ਆਮ ਖਬਰਾਂ » ਪੰਜਾਬ ਦੀ ਰਾਜਨੀਤੀ

ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਯੋਗੇਂਦਰ ਯਾਦਵ ਵੱਲੋਂ ਕਿਸਾਨ ਅੰਦੋਲਨ ਸ਼ੁਰੂ

June 14, 2015 | By

ਮੁਹਾਲੀ(13 ਜੂਨ, 2015): ਆਮ ਆਦਮੀ ਪਾਰਟੀ ਤੋਂ ਵੱਖ ਹੋਏ ਆਗੂ ਯੋਗੇਂਦਰ ਯਾਦਵ ਦੀ ਅਗਵਾਈ ਵਾਲੇ ਧੜੇ ਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਭਾਰਤੀ ਉੱਪ ਮਹਾਦੀਪ ਵਿੱਚ ਜਨ ਅੰਦੋਲਨ ਸ਼ੁਰੂ ਕਰਨ ਦਾ ਤਹੱਈਆ ਕੀਤਾ ਹੈ।

ਸਵਰਾਜ ਅਭਿਆਨ ਵੱਲੋਂ ਅੱਜ ਇੱਥੋਂ ਦੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਚੱਪੜਚਿੜੀ ਵਿਖੇ ‘ਜੈ ਕਿਸਾਨ ਅੰਦੋਲਨ’ ਦੇ ਬੈਨਰ ਹੇਠ ਕਿਸਾਨ ਸੰਮੇਲਨ ਕਰਵਾਇਆ ਗਿਆ, ਜਿਸ ਵਿੱਚ ਕਈ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ।

ਪਿੰਡ ਚੱਪੜਚਿੜੀ ਵਿਖੇ ਕਿਸਾਨ ਸੰਮੇਲਨ ਵਿੱਚ ਪੁੱਜੇ ਸਵਰਾਜ ਅਭਿਆਨ ਦੇ ਸਰਗਰਮ ਆਗੂ ਪ੍ਰੋ. ਮਨਜੀਤ ਸਿੰਘ, ਸਾਬਕਾ ਵਿਧਾਇਕ ਤਰਸੇਮ ਸਿੰਘ ਜੋਧਾ ਅਤੇ ਵੱਖ-ਵੱਖ ਸ਼ਹਿਰਾਂ ’ਚੋਂ ਆਏ ਲੋ

ਪਿੰਡ ਚੱਪੜਚਿੜੀ ਵਿਖੇ ਕਿਸਾਨ ਸੰਮੇਲਨ ਵਿੱਚ ਪੁੱਜੇ ਵੱਖ-ਵੱਖ ਸ਼ਹਿਰਾਂ ’ਚੋਂ ਆਏ ਲੋਕ

ਬਾਅਦ ਵਿੱਚ ਸਾਰਿਆਂ ਨੇ ਜੰਗੀ ਯਾਦਗਾਰ ’ਤੇ ਨਤਮਸਤਕ ਹੋ ਕੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਰੱਖਿਆ ਲਈ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਸਾਂਝੀ ਲੜਾਈ ਲੜਨ ਦਾ ਪ੍ਰਣ ਕੀਤਾ। ਇਸ ਮੌਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਤੇ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਸੰਘਰਸ਼ ਦੇ ਪਹਿਲੇ ਪੜਾਅ ਅਧੀਨ ਪਹਿਲੀ ਅਗਸਤ ਨੂੰ ਸੇਵਾ ਸਿੰਘ ਠੀਕਰੀਵਾਲਾ ਤੋਂ ਮੁਹਾਲੀ ਤੱਕ ਰੋਸ ਮਾਰਚ ਕਰਨ ਦਾ ਫੈਸਲਾ ਲਿਆ ਗਿਆ।

ਇਹ ਮਾਰਚ ਠੀਕਰੀਵਾਲਾ ਤੋਂ ਸ਼ੁਰੂ ਹੋ ਕੇ ਬਰਨਾਲਾ, ਸੰਗਰੂਰ, ਭਵਾਨੀਗੜ੍ਹ, ਪਟਿਆਲਾ, ਬਹਾਦਰਗੜ੍ਹ, ਰਾਜਪੁਰਾ, ਬਨੂੜ ਤੋਂ ਹੁੰਦਿਆਂ ਮੁਹਾਲੀ ਪਹੁੰਚ ਕੇ ਖ਼ਤਮ ਹੋਵੇਗਾ। ਇਸ ਮਗਰੋਂ 10 ਅਗਸਤ ਨੂੰ ਨਵੀਂ ਦਿੱਲੀ ਵਿੱਚ ਕਿਸਾਨਾਂ ਦੀਆਂ ਹੱਕੀ ਮੰਗਾਂ ਦੇ ਸਮਰਥਨ ਵਿੱਚ ਰੋਸ ਪ੍ਰਗਟਾਉਣ ਲਈ ਦੇਸ਼ ਵਿਆਪੀ ਜਨ ਅੰਦੋਲਨ ਸ਼ੁਰੂ ਕੀਤਾ ਜਾਵੇਗਾ।

ਸਵਰਾਜ ਅਭਿਆਨ ਦੇ ਆਗੂ ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਭੂਮੀ ਗ੍ਰਹਿਣ ਐਕਟ ਵਿੱਚ ਜਲਦਬਾਜ਼ੀ ਵਿੱਚ ਕੀਤੀਆਂ ਗਈਆਂ ਬੇਲੋੜੀਆਂ ਸੋਧਾਂ ਤੋਂ ਸਪੱਸ਼ਟ ਹੋ ਗਿਆ ਹੈ ਕਿ ਕੇਂਦਰ ਸਰਕਾਰ ਪੂਰੀ ਤਰ੍ਹਾਂ ਵੱਡੇ ਸਨਅਤੀ ਘਰਾਣਿਆਂ ਅਤੇ ਕਲੋਨਾਈਜ਼ਰਾਂ ਦੇ ਦਬਾਅ ਅੱਗੇ ਝੁਕ ਗਈ ਹੈ। ਕੇਂਦਰ ਨੇ ਭੂਮੀ ਗ੍ਰਹਿਣ ਐਕਟ ਬਦਲਣ ਲਈ ਪਾਰਲੀਮੈਂਟ ਵਿੱਚ ਬਹਿਸ ਕਰਾਉਣ ਤੋਂ ਬਚਣ ਲਈ ਕਾਹਲੀ ਵਿੱਚ ਆਰਡੀਨੈਂਸ ਜਾਰੀ ਕੀਤਾ ਹੈ।

ਉਨ੍ਹਾਂ ਕਿਹਾ ਕਿ ਕਿਰਸਾਨੀ ਨੂੰ ਬਚਾਉਣ ਲੲੀ ਮੋਦੀ ਸਰਕਾਰ ਵਿਰੁੱਧ ਸਾਂਝੀ ਲੜਾਈ ਲੜਨ ਦੀ ਲੋੜ ਹੈ। ਸਾਬਕਾ ਵਿਧਾਇਕ ਤਰਸੇਮ ਸਿੰਘ ਜੋਧਾਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵੱਡੇ ਸਨਅਤੀ ਘਰਾਣਿਆਂ ਨੂੰ ਖੁਸ਼ ਕਰਨ ਲਈ ਕਿਸਾਨਾਂ ਤੋਂ ਜਬਰ ਜ਼ਮੀਨਾਂ ਖੋਹਣ ਦੀ ਤਿਆਰੀ ਵਿੱਚ ਹੈ। ਉਨ੍ਹਾਂ ਨਰਿੰਦਰ ਮੋਦੀ ਨੂੰ ਦੇਸ਼ ਲਈ ਵੱਡਾ ਖਤਰਾ ਦੱਸਦਿਆਂ ਕਿਹਾ ਕਿ ਕਾਂਗਰਸੀ ਵੀ ਦੁੱਧ ਧੋਤੇ ਨਹੀਂ ਹਨ ਕਿਉਂਕਿ ਕਾਂਗਰਸ ਨੇ ਹੀ ਕਿਸਾਨਾਂ ਨੂੰ ਤਬਾਹ ਕਰਨ ਦੀ ਸ਼ੁਰੂਆਤ ਕੀਤੀ ਸੀ।

ੲਿਸ ਮੌਕੇ ਭਾਈ ਬਲਦੀਪ ਸਿੰਘ ਤਰਨ ਤਾਰਨ, ਕਿਸਾਨ ਆਗੂ ਬਲਵੰਤ ਸਿੰਘ ਨੰਡਿਆਲੀ, ਰਜਿੰਦਰ ਸਿੰਘ ਬਠਿੰਡਾ, ਕਰਨਲ ਜਗਦੀਸ਼ ਸਿੰਘ ਬਰਾੜ, ਕਰਮਜੀਤ ਸਿੰਘ ਗੁਰਦਾਸਪੁਰ, ਕਰਨੈਲ ਸਿੰਘ, ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਗੁਰਨਾਮ ਸਿੰਘ ਸਿੱਧੂ ਅਾਦਿ ਨੇ ਸੰਬੋਧਨ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,