ਵੀਡੀਓ

ਆਨੰਦ ਮੈਰਿਜ ਐਕਟ ਵਿਚ ਸੋਧ ਦਾ ਮਾਮਲਾ – ਕੀ ਖੱਟਿਆ, ਕੀ ਗਵਾਇਆ? (ਵਿਸ਼ੇਸ਼ ਵਿਚਾਰ-ਚਰਚਾ)

May 30, 2012 | By

http://www.youtube.com/v/TeDarbWTZik

ਭਾਰਤ ਦੀ ਸੰਸਦ ਵੱਲੋਂ ਪ੍ਰਵਾਣ ਕੀਤੇ ਜਾਣ ਤੋਂ ਬਾਅਦ ਆਨੰਦ ਮੈਰਿਜ ਐਕਟ, 1909 ਵਿਚ ਵਿਆਹ ਰਜਿਸਟ੍ਰੇਸ਼ਨ ਦੀ ਮੱਦ ਸ਼ਾਮਲ ਕੀਤੇ ਜਾਣ ਨੂੰ ਜਿਥੇ ਇਕ ਪਾਸੇ ਸਿੱਖਾਂ ਲਈ ਵੱਡੀ ਪ੍ਰਾਪਤੀ ਪ੍ਰਚਾਰਿਆ ਜਾ ਰਿਹਾ ਹੈ ਓਥੇ ਦੂਸਰੇ ਪਾਸੇ ਕਾਨੂੰਨੀ ਮਾਹਿਰਾਂ, ਸਿੱਖ ਚਿੰਤਕਾਂ ਤੇ ਵਿਦਵਾਨਾਂ ਨੇ ਇਸ ਨੂੰ ਕੌਮ ਨਾਲ ਧੋਖਾ ਕਰਾਰ ਦਿੱਤਾ ਹੈ।

27 ਮਈ, 2012 ਨੂੰ “ਸਿੱਖ ਸਿਆਸਤ” ਵੱਲੋਂ ਕਰਵਾਈ ਗਈ ਇਕ ਖਾਸ ਵਿਚਾਰ ਚਰਚਾ ਵਿਚ ਇਹ ਵਿਚਾਰ ਉਭਰ ਕੇ ਸਾਹਮਣੇ ਆਏ ਹਨ ਕਿ ਹਾਲ ਵਿਚ ਕੀਤੀ ਗਈ ਸੋਧ ਵਿਚ ਸਿੱਖ ਪਛਾਣ ਨੂੰ ਮੁੜ ਸਥਾਪਤ ਕਰਨ ਜਾਂ ਵੱਡੀ ਪ੍ਰਾਪਤੀ ਵਰਗੀ ਕੋਈ ਗੱਲ ਨਹੀਂ ਹੈ ਬਲਕਿ ਇਸ ਸੋਧ ਰਾਹੀਂ ਸਿੱਖ ਪਛਾਣ ਨੂੰ ਕਾਨੂੰਨੀ ਤੌਰ ਉੱਤੇ ਹੋਰ ਵੀ ਧੁੰਦਲਾ ਕਰ ਦਿੱਤਾ ਗਿਆ ਹੈ।

“ਆਨੰਦ ਮੈਰਿਜ ਐਕਟ, ਸਿੱਖ ਨਿੱਜੀ ਕਾਨੂੰਨ ਤੇ ਸਿੱਖ ਪਛਾਣ” ਦੇ ਮਸਲੇ ਉੱਤੇ ਕਰਵਾਈ ਗਈ ਇਸ ਵਿਚਾਰ ਚਰਚਾ, ਜਿਸ ਦਾ ਸੰਚਾਲਨ ਨੌਜਵਾਨ ਪੱਤਰਕਾਰ ਰਸ਼ਪਾਲ ਸਿੰਘ ਸੋਸਣ ਵੱਲੋਂ ਕੀਤਾ ਗਿਆ, ਵਿਚ ਸਾਬਕਾ ਆਈ. ਏ. ਐਸ. ਅਧਿਕਾਰੀ ਅਤੇ ਸਿੱਖ ਲੇਖਕ ਤੇ ਵਿਦਵਾਨ ਸਿਰਦਾਰ ਗੁਰਤੇਜ ਸਿੰਘ; ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਅਤੇ ਕਾਨੂੰਨੀ ਮਾਹਰਡਾ. ਦਲਜੀਤ ਸਿੰਘ; ਮਨੁੱਖੀ ਅਧਿਕਾਰਾਂ ਅਤੇ ਅਣਗੌਲੇ ਸਿੱਖਾਂ ਦੀ ਵਿਦਿਆ ਤੇ ਸਮਜਾਕ ਸਮੱਸਿਆਂ ਬਾਰੇ ਵਿਸ਼ੇਸ਼ ਉੱਦਮ ਕਰਨ ਵਾਲੇ ਪ੍ਰੋ: ਜਗਮੋਹਣ ਸਿੰਘ ਅਤੇ ਨੌਜਵਾਨ ਸਿੱਖ ਆਗੂ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਪਰਮਜੀਤ ਸਿੰਘ ਗਾਜ਼ੀ ਨੇ ਹਿੱਸਾ ਲਿਆ।

ਇਸ ਵਿਚਾਰ ਚਰਚਾ ਦੌਰਾਨ ਡਾ. ਦਲਜੀਤ ਸਿੰਘ ਸਪਸ਼ਟ ਕੀਤਾ ਕਿ ਕਿਸੇ ਵੀ ਵਿਆਹ ਕਾਨੂੰਨ ਦੇ ਜੋ ਬਨਿਆਦੀ ਤੱਤ ਹੁੰਦੇ ਹਨ ਉਹਨਾਂ ਵਿਚੋਂ ਕੋਈ ਵੀ ਮੌਜੂਦਾ ਆਨੰਦ ਮੈਰਿਜ ਐਕਟ ਵਿਚ ਦਰਜ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਮੌਜੂਦਾ ਸੋਧ ਰਾਹੀਂ ਇਸ 1909 ਦੇ ਇਸ ਕਾਨੂੰਨ ਉੱਪਰ ਹੁਣ ਹਿੰਦੂ ਮੈਰਿਜ ਐਕਟ ਥੋਪ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ 1909 ਤੋਂ ਲੈ ਕੇ ਹੁਣ ਤੱਕ ਆਨੰਦ ਮੈਰਿਜ ਐਕਟ ਵਿਚ ਕਿਸੇ ਹੋਰ ਧਰਮ ਜਾਂ ਉਸ ਦੇ ਕਾਨੂੰਨ ਦਾ ਜ਼ਿਕਰ ਨਹੀਂ ਸੀ ਪਰ ਹੁਣ ਇਸ ਵਿਚ ਇਹ ਲਿਖ ਦਿੱਤਾ ਗਿਆ ਹੈ ਕਿ ਆਨੰਦ ਮੈਰਿਜ ਐਕਟ ਦੀ ਕੋਈ ਵੀ ਮਦ ਹਿੰਦੂ ਮੈਰਿਜ ਐਕਟ ਦੇ ਉਲਟ ਨਹੀਂ ਹੋ ਸਕਦੀ।

ਇਸ ਤੋਂ ਇਲਾਵਾ ਇਸ ਸੋਧ ਰਾਹੀਂ ਸਿੱਖਾਂ ਦੀ ਆਨੰਦ ਕਾਰਜ ਦੀ ਮਰਿਆਦਾ ਨੂੰ ਮਹਿਜ਼ ਰਿਵਾਜ਼ ਤੱਕ ਸੀਮਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਰਿਆਦਾ ਜਾਂ ਸੰਸਕਾਰ ਵਿਸ਼ਵਾਸ਼ ਦਾ ਮਾਮਲਾ ਹੈ ਜਿਸ ਨੂੰ ਕਾਨੂੰਨੀ ਤੌਰ ਉੱਤੇ ਚਣੌਤੀ ਨਹੀਂ ਦਿਤੀ ਜਾ ਸਕਦੀ ਪਰ ਰਿਵਾਜ਼ ਨੂੰ ਚਿਣੌਤੀ ਦੇਣੀ ਜਾਂ ਰੱਦ ਕਰ ਦੇਣ ਕਾਨੂੰਨੀ ਤੌਰ ਉੱਤੇ ਸੰਭਵ ਹੁੰਦਾ ਹੈ। ਇਸ ਲਈ ਇਸ ਸੋਧ ਨੇ ਨਫਾ ਕਰਨ ਦੀ ਬਜ਼ਾਏ ਉਲਟਾ ਨੁਕਸਾਨ ਕੀਤਾ ਹੈ।

ਸ੍ਰ: ਗੁਰਤੇਜ ਸਿੰਘ ਨੇ ਕਿਹਾ ਕਿ ਇਸ ਸੋਧ ਵਿਚ ਨਾ ਤਾਂ ਕਿਤੇ ਆਨੰਦ ਵਿਆਹ ਦੀ ਰਜਿਸਟ੍ਰੇਸ਼ਨ ਦਾ ਸਿੱਖਾਂ ਨਾਲ ਕੋਈ ਸੰਬੰਧ ਦਿਖਾਇਆ ਗਿਆ ਹੈ ਤੇ ਨਾ ਹੀ ਇਸ ਵਿਚ “ਸਿੱਖ” ਲਫਜ਼ ਦੀ ਵਰਤੋਂ ਕੀਤੀ ਗਈ ਹੈ ਜਿਸ ਕਾਰਨ ਇਸ ਨਾਲ ਸਪਸ਼ਟਤਾ ਆਉਣ ਦੀ ਬਜ਼ਾਏ ਦੁਬਿਧਾ ਵਧ ਗਈ ਹੈ। ਉਨ੍ਹਾਂ ਕਿਹਾ ਕਿ ਹਿੰਦੂ ਮੈਰਿਜ ਐਕਟ ਵਿਚ “ਹਿੰਦੂ ਮੈਰਿਜ” ਅਤੇ “ਹਿੰਦੂ ਮੈਰਿਜ ਰਜਿਸਟਰ” ਦਾ ਜ਼ਿਕਰ ਹੈ ਪਰ ਇਸ ਆਨੰਦ ਮੈਰਿਜ ਐਕਟ ਵਿਚ ਸਿਰਫ “ਮੈਰਿਜ” ਅਤੇ “ਮੈਰਿਜ ਰਜਿਸਟਰ” ਦਾ ਹੀ ਜ਼ਿਕਰ ਕੀਤਾ ਗਿਆ ਹੈ ਅਤੇ ਸਿੱਖ ਲਫਜ਼ ਨੂੰ ਇਸ ਵਿਚ ਸ਼ਾਮਲ ਨਹੀਂ ਕੀਤਾ ਗਿਆ। ਉਨ੍ਹਾਂ ਠੇਠ ਲਹਿਜੇ ਵਿਚ ਕਿਹਾ ਕਿ “ਇਹ ਘੋੜਾ ਚੁੱਕਣ ਨੂੰ ਮਿਲਿਆ ਹੈ, ਸਵਾਰੀ ਕਰਨ ਨੂੰ ਨਹੀਂ”।

ਪ੍ਰੋ: ਜਗਮੋਹਣ ਸਿੰਘ ਨੇ ਕਿਹਾ ਕਿ ਇਸ ਮਾਮਲੇ ਨੇ ਇਕ ਵਾਰ ਫਿਰ ਉਜਾਗਰ ਕੀਤਾ ਹੈ ਕਿ ਸਿੱਖ ਪੰਥ ਵਿਚ ਵਿਚਾਰ ਦਾ ਮਾਹੌਲ ਨਹੀਂ ਹੈ ਜਿਸ ਕਾਰਨ ਹਰ ਵਾਰ ਮੌਕਾ ਬੀਤ ਜਾਣ ਤੋਂ ਬਾਅਦ ਕੌਮ ਸੋਚਣਾ ਸ਼ੁਰੂ ਕਰਦੀ ਹੈ ਕਿ ਇਹ ਸਾਡੇ ਨਾਲ ਕੀ ਹੋ ਗਿਆ। ਉਨ੍ਹਾਂ ਕਿਹਾ ਕਿ ਪਾਰਟੀ ਜਾਂ ਧੜੇਬੰਦੀ ਤੋਂ ਉੱਪਰ ਉੱਠ ਕੇ ਸਾਨੂੰ ਵਿਚਾਰ ਚਰਚਾ ਲਈ ਇਕ ਸੰਸਾਰ ਪੱਧਰੀ ਮੰਚ ਉਸਾਰਨਾ ਚਾਹੀਦਾ ਹੈ ਤਾਂ ਕਿ ਅਸੀਂ ਆਪਣੀ ਕੌਮ ਵਿਚ ਵਿਚਾਰ ਦਾ ਮਾਹੌਲ ਬਣਾ ਸਕੀਏ ਤੇ ਮਸਲਿਆਂ ਦੇ ਹੱਲ ਵੱਲ ਵਧ ਸਕੀਏ।

ਭਾਈ ਪਰਮਜੀਤ ਸਿੰਘ ਗਾਜ਼ੀ ਨੇ ਕਿਹਾ ਕਿ ਇਸ ਸਾਰੇ ਵਰਤਾਰੇ ਨੇ ਇਕ ਵਾਰ ਮੁੜ ਸਿੱਖਾਂ ਪ੍ਰਤੀ ਭਾਰਤੀ ਸਟੇਟ ਦੇ ਰਵੱਈਏ ਨੂੰ ਉਜਾਗਰ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸਟੇਟ ਸਿੱਖ ਪਛਾਣ ਦੇ ਮਾਮਲੇ ਵਿਚ ਪੂਰੀ ਤਰ੍ਹਾਂ ਹਮਲਾਵਰ ਰੁਖ ਅਖਤਿਆਰ ਕਰਕੇ ਚੱਲ ਰਹੀ ਹੈ ਤੇ ਸਿੱਖ ਪਛਾਣ ਨੂੰ ਧੁੰਦਲਾ ਕਰਨ ਦੇ ਯਤਨ ਲਗਾਤਾਰ ਜਾਰੀ ਹਨ। ਉਨ੍ਹਾਂ ਕਿਹਾ ਕਿ ਜਦੋਂ ਤੋਂ ਸਿੱਖਾਂ ਦਾ ਆਪਣਾ ਰਾਜ ਖੁੱਸਾ ਹੈ ਉਦੋਂ ਤੋਂ ਸਿੱਖ ਰਾਜਸੀ ਤੌਰ ਉੱਤੇ ਅਜ਼ਾਦ ਕੌਮ ਵਾਙ ਨਹੀਂ ਵਿਚਾਰ ਰਹੇ ਅਤੇ ਆਪਣੀ ਕੌਮ ਦੇ ਮੁਨਿਆਦੀ ਮਾਮਲਿਆਂ ਦਾ ਹੱਲ ਵੀ ਆਪਣੀਆਂ ਸੰਸਥਾਵਾਂ ਰਾਹੀਂ ਕਰਨ ਦੀ ਬਜਾਏ ਭਾਰਤੀ ਢਾਂਚੇ ਵਿਚੋਂ ਭਾਲਣ ਦਾ ਯਤਨ ਕਰ ਰਹੇ ਹਨ ਜਿਸ ਕਾਰਨ ਸਿੱਖਾਂ ਦੀ ਹਾਲਾਤ ਹੋਰ ਨਿਮਾਣੀ/ਨਿਤਾਣੀ ਹੁੰਦੀ ਹਾ ਰਹੀ ਹੈ।

ਇਸ ਵਿਚਾਰ ਚਰਚਾ ਦੌਰਾਨ ਪਾਕਿਸਤਾਨ ਵਿਚ ਬਣੇ ਸਿੱਖ ਮੈਰਿਜ ਐਕਟ, ਆਨੰਦ ਮੈਰਿਜ ਐਕਟ ਵਿਚ ਕੀਤੀ ਗਈ ਸੋਧ, ਅਖਬਾਰੀ ਬਿਆਨਾਂ ਰਾਹੀਂ ਹੋ ਰਹੇ ਗੁਲਾਮ ਮਾਨਸਿਕਤਾ ਦੇ ਪ੍ਰਗਟਾਵੇ ਅਤੇ ਧਾਰਾ 25 ਦੇ ਮਸਲਿਆ ਉੱਤੇ ਵੀ ਵਿਚਾਰਾਂ ਹੋਈਆਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,