April 16, 2018 | By ਸਿੱਖ ਸਿਆਸਤ ਬਿਊਰੋ
ਹੈਦਰਾਬਾਦ: ਮੱਕਾ ਮਸਜਿਦ ਧਮਾਕਾ ਕੇਸ ਵਿਚ ਦੋਸ਼ੀ ਨਾਮਜ਼ਦ ਕੀਤੇ ਗਏ 5 ਹਿੰਦੁਤਵੀਆਂ ਨੂੰ ਐਨ.ਆਈ.ਏ ਅਦਾਲਤ ਨੇ ਬਰੀ ਕਰ ਦਿੱਤਾ ਹੈ। 18 ਮਈ, 2007 ਨੂੰ ਹੋਏ ਮੱਕਾ ਮਸਜਿਦ ਧਮਾਕਾ ਕੇਸ ਵਿਚ ਸਬੂਤਾਂ ਦੀ ਘਾਟ ਨੂੰ ਅਧਾਰ ਬਣਾਉਂਦਿਆਂ ਅਦਾਲਤ ਨੇ ਇਸ ਕੇਸ ਵਿਚ ਮੁੱਖ ਦੋਸ਼ੀ 5 ਵਿਅਕਤੀਆਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ।
ਅਦਾਲਤ ਵਲੋਂ ਬਰੀ ਕੀਤੇ ਗਏ ਵਿਅਕਤੀਆਂ ਵਿਚ ਦਵਿੰਦਰ ਗੁਪਤਾ ਉਰਫ ਬੋਬੀ ਉਰਫ ਰਮੇਸ਼ ਜੋ ਇਸ ਕੇਸ ਵਿਚ ਜ਼ਮਾਨਤ ‘ਤੇ ਹੈ ਪਰ ਹੋਰ ਕੇਸਾਂ ਵਿਚ ਨਿਆਇਕ ਹਿਰਾਸਤ ਵਿਚ ਹੈ, ਲੋਕੇਸ਼ ਸ਼ਰਮਾ ਉਰਫ ੳਜੇ ਤਿਵਾੜੀ ਉਰਫ ਅਜੇ ਉਰਫ ਕਾਲੂ ਜੋ ਇਸ ਕੇਸ ਵਿਚ ਜ਼ਮਾਨਤ ‘ਤੇ ਹੈ ਪਰ ਹੋਰ ਕੇਸਾਂ ਵਿਚ ਨਿਆਇਕ ਹਿਰਾਸਤ ਵਿਚ ਹੈ, ਨਾਬਾਕੁਮਾਰ ਸਰਕਾਰ ਉਰਫ ਸਵਾਮੀ ਅਸੀਮਾਨੰਦ ਉਰਫ ਰਾਮਦਾਸ ਜਿਸ ਨੂੰ ਇਸ ਕੇਸ ਵਿਚ 23 ਮਾਰਚ, 2017 ਨੂੰ ਜ਼ਮਾਨਤ ਦਿੱਤੀ ਗਈ ਸੀ, ਭਾਰਤ ਮੋਹਨਲਾਲ ਰਾਤੇਸਵਰ ਉਰਫ ਭਾਰਤਭਾਈ ਮੋਹਨਲਾਲ ਰਾਤੇਸਵਰ ਜੋ ਜ਼ਮਾਨਤ ‘ਤੇ ਹੈ ਅਤੇ ਰਾਜੇਧਰ ਚੌਧਰੀ ਉਰਫ ਸਮੁੰਧਰ ਉਰਫ ਦਸਰਥ ਉਰਫ ਲਕਸ਼ਮਣ ਦਾਸ ਮਹਾਰਾਜ ਜੋ ਨਿਆਇਕ ਹਿਰਾਸਤ ਵਿਚ ਹੈ ਦੇ ਨਾਂ ਸ਼ਾਮਿਲ ਹਨ।
ਜਿਕਰਯੋਗ ਹੈ ਕਿ 18 ਮਈ, 2007 ਨੂੰ ਸ਼ੁਕਰਵਾਰ ਦੀ ਨਮਾਜ਼ ਵਾਲੇ ਦਿਨ ਮੱਕਾ ਮਸਜ਼ਿਦ ਵਿਚ ਧਮਾਕਾ ਹੋਇਆ ਸੀ ਜਿਸ ਵਿਚ 8 ਮੁਸਲਮਾਨ ਮਾਰੇ ਗਏ ਸਨ ਅਤੇ 58 ਤੋਂ ਵੱਧ ਜ਼ਖਮੀ ਹੋਏ ਸਨ। ਇਸ ਤੋਂ ਬਾਅਦ ਭੜਕੀ ਹਿੰਸਾ ਵਿਚ ਪੁਲਿਸ ਨੇ ਗੋਲੀ ਮਾਰ ਕੇ 5 ਹੋਰ ਵਿਅਕਤੀਆਂ ਨੂੰ ਮਾਰ ਦਿੱਤਾ ਸੀ।
ਇਸ ਘਟਨਾ ਸਬੰਧੀ ਹੁਸੈਨੀ ਆਲਾ ਪੁਲਿਸ ਥਾਣੇ ਵਿਚ 2 ਐਫ.ਆਈ.ਆਰ ਦਰਜ ਹੋਈਆਂ ਸਨ। ਇਕ ਐਫ.ਆਈ.ਆਰ ਬੰਬ ਧਮਾਕੇ ਸਬੰਧੀ ਦਰਜ ਕੀਤੀ ਗਈ ਸੀ ਜਦਕਿ ਦੂਜੀ ਐਫ.ਆਈ.ਆਰ ਮੱਕਾ ਮਸਜਿਦ ਵਿਚੋਂ ਧਮਾਕਾਖੇਜ ਸਮਗਰੀ ਮਿਲਣ ਸਬੰਧੀ ਦਰਜ ਕੀਤੀ ਗਈ ਸੀ। ਇਹ ਦੋਵੇਂ ਕੇਸ ਸੀ.ਬੀ.ਆਈ ਨੂੰ ਜਾਂਚ ਲਈ ਸੌਂਪ ਦਿੱਤੇ ਗਏ ਸੀ। ਇਨ੍ਹਾਂ ਕੇਸਾਂ ਦੀ ਜਾਂਚ ਦੌਰਾਨ ਸੀ.ਬੀ.ਆਈ ਨੇ ਜੂਨ 2010 ਤੋਂ ਨਵੰਬਰ 2010 ਦਰਮਿਆਨ ਐਫ.ਆਈ.ਆਰ ਵਿਚ 6 ਵਿਅਕਤੀਆਂ ਦੇ ਨਾਂ ਸ਼ਮਿਲ ਕੀਤੇ ਸੀ ਅਤੇ ਤਿੰਨ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਦਸੰਬਰ 13, 2010 ਨੂੰ ਦਵਿੰਦਰ ਗੁਪਤਾ ਅਤੇ ਲੋਕੇਸ਼ ਸ਼ਰਮਾ ਖਿਲਾਫ ਚਾਰਜ ਸ਼ੀਟ ਦਾਇਰ ਕੀਤੀ ਸੀ।
ਇਸ ਮਗਰੋਂ ਅਪ੍ਰੈਲ 2011 ਵਿਚ ਇਹ ਕੇਸ ਐਨ.ਆਈ.ਏ ਨੂੰ ਸੌਂਪ ਦਿੱਤਾ ਗਿਆ। ਐਨ.ਆਈ.ਏ ਨੇ ਪਹਿਲੀ ਸਪਲੀਮੈਂਟਰੀ ਚਾਰਜਸ਼ੀਟ 16 ਮਈ 2011 ਨੂੰ, ਦੂਜੀ ਸਪਲੀਮੈਂਟਰੀ ਚਾਰਜਸ਼ੀਟ 16 ਜੁਲਾਈ 2012 ਨੂੰ ਅਤੇ ਤੀਜੀ ਸਪਲੀਮੈਂਟਰੀ ਚਾਰਜਸ਼ੀਟ 28 ਅਗਸਤ, 2013 ਨੂੰ ਦਰਜ ਕੀਤੀ। 13 ਫਰਵਰੀ ਨੂੰ, ਐਨ.ਆਈ.ਏ ਦੀ ਸਪੈਸ਼ਲ ਕੋਰਟ ਨੇ ਦੋਸ਼ੀਆਂ ਖਿਲਾਫ ਦੋਸ਼ ਤੈਅ ਕਰਕੇ ਗਵਾਹਾਂ ਨੂੰ ਸੰਮਨ ਜਾਰੀ ਕੀਤੇ ਸਨ।
ਇਸ ਕੇਸ ਵਿਚ ਐਨ.ਆਈ.ਏ ਨੇ ਸੱਤ ਦੋਸ਼ੀ ਨਾਮਜ਼ਦ ਕੀਤੇ ਸਨ: ਦਵਿੰਦਰ ਗੁਪਤਾ, ਲੋਕੇਸ਼ ਸ਼ਰਮਾ, ਨਾਬਾਕੁਮਾਰ ਸਰਕਾਰ ਉਰਫ ਸਵਾਮੀ ਅਸੀਮਾਨੰਦ, ਭਾਰਤ ਮੋਹਨਲਾਲ ਰਾਤੇਸਵਰ, ਰਾਜੇਂਦਰ ਚੌਧਰੀ, ਸੰਦੀਪ ਵੀ ਡਾਂਗੇ ਅਤੇ ਰਾਮਚੰਦਰ ਕਲਸੰਗਰਾ। ਡਾਂਗੇ ਅਤੇ ਕਲਸੰਗਰਾ ਅਜੇ ਤਕ ਭਗੌੜੇ ਹਨ।
ਐਨ.ਆਈ.ਏ ਨੇ ਉਪਰੋਕਤ ਵਿਅਕਤੀਆਂ ਨੂੰ ਮੁਸਲਿਮ ਧਰਮ ਖਿਲਾਫ ਦਹਿਸ਼ਤੀ ਕਾਰਵਾਈਆਂ ਕਰਨ ਦਾ ਦੋਸ਼ੀ ਮੰਨਿਆ ਸੀ। ਚਾਰਜਸ਼ੀਟ ਵਿਚ ਕਿਹਾ ਗਿਆ ਸੀ ਕਿ ਇਹ ਸਭ 2005 ਅਤੇ 2007 ਦੇ ਦਰਮਿਆਨ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਲਈ ਕਾਰਵਾਈਆਂ ਕਰਨ ਦੀ ਸਾਜਿਸ਼ ਰਚਦੇ ਰਹੇ ਜਿਸ ਵਿਚ ਮੱਕਾ ਮਸਜਿਦ ਧਮਾਕਾ ਵੀ ਸ਼ਾਮਿਲ ਸੀ।
ਉਪਰੋਕਤ ਹਿੰਦੁਤਵੀਆਂ ਖਿਲਾਫ ਭਾਰਤੀ ਪੈਨਲ ਕੋਡ ਦੀ ਧਾਰਾ 302, 307, 326, 324, 120 (ਬੀ), ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ, 1967 ਅਤੇ ਧਮਾਕਾਖੇਜ ਸਮਗਰੀ ਕਾਨੂੰਨ, 1908 ਅਧੀਨ ਦੋਸ਼ ਤੈਅ ਕੀਤੇ ਗਏ ਸਨ।
ਐਨ.ਆਈ.ਏ ਵਲੋਂ ਇਸ ਕੇਸ ਵਿਚ ਅਸੀਮਾਨੰਦ ਦੇ ਇਕਬਾਲੀਆ ਬਿਆਨ ਨੂੰ ਅਧਾਰ ਬਣਾਇਆ ਗਿਆ ਸੀ, ਜਿਸ ਤੋਂ ਬਾਅਦ ਵਿਚ ਅਸੀਮਾਨੰਦ ਬਦਲ ਗਿਆ। ਇਸ ਤੋਂ ਇਲਾਵਾ 2014 ਵਿਚ ਮੋਦੀ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਇਸ ਕੇਸ ਵਿਚ ਗਵਾਹਾਂ ਦਾ ਆਪਣੇ ਬਿਆਨਾਂ ਤੋਂ ਮੁਕਰਣ ਦਾ ਵੀ ਇਕ ਸਿਲਸਿਲਾ ਚੱਲਿਆ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਅੱਜ ਅਦਾਲਤ ਨੇ ਉਪਰੋਕਤ ਸਾਰੇ ਦੋਸ਼ੀ ਬਰੀ ਕਰ ਦਿੱਤੇ।
Related Topics: Mecca Masjid Blast Case, NIA, Swami Aseemanand