July 22, 2018 | By ਸਿੱਖ ਸਿਆਸਤ ਬਿਊਰੋ
ਜੈਪੁਰ: ਰਾਜਸਥਾਨ ਦੇ ਅਲਵਰ ਇਲਾਕੇ ਵਿਚ ਇਕ 28 ਸਾਲਾ ਮੁਸਲਿਮ ਨੌਜਵਾਨ ਨੂੰ ਗਾਂ ਰੱਖਿਆ ਦੇ ਨਾਂ ‘ਤੇ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਹਰਿਆਣਾ ਦੇ ਵਾਸੀ ਅਕਬਰ ਖਾਨ ਵਜੋਂ ਹੋਈ ਹੈ। ਖ਼ਬਰਾਂ ਮੁਤਾਬਿਕ ਅਕਬਰ ਖਾਨ ਆਪਣੇ ਇਕ ਮਿੱਤਰ ਨਾਲ ਦੋ ਗਾਂਵਾਂ ਲਿਜਾ ਰਿਹਾ ਸੀ ਜਦੋਂ ਭੀੜ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਕੁੱਟ ਮਾਰ ਸ਼ੁਰੂ ਕਰ ਦਿੱਤੀ।
ਇਹ ਘਟਨਾ ਸ਼ੁਕਰਵਾਰ ਰਾਤ ਨੂੰ ਵਾਪਰੀ। ਜ਼ਿਕਰਯੋਗ ਹੈ ਕਿ ਅਲਵਰ ਜ਼ਿਲ੍ਹੇ ਵਿਚ ਬੀਤੇ ਇਕ ਸਾਲ ਦੌਰਾਨ ਭੀੜ ਵਲੋਂ ਗਾਂ ਰੱਖਿਆ ਦੇ ਨਾਂ ‘ਤੇ ਕੀਤੇ ਗਏ ਹਮਲੇ ਦੀ ਇਹ ਤੀਜੀ ਘਟਨਾ ਹੈ।
ਰਾਮਗੜ੍ਹ ਪੁਲਿਸ ਥਾਣੇ ਦੇ ਸਬ-ਇੰਸਪੈਕਟਰ ਸੁਭਾਸ਼ ਚੰਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮ੍ਰਿਤਕ ਅਕਬਰ ਆਪਣੇ ਦੋਸਤ ਨਾਲ ਦੋ ਗਾਵਾਂ ਨੂੰ ਪੈਦਲ ਲੈ ਕੇ ਜਾ ਰਿਹਾ ਸੀ, ਜਦੋਂ ਪਿੰਡ ਦੇ ਲੋਕਾਂ ਨੇ ਉਨ੍ਹਾਂ ਨੂੰ ਰੋਕ ਲਿਆ।
ਜੈਪਰ ਰੇਂਜ ਦੇ ਆਈਜੀ ਹੇਮੰਤ ਪ੍ਰਿਯਾਦਰਸ਼ੀ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦਕਿ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਗੱਲ ਦੀ ਘੋਖ ਕਰ ਰਹੇ ਹਨ ਕਿ ਗਾਵਾਂ ਤਸਕਰੀ ਲਈ ਲਿਜਾਈਆਂ ਜਾ ਰਹੀਆਂ ਸਨ ਜਾ ਨਹੀਂ।
ਦਰਜ ਐਫਆਈਆਰ ਮੁਤਾਬਿਕ, ਪੁਲਿਸ ਦੇ ਪਹੁੰਚਣ ਤਕ ਅਕਬਰ ਜਿਉਂਦਾ ਸੀ ਤੇ ਉਸਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿਚ ਦੱਸਿਆ ਕਿ ਉਹਨਾਂ ਨੇ ਲਾਡਪੁਰ ਪਿੰਡ ਤੋਂ ਦੋ ਗਾਵਾਂ ਖਰੀਦੀਆਂ ਸਨ ਤੇ ਲਾਲਾਵੰਡੀ ਰਾਹੀਂ ਵਾਪਿਸ ਹਰਿਆਣਾ ਵਿਚ ਆਪਣੇ ਪਿੰਡ ਜਾ ਰਹੇ ਸਨ। ਉਸਨੇ ਦੱਸਿਆ ਕਿ ਕੁਝ ਸਥਾਨਕ ਲੋਕਾਂ ਨੇ ਉਹਨਾਂ ਨੂੰ ਘੇਰ ਲਿਆ ਤੇ ਗਾਂ ਤਸਕਰ ਕਹਿ ਕੇ ਕੁੱਟਣ ਲੱਗੇ। ਅਸਲਮ ਭੱਜਣ ਵਿਚ ਕਾਮਯਾਬ ਹੋ ਗਿਆ ਪਰ ਭੀੜ ਨੇ ਉਸਨੂੰ ਡਾਗਾਂ ਨਾਲ ਕੁੱਟਿਆ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਇਸ ਮਗਰੋਂ ਪੁਲਿਸ ਉਸਨੂੰ ਆਪਣੀ ਜੀਪ ਵਿਚ ਰਾਮਗੜ੍ਹ ਦੇ ਹਸਪਤਾਲ ਲੈ ਕੇ ਆਈ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਸਬੰਧੀ ਹੋਰ ਕਈ ਧਾਰਾਵਾਂ ਸਮੇਤ ਕਤਲ ਦੀ ਧਾਰਾ 302 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਜਿੱਥੇ ਇਕ ਪਾਸੇ ਭਾਰਤ ਵਿਚ ਹਿੰਦੂਤਵ ਦੀ ਦਹਿਸ਼ਤ ਵੱਧਦੀ ਜਾ ਰਹੀ ਹੈ ਤੇ ਭੀੜਾਂ ਕਾਤਲਾਨਾ ਰੂਪ ਧਾਰ ਰਹੀਆਂ ਹਨ ਉੱਥੇ ਭਾਰਤੀ ਨਿਜ਼ਾਮ ਦੇ ਅਹੁਦੇਦਾਰਾਂ ਇਸ ਪ੍ਰਤੀ ਕੋਈ ਸਖਤ ਕਾਰਵਾਈ ਕਰਨ ਦੀ ਬਜਾਏ ਸੌੜੀ ਬਿਆਨਬਾਜ਼ੀ ਕਰ ਰਹੇ ਹਨ। ਅਲਵਰ ਵਿਚ ਹੋਏ ਇਸ ਕਤਲ ‘ਤੇ ਟਿੱਪਣੀ ਕਰਦਿਆਂ ਭਾਰਤੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ, “ਜੈਸੇ ਜੈਸੇ ਮੋਦੀਜੀ ਪੋਪੂਲਰ ਹੋਤੇ ਜਾਏਂਗੇ, ਐਸੀ ਐਸੀ ਕੁਛ ਘਟਨਾਏਂ ਇਸ ਦੇਸ਼ ਮੇਂ ਆਤੀ ਰਹੇਂਗੀ। ਜੈਸੇ ਬਿਹਾਰ ਕਾ ਚੁਨਾਓ ਹੁਆ, ਅਵਾਰਡ ਵਾਪਸੀ ਹੁਆ। ਯੂਪੀ ਕਾ ਚੁਨਾਓ ਆਏਗਾ, ਮੋਬ ਲੀਂਚਿੰਗ (ਭੀੜ ਹਿੰਸਾ) ਆਏਗਾ। 2019 ਕਾ ਚਨਾਓ ਆ ਰਹਾ ਹੈ ਫਿਰ ਕੁਛ ਆਏਗਾ, ਕਭੀ ਇੰਟੋਲਰੈਂਸ।”
ਮ੍ਰਿਤਕ ਅਕਬਰ ਦੇ ਪਿਤਾ ਸੁਲੇਮਾਨ ਨੇ ਇਕ ਅਖ਼ਬਾਰ ਨਾਲ ਗੱਲ ਕਰਦਿਆਂ ਕਿਹਾ ਕਿ ਅਕਬਰ ਸ਼ੁਕਰਵਾਰ ਸਵੇਰੇ 9-10 ਵਜੇ ਘਰੋਂ ਗਿਆ ਸੀ। ਉਨ੍ਹਾਂ ਕਿਹਾ, “ਉਹ ਮਜ਼ਦੂਰ ਸੀ। ਅਸੀਂ ਸਰਕਾਰ ਤੋਂ ਇਨਸਾਫ ਦੀ ਆਸ ਕਰਦੇ ਹਾਂ।”
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਅਲਵਰ ਜ਼ਿਲ੍ਹੇ ਵਿਚ ਬੀਤੇ ਸਾਲ ਅਪ੍ਰੈਲ ਮਹੀਨੇ ਪਹਿਲੂ ਖਾਨ ਨੂੰ ਗਾਂ ਰੱਖਿਆ ਦੇ ਨਾਂ ‘ਤੇ ਕਤਲ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਨਵੰਬਰ ਵਿਚ ਇਕ ਹੋਰ ਬੰਦੇ ਨੂੰ ਕਥਿਤ ਤੌਰ ‘ਤੇ ਗਾਂ ਤਸਕਰ ਦਸ ਕੇ ਕਤਲ ਕਰ ਦਿੱਤਾ ਗਿਆ ਸੀ।
Related Topics: Attacks on Minorities in India, Cow Protection Groups, Government of India, Human Rights of Minorities, Indian Satae, Mob Lynching in India