April 3, 2017 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ: ਦਿੱਲੀ ਨਿਗਮ ਚੋਣਾਂ ਦੌਰਾਨ ਟਿਕਟ ਦੀ ਵੰਡ ਨੂੰ ਲੈ ਕੇ ਆਮ ਆਦਮੀ ਪਾਰਟੀ ‘ਤੇ ਕਈ ਤਰ੍ਹਾਂ ਦੇ ਦੋਸ਼ ਲੱਗ ਰਹੇ ਹਨ। ਇਸੇ ਤਹਿਤ ‘ਆਪ’ ਦੀ ਇਕ ਵਰਕਰ ਨੇ ਤਿਲਕ ਨਗਰ ਰੋਡ ਸ਼ੋਅ ਦੌਰਾਨ ਪਾਰਟੀ ਆਗੂ ਸੰਜੈ ਸਿੰਘ ਨੂੰ ਚਪੇੜ ਮਾਰ ਦਿੱਤੀ। ਜਿਸ ਦੇ ਚਲਦਿਆਂ ਸੰਜੇ ਸਿੰਘ ਨੂੰ ਰੋਡ ਸ਼ੋਅ ਰੱਦ ਕਰਨਾ ਪਿਆ। ਦਰਅਸਲ ‘ਆਪ’ ਵਰਕਰ ਸਿਮਰਨ ਬੇਦੀ ਨੇ ਦੋਸ਼ ਲਾਇਆ ਕਿ ਉਹ ਪਾਰਟੀ ਨਾਲ ਕਈ ਸਾਲਾਂ ਤੋਂ ਜੁੜੀ ਹੋਈ। ਪਰ ਜਦੋਂ ਉਸ ਨੇ ਤਿਲਕ ਨਗਰ ਤੋਂ ਨਿਗਮ ਚੋਣਾਂ ਲਈ ਟਿਕਟ ਮੰਗੀ ਤਾਂ ਉਸ ਤੋਂ ਪੈਸੇ ਮੰਗੇ ਗਏ। ਜਿਸ ਤੋਂ ਨਿਰਾਸ਼ ਹੋ ਕੇ ਉਸ ਨੇ ਸੰਜੇ ਸਿੰਘ ਨੂੰ ਥੱਪੜ ਮਾਰਿਆ ਹੈ।
ਇਸ ਦੇ ਨਾਲ ਹੀ ਸਿਮਰਨ ਨੇ ਥਾਣਾ ਚੌਖੰਡੀ ‘ਚ ਲਿਖਤੀ ਰੂਪ ‘ਚ ਸ਼ਿਕਾਇਤ ਦਰਜ ਕਰਵਾਈ ਕਿ ਉਨ੍ਹਾਂ ਨੂੰ ਟਿਕਟ ਨਾ ਮਿਲਣ ਦਾ ਕੋਈ ਰੋਸ ਨਹੀਂ ਸੀ ਪਰ ਜ਼ਿਲ੍ਹਾ ਪ੍ਰਧਾਨ ਪ੍ਰਿਤਪਾਲ ਸਿੰਘ ਕਾਲਜਾ ਨੇ ਉਸ ਨੂੰ ਬੁਲਾਇਆ ਤੇ ਕਿਹਾ ਉਨ੍ਹਾਂ ਦੀ ਜਰਨੈਲ ਸਿੰਘ ਨਾਲ ਗੱਲਬਾਤ ਹੈ ਤੇ ਪੈਸੇ ਦੇ ਕੇ ਟਿਕਟ ਮਿਲਣ ਦਾ ਜ਼ਿਕਰ ਕੀਤਾ। ਪਰ ਇਸ ਸਬੰਧੀ ਅਰਵਿੰਦ ਕੇਜਰੀਵਾਲ, ਦਲੀਪ ਪਾਂਡੇ ਤੇ ਸੰਜੇ ਸਿੰਘ ਨਾਲ ਮੁਲਾਕਾਤ ਲਈ ਸਮਾਂ ਮੰਗਿਆ, ਪਰ ਨਹੀਂ ਮਿਲਿਆ। ਹੁਣ ਰੋਡ ਸ਼ੋਅ ਦੌਰਾਨ ਉਨ੍ਹਾਂ ਸੰਜੈ ਸਿੰਘ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦੇ ਪੀ. ਏ. ਅਜੀਤ ਤਿਆਗੀ ਤੇ ਇਨਾਇਤ ਉੱਲ੍ਹਾ ਨੇ ਉਨ੍ਹਾਂ ਨੂੰ ਧੱਕਾ ਮਾਰ ਦਿੱਤਾ, ਜਿਸ ਦੀ ਵੀਡੀਓ ਪੇਸ਼ ਕਰਨ ਦਾ ਦਾਅਵਾ ਵੀ ਸ਼ਿਕਾਇਤ ‘ਚ ਕੀਤਾ ਗਿਆ ਹੈ। ਸਿਮਰਨ ਬੇਦੀ ਵਲੋਂ ਕੀਤੀ ਸ਼ਿਕਾਇਤ ‘ਚ ਅੱਗੇ ਲਿਖਿਆ ਕਿ ਸੰਜੇ ਸਿੰਘ ਨੇ ਉਸ ਖਿਲਾਫ ਭੱਦੀ ਸ਼ਬਦਾਵਲੀ ਵਰਤਦਿਆਂ ਧਮਕੀ ਦਿੱਤੀ। ਇਸ ਦੇ ਨਾਲ ਹੀ ਸਿਮਰਨ ਨੇ ਲਿਖਿਆ ਕਿ ਜੇਕਰ ਉਸ ਨੂੰ ਜਾਂ ਉਸ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਕੁਝ ਹੁੰਦਾ ਹੈ ਤਾਂ ਇਸ ਦੇ ਜ਼ਿੰਮੇਵਾਰ ਅਰਵਿੰਦ ਕੇਜਰੀਵਾਲ ਤੇ ਸੰਜੇ ਸਿੰਘ ਹੋਣਗੇ।
Related Topics: Aam Aadmi Party, Indian Politics, Sanjay Singh AAP