January 27, 2017 | By ਸਿੱਖ ਸਿਆਸਤ ਬਿਊਰੋ
ਜ਼ੀਰਾ: 26 ਜਨਵਰੀ ਨੂੰ ਵਿਸਾਹਘਾਤ ਦਿਹਾੜਾ ਦਸਦਿਆਂ, ਦਲ ਖਾਲਸਾ ਨੇ ਭਾਰਤ ਦੇ ਹੁਕਮਰਾਨਾਂ ਨੂੰ ਸੁਝਾਅ ਦਿੱਤਾ ਹੈ ਕਿ ਉਹ ਵੱਡਾ ਦਿੱਲ ਦਿਖਾਉਣ ਅਤੇ ਭਾਰਤ-ਪਾਕਿ ਵੰਡ ਮੌਕੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵਲੋਂ ਕੀਤੇ ਵਾਅਦੇ ਦੀ ਰੌਸ਼ਨੀ ਵਿੱਚ ਸੰਘਰਸ਼ੀਲ ਕੌਮਾਂ ਨੂੰ ‘ਸਵੈ-ਨਿਰਣੇ ਦਾ ਹੱਕ’ ਅਤੇ ‘ਵੱਖ ਹੋਣ ਦਾ ਹੱਕ’ ਦੇਣ। ਜਥੇਬੰਦੀ ਦਾ ਕਹਿਣਾ ਹੈ ਕਿ ਸਿੱਖਾਂ ਨਾਲ ਸੰਵਿਧਾਨਕ ਅਤੇ ਰਾਜਸੀ ਪ੍ਰਬੰਧਕੀ ਢਾਂਚੇ ਰਾਹੀਂ ਕੀਤੀਆਂ ਜਾ ਰਹੀਆਂ ਬੇਇਨਸਾਫੀਆਂ ਅਤੇ ਵਧੀਕੀਆਂ ਖਤਮ ਹੋਣੀਆਂ ਚਾਹੀਦੀਆਂ ਹਨ।
ਦਲ ਖਾਲਸਾ ਵਲੋਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਏਕ ਨੂਰ ਖਾਲਸਾ ਫੌਜ ਨਾਲ ਮਿਲਕੇ ਸੰਵਿਧਾਨਕ ਵਿਤਕਰੇ, ਬੇਇੰਸਾਫੀਆਂ ਅਤੇ ਵਧੀਕੀਆਂ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਮੁਜ਼ਾਹਰੇ ਮੌਕੇ ਪੰਥਕ ਜਥੇਬੰਦੀਆਂ ਦੇ ਕਾਰਜਰਤਾਵਾਂ ਨੇ ਹੱਥਾਂ ਵਿੱਚ ਕਾਲੇ ਝੰਡੇ ਅਤੇ ਵੱਡੇ ਬੈਨਰ ਫੜੇ ਹੋਏ ਸਨ, ਜਿਨਾਂ ਉਤੇ ਸੰਵਿਧਾਨਕ ਜ਼ਿਆਦਤੀਆਂ ਦੀ ਲੰਮੀ ਦਾਸਤਾਨ ਦਾ ਜ਼ਿਕਰ ਕਰਦਿਆਂ ਲਿਖਿਆ ਸੀ ਕਿ ਜਦ ਸੰਵਿਧਾਨ ਸਿੱਖਾਂ ਦੀ ਅੱਡਰੀ ਪਛਾਣ ਤੇ ਹੋਂਦ ਤੋਂ ਹੀ ਮੁਨਕਰ ਹੈ ਤਾਂ ਫਿਰ 26 ਜਨਵਰੀ ਦੇ ਜਸ਼ਨ ਕਾਹਦੇ।
ਜਥੇਬੰਦੀ ਨੇ ਸਿੱਖ ਨੌਜਵਾਨਾਂ ਨੂੰ ਹਿੰਦੁਸਤਾਨ ਦੀ ਗੁਲਾਮੀ ਦੀਆਂ ਜ਼ੰਜੀਰਾਂ ਤੋੜਣ ਦਾ ਹੋਕਾ ਦਿੱਤਾ। ਜਥੇਬੰਦੀ ਦੇ ਨੌਜਵਾਨਾਂ ਨੇ ਨਾਅਰੇ ਲਾਏ ਕਿ ਸੰਵਿਧਾਨ, ਜਨ ਗਨ ਮਨ, 26 ਜਨਵਰੀ, ਤਿਰੰਗਾ, ਸਿੱਖਾਂ ਲਈ ਬੇਗਾਨੇ ਹਨ।
ਦਲ ਖਾਲਸਾ ਮੁਖੀ ਹਰਪਾਲ ਸਿੰਘ ਚੀਮਾ ਨੇ ਬੋਲਦਿਆਂ ਕਿਹਾ ਕਿ ਸਿੱਖ ਇੱਕ ਵੱਖਰੀ ਕੌਮ ਹੈ ਅਤੇ ਆਪਣੀ ਕਿਸਮਤ ਦੀ ਮਾਲਕ ਵੀ ਆਪ ਹੀ ਹੈ। ਉਹਨਾਂ ਕਿਹਾ ਕਿ ਭਾਰਤ ਅਤੇ ਸਿੱਖ ਕੌਮ ਵਿਚਾਲੇ ਖਿਚੋਤਾਣ ਦਾ ਪੱਕਾ ਹੱਲ ਸਿੱਖਾਂ ਨੂੰ ਸਵੈ-ਨਿਰਣੇ ਦਾ ਹੱਕ ਦੇਣ ਅਤੇ ਉਸਨੂੰ ਲਾਗੂ ਕਰਨ ਨਾਲ ਹੀ ਹੋਵੇਗਾ।
ਉਹਨਾਂ ਅਕਾਲੀ ਦਲ ਅਤੇ ਕਾਂਗਰਸ ਵਲੋਂ ਪਾਣੀਆਂ ਦੇ ਮੁੱਦੇ ਉਤੇ ਮਗਰਮੱਛ ਦੇ ਹੱਥਰੂ ਵਗਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪਿਛਲੇ 6 ਦਹਾਕਿਆਂ ਤੋਂ ਰਾਇਪੇਰੀਅਨ ਸਿਧਾਂਤ ਅਤੇ ਸੰਵਿਧਾਨ ਦੀ ਭਾਵਨਾ ਦੇ ਉਲਟ ਜਾ ਕੇ ਪੰਜਾਬ ਦਾ ਪਾਣੀ ਲੁਟਿਆ ਜਾ ਰਿਹਾ ਹੈ ਅਤੇ ਇਹ ਪਾਰਟੀਆਂ ਅਤੇ ਆਗੂ ਕੇਵਲ ਬਿਆਨਬਾਜ਼ੀ ਕਰਕੇ “ਪਾਣੀਆਂ ਦੇ ਰਾਖੇ” ਹੋਣ ਦਾ ਡਰਾਮਾ ਕਰ ਰਹੇ ਹਨ। ਉਹਨਾਂ ਕਿਹਾ ਕਿ ਲੋਕ ਬਾਦਲਾਂ ਤੋਂ ਬਦਜ਼ਨ ਹਨ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਦੋਸ਼ੀ ਸਮਝਦੇ ਹੋਏ ਪਿਉ-ਪੁੱਤ ਨੂੰ ਸਜ਼ਾ ਦੇਣ ਦੇ ਰੌਂਅ ਵਿੱਚ ਹਨ।
ਕੰਵਰਪਾਲ ਸਿੰਘ ਨੇ ਕਿਹਾ ਕਿ ਸਿੱਖਾਂ ਨੇ ਇਸ ਖਿਤੇ ਵਿਚ ਆਪਣਾ ਸਫਰ ਭਾਰਤੀ ਸੰਵਿਧਾਨ ਨੂੰ ਨਾ-ਮਨਜ਼ੂਰ ਕਰਕੇ ਆਰੰਭ ਕੀਤਾ ਕਿਉਂਕਿ ਇਹ ਸੰਵਿਧਾਨ ਉਹਨਾਂ ਨਾਲ ਧੋਖਾ ਸੀ ਅਤੇ ਬਾਅਦ ਦੇ ਸਾਲਾਂ ਦੌਰਾਨ ਭਾਰਤੀ ਸਟੇਟ ਵਲੋਂ ਸਿੱਖਾਂ ਨਾਲ ਕੀਤੇ ਵਤੀਰੇ ਅਤੇ ਵਾਪਰੀਆਂ ਘਟਨਾਵਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ। ਉਹਨਾਂ ਕਿਹਾ ਕਿ ਦਿੱਲੀ ਦੇ ਹੁਕਮਰਾਨਾਂ ਨੇ ਸਿੱਖ ਸਮੱਸਿਆਵਾਂ ਨੂੰ ਜਾਂ ਤਾਂ ਅਣਗੌਲਿਆਂ ਕਰੀ ਰਖਿਆ, ਜਾਂ ਇਸ ਨੂੰ ਕਾਨੂੰਨ-ਵਿਵਸਥਾ ਦਾ ਮਸਲਾ ਬਣਾਕੇ ਸਿੱਖਾਂ ਦਾ ਸਰੀਰਕ ਘਾਣ ਕੀਤਾ।
ਫੈਡਰੇਸ਼ਨ ਆਗੂ ਕਰਨੈਲ ਸਿੰਘ ਪੀਰਮੁਹੰਮਦ ਨੇ ਅਫਸੋਸ ਜਤਾਇਆ ਕਿ ਹਿੰਦੁਸਤਾਨ ਨੇ ਸਿੱਖਾਂ ਨਾਲ ਦੁਰਵਿਹਾਰ ਕੀਤਾ, ਸਾਡੀ ਅੱਡਰੀ ਪਛਾਣ ਖੋਹੀ, ਹਿੰਦੂ ਕਾਨੂੰਨ ਸਾਡੇ ਉਤੇ ਥੋਪੇ, ਸਾਡੇ ਉਤੇ ਹਿੰਦੂ ਧਰਮ ਦਾ ਅੰਗ ਹੋਣ ਦਾ ਲੇਬਲ ਲਾਇਆ ਅਤੇ ਇਨਸਾਫ ਅਤੇ ਹੱਕਾਂ ਤੋਂ ਵਾਂਝਿਆ ਰੱਖਿਆ। ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਭਾਰਤੀ ਨਿਜ਼ਾਮ ਹੇਠ ਚੋਣਾਂ ਸਿੱਖ ਕੌਮ ਦੀ ਆਜ਼ਾਦੀ ਦਾ ਬਦਲ ਨਹੀਂ ਹੋ ਸਕਦੀਆਂ।
ਇਸ ਰੋਸ ਮੁਜ਼ਾਹਰੇ ਵਿੱਚ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ ਖਾਲਿਸਤਾਨੀ, ਅਮਰੀਕ ਸਿੰਘ ਈਸੜੂ, ਜਗਜੀਤ ਸਿੰਘ ਖੋਸਾ, ਡਾ. ਕਾਰਜ ਸਿੰਘ, ਗੁਰਮੁੱਖ ਸਿੰਘ ਸੰਧੂ, ਜਸਵੀਰ ਸਿੰਘ ਖੰਡੂਰ, ਬਾਬਾ ਰੇਸ਼ਮ ਸਿੰਘ, ਅਵਤਾਰ ਸਿੰਘ ਜਲਾਲਾਬਾਦ, ਨੋਬਲਜੀਤ ਸਿੰਘ, ਸਿੱਖ ਯੂਥ ਆਫ ਪੰਜਾਬ ਦੇ ਬੁਲਾਰੇ ਪਰਮਜੀਤ ਸਿੰਘ ਮੰਡ ਆਦਿ ਸ਼ਾਮਿਲ ਸਨ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Allow plebiscite, it is not undemocratic, Dal Khalsa tells GOI
Related Topics: #Boycott26January, All India Sikh Students Federation (AISSF), Bhai Harpal Singh Cheema (Dal Khalsa), Dal Khalsa International, Karnail Singh Peer Mohammad, Kawarpal Singh, Punjab Politics, Sikh Youth of Punjab