April 27, 2011 | By ਸਿੱਖ ਸਿਆਸਤ ਬਿਊਰੋ
ਫ਼ਤਿਹਗੜ੍ਹ ਸਾਹਿਬ (27 ਅਪ੍ਰੈਲ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਵਾਅਦਾ ਕਰਨ ਦੇ ਬਾਵਯੂਦ ਵੀ ਅੰਮ੍ਰਿਤ ਨਾ ਛਕਾਉਣ ’ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਭਾਈ ਰਾਜੋਆਣਾ ਨੇ ਉਨ੍ਹਾਂ ਨੂੰ ਇੱਕ ਜੇਲ੍ਹ ਮੁਲਾਕਾਤ ਦੌਰਾਨ ਕਿਹਾ ਸੀ ਕਿ ਜਥੇਦਾਰ ਤੱਕ ਉਨ੍ਹਾਂ ਦਾ ਇਹ ਸੁਨੇਹਾ ਪਹੁੰਚਾਇਆ ਜਾਵੇ ਕਿ ਉਨ੍ਹਾਂ ਦੀ ਅੰਮ੍ਰਿਤ ਛਕਣ ਦੀ ਇੱਛਾ ਉਨ੍ਹਾਂ ਦੇ ਬਲੈਕ ਵਾਰੰਟ ਆਉਣ ਤੋਂ ਪਹਿਲਾਂ ਪੂਰੀ ਕੀਤੀ ਜਾਵੇ। ਜੇਕਰ ਇਸਤੋਂ ਬਾਅਦ ਉਹ ਅੰਮ੍ਰਿਤ ਛਕਾਉਣ ਆਉਂਦੇ ਹਨ ਤਾਂ ਮੈਂ ਉਨ੍ਹਾ ਕੋਲੋਂ ਅੰਮ੍ਰਿਤ ਨਹੀਂ ਛਕਾਂਗਾ।
ਭਾਈ ਚੀਮਾ ਨੇ ਦੱਸਿਆ ਕਿ ਭਾਈ ਰਾਜੋਆਣਾ ਦੀ ਇਹ ਇੱਛਾ ਹਰਿਆਣਾ ਵਿੱਚ ਹੋਂਦ ਚਿੱਲੜ ਦੇ ਅਰਦਾਸ ਦਿਵਸ ਮੌਕੇ ਉਨ੍ਹਾ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ ਤੱਕ ਪਹੁੰਚਾ ਦਿੱਤੀ ਸੀ ਪਰ ਅੱਜੇ ਤੱਕ ਭਾਈ ਰਾਜੋਆਣਾ ਦੀ ਬੇਨਤੀ ’ਤੇ ਗੌਰ ਨਹੀਂ ਕੀਤੀ ਗਈ। ਭਾਈ ਚੀਮਾ ਨੇ ਕਿਹਾ ਕਿ ਧਰਮ-ਪ੍ਰਚਾਰ ਦੇ ਦਾਅਵੇ ਕਰਦੀ ਸ਼੍ਰੋਮਣੀ ਕਮੇਟੀ ਕੁਰਬਾਨੀ ਵਾਲੇ ਸਿੱਖਾਂ ਨੂੰ ਅੰਮ੍ਰਿਤ ਛਕਾਉਣ ਦਾ ਕੰਮ ਵੀ ਨਹੀਂ ਕਰ ਸਕਦੀ।
ਅਵਤਾਰ ਸਿੰਘ ਮੱਕੜ ਦਾ ਧਰਮ ਪ੍ਰਚਾਰ ਇੱਥੋਂ ਤੱਕ ਸੀਮਿਤ ਰਹਿ ਗਿਆ ਹੈ ਕਿ ਵਿਦੇਸ਼ਾਂ ਵਿੱਚੋਂ ਆਏ ਡਿਪਲੋਮੇਟ ਤੇ ਰਾਜਨੀਤਿਕ ਸ਼ਖਸੀਅਤਾਂ ਨੂੰ ਦਰਬਾਰ ਸਾਹਿਬ ਦੇ ਮਾਡਲ ਤੇ ਕਿਰਪਾਨਾਂ ਦੇ ਕੇ ਬਾਦਲ ਪਰਿਵਾਰ ਦੀ ਰਾਜਸੱਤਾ ਕਾਇਮ ਰੱਖਣ ਤੱਕ ਹੀ ਸੀਮਿਤ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਦੇ ਖਾਤਿਆਂ ਵਿਚ ਪਏ ਕਰੋੜਾਂ ਰੁਪਏ ਬਾਦਲ ਪਰਿਵਾਰ ਦੇ ਰਾਜਨੀਤਿਕ ਉਦੇਸ਼ਾਂ ਲਈ ਖਰਚਿਆ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਥਕ ਸਰਕਾਰ ਹੋਣ ਦਾ ਦਾਅਵਾ ਕਰਨ ਵਾਲੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਚੱਲਦਿਆਂ ਜੇ ਪੰਥ ਲਈ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਧਾਰਮਿਕ ਇਛਾਵਾਂ ਪੂਰੀਆਂ ਨਹੀਂ ਹੋ ਸਕਦੀਆਂ ਤਾਂ ਹੋਰ ਕਦੋਂ ਹੋਣਗੀਆਂ? ੀੲਸ ਸਮੇਂ ਬਾਈ ਚੀਮਾ ਨਾਲ ਦਲ ਦੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ, ਸਰਪੰਚ ਗੁਰਮੁਖ ਸਿੰਗ ਡਡਹੇੜੀ, ਦਰਸ਼ਨ ਸਿੰਘ ਬੈਣੀ ਅਮਰਜੀਤ ਸਿੰਘ ਬਡਗੁਜਰਾਂ ਤੇ ਹਰਪਾਲ ਸਿੰਘ ਸ਼ਹੀਦਗੜ੍ਹ ਵੀ ਹਾਜ਼ਰ ਸਨ।
Related Topics: Akal Takhat Sahib, Bhai Balwant Singh Rajoana, Sikhs in Jails