਅਮਰੀਕਾ, ਸਿੱਖ ਸੰਗਤ ਲੌਡਾਈ, ਨਿਹੰਗ ਸਿੰਘਾਂ ਦਾ ਫਲੋਟ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਮੁੱਖ ਫਲੋਟ ਤੋਂ ਜਿੱਥੇ ਵੱਖ ਵੱਖ ਜਥਿਆਂ ਰਾਹੀਂ ਕੀਰਤਨ ਦਾ ਪ੍ਰਵਾਹ ਚਲਦਾ ਰਿਹਾ, ਉੱਥੇ ਭਾਈ ਪਿੰਦਰਪਾਲ ਸਿੰਘ ਜੀ ਅਤੇ ਭਾਈ ਕੁਲਵਿੰਦਰ ਸਿੰਘ ਜੀ ਮੁੱਖ ਫਲੋਟ ’ਤੇ ਬਿਰਾਜਮਾਨ ਸਨ। ਖਾਲਿਸਤਾਨੀ ਸ਼ਹੀਦਾਂ ਵਾਲੇ ਫਲੋਟ ਦੀ ਅਗਵਾਈ ਸਥਾਨਕ ਸਿੱਖ ਆਗੂਆਂ ਨੇ ਕੀਤੀ, ਜਿਨ੍ਹਾਂ ਵਿੱਚ ਹਰਪ੍ਰੀਤ ਸਿੰਘ ਸੰਧੂ, ਅਜੀਤ ਸਿੰਘ ਹਰਖੋਵਾਲ, ਡਾ. ਪ੍ਰਿਤਪਾਲ ਸਿੰਘ, ਭਾਈ ਰੇਸ਼ਮ ਸਿੰਘ, ਡਾ. ਅਮਰਜੀਤ ਸਿੰਘ, ਭਾਈ ਜਸਵਿੰਦਰ ਸਿੰਘ ਜੰਡੀ, ਜਸਵੰਤ ਸਿੰਘ ਹੋਠੀ, ਸੁਰਿੰਦਰ ਸਿੰਘ ਅਟਵਾਲ, ਰਘਵੀਰ ਸਿੰਘ ਸ਼ੇਰਗਿੱਲ, ਭੁਪਿੰਦਰ ਸਿੰਘ ਭਿੰਦਾ ਆਦਿ ਆਗੂ ਸਿੱਖਾਂ ਨੇ ਨਗਰ ਕੀਰਤਨ ਨਾਲ ਚਾਲੇ ਪਾਏ। ਇਸ ਵਾਰੀ ਵੀ ਜਿੱਥੇ ਸੇਵਾ ਭਾਵਨਾ ਰੱਖਣ ਵਾਲੇ ਵੱਖ-ਵੱਖ ਅਨੇਕਾਂ ਤਰ੍ਹਾਂ ਦੇ ਲੰਗਰ ਲੱਗੇ ਹੋਏ ਸਨ ਉੱਥੇ ਬਿਜ਼ਨਸ ਕਰਨ ਵਾਲੇ ਰਿਐਲਟਰਾਂ, ਦੁਕਾਨਦਾਰਾਂ ਤੇ ਹੋਰ ਸਾਜ਼ੋ ਸਮਾਨ ਵੇਚਣ ਵਾਲਿਆਂ ਨੇ ਵੀ ਆਪਣੇ ਗਾਹਕ ਲੱਭਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ।
Related Topics: DR. Amarjeet Singh Washington, Sikh Diaspora