ਸਿੱਖ ਖਬਰਾਂ

ਤਖ਼ਤ ਸ੍ਰੀ ਪਟਨਾ ਸਾਹਿਬ ਮਾਮਲਾ: ਅਕਾਲੀ ਦਲ (ਬਾਦਲ) ਵੱਲੋਂ ਪਾਕਿਸਤਾਨ ਤੋਂ ਬਾਅਦ ਪਟਨਾ ਸਾਹਿਬ ਵਿਖੇ ਵੀ ਸਿੱਖਾਂ ਨੂੰ ਵੰਡਣ ਦਾ ਯਤਨ – ਸਰਨਾ

June 24, 2014 | By

ਅੰਮ੍ਰਿਤਸਰ (23 ਜੂਨ 2014): ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜੱਥੇਦਾਰ ਦੀ ਨਿਯੁਕਤੀ ਅਤੇ ਪ੍ਰਬੰਧਕੀ ਕਮੇਟੀ ਦੇ ਮਾਮਲੇ ’ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਦਿੱਲੀ ਅਕਾਲੀ ਦਲ (ਸਰਨਾ )ਇੱਕ ਵਾਰ ਮੁੜ ਆਹਮੋ ਸਾਹਮਣੇ ਹੋ ਗਏ ਹਨ। ਜਿੱਥੇ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੀ ਐਤਵਾਰ ਨੂੰ ਰੱਖੀ ਗਈ ਮੀਟਿੰਗ ਕਾਬਜ਼ ਸਰਨਾ ਧੜੇ ਵੱਲੋਂ ਮੁਲਤਵੀ ਕਰ ਦਿੱਤੀ ਗਈ ਸੀ, ੳੁੱਥੇ ਅੱਜ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨੇ ਕਮੇਟੀ ਦੇ ਕੁੱਲ  15 ਮੈਂਬਰਾਂ ਵਿੱਚੋਂ ਅੱਠ ਮੈਂਬਰਾਂ ਦੀ ਹਾਜ਼ਰੀ ਨਾਲ ਕਮੇਟੀ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਤੋਂ ਬਿਨਾਂ ਹੀ ਮੀਟਿੰਗ ਕੀਤੀ ਗਈ । ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਤਖਤ ਦੇ ਵਿਵਾਦਤ ਜੱਥੇਦਾਰ ਇਕਬਾਲ ਸਿੰਘ ਦੀ ਬਰਖ਼ਾਸਤਗੀ ਰੱਦ ਕਰਦਿਆਂ ਪ੍ਰਬੰਧਕੀ ਕਮੇਟੀ ਵੱਲੋਂ ਨਵ-ਨਿਯੁਕਤ ਮੀਤ ਜੱਥੇਦਾਰ ਗਿਆਨੀ ਪ੍ਰਤਾਪ ਸਿੰਘ ਦੀ ਨਿਯੁਕਤੀ ਨੂੰ ਵੀ ਪਰਵਾਨਗੀ ਨਹੀਂ ਦਿੱਤੀ।

“ਪੰਜਾਬੀ ਟ੍ਰਿਬਿਊਨ” ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਕੁੱਲ 15 ਮੈਂਬਰਾਂ ਵਿਚੋਂ ਅੱਠ ਮੈਂਬਰ ਹਾਜ਼ਰ ਹੋਏ। ਜ਼ਿਕਰਯੋਗ ਹੈ ਕਿ ਜਥੇਦਾਰ ਅਵਤਾਰ ਸਿੰਘ ਇਸ ਕਮੇਟੀ ਦੇ ਵੀ ਮੈਂਬਰ ਹਨ ।ਮੱਕੜ ਨੇ ਇਸ  ਮੀਟਿੰਗ  ਵਿੱਚ  ਸਰਨਾ ਧੜੇ ਵੱਲੋਂ ਪਹਿਲਾਂ ਕੀਤੇ ਗਏ ਕਈ ਫੈਸਲਿਆਂ ਨੂੰ ਰੱਦ ਕਰ ਦਿੱਤਾ ਹੈ।

ਦੋ ਵਰ੍ਹੇ ਪਹਿਲਾਂ ਹੋਂਦ ਵਿੱਚ ਆਈ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ’ਤੇ ਇਸ ਵਾਰ ਸਰਨਾ ਧੜਾ ਕਾਬਜ਼ ਹੋ ਗਿਆ ਸੀ। ਇਸ ਤੋਂ ਪਹਿਲਾਂ ਇਸ ਪ੍ਰਬੰਧਕੀ ਕਮੇਟੀ ’ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਕਬਜ਼ਾ ਸੀ। ਇਸ ਮਾਮਲੇ ਨੂੰ ਲੈ ਕੇ ਦੋਵਾਂ ਧਿਰਾ ਵਿਚਾਲੇ ਚੋਣਾਂ ਸਮੇਂ ਤੋਂ ਖਿੱਚੋਤਾਣ ਬਣੀ ਹੋਈ ਹੈ।

 ਇਸ ਸਬੰਧੀ ਅਵਤਾਰ ਸਿੰਘ ਮੱਕੜ ਨੇ ਦੱਸਿਆ ਕਿ ਮੌਜੂਦਾ ਕਾਬਜ਼ ਧੜੇ ਵੱਲੋਂ ਸਾਲਾਨਾ ਬਜਟ ਵੀ ਪਾਸ ਨਹੀਂ ਕੀਤਾ ਗਿਆ ਸੀ। ਹੁਣ ਇਸ ਸਬੰਧ ਵਿੱਚ ਪੰਜ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ, ਜੋ ਹੁਣ ਤੱਕ ਹੋਈਆਂ ਵਿੱਤੀ ਊਣਤਾਈਆਂ ਦੀ ਜਾਂਚ ਕਰੇਗੀ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਨਿੱਤ ਦਿਨ ਦੇ ਖਰਚੇ ਵੀ ਚਲਾਏਗੀ। ਉਨ੍ਹਾਂ ਦੱਸਿਆ ਕਿ 7 ਜਨਵਰੀ ਨੂੰ ਵਾਪਰੀ ਹਿੰਸਕ ਘਟਨਾ ਸਬੰਧੀ ਅਦਾਲਤ ਵਿੱਚ ਕੀਤਾ ਗਿਆ ਖਰਚਾ ਵੀ ਇਸ ਵੇਲੇ ਦੇ ਕਾਬਜ਼ ਧੜੇ ਦੇ ਮੈਂਬਰਾਂ ਕੋਲੋਂ ਵਸੂਲਿਆ ਜਾਵੇਗਾ।

ਦੂਜੇ ਪਾਸੇ ਦਿੱਲੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਮੈਂਬਰ ਹਰਵਿੰਦਰ ਸਿੰਘ ਸਰਨਾ ਨੇ ਅਵਤਾਰ ਸਿੰਘ ਮੱਕੜ ਵੱਲੋਂ ਕੀਤੀ ਗਈ ਮੀਟਿੰਗ ਨੂੰ ਗੈਰਕਾਨੂੰਨੀ ਕਰਾਰ ਦਿੰਦਿਆਂ ਮੀਟਿੰਗ ਵਿੱਚ ਕੀਤੇ ਫੈਸਲਿਆਂ ਨੂੰ ਰੱਦ ਕੀਤਾ ਹੈ।

 ਉਨ੍ਹਾਂ ਆਖਿਆ ਕਿ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਇਹ ਮੀਟਿੰਗ ਪਹਿਲਾਂ ਹੀ ਮੁਲਤਵੀ ਕੀਤੀ ਜਾ ਚੁੱਕੀ ਸੀ ਅਤੇ ਨਿਯਮਾਂ ਮੁਤਾਬਕ ਮੀਟਿੰਗ ਦੀ ਪ੍ਰਧਾਨਗੀ ਦਾ ਹੱਕ ਪ੍ਰਧਾਨ ਜਾਂ ਉਸਦੀ ਗੈਰਹਾਜ਼ਰੀ ਵਿੱਚ ਮੀਤ ਪ੍ਰਧਾਨ ਕੋਲ ਹੀ ਹੈ ਜਦੋਂਕਿ ਇਸ ਮੀਟਿੰਗ ਵਿੱਚ ਦੋਵੇਂ ਅਹੁਦੇਦਾਰ ਗੈਰਹਾਜ਼ਰ ਸਨ।

ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਕਿਸਤਾਨ ਤੋਂ ਬਾਅਦ ਹੁਣ ਪਟਨਾ ਸਾਹਿਬ ਵਿਖੇ ਵੀ ਸਿੱਖਾਂ ਨੂੰ ਵੰਡਣ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਜਥੇਦਾਰ ਇਕਬਾਲ ਸਿੰਘ ਨੂੰ ਬਹਾਲ ਕਰਨ ਦੀ ਕਾਰਵਾਈ ਨੂੰ ਹਾਸੋਹੀਣਾ ਤੇ ਮਰਿਆਦਾ ਦੇ ਉਲਟ ਕਰਾਰ ਦਿੱਤਾ ਹੈ।

ਦੱਸਣਯੋਗ ਹੈ ਕਿ ਹੁਣ ਇਸੇ ਵਰ੍ਹੇ 7 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਮੌਕੇ ਸਰਨਾ ਧੜੇ ਵੱਲੋਂ ਉਥੇ ਵਧੀਕ ਗ੍ਰੰਥੀ ਵਜੋਂ ਗਿਆਨੀ ਪ੍ਰਤਾਪ ਸਿੰਘ ਦੀ ਨਿਯੁਕਤੀ ਕੀਤੀ ਗਈ ਸੀ, ਜਿਸ ਦਾ ਮੌਜੂਦਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਵਿਰੋਧ ਕੀਤਾ ਸੀ। ਇਸ ਕਾਰਨ ਗੁਰਪੁਰਬ ਵਾਲੇ ਦਿਨ ਹੀ ਮੰਚ ’ਤੇ ਦੋਵਾਂ ਧਿਰਾਂ ਵਿਚਾਲੇ ਹਿੰਸਕ ਝੜਪ ਹੋਈ ਸੀ। ਇਸ ਘਟਨਾ ਤੋਂ ਬਾਅਦ ਗਿਆਨੀ ਇਕਬਾਲ ਸਿੰਘ ਦੀ ਤਰਫੋਂ  ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰਾਂ ਖਿਲਾਫ਼ ਪੁਲੀਸ ਕੇਸ ਦਰਜ ਕਰਵਾ ਦਿੱਤਾ ਗਿਆ ਸੀ ਜਦੋਂਕਿ ਪ੍ਰਬੰਧਕੀ ਕਮੇਟੀ ਨੇ ਗਿਆਨ ਇਕਬਾਲ ਸਿੰਘ ਤੇ ਉਨ੍ਹਾਂ ਦੇ ਬੇਟੇ ਸਮੇਤ ਤਿੰਨ ਕਰਮਚਾਰੀਆਂ ਨੂੰ ਬਰਖਾਸਤ ਕਰ ਦਿੱਤਾ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,