June 9, 2016 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਅਖੰਡ ਕੀਰਤਨੀ ਜੱਥਾ ਇੰਟਰਨੈਸ਼ਨਲ (ਰਜਿ:) ਨੇ ਇਹ ਐਲਾਨ ਕੀਤਾ ਹੈ ਕਿ ਉਹ ਦਮਦਮੀ ਟਕਸਾਲ (ਅਜਨਾਲਾ ਧੜਾ) ਦੇ ਮੁਖੀ ਭਾਈ ਅਮਰੀਕ ਸਿੰਘ ਅਜਨਾਲਾ ਦੀ ਜਥੇਦਾਰ ਦੇ ਤੌਰ ’ਤੇ ਨਿਯੁਕਤੀ ਤੋਂ ਆਪਣੀ ਹਮਾਇਤ ਵਾਪਸ ਲੈਂਦੇ ਹਨ। ਜ਼ਿਕਰਯੋਗ ਹੈ ਕਿ ਭਾਈ ਅਮਰੀਕ ਸਿੰਘ ਅਜਨਾਲਾ ਨੂੰ 10 ਨਵੰਬਰ 2015 ਨੂੰ ਪਿੰਡ ਚੱਬਾ, ਤਰਨਤਾਰਨ ਵਿਖੇ ਹੋਏ ਪੰਥਕ ਇਕੱਠ ਵਿਚ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਐਲਾਨਣ ਮੌਕੇ ਅਖੰਡ ਕੀਰਤਨੀ ਜਥੇ ਨੇ ਹਮਾਇਤ ਦਿੱਤੀ ਸੀ।
ਹਮਾਇਤ ਵਾਪਸੀ ਦਾ ਇਹ ਕਦਮ ਉਦੋਂ ਚੁਕਿਆ ਗਿਆ ਜਦੋਂ ਭਾਈ ਅਮਰੀਕ ਸਿੰਘ ਅਜਨਾਲਾ ਨੇ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਖਿਲਾਫ ‘ਮਾੜੀ’ ਭਾਸ਼ਾ ਦਾ ਇਸਤੇਮਾਲ ਕੀਤਾ। ਇਸਤੋਂ ਅਲਾਵਾ ਉਨ੍ਹਾਂ ਨੇ ਸਿੱਖ ਪੰਥ ਦੇ ਕੁਝ ਹਿੱਸਿਆਂ ਨਾਲ ਮਤਭੇਦ ਦੀਆਂ ਗੱਲਾਂ ’ਤੇ ਬਿਆਨਬਾਜ਼ੀ ਵੀ ਕੀਤੀ ਸੀ। ਅਖੰਡ ਕੀਰਤਨੀ ਜਥੇ ਦੇ ਭਾਈ ਆਰ.ਪੀ. ਸਿੰਘ ਨੇ ਸਿੱਖ ਸਿਆਸਤ ਨਿਊਜ਼ ਨਾਲ ਟੈਲੀਫੋਨ ’ਤੇ ਗੱਲ ਕਰਦੇ ਹੋਏ ਇਸ ਦੀ ਤਸਦੀਕ ਵੀ ਕੀਤੀ।
ਅਖੰਡ ਕੀਰਤਨੀ ਜਥੇ ਵਲੋਂ ਜਾਰੀ ਪ੍ਰੈਸ ਬਿਆਨ (ਜਿਸਦੀ ਕਾਪੀ ਸਿੱਖ ਸਿਆਸਤ ਨਿਊਜ਼ ਕੋਲ ਮੌਜੂਦ ਹੈ) ਵਿਚ ਕਿਹਾ ਗਿਆ, “ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ, ਅਖੰਡ ਕੀਰਤਨੀ ਜੱਥਾ ਗੁਰੂ ਸਾਹਿਬ ਜੀ ਦੇ ਬਖਸ਼ੇ ਅਸੂਲਾਂ ‘ਤੇ ਪਹਿਰਾ ਦੇਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਅਤੇ ਹੋਰਨਾਂ ਨੂੰ ਪ੍ਰੇਰਿਤ ਕਰ ਰਿਹਾ ਹੈ। ਪਿਛਲੇ ਕੁਝ ਦਿਨਾਂ ਵਿਚ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਦੇ ਪ੍ਰਤੀਕਰਮ ਵਜੋਂ ਅਖੰਡ ਕੀਰਤਨੀ ਜੱਥਾ ਇੰਟਰਨੈਸ਼ਨਲ, ਗੁਰਸਿੱਖ ਵੀਰ ਭਾਈ ਭੁਪਿੰਦਰ ਸਿੰੂਘ ਜੀ ਦੇ ਕਤਲ ਵਾਲੀ ਘਿਨਾਉਣੀ ਘਟਨਾ ਦੀ ਨਿਖੇਧੀ ਕਰਦਾ ਹੈ। ਇਹ ਅਤਿ ਨਿੰਦਣਯੋਗ ਗੱਲ ਹੈ ਕਿ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਵਲੋਂ ਪੰਥ ਦੀ ਪੁਰਾਤਨ ਰਵਾਇਤ ਛਬੀਲ ਦੀ ਆੜ ਹੇਠ ਇਹ ਕਾਰਾ ਕੀਤਾ ਗਿਆ ਹੈ ਜਿਸ ਕਰਕੇ ਇਸ ਮਹਾਨ ਰਵਾਇਤ ਨੂੰ ਧੱਬਾ ਲੱਗਿਆ ਹੈ”।
ਬਿਆਨ ਵਿਚ ਅੱਗੇ ਕਿਹਾ ਗਿਆ, “ਹਾਲ ਹੀ ਵਿਚ, ਸਰਬੱਤ ਖ਼ਾਲਸੇ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਥਾਪੇ ਹੋਏ ਜਥੇਦਾਰ, ਭਾਈ ਅਮਰੀਕ ਸਿੰਘ ਅਜਨਾਲਾ ਵਲੋਂ ਸੰਗਰਾਵਾਂ ਵਿਖੇ ਇਕ ਧਾਰਮਕ ਇਕੱਤਰਤਾ ਵਿਚ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਹੈ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿਉਂਕਿ ਉਹਨਾਂ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੀ ਪਦਵੀ ‘ਤੇ ਸੁਸ਼ੋਭਿਤ ਹੁੰਦਿਆਂ ਹੋਇਆਂ, ਆਪਣੇ ਅਹੁਦੇ ਤੋਂ ਹੇਠਲੇ ਪੱਧਰ ਦੀ ਗੱਲ ਕੀਤੀ ਹੈ। ਸਿੱਖ ਪੰਥ ਦੇ ਪਵਿੱਤਰ ਤਖ਼ਤ ਸਾਹਿਬਾਨ ਦੀ ਦੁਰਵਰਤੋਂ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਜਿਸ ਕਰਕੇ ਅਸੀਂ ਭਾਈ ਅਜਨਾਲਾ ਜੀ ਦੀ ਜਥੇਦਾਰੀ ਲਈ ਆਪਣਾ ਸਮਰਥਕ ਵਾਪਸ ਲੈਂਦੇ ਹਾਂ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਜੀ ਦੀ ਥਾਂ ‘ਤੇ ਨਿਯੁਕਤ ਕੀਤੇ ਕਾਰਜਕਾਈ ਜਥੇਦਾਰ ਭਾਈ ਧਿਆਨ ਸਿੰਘ ਮੰਡ ਵਲੋਂ ਕੁਝ ਹੀ ਦਿਨ ਪਹਿਲਾਂ ਨੌਜਵਾਨਾਂ ਦੇ ਨਾਂ ਇਕ ਸੰਦੇਸ਼ ਵਿਚ ਕਿਹਾ ਗਿਆ ਸੀ ਕਿ ਵਿਰੋਧੀਆਂ ਨਾਲ ਗੱਲ ਕਰਦੇ ਹੋਏ ਮਾੜੀ ਭਾਸ਼ਾ ਵਰਤਣ ਤੋਂ ਗੁਰੇਜ਼ ਕੀਤਾ ਜਾਵੇ। ਪਰ ਹੁਣ ਭਾਈ ਅਮਰੀਕ ਸਿੰਘ ਵਲੋਂ ਮਹਾਰਾਜ ਦੀ ਹਜ਼ੂਰੀ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਆਦੇਸ਼ ਦੀ ਉਲੰਘਣਾ ਕਰਕੇ ਇਕ ਬਹੁਤ ਹੀ ਗਲਤ ਮਿਸਾਲ ਕਾਇਮ ਕੀਤੀ ਹੈ। ਇਸ ਲਈ ਇਸ ਉਲੰਘਣਾ ਦੇ ਜਵਾਬ ਵਿਚ ਸਿੰਘ ਸਾਹਿਬਾਨ ਵਲੋਂ ਐਕਸ਼ਨ ਲੈਣਾ ਬਣਦਾ ਹੈ।”
“……ਆਪਣੇ ਵਿਰੋਧੀ ਖਿਆਲ ਵਾਲਿਆਂ ਨੂੰ ਜਨਤਕ ਤੌਰ ‘ਤੇ ਭੰਡਣਾ ਨਾ ਤਾਂ ਗੁਰਮਤਿ ਅਨੁਸਾਰ ਸਹੀ ਹੈ ਅਤੇ ਨਾ ਹੀ ਇਹ ਭਰਾਵਾਂ ਵਾਲੀ ਗੱਲ ਹੈ। ਪਿਛਲੇ 2015 ਵਾਲੇ ਸਰਬੱਤ ਖ਼ਾਲਸਾ ਵਿਚ ਇਹ ਮਤਾ ਪਾਸ ਹੋਇਆ ਸੀ ਕਿ ਵਿਵਾਦ ਵਾਲੇ ਮਸਲੇ ਨਹੀਂ ਛੇੜੇ ਜਾਣਗੇ…….। ਕਿਸੇ ਵੀ ਸੰਸਥਾ ਜਾਂ ਸੰਪਰਦਾ ਨੂੰ ਆਪਣੀ ਮਰਯਾਦਾ ਬਾਕੀ ਦੇ ਪੰਥ ‘ਤੇ ਲਾਗੂ ਨਹੀਂ ਕਰਨੀ ਚਾਹੀਦੀ।”
ਬਿਆਨ ਵਿਚ ਅੱਗੇ ਕਿਹਾ ਗਿਆ, “ਇਸ ਵਕਤ ਲੋੜ ਹੈ ਕਿ ਸਭ ਗੁਰਸਿੱਖ ਆਪਣੇ ਨਿਜ ਸਵਾਰਥ ਤੋਂ ਉਪਰ ਉੱਠ ਕੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਜਤਨਸ਼ੀਲ ਹੋਣ। ਇਹ ਲਾਜ਼ਮੀ ਹੈ ਕਿ ਅਸੀਂ ਗੁਰਸਿੱਖਾਂ ਵਾਂਗ ਵਿਚਰੀਏ…..”।
Related Topics: Akhand Kirtani Jatha International, Bhai Amreek Singh Ajnala, Bhai RP Singh, Sarbat Khalsa(2015)