ਸਿਆਸੀ ਖਬਰਾਂ » ਸਿੱਖ ਖਬਰਾਂ

ਪੀਰਮੁਹੰਮਦ ਵਲੋਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਕਮਾਨ ਵਿਦਿਆਰਥੀਆਂ ਦੇ ਹੱਥ ਦੇਣ ਦਾ ਐਲਾਨ

September 13, 2016 | By

ਫਰੀਦਕੋਟ: ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰਮੁਹੰਮਦ ਨੇ ਇਸ ਜਥੇਬੰਦੀ ਦੀ ਵਾਗਡੋਰ ਨਿਰੋਲ ਵਿਦਿਆਰਥੀਆਂ ਦੇ ਹੱਥ ਦੇਣ ਦਾ ਐਲਾਨ ਕੀਤਾ ਹੈ। ਇਸ ਫੈਸਲੇ ਨੂੰ ਨੇਪਰੇ ਚੜ੍ਹਾਉਣ ਲਈ ਜਗਰੂਪ ਸਿੰਘ ਚੀਮਾ ਦੀ ਅਗਵਾਈ 13 ਮੈਂਬਰੀ ਐਡਹਾਕ ਕਮੇਟੀ ਦਾ ਐਲਾਨ ਕੀਤਾ ਗਿਆ।

ਅੱਜ ਫੈਡਰੇਸ਼ਨ ਦੀ 72ਵੀਂ ਵਰ੍ਹੇਗੰਢ ਮੌਕੇ ਗੁਰਦੁਆਰਾ ਖਾਲਸਾ ਦੀਵਾਨ ਵਿਖੇ ਇੱਕਠ ਵਿੱਚ ਪੀਰਮੁਹੰਮਦ ਨੇ ਪੁਰਾਣਾ ਜਥੇਬੰਦਕ ਢਾਂਚਾ ਭੰਗ ਕਰ ਦਿੱਤਾ। ਉਹਨਾਂ ਫਖਰ ਨਾਲ ਦਸਿਆ ਕਿ ਜਥੇਬੰਦੀ ਸਿੱਖ ਪੰਥ ਦੀ ਆਨ, ਸ਼ਾਨ ਅਤੇ ਮਾਣ ਦੀ ਪ੍ਰਤੀਕ ਹੈ।

aissf-peer-mohamad-03

ਫੈਡਰੇਸ਼ਨ ਦੇ ਸਥਾਪਨਾ ਦਿਹਾੜੇ ਨੂੰ ਸਮਰਪਤ ਪ੍ਰੋਗਰਾਮ ਦੌਰਾਨ ਕਰਨੈਲ ਸਿੰਘ ਪੀਰਮੁਹੰਮਦ ਨੇ ‘ਸਿੱਖਸ ਫਾਰ ਜਸਟਿਸ’ ਵਲੋਂ ਉਲੀਕੇ ‘2020 ਰਾਏਸ਼ੁਮਾਰੀ’ ਲਈ ਕੰਮ ਕਰਨ ਦਾ ਵੀ ਐਲਾਨ ਕੀਤਾ

ਉਹਨਾਂ ਕਿਹਾ ਕਿ ਫੈਡਰੇਸ਼ਨ ਨੂੰ ਪਿਆਰ ਕਰਨ ਵਾਲਿਆਂ ਦੀ ਇਹ ਚਿਰਾਂ ਤੋਂ ਇੱਛਾ ਸੀ ਕਿ ਇਸ ਜਥੇਬੰਦੀ ਨੂੰ ਮੁੜ ਇਸਦੇ ਅਸਲ ਵਾਰਸਾਂ (ਵਿਦਿਆਰਥੀਆਂ) ਦੇ ਹਵਾਲੇ ਕੀਤੀ ਜਾਵੇ। ਉਹਨਾਂ ਕਿਹਾ ਕਿ ਸੁਹਿਰਦ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਉਹਨਾਂ ਮਹਿਸੂਸ ਕੀਤਾ ਕਿ ਹੁਣ ਉਹ ਵੇਲਾ ਆ ਗਿਆ ਹੈ ਕਿ ਇਸ ਇਤਿਹਾਸਕ ਜਥੇਬੰਦੀ ਦੀ ਅਗਵਾਈ ਅਤੇ ਮੈਂਬਰਸ਼ਿਪ ਕੇਵਲ ਵਿਦਿਆਰਥੀਆਂ ਦੇ ਹੱਥਾਂ ਵਿੱਚ ਸੌਂਪੀ ਜਾਵੇ। ਉਹਨਾਂ ਪ੍ਰੈਸ ਨੂੰ ਦਸਿਆ ਕਿ ਉਹ ਨਵਾਂ ਜਥੇਬੰਦਕ ਢਾਂਚੇ ਦੇ ਹੋਂਦ ਵਿੱਚ ਆਉਣ ਤੱਕ ਜਥੇਬੰਦੀ ਦੇ ਐਕਟਿੰਗ ਮੁਖੀ ਵਜੋਂ ਸੇਵਾ ਨਿਭਾਉਣਗੇ।

ਉਹਨਾਂ ਕਿਹਾ ਕਿ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ ਸਿੱਖ ਕੈਲੰਡਰ ਅਨੁਸਾਰ ਨਵੇਂ ਸਾਲ ਦੇ ਪਹਿਲੇ ਦਿਨ 14 ਮਾਰਚ 2017 ਨੂੰ ਡੈਲੀਗੇਟ ਇਜਲਾਸ ਵਿੱਚ ਕੀਤਾ ਜਾਵੇਗਾ ਅਤੇ ਉਸ ਮੌਕੇ ਹੀ ਅਗਲਾ ਪ੍ਰਧਾਨ ਅਤੇ ਹੋਰ ਅਹੁਦੇਦਾਰ ਵੀ ਨਿਯੁਕਤ ਕੀਤੇ ਜਾਣਗੇ।

ਪੀਰ ਮੁਹੰਮਦ ਨੇ ਇੱਕਠ ਨੂੰ ਸੰਬੋਧਨ ਕਰਦਿਆਂ ਨੌਜਵਾਨਾਂ ਦੀ ਸਿਫਤ ਕੀਤੀ ਜਿਹਨਾਂ ਹਮੇਸ਼ਾਂ ਹੀ ਪੰਥ ਅਤੇ ਪੰਜਾਬ ਦੇ ਹੱਕਾਂ ਅਤੇ ਹਿੱਤਾਂ ਲਈ ਅੱਗੇ ਹੋ ਕੇ ਆਪਣੀ ਬਣਦੀ ਭੂਮਿਕਾ ਨਿਭਾਈ ਹੈ। ਉਹਨਾਂ ਨੌਜਵਾਨਾਂ ਨੂੰ ਸ਼ਾਂਤੀਪੂਰਨ ਤਰੀਕਿਆਂ ਨਾਲ ਪੰਥ ਦੇ ਸਵੈਮਾਨ ਅਤੇ ਪੰਜਾਬ ਦੀ ਪ੍ਰਭੂਸੱਤਾ ਤੇ ਆਜ਼ਾਦੀ ਲਈ ਅਰੰਭੇ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਹਨਾਂ ਦਸਿਆ ਕਿ ਰੈਫਰੇਂਡਮ 2020 ਲਈ ਉਹਨਾਂ ਦਾ ਗਰੁੱਪ ਪੰਜਾਬ ਅੰਦਰ ਮੁਹਿੰਮ ਵਿਢੇਗਾ ਤਾਂ ਜੋ ਇਸ ਮੰਤਵ ਲਈ ਲੋਕਾਂ ਦਾ ਸਹਿਯੋਗ ਪ੍ਰਾਪਤ ਕੀਤਾ ਜਾ ਸਕੇ। ਉਹਨਾਂ ਨੌਜਵਾਨਾਂ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਸਾਲ 2020 ਵਿੱਚ ‘ਸਿਖਜ਼ ਫਾਰ ਜਸਟਿਸ’ ਰਾਹੀਂ ਸਿੱਖ ਕੌਮ ਯੂ.ਐਨ.ਓ. ਕੋਲੋਂ ਪੰਜਾਬ ਅੰਦਰ ਰੈਫਰੈਂਡਮ ਕਰਵਾਉਣ ਦੀ ਮੰਗ ਸਬੰਧੀ ਪਟੀਸ਼ਨ ਦਾਖਿਲ ਕਰਵਾਏਗੀ।

ਇਸ ਮੌਕੇ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਟਾਂਡਾ ਨੇ ਬੋਲਦਿਆਂ ਨੌਜਵਾਨਾਂ ਨੂੰ ਪੰਜਾਬ ਨੂੰ ਰਾਜਨੀਤਿਕ ਸ਼ੋਸ਼ਣ, ਨਸ਼ਾ ਅਤੇ ਅਨਿਆਏ ਮੁਕਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਫੈਡਰੇਸ਼ਨ ਆਗੂ ਡਾ. ਕਾਰਜ ਸਿੰਘ ਧਰਮ ਸਿੰਘ ਵਾਲਾ, ਗੁਰਮੁੱਖ ਸਿੰਘ ਸੰਧੂ, ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ, ਪ੍ਰਭਜੋਤ ਸਿੰਘ ਫਰੀਦਕੋਟ ਅਤੇ ਸੁਖਦੀਪ ਸਿੰਘ ਕੋਟਕਪੂਰਾ ਨੇ ਵੀ ਸੰਬੋਧਨ ਕੀਤਾ।

ਫੈਡਰੇਸ਼ਨ ਆਗੂ ਨੇ ਦਸਿਆ ਕਿ ਐਡਹਾਕ ਕਮੇਟੀ ਵਿੱਚ ਜਗਰੂਪ ਸਿੰਘ ਚੀਮਾ, ਭੁਪਿੰਦਰ ਸਿੰਘ ਤੇ ਹਰਸ਼ਦੀਪ ਸਿੰਘ (ਦੋਵੇਂ ਪੰਜਾਬੀ ਯੂਨੀਵਰਸਟੀ), ਅਨਮੋਲਦੀਪ ਸਿੰਘ, ਕਰਨਵੀਰ ਸਿੰਘ, ਸੁਖਰਾਜ ਸਿੰਘ ਸਿੱਧੂ (ਦੇਸ਼ ਭਗਤ ਯੂਨੀਵਰਸਟੀ), ਜਗਰੂਪ ਸਿੰਘ ਸਿੱਧੂ (ਚੰਡੀਗੜ ਯੂਨੀਵਰਸਟੀ), ਰੋਬਨਪ੍ਰੀਤ ਕੌਰ ਖਾਲਸਾ, ਪ੍ਰਭਜੋਬਨ ਕੌਰ ਖਾਲਸਾ (ਦੋਵੇਂ ਖਾਲਸਾ ਯੂਨੀਵਰਸਟੀ, ਅੰਮ੍ਰਿਤਸਰ), ਹਰਜਿੰਦਰ ਸਿੰਘ ਬਰਾੜ, ਸਤਿਨਾਮ ਸਿੰਘ, ਰਣਜੋਧ ਸਿੰਘ (ਬਲਜਿੰਦਰਾ ਕਾਲਜ, ਫਰੀਦਕੋਟ) ਅਤੇ ਲਵਪ੍ਰੀਤ ਸਿੰਘ (ਖਾਲਸਾ ਕਾਲਜ, ਜਲੰਧਰ) ਦੇ ਨਾਮ ਸ਼ਾਮਿਲ ਕੀਤੇ ਗਏ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,