ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ » ਸਿੱਖ ਖਬਰਾਂ

ਆਪ ਨੇ 7 ਅਕਤੂਬਰ ਦੀ ਭੁੱਖ ਹੜਤਾਲ ਦਾ ਫੈਂਸਲਾ ਵਾਪਿਸ ਲੈ ਕੇ ਬਰਗਾੜੀ ਮੋਰਚੇ ‘ਤੇ ਪਹੁੰਚਣ ਦੀ ਕੀਤੀ ਅਪੀਲ

October 4, 2018 | By

ਚੰਡੀਗੜ੍ਹ: ਬਰਗਾੜੀ ਸਮੇਤ ਸੂਬੇ ਭਰ ‘ਚ ਹੋਈਆਂ ਬੇਅਦਬੀਆਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੰਸਦ ਮੈਂਬਰ ਅਤੇ ਵਿਧਾਇਕ ਹੁਣ ਸ਼ਨੀਵਾਰ 6 ਅਕਤੂਬਰ ਨੂੰ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਰਕਾਰੀ ਨਿਵਾਸ ਦੇ ਸਾਹਮਣੇ ਇੱਕ ਰੋਜ਼ਾ ਭੁੱਖ ਹੜਤਾਲ ‘ਤੇ ਬੈਠਣਗੇ, ਪਹਿਲਾਂ ਇਹ ਪ੍ਰੋਗਰਾਮ 7 ਅਕਤੂਬਰ ਨੂੰ ਤੈਅ ਹੋਇਆ ਸੀ।

ਅੱਜ ਇੱਥੇ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੀ ਹੰਗਾਮੀ ਬੈਠਕ ਦੌਰਾਨ ਇਹ ਫ਼ੈਸਲਾ ਲਿਆ ਗਿਆ। ‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ, ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਉਪ ਨੇਤਾ ਸਰਬਜੀਤ ਕੌਰ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਬੇਅਦਬੀਆਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਦੁਨਿਆਵੀ ਸਜਾ ਚਾਹੁੰਦੀ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੇਤ ਸ੍ਰੀ ਭਗਵਤ ਗੀਤਾ, ਪਵਿੱਤਰ ਕੁਰਾਨ ਵਰਗੇ ਪਵਿੱਤਰ ਗ੍ਰੰਥਾਂ ਦੀਆਂ ਬੇਅਦਬੀਆਂ ਕਾਰਨ ਪੰਥ ਅਤੇ ਦੇਸ਼ ਵਿਦੇਸ਼ ਵੱਸਦੇ ਸਮੁੱਚੇ ਪੰਜਾਬੀਆਂ ਦੇ ਵਲੂੰਧਰੇ ਪਏ ਹਿਰਦਿਆਂ ਨੂੰ ਇਨਸਾਫ਼ ਦੀ ਠੰਢਕ ਪੈ ਸਕੇ। ਚੂੰਕਿ ਇਨਸਾਫ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਣਾ ਹੈ, ਜੋ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦੀਆਂ ਸਿਫ਼ਾਰਿਸ਼ਾਂ ਮੁਤਾਬਿਕ ਬਾਦਲ ਪਿਤਾ-ਪੁੱਤਰ, ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਹੋਰਨਾਂ ਦੋਸ਼ੀਆਂ ‘ਤੇ ਕਾਰਵਾਈ ਕਰਨ ਦੀ ਥਾਂ ਬਾਦਲਾਂ ਨਾਲ ਮਿਲੀਭੁਗਤ ਕਰ ਕੇ ਰੈਲੀ-ਰੈਲੀ ਖੇਡ ਰਿਹਾ ਹੈ।

ਆਮ ਲੋਕਾਂ ਦਾ ਧਿਆਨ ਬਰਗਾੜੀ ‘ਚ ਇਨਸਾਫ਼ ਦੀ ਮੰਗ ਕਰ ਰਹੀ ਸੰਗਤ ਤੋਂ ਹਟ ਜਾਵੇ, ਇਸ ਲਈ ‘ਆਪ’ ਵਿਧਾਇਕ ਅਤੇ ਸੰਸਦਾਂ ਨੇ ਖ਼ੁਦ ਕੈਪਟਨ ਦੇ ਘਰ ਸਾਹਮਣੇ ਭੁੱਖ ਹੜਤਾਲ ਕਰਨ ਦਾ ਫ਼ੈਸਲਾ ਲਿਆ ਸੀ, ਅਤੇ ਵਲੰਟੀਅਰਾਂ ਤੇ ਅਹੁਦੇਦਾਰਾਂ ਨੂੰ ਬਰਗਾੜੀ ਪੁੱਜਣ ਦੀ ਖੁੱਲ ਦਿੱਤੀ ਸੀ।
‘ਆਪ’ ਆਗੂਆਂ ਨੇ ਕਿਹਾ ਕਿ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ‘ਆਪ’ ਦੇ 7 ਅਕਤੂਬਰ ਦੇ ਪ੍ਰੋਗਰਾਮ ਸੰਬੰਧੀ ਗੁਮਰਾਹਕੁਨ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਗਿਆ, ਜਿਸ ਦੇ ਮੱਦੇਨਜ਼ਰ ‘ਆਪ’ ਲੀਡਰਸ਼ਿਪ ਨੇ ਹੁਣ ਇਹ ਭੁੱਖ ਹੜਤਾਲ ਇੱਕ ਦਿਨ ਅੱਗੇ ਪਾਉਂਦੇ ਹੋਏ ਸ਼ਨੀਵਾਰ 6 ਅਕਤੂਬਰ ਨੂੰ ਕਰਨ ਦਾ ਫ਼ੈਸਲਾ ਲਿਆ ਹੈ।

‘ਆਪ’ ਆਗੂਆਂ ਮੁਤਾਬਿਕ 6 ਅਕਤੂਬਰ ਦੀ ਭੁੱਖ ਹੜਤਾਲ ਸਵੇਰੇ ਗੁਰਦੁਆਰਾ ਨਾਡਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਮੁੱਖ ਮੰਤਰੀ ਨਿਵਾਸ ਦੇ ਸਾਹਮਣੇ ਸ਼ੁਰੂ ਹੋਵੇਗੀ, ਜਿਸ ਵਿਚ ਸਿਰਫ਼ ਸੰਸਦ ਅਤੇ ਵਿਧਾਇਕ ਹੀ ਸ਼ਾਮਲ ਹੋਣਗੇ, ਜਦਕਿ 7 ਅਕਤੂਬਰ ਅਤੇ 14 ਅਕਤੂਬਰ ਨੂੰ ਬਹਿਬਲ ਕਲਾਂ ਗੋਲੀ ਕਾਂਡ ਦੀ ਤੀਜੀ ਵਰ੍ਹੇਗੰਢ ਉੱਤੇ ‘ਆਪ’ ਸੰਸਦ ਅਤੇ ਵਿਧਾਇਕ ਬਰਗਾੜੀ ਵਿਖੇ ਨਤਮਸਤਕ ਹੋਣਗੇ।

ਕੋਰ ਕਮੇਟੀ ਦੀ ਅੱਜ ਹੋਈ ਹੰਗਾਮੀ ਬੈਠਕ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਅਮਨ ਅਰੋੜਾ, ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਮਨਜੀਤ ਸਿੰਘ ਬਿਲਾਸਪੁਰ, ਅਮਰਜੀਤ ਸਿੰਘ ਸੰਦੋਆ, ਗੁਰਮੀਤ ਸਿੰਘ ਮੀਤ ਹੇਅਰ, ਕੁਲਵੰਤ ਸਿੰਘ ਪੰਡੋਰੀ, ਜ਼ੋਨ ਪ੍ਰਧਾਨ ਦਲਬੀਰ ਸਿੰਘ ਢਿੱਲੋਂ, ਖ਼ਜ਼ਾਨਚੀ ਸੁਖਵਿੰਦਰ ਸੁੱਖੀ ਅਤੇ ਸਟੇਟ ਮੀਡੀਆ ਇੰਚਾਰਜ ਮਨਜੀਤ ਸਿੰਘ ਸਿੱਧੂ ਹਾਜ਼ਰ ਸਨ, ਜਦਕਿ ਬਾਕੀ ਮੈਂਬਰਾਂ ਨਾਲ ਫ਼ੋਨ ‘ਤੇ ਰਾਏ ਮਸ਼ਵਰਾ ਕੀਤਾ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,