May 1, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੀਨੀਆਰ ਆਗੂ ਅਤੇ ਸੁਪਰੀਮ ਕੋਰਟ ਦੇ ਨਾਮਵਰ ਵਕੀਲ ਹਰਿੰਦਰ ਸਿੰਘ ਫੁਲਕਾ ਦੀ ਸ਼੍ਰੋਮਣੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਨੂੰ ਸਾਹਮਣੇ ਰੱਖਦਿਆਂ ਬਾਦਲ ਦਲ ਨੇ ਦੋਸ਼ ਲਾਇਆ ਕਿ ‘ਆਪ’ ਵੱਲੋਂ ਵਿਧਾਨ ਸਭਾ ਲਈ ਟਿਕਟਾਂ ਵੇਚੀਆਂ ਜਾ ਰਹੀਆਂ ਹਨ। ਦਲ ਦੇ ਜਨਰਲ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ੍ਰ. ਫੂਲਕਾ ਦੀ ਗੱਲਬਾਤ ਤੋਂ ਸਪੱਸ਼ਟ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਵਿਚ ਕੁਝ ਲੋਕ ਭ੍ਰਿਸ਼ਟ ਕਾਰਵਾਈਆਂ ਵਿਚ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਸ੍ਰ. ਫੂਲਕਾ ‘ਆਪ’ ਦੇ ਉਨ੍ਹਾਂ ਬਾਹਰੀ ਤੱਤਾਂ ਦਾ ਨਜ਼ਦੀਕੀ ਸਾਥੀ ਹੈ ਜਿਨ੍ਹਾਂ ’ਤੇ ਭੋਲੇ-ਭਾਲੇ ਪੰਜਾਬੀਆਂ ਤੋਂ ਪੈਸੇ ਇਕੱਠੇ ਕਰਨ ਦਾ ਦੋਸ਼ ਲੱਗਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਫੂਲਕਾ ਨੂੰ ਅਜਿਹੇ ਤੱਤਾਂ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ ਅਤੇ ਪੰਜਾਬੀਆਂ ਨੂੰ ਲੁੱਟ ਤੋਂ ਬਚਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜੇ ਫੂਲਕਾ ਸੱਚਮੁੱਚ ਅਲੱਗ ਹੈ ਤਾਂ ਉਹ ਪੰਜਾਬੀਆਂ ਅਤੇ ਪੰਜਾਬ ਦੇ ਗੰਭੀਰ ਮੁੱਦਿਆਂ ’ਤੇ ਆਪਣਾ ਪੱਖ ਸਪੱਸ਼ਟ ਕਰੇ ਅਤੇ ਨਾਲ ਹੀ ਇਹ ਵੀ ਦੱਸੇ ਕਿ ਜਦੋਂ ਅਰਵਿੰਦ ਕੇਜਰੀਵਾਲ ਨੇ ਐਸਵਾਈਐਲ ਦੇ ਮੁੱਦੇ ’ਤੇ ਪੰਜਾਬੀਆਂ ਨਾਲ ‘ਧੋਖਾ’ ਕੀਤਾ ਸੀ ਤਾਂ ਉਨ੍ਹਾਂ ਇਸ ਵਿਰੁੱਧ ਆਵਾਜ਼ ਕਿਉਂ ਨਹੀਂ ਚੁੱਕੀ।
ਇਸੇ ਤਰ੍ਹਾਂ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਪਿਆਊ ਢਾਹੇ ਜਾਣ ਦਾ ਵਿਰੋਧ ਕਿਉਂ ਨਹੀਂ ਕੀਤਾ। ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਸ੍ਰ. ਫੂਲਕਾ ਦਾ ਵੀਡੀਓ ਇਹ ਵੀ ਦਰਸਾਉਂਦਾ ਹੈ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਵਿਚ ਲੋਕਤੰਤਰ ਨਾ ਹੋ ਕੇ ਇਕਤੰਤਰ ਹੈ ਜਿਸ ਬਾਰੇ ਬਹੁਤੇ ‘ਆਪ’ ਆਗੂ ਡਰਦੇ ਬੋਲਦੇ ਹੀ ਨਹੀਂ।
ਉਨ੍ਹਾਂ ਕਿਹਾ ਕਿ ਬਾਹਰਲਿਆਂ ਨੂੰ ਪੰਜਾਬੀਆਂ ’ਤੇ ਠੋਸ ਕੇ ਆਪ ਵਾਲੇ ਪੰਜਾਬੀਆਂ ਦੀ ਹੱਤਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਫੂਲਕਾ ਨੂੰ ਟਿਕਟਾਂ ਮੰਗਣ ਵਾਲਿਆਂ ਦੀ ਫਿਕਰ ਛੱਡ ਕੇ ਇਸ ਗੱਲ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ ਕਿ ਉਸ ਨੇ ਫੰਡ ਜੁਟਾਉਣ ਵਾਲੇ ਸਮਾਗਮਾਂ ਦੀ ਪੰਜਾਬ ਵਿਚ ਸ਼ੁਰੂਆਤ ਕਰਕੇ ਇਕ ਗਲਤ ਤੇ ਧੱਕੇ ਨਾਲ ਪੈਸਾ ਇਕੱਠਾ ਕਰਨ ਦਾ ਪ੍ਰਚਲਨ ਕਿਉਂ ਸ਼ੁਰੂ ਕੀਤਾ।
Related Topics: Aam Aadmi Party, Advocate Harwinder Singh Phoolka, Badal Dal, Foolka, Punjab Assembly Election 2017, Punjab Politics