April 24, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੀਆਂ ਸਿਰ ‘ਤੇ ਹਨ ਅਤੇ ਆਮ ਆਦਮੀ ਪਾਰਟੀ ਨੇ ਜਿੱਥੇ ਆਪਣੇ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਉੱਥੇ ਅਜੇ ਤੱਕ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਨਹੀਂ ਐਲਾਨਿਆ। ਚੋਣਾਂ ਤੋਂ ਪਹਿਲਾਂ ਕਿਸੇ ਵੀ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਦਾ ਨਾਂ ਐਲਾਨ ਕਰਨਾ ਬਹੁਤ ਜਰੂਰੀ ਹੁੰਦਾ ਹੈ।
ਆਮ ਆਦਮੀ ਵੱਲੋਂ ਮੁੱਖ ਮੰਤਰੀ ਦੇ ਅਹੁਦੇਦਾਰ ਦਾ ਨਾਂ ਨਾ ਐਲਾਨਣ ਕਰਕੇ ਕਈ ਤਰਾਂ ਦੀ ਚਰਚਾ ਚੱਲ ਰਹੀ ਹੈ। ਜਿੱਥੇ ਪਹਿਲਾਂ ਇਹ ਚਰਚਾ ਸੀ ਕਿ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਖੁਦ ਪੰਜਾਬ ਦੇ ਮੁੱਖ ਮੰਤਰੀ ਲਈ ਅਹੁਦੇਦਾਰ ਬਣ ਸਕਦੇ ਹਨ, ਉੱਥੇ ਹੁਣ ਅਖਬਾਰਾਂ ਵਿੱਚ ਇਹ ਚਰਚਾ ਹੈ ਕਿ ਪ੍ਰਸਿੱਧ ਵਕੀਲ਼ ਐੱਚ ਐੱਸ ਫੂਲਕਾ ਨੂੰ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਦਾ ਦਾਅਵੇਦਾਰ ਐਲਾਨਣ ਦੀ ਸੰਭਾਵਨਾ ਹੈ।
ਪੰਜਾਬੀ ਦੇ ਇੱਕ ਪ੍ਰਮੱਖ ਅਖਬਾਰ ਅਨੁਸਾਰ ਆਮ ਆਦਮੀ ਪਾਰਟੀ ਵੱਲੋਂ ਭਾਰਤੀ ਸੁਪਰੀਮ ਕੋਰਟ ਦੇ ਪ੍ਰਸਿੱਧ ਵਕੀਲ ਸ. ਐਚ.ਐਸ. ਫੂਲਕਾ ਨੂੰ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਲਈ ‘ਆਪ’ ਦੇ ਉਮੀਦਵਾਰ ਵਜੋਂ ਮੈਦਾਨ ਵਿਚ ਉਤਾਰੇ ਜਾਣ ਦੇ ਆਸਾਰ ਦਿਖਾਈ ਦੇ ਰਹੇ ਹਨ।
ਪੰਜਾਬੀ ਅਖਬਾਰ ਅਜੀਤ ਵਿੱਚ ਚੰਡੀਗੜ੍ਹ ਤੋਂ ਨਸ਼ਰ ਖਬਰ ਅਨੁਸਾਰ ਉਨ੍ਹਾਂ ਬਾਰੇ ਇਹ ਆਮ ਪ੍ਰਭਾਵ ਹੈ ਕਿ ਉਹ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇੜੇ ਹੋਣ ਦੇ ਨਾਲ-ਨਾਲ ਉਨ੍ਹਾਂ ਦੇ ਪਸੰਦੀਦਾ ਬੰਦੇ ਹਨ। ਦੂਜਾ ਉਹ ਪੰਜਾਬ ਨਾਲ ਸਬੰਧਤ ਸਾਰੀਆਂ ਸਮੱਸਿਆਵਾਂ ਨੂੰ ਬਾਖੂਬੀ ਜਾਣਦੇ ਤੇ ਸਮਝਦੇ ਹਨ ।
‘ਆਪ’ ਦੇ ਜਾਣਕਾਰ ਹਲਕਿਆਂ ਅਨੁਸਾਰ ਸ. ਫੂਲਕਾ ਦੇ ਨਾਂਅ ‘ਤੇ ਸ੍ਰੀ ਕੇਜਰੀਵਾਲ ਦੇ ਵਿਰੋਧੀ ਯੋਗਿੰਦਰ ਯਾਦਵ, ‘ਆਪ’ ਤੋਂ ਮੁਅੱਤਲ ਪੰਜਾਬ ਤੋਂ ਲੋਕ ਸਭਾ ਦੇ 2 ਮੈਂਬਰ ਹਰਿੰਦਰ ਸਿੰਘ ਖਾਲਸਾ ਤੇ ਡਾਕਟਰ ਧਰਮਵੀਰ ਗਾਂਧੀ ਨੂੰ ਵੀ ਸ਼ਾਇਦ ਕੋਈ ਇਤਰਾਜ਼ ਨਾ ਹੋਏ । ਸ. ਫੂਲਕਾ ਲੋਕ ਸਭਾ ਦੀਆਂ ਪਿਛਲੀਆਂ ਚੋਣਾਂ ਵਿਚ ‘ਆਪ’ ਦੇ ਉਮੀਦਵਾਰ ਵਜੋਂ ਲੁਧਿਆਣਾ ਤੋਂ ਉਮੀਦਵਾਰ ਵੀ ਸਨ ਪਰ ਥੋੜ੍ਹੀਆਂ ਵੋਟਾਂ ਦੇ ਫਰਕ ਨਾਲ ਹਾਰ ਗਏ ਸਨ । ਉਨ੍ਹਾਂ ਬਾਰੇ ਆਮ ਪ੍ਰਭਾਵ ਹੈ ਕਿ ਉਹ ਲੁਧਿਆਣਾ ਜਾਂ ਬਠਿੰਡਾ ਜ਼ਿਲਿ੍ਹਆਂ ਵਿਚੋਂ ਕਿਸੇ ਇੱਕ ਅਸੈਂਬਲੀ ਹਲਕੇ ਤੋਂ ‘ਆਪ’ ਉਮੀਦਵਾਰ ਦੇ ਤੌਰ ‘ਤੇ ਚੋਣ ਵੀ ਲੜ ਸਕਦੇ ਹਨ ।
ਜੇ ਉਨ੍ਹਾਂ ਨੂੰ ਮੁੱਖ ਮੰਤਰੀ ਵਜੋਂ ‘ਆਪ’ ਦੇ ਉਮੀਦਵਾਰ ਦੇ ਤੌਰ ‘ਤੇ ਪੇਸ਼ ਕੀਤਾ ਜਾਏ ਤਾਂ ਇਹ ਪ੍ਰਚਾਰ ਵੀ ਖ਼ਤਮ ਹੋ ਜਾਏਗਾ ਕਿ ਸ੍ਰੀ ਕੇਜਰੀਵਾਲ ਦਿੱਲੀ ਤੋਂ ਪਿੱਛੋਂ ਯੂ.ਪੀ. ਤੇ ਬਿਹਾਰ ਦੇ ਕਿਸੇ ਵਿਅਕਤੀ ਨੂੰ ਪੰਜਾਬ ਵਿਚ ਆਪਣਾ ਉਮੀਦਵਾਰ ਲਾਉਣਾ ਚਾਹੁੰਦੇ ਹਨ । ਵਰਨਣਯੋਗ ਹੈ ਕਿ ਡਾ. ਧਰਮਵੀਰ ਗਾਂਧੀ ਤੇ ਸ. ਹਰਿੰਦਰ ਸਿੰਘ ਖਾਲਸਾ ਵਾਰ ਵਾਰ ਇਹ ਦੋਸ਼ ਲਾਉਂਦੇ ਹਨ ਕਿ ਸ੍ਰੀ ਕੇਜਰੀਵਾਲ, ਸ੍ਰੀ ਸੰਜੇ ਸਿੰਘ ਤੇ ਹੋਰਨਾਂ ਨੂੰ ਪੰਜਾਬ ਵਿਚ ਭੇਜ ਸਕਦੇ ਹਨ, ਜਿਨ੍ਹਾਂ ਨੂੰ ਇਸ ਰਾਜ ਦੀ ਸਿਆਸਤ ਬਾਰੇ ਕੋਈ ਜਾਣਕਾਰੀ ਨਹੀਂ ।
Related Topics: Aam Aadmi Party, Advocate Harwinder Singh Phoolka, Punjab Assembly Election 2017, Punjab Politics