February 23, 2017 | By ਨਰਿੰਦਰ ਪਾਲ ਸਿੰਘ
ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਕਾਰਜਕਾਰੀ ਜਥੇਦਾਰਾਂ ਨੇ ਇਕ ਅਹਿਮ ਫੈਸਲੇ ਰਾਹੀਂ ਪੰਥ ਪ੍ਰਵਾਣਿਤ ਅਰਦਾਸ ਵਿੱਚ ਤਬਦੀਲੀ ਕੀਤੇ ਜਾਣ ਦੇ ਸੰਗੀਨ ਦੋਸ਼ ਤਹਿਤ ਬਾਦਲ ਸਰਕਾਰ ਦੇ ਮੰਤਰੀ ਸਿਕੰਦਰ ਮਲੂਕਾ, ਸ਼੍ਰੋਮਣੀ ਕਮੇਟੀ ਮੈਂਬਰ ਮੇਜਰ ਸਿੰਘ ਅਤੇ ਸਾਬਕਾ ਮੈਂਬਰ ਸਤਨਾਮ ਸਿੰਘ ਭਾਈ ਰੂਪਾ ਨੂੰ ਪੰਥ ‘ਚੋਂ “ਖਾਰਿਜ” ਕਰ ਦਿੱਤਾ ਹੈ। ਇਸੇ ਤਰ੍ਹਾਂ ਲਏ ਇਕ ਹੋਰ ਫੈਸਲੇ ਰਾਹੀਂ ਦਸਮੇਸ਼ ਪਿਤਾ ਦੀ ਜੀਵਨ ਹਯਾਤੀ ਬਾਰੇ ਗਲਤ ਵਖਿਆਨ ਕਰਨ ਦੇ ਦੋਸ਼ ਤਹਿਤ ਨੀਲਧਾਰੀ ਸੰਪਰਦਾ ਦੇ ਮੁਖੀ ਸਤਨਾਮ ਸਿੰਘ ਨੀਲਧਾਰੀ ਨੂੰ ਵੀ ਪੰਥ ‘ਚੋ ਖਾਰਜ ਕਰ ਦਿੱਤਾ ਗਿਆ ਹੈ।
ਕਾਰਜਕਾਰੀ ਜਥੇਦਾਰਾਂ ਨੇ ਸਪੱਸ਼ਟ ਕੀਤਾ ਹੈ ਕਿ ਵਿਧਾਨ ਸਭਾ ਚੋਣਾਂ ਮੌਕੇ ਪੰਥ ਦੋਖੀ ਡੇਰਾ ਸਿਰਸਾ ਦੇ ਕਦਮਾਂ ਵਿੱਚ ਬੈਠਣ ਤੇ ਵੋਟਾਂ ਮੰਗਣ ਗਏ ਕਿਸੇ ਵੀ “ਸਿੱਖ” ਨੁੰ ਬਖਸ਼ਿਆ ਨਹੀਂ ਜਾਵੇਗਾ ਭਾਵੇਂ ਉਹ ਕਿਸੇ ਵੀ ਸਿਆਸੀ ਪਾਰਟੀ ਨਾਲ ਹੀ ਕਿਉਂ ਨਾ ਜੁੜਿਆ ਹੋਵੇ। ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਸੂਬਾ ਸਿੰਘ ਅਤੇ ਭਾਈ ਮੇਜਰ ਸਿੰਘ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇੱਕਤਰ ਹੋ ਕੇ ਸਿੱਖ ਅਰਦਾਸ ਵਿੱਚ ਤਬਦੀਲੀ ਕੀਤੇ ਜਾਣ ਅਤੇ ਦਸਮੇਸ਼ ਪਿਤਾ ਬਾਰੇ ਕੀਤੀਆ ਗਈਆਂ ਟਿੱਪਣੀਆਂ ਬਾਰੇ ਵਿਚਾਰਾਂ ਕੀਤੀਆਂ ਗਈਆਂ। ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਭਾਈ ਧਿਆਨ ਸਿੰਘ ਮੰਡ ਨੇ ਦੱਸਿਆ ਕਿ ਸਿਕੰਦਰ ਮਲੂਕਾ, ਸਤਨਾਮ ਸਿੰਘ ਭਾਈ ਰੂਪਾ, ਮੇਜਰ ਸਿੰਘ ਅਤੇ ਨੀਲਧਾਰੀ ਮੁਖੀ ਸਤਨਾਮ ਸਿੰਘ ਨੂੰ ਪਹਿਲਾਂ ਹੀ ਤਨਖਾਹੀਆ ਕਰਾਰ ਦਿੱਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰਿਆਂ ਨੂੰ ਇਕ ਵਾਰੀ ਫਿਰ ਆਪਣਾ ਪੱਖ ਰੱਖਣ ਲਈ ਅੱਜ ਦੇ ਦਿਨ ਲਈ ਮੌਕਾ ਦਿੱਤਾ ਗਿਆ ਸੀ ਪਰ ਉਹ ਨਹੀਂ ਆਏ। ਉਨ੍ਹਾਂ ਦੱਸਿਆ ਕਿ ਉਪਰੋਕਤ ਹਾਲਾਤਾਂ ਦੇ ਮੱਦੇਨਜਰ ਸਿਕੰਦਰ ਮਲੂਕਾ, ਸਤਨਾਮ ਸਿੰਘ ਭਾਈ ਰੂਪਾ, ਮੇਜਰ ਸਿੰਘ ਅਤੇ ਸਤਨਾਮ ਸਿੰਘ ਨੀਲਧਾਰੀ ਨੂੰ ਪੰਥ ‘ਚੋਂ “ਖਾਰਜ” ਕਰ ਦਿੱਤਾ ਗਿਆ ਹੈ। ਉਨ੍ਹਾਂ ਵਿਸ਼ਵ ਭਰ ਦੀਆਂ ਸਿੱਖ ਸੰਗਤਾਂ ਨੂੰ ਅਗਾਹ ਕੀਤਾ ਹੈ ਕਿ ਕੋਈ ਵੀ ਇਨ੍ਹਾਂ ਲੋਕਾਂ ਨਾਲ ਰੋਟੀ-ਬੇਟੀ, ਸਮਾਜਿਕ ਜਾਂ ਸਿਆਸੀ ਸਾਂਝ ਨਾ ਰੱਖੇ।
ਸਬੰਧਤ ਖ਼ਬਰ:
ਬਾਦਲ ਦਲ ਦਾ ਚੰਮ ਬਚਾਉਣ ਲਈ ਸ਼੍ਰੋਮਣੀ ਕਮੇਟੀ ਨੇ “ਜਾਂਚ ਦੀ ਮਿਆਦ” ਦਿੱਲੀ ਚੋਣਾਂ ਤੋਂ ਬਾਅਦ ਪਾਈ …
ਇਸਤੋਂ ਅਲਾਵਾ ਕਾਰਜਕਾਰੀ ਜਥੇਦਾਰਾਂ ਨੇ ਤਿੰਨ ਮੈਂਬਰੀ ਕਮੇਟੀ ਦਾ ਐਲਾਨ ਕੀਤਾ ਜਿਹੜੀ ਕਿ ਬਾਦਲ ਦਲ ਦੇ ਆਗੂਆਂ ਵਲੋਂ ਡੇਰਾ ਸਿਰਸਾ ਵਿਖੇ ਜਾ ਕੇ ਵੋਟਾਂ ਮੰਗਣ ਅਤੇ ਬਦਲੇ ‘ਚ ਉਸਦੇ ਪ੍ਰੋਗਰਾਮ ਪੰਜਾਬ ‘ਚ ਕਰਵਾਉਣ ਦੀ ਜਾਂਚ ਕਰੇਗੀ। ਇਸ ਤਿੰਨ ਮੈਂਬਰੀ ਕਮੇਟੀ ਦੀ ਅਗਵਾਈ ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਕਾਲਾਬੂਲਾ ਕਰਨਗੇ। ਜਦਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਨੇ ਆਪਣੀ ਜਾਂਚ ਦਿੱਲੀ ਗੁਰਦੁਆਰਾ ਚੋਣਾਂ ਨੂੰ ਮੁੱਖ ਰੱਖਦਿਆਂ 7 ਮਾਰਚ ਤਕ ਲਮਕਾ ਦਿੱਤੀ ਹੈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Acting Jathedars Announce Excommunicate Sikandar Maluka and Neeldhari chief Satnam Singh …
Related Topics: Babu Baljit Singh Daduwal, Bhai Amreek Singh Ajnala, Bhai Dhian Singh Mand, Sikandar Maluka