ਚੰਡੀਗੜ੍ਹ: ਆਪ ਆਗੂ ਹਰਪਾਲ ਸਿੰਘ ਚੀਮਾ ਨੇ ਜਸਟਿਸ ਰਣਜੀਤ ਸਿੰਘ ਦੀ ਐਕਸ਼ਨ ਟੇਕਨ ਰਿਪੋਰਟ ਉੱਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦੋਸ਼ੀਆਂ ਵਿਰੁੱਧ ਤੁਰੰਤ ਲੋੜੀਂਦੀ ਕਾਰਵਾਈ ਕਰਨ ‘ਚ ਬਿਨਾ ਕਾਰਨ ਦੇਰੀ ਕਰਨ ਦਾ ਦੋਸ਼ ਲਗਾਇਆ ਹੈ।
‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਲਿਖਤੀ ਬਿਆਨ ਰਾਹੀਂ ਚੀਮਾ ਨੇ ਕਿਹਾ ਕਿ ਵਿਧਾਨ ਸਭਾ ‘ਚ ਰਿਪੋਰਟ ਨੂੰ ਪੇਸ਼ ਕੀਤਿਆਂ 2 ਦਿਨ ਲੰਘ ਚੁੱਕੇ ਹਨ। ਜਦਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਮੁੱਚੇ ਸਦਨ ਅਤੇ ਸਿੱਧੇ ਪ੍ਰਸਾਰਣ ਰਾਹੀਂ ਪੂਰੇ ਵਿਸ਼ਵ ‘ਚ ਵੱਸਦੇ ਪੰਜਾਬੀਆਂ ਨੂੰ ਸੀਬੀਆਈ ਦੀ ਥਾਂ ਪੰਜਾਬ ਪੁਲਿਸ ਵੱਲੋਂ ਹੀ ਅਗਲੀ ਕਾਰਵਾਈ (ਐਕਸ਼ਨ) ਕਰਨ ਦਾ ਭਰੋਸਾ ਦਿੱਤੇ ਨੂੰ 24 ਘੰਟੇ ਤੋਂ ਵੱਧ ਦਾ ਸਮਾ ਹੋ ਗਿਆ ਹੈ, ਪਰ ਜਸਟਿਸ ਰਣਜੀਤ ਸਿੰਘ ਦੀ ਜਾਂਚ ਰਿਪੋਰਟ ‘ਚ ਦਰਜ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਵੱਲ ਇੱਕ ਕਦਮ ਵੀ ਅਜੇ ਤੱਕ ਪੁਟਿਆ ਨਹੀਂ ਗਿਆ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਦੀ ਤਮਾਮ ਵੇਰਵਿਆਂ, ਤੱਥਾਂ, ਗਵਾਹਾਂ ਅਤੇ ਨਿਚੋੜ ‘ਤੇ ਆਧਾਰਿਤ ਟਿੱਪਣੀਆਂ ਨਾਲ ਭਰੀ ਲੰਮੀ-ਚੌੜੀ ਜਾਂਚ ਅਤੇ ਐਕਸ਼ਨ ਟੇਕਨ ਰਿਪੋਰਟ ਦੇ ਮੱਦੇਨਜ਼ਰ ਕੈਪਟਨ ਅਮਰਿੰਦਰ ਸਿੰਘ ਨੂੰ ਸਾਰੇ ਦੋਸ਼ੀਆਂ ਵਿਰੁੱਧ ਸਖ਼ਤ ਕਦਮ ਚੁੱਕਣ ‘ਚ ਇੱਕ ਮਿੰਟ ਵੀ ਦੇਰ ਕਰਨੀ ਨਹੀਂ ਬਣਦੀ ਸੀ, ਪਰ ਵਿਧਾਨ ਸਭਾ ‘ਚ 8 ਘੰਟੇ ਦੀ ਬਹਿਸ ਦੌਰਾਨ ਆਮ ਆਦਮੀ ਪਾਰਟੀ ਦੇ ਨਾਲ ਨਾਲ ਕਾਂਗਰਸ ਦੇ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਦੋਸ਼ੀਆਂ ਦੀਆਂ ਤੁਰੰਤ ਗ੍ਰਿਫ਼ਤਾਰੀਆਂ ਦੀ ਇੱਕਜੁੱਟ ਮੰਗ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਥਾਂ ਬਚਣ ਅਤੇ ਭੱਜਣ ਦੇ ਮੌਕੇ ਦੇ ਰਹੇ ਹਨ।
ਚੀਮਾ ਨੇ ਕਿਹਾ ਕਿ ਉਨ੍ਹਾਂ ਕੱਲ੍ਹ ਬਹਿਸ ਦੌਰਾਨ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਮਨਤਾਰ ਸਿੰਘ ਬਰਾੜ ਅਤੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਪਾਸਪੋਰਟ ਜਮਾ ਕਰਾਉਣ ਅਤੇ ਸਾਰਿਆਂ ਵਿਰੁੱਧ ਤੁਰੰਤ ‘ਲੁੱਕ ਆਊਟ’ ਨੋਟਿਸ ਜਾਰੀ ਕਰਨ ‘ਤੇ ਜ਼ੋਰ ਦਿੱਤਾ ਸੀ, ਜਿਸ ਦੀ ਸੱਤਾਧਾਰੀ ਧਿਰ ਦੇ ਸਾਰੇ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਨੇ ਮੇਜ਼ ਥਪਥਪਾ ਕੇ ਪ੍ਰੋੜ੍ਹਤਾ ਕੀਤੀ ਸੀ, ਪਰ 24 ਘੰਟੇ ਬੀਤ ਗਏ ਹਨ ਤੇ ਅਜੇ ਤੱਕ ਕੋਈ ਕਦਮ ਨਹੀਂ ਚੁੱਕਿਆ ਗਿਆ। ਜਦਕਿ ਦੋਸ਼ੀ ਆਪਣੇ ਬਚਾਅ ਲਈ ਮਿੰਟ ਮਿੰਟ ਦਾ ਲਾਹਾ ਲੈਣ ਦੀ ਤਾਕ ‘ਚ ਹਨ।
ਚੀਮਾ ਨੇ ਕਿਹਾ ਕਿ ਜਿਹੜੇ ਬਾਦਲ ਵਿਧਾਨ ਸਭਾ ਦਾ ਸੈਸ਼ਨ ਛੱਡ ਕੇ ਭੱਜ ਸਕਦੇ ਹਨ, ਉਹ ਕਿਸੇ ਵੀ ਵਕਤ ਭਾਰਤ ਛੱਡ ਕੇ ਵੀ ਭੱਜ ਸਕਦੇ ਹਨ। ਜਦਕਿ ਸ਼ਾਮਲ ਅਫ਼ਸਰਾਂ ਦੀਆਂ ਦੇਸ਼ ਛੱਡ ਕੇ ਭੱਜਣ ਦੀਆਂ ਕੋਸ਼ਿਸ਼ ਦੇ ਚਰਚੇ ਕੱਲ੍ਹ ਸੈਸ਼ਨ ਦੌਰਾਨ ਹੀ ਹੋਣ ਲੱਗ ਪਏ ਸਨ।
ਚੀਮਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ, ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ‘ਤੇ ਆਧਾਰਿਤ ਜਸਟਿਸ ਰਣਜੀਤ ਸਿੰਘ ਦੀ ਐਕਸ਼ਨ ਟੇਕਨ ਰਿਪੋਰਟ ਉੱਤੇ ਵਿਧਾਨ ਸਭਾ ਦੀ ਪੂਰੇ ਦਿਨ ਦੀ ਕਾਰਵਾਈ ਕੇਵਲ ਸੀਬੀਆਈ ਤੋਂ ਕੇਸ ਵਾਪਸ ਲੈ ਕੇ ਪੰਜਾਬ ਪੁਲਿਸ ਨੂੰ ਸੌਂਪਣ ਦੇ ਮਹਿਜ਼ ਐਲਾਨ ਲਈ ਨਹੀਂ ਸੀ, ਬਲਕਿ ਤੁਰੰਤ ਬਣਦੀ ਕਾਰਵਾਈ ਅਤੇ ਦੋਸ਼ੀਆਂ ਦੀਆਂ ਗ੍ਰਿਫ਼ਤਾਰੀਆਂ ਲਈ ਸੀ।
ਚੀਮਾ ਨੇ ਕਿਹਾ ਕਿ ਬਹਿਸ ਦੇ ਸਮਾਪਤੀ ਭਾਸ਼ਣ ਮੌਕੇ ਮੁੱਖ ਮੰਤਰੀ ਗਰਜੇ ਤਾਂ ਬਹੁਤ ਸਨ ਪਰ ਬਾਦਲਾਂ ਅਤੇ ਦੂਜੇ ਦੋਸ਼ੀਆਂ ਨੂੰ ਹੱਥ ਪਾਉਣ ਤੋਂ ਭੱਜ ਰਹੇ ਹਨ। ਜਿਸ ਨੇ ਪਹਿਲਾਂ ਚੱਲ ਰਹੇ ਸ਼ੰਕਿਆਂ ਨੂੰ ਹੋਰ ਪੱਕਾ ਕਰ ਦਿੱਤਾ ਹੈ। ਚੀਮਾ ਨੇ ਕਿਹਾ ਕਿ ਇਹ ਸ਼ੰਕੇ ਇਕੱਲੇ ਆਮ ਆਦਮੀ ਪਾਰਟੀ ਜਾਂ ਪੰਜਾਬ ਦੇ ਬਹੁਗਿਣਤੀ ਲੋਕਾਂ ਨੂੰ ਹੀ ਨਹੀਂ ਸਨ, ਸਗੋਂ ਖ਼ੁਦ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਨੂੰ ਵੀ ਸਨ, ਜੋ ਸਦਨ ‘ਚ ਕੈਪਟਨ ਅੱਗੇ ਹੱਥ ਜੋੜ ਕੇ ਅਤੇ ਝੋਲੀਆਂ ਅੱਡ ਕੇ ਬੇਅਦਬੀਆਂ ਅਤੇ ਬਹਿਬਲ ਕਲਾਂ ਕਾਂਡ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਅਤੇ ਫਾਹੇ ਲਾਉਣ ਦੀ ਮੰਗ ਨੂੰ ਲੈ ਕੇ ਗਿੜਗਿੜਾ ਰਹੇ ਸਨ।
ਚੀਮਾ ਨੇ ਮੁੱਖ ਮੰਤਰੀ ਨੂੰ ਅੱਜ ਫਿਰ ਸੁਚੇਤ ਕੀਤਾ ਕਿ ਉਹ ਬਾਦਲਾਂ ਨਾਲ ਆਪਣੀ ਸਾਂਝ ਭਿਆਲੀ ਨਿਭਾਉਣ ਦੀ ਇਸ ਵਾਰ ਫਿਰ ਗ਼ਲਤੀ ਨਾ ਕਰ ਲੈਣ, ਨਹੀਂ ਤਾਂ ਬਾਦਲਾਂ ਦੇ ਨਾਲ-ਨਾਲ ਉਨ੍ਹਾਂ ਦਾ ਨਾਂ ਵੀ ਪੰਥ ਦੋਖੀ ਅਤੇ ਪੰਜਾਬ ਦੋਖੀ ਵਜੋਂ ਹਮੇਸ਼ਾ ਲਈ ਦਰਜ਼ ਹੋ ਜਾਵੇਗਾ।