March 31, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ (30 ਮਾਰਚ 2016): ਪੰਜਾਬ ਵਿੱਚ ਨਸ਼ਿਆਂ ਦੇ ਚਰਚਿੱਤ ਕਰੋਬਾਰ ਵਿੱਚ ਪੰਜਾਬ ਦੇ ਮਾਲ ਮੰਤਰੀ ਬਿਕਰਮ ਮਜੀਠੀਆਂ ਦੀ ਸ਼ਮੂਲੀਅਤ ਨੂੰ ਲੈਕੇ ਆਮ ਆਦਮੀ ਪਾਰਟੀ ਨੇ ਹਮਲਾ ਬੋਲਦਿਆਂ ਕਿਹਾ ਕਿ ਨਸ਼ਿਆਂ ਦੇ ਇਸ ਕੌਮਾਂਤਰੀ ਕਾਰੋਬਾਰ ਵਿੱਚ ਮਜੀਠੀਏ ਦੀ ਪੂਰੀ ਤਰਾਂ ਸ਼ਮੂਲੀਅਤ ਹੈ ਅਤੇ ਤਸਕਰਾਂ ਨੂੰ ਮਜੀਠੀਆ ਦਾ ਸਰਪ੍ਰਸਤੀ ਹਾਸਲ ਦੀ ਸੀ। ਇਸਦੇ ਸਬੂਤ ਇੰਫੋਰਸਮੇਂਟ ਡਾਇਰੈਕਟੋਰੇਟ ( ਈਡੀ ) ਹਨ, ਪਰ ਫਿਰ ਵੀ ਕੋਰੀ ਕਾਰਵਾਈ ਕਿਉਂ ਨਹੀਂ ਕੀਤੀ ਗਈ।
ਕਰੋੜਾਂ ਦੇ ਨਸ਼ਿਆਂ ਦੇ ਕਾਰੋਬਾਰ ਵਿੱਚ ਇੰਫੋਰਸਮੇਂਟ ਡਾਇਰੈਕਟੋਰੇਟ ( ਈਡੀ ) ਵਲੋਂ ਮਾਲ ਅਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਕੀਤੀ ਗਈ ਪੁੱਛਗਿਛ ਨਾਲ ਸਬੰਧਤ ਵਾਧੂ ਦਸਤਾਵੇਜਾਂ ਨੂੰ ਆਧਾਰ ਬਣਾਉਂਦੇ ਹੋਏ ਆਮ ਆਦਮੀ ਪਾਰਟੀ ( ਆਪ ) ਨੇ ਖੁਲਾਸਾ ਕੀਤਾ ਹੈ ਕਿ ਅੰਤਰਰਾਸ਼ਟਰੀ ਨਸ਼ਿਆਂ ਦੇ ਕਾਰੋਬਾਰ ਵਿੱਚ ਬਿਕਰਮ ਸਿੰਘ ਮਜੀਠੀਆ ਪੂਰੀ ਤਰਾਂ ਸ਼ਾਮਲ ਹੈ, ਨਾਲ ਹੀ ਸਵਾਲ ਚੁੱਕਿਆ ਕਿ ਫਿਰ ਵੀ ਮਜੀਠੀਏ ‘ਤੇ ਕੋਈ ਕਾਰਵਾਈ ਕਿਉਂ ਨਹੀਂ ਹੋਈ? ਕਾਲੀ ਕਮਾਈ ਨਾਲ ਜੋੜੀ ਸੰਪਤੀ ਅਟੈਚ ਕਿਉਂ ਨਹੀਂ ਹੋਈ? ਈਡੀ ਦੀ ਜਾਂਚ ਅੰਜਾਮ ਵੱਲ ਕਿਉਂ ਨਹੀਂ ਵੱਧ ਰਹੀ?
ਬੁੱਧਵਾਰ ਨੂੰ ਚੰਡੀਗੜ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੈਂਸ ਕਰਦੇ ਹੋਏ ਆਪ ਦੇ ਸੀਨੀਅਰ ਨੇਤਾ ਅਸ਼ੀਸ਼ ਖੇਤਾਨ ਅਤੇ ਸੰਜੈ ਸਿੰਘ ਨੇ ਕਿਹਾ ਕਿ ਈਡੀ ਦੇ ਕੋਲ ਮੌਜੂਦ ਸਬੂਤਾਂ ਤੋਂ ਜਾਹਿਰ ਹੁੰਦਾ ਹੈ ਕਿ ਡਰੱਗ ਦੇ ਕਾਲੇ ਧੰਦੇ ਵਿੱਚ ਮਜੀਠੀਆ ਕਿੰਨਾ ਵੱਡਾ ਸਰਗਨਾ ਹੈ ਅਤੇ ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ ਦੇ ਤਸਕਰਾਂ ਨੂੰ ਕਿਸ ਤਰਾਂ ਸੁਰੱਖਿਆ ਦਿੰਦਾ ਰਿਹਾ ਹੈ। ਈਡੀ ਦੇ ਦਸਤਾਵੇਜਾਂ ਨੂੰ ਆਧਾਰ ਬਣਾਕੇ ਅਸ਼ੀਸ਼ ਖੇਤਾਨ ਨੇ ਦੱਸਿਆ ਕਿ ਡਰੱਗ ਤਸਕਰ ਮਜੀਠੀਆ ਦੇ ਅਮ੍ਰਿਤਸਰ ਸਥਿਤ ਘਰ ਨੂੰ ਡਰੱਗ ਤਸਕਰੀ ਦੇ ਅੱਡੇ ਦੇ ਤੌਰ ‘ਤੇ ਵਰਤਦੇ ਰਹੇ ਹਨ।
ਬਾਦਲ ਜਾਂ ਮੋਦੀ ਸਰਕਾਰ ਨਸ਼ਿਆਂ ਦੇ ਸੌਦਾਗਰ ਮਜੀਠੀਏ ਖਿਲਾਫ ਕਦੇ ਵੀ ਕਾਰਵਾਈ ਨਹੀਂ ਕਰੇਗੀ।ਇਸ ਲਈ ਮਜੀਠੀਆ ਉਤੇ ਉਸਦੇ ਅਕਾਵਾਂ ਨੂੰ ਜੇਲ ਭੇਜਣ ਦਾ ਦਮ ਪੰਜਾਬ ਵਿਚ ਬਣ ਜਾ ਰਹੀ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਹੀ ਰੱਖਦੀ ਹੈ। ਉਨਾਂ ਨੇ ਕਿਹਾ ਕਿ ਮਜੀਠੀਏ ਵਰਗੇ ਨਸ਼ਿਆਂ ਦੇ ਵਾਪਾਰ ਦੇ ਸਰਗਨਿਆਂ ਨੂੰ ਜੇਲ ਭੇਜਣ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ।
ਮੀਡੀਆ ਨੂੰ ਦਸਤਾਵੇਜ਼ ਜਾਰੀ ਕਰਦੇ ਹੁਏ ਖੇਤਾਨ ਨੇ ਕਿਹਾ ਕਿ ਡਰੱਗ ਤਸਕਰੀ ਦੇ ਕਈ ਦੋਸ਼ੀਆਂ ਨੇ ਮਜੀਠੀਆ ਦਾ ਨਾਂ ਲੈਂਦੇ ਹੋਏ ਮਜੀਠੀਏ ਨੂੰ ਸਥਾਨਕ ਡਰੱਗ ਤਸਕਰਾਂ ਅਤੇ ਅੰਤਰਰਾਸ਼ਟਰੀ ਡਰੱਗ ਮਾਫੀਆਂ ਦਾ ਵਿਚੋਲੇ ਵਜੋਂ ਪੇਸ਼ ਕੀਤਾ ਗਿਆ ਹੈ।
ਖੇਤਾਨ ਨੇ ਦੱਸਿਆ ਕਿ ਈਡੀ ਦੇ ਰਿਕਾਰਡ ਦੇ ਅਨੁਸਾਰ ਪੰਜਾਬ ਦੇ ਬਾਹਰ ਅਤੇ ਅੰਦਰ ਹੋਣ ਵਾਲੇ ਹਜਾਰਾਂ ਕਰੋੜ ਰੁਪਏ ਦੇ ਨਸ਼ੇ ਦੇ ਕਾਰੋਬਾਰ ਦਾ ਸੰਬੰਧ (ਲਿੰਕ) ਬਿਕਰਮ ਮਜੀਠੀਆ ਦੇ ਨਾਲ ਜੁੜਿਆ ਹੋਇਆ ਹੈ।
ਖੇਤਾਨ ਨੇ ਕਿਹਾ ਕਿ ਪੰਜਾਬ ਕੇਬਿਨੈਟ ਵਿੱਚ ਸ਼ਕਤੀਸ਼ਾਲੀ ਮੰਤਰੀ ਅਤੇ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਾਲੇ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਭਰਾ ਹੋਣ ਦੇ ਨਾਤੇ ਪੰਜਾਬ ਪੁਲਿਸ ਨੇ ਮਜੀਠੀਆ ਦੇ ਡਰੱਗ ਤਸਕਰਾਂ ਦੇ ਨਾਲ ਸਬੰਧ ਨੂੰ ਸਾਬਤ ਕਰਣ ਵਾਲੇ ਸਬੂਤਾਂ ਨੂੰ ਖਤਮ ਕਰਨ ਦੀ ਹਰ ਇੱਕ ਕੋਸ਼ਿਸ਼ ਕੀਤੀ ਹੈ। ਡਰੱਗ ਤਸਕਰਾਂ ਦੀ ਪੁੱਛਗਿਛ ਦੇ ਦੌਰਾਨ ਜਦੋਂ ਵੀ ਮਜੀਠੀਆ ਦਾ ਹਵਾਲਾ ਆਇਆ ਤਾਂ ਪੰਜਾਬ ਪੁਲਿਸ ਨੇ ਉਸਨੂੰ ਅਣਸੁਣਿਆ ਕਰਦੇ ਹੋਏ ਰਿਕਾਰਡ ਉੱਤੇ ਹੀ ਨਹੀਂ ਲਿਆ ਪਰ ਜਦੋਂ ਉਨਾਂ ਡਰੱਗ ਤਸਕਰਾਂ ਦੀ ਈਡੀ ਦੁਆਰਾ ਪੁੱਛਗਿਛ ਕੀਤੀ ਗਈ ਤਾਂ ਉਨਾਂ ਨੇ ਨਸ਼ੇ ਦੇ ਕਾਰੋਬਾਰ ਵਿਚ ਮਜੀਠੀਏ ਦੀ ਭੂਮਿਕਾ ਦੇ ਸਾਰੇ ਕੱਚੇ ਚਿੱਠੇ ਖੋਲਕੇ ਰੱਖ ਦਿੱਤੇ।
ਖੇਤਾਨ ਨੇ ਈਡੀ ਦੇ ਦਸਤਾਵੇਜਾਂ ਦਾ ਹਵਾਲਾ ਦਿੰਦੇ ਹੋਏ ਸਨਸਨੀਖੇਜ ਖੁਲਾਸਾ ਕੀਤਾ ਕਿ ਮਜੀਠੀਏ ਵਲੋਂ ਡਰੱਗ ਤਸਕਰਾਂ ਦੀਆਂ ਗਤੀਵਿਧੀਆਂ ਅਤੇ ਸਪਲਾਈ ਨੂੰ ਸੁਰੱਖਿਅਤ ਅਤੇ ਆਸਾਨ ਬਣਾਉਂਦੇ ਹੋਏ ਤਸਕਰਾਂ ਨੂੰ ਪੰਜਾਬ ਪੁਲਿਸ ਦੇ ਗੰਨਮੈਨ, ਸਰਕਾਰੀ ਗੱਡੀਆਂ, ਆਪਣਾ ਨਿੱਜੀ ਘਰ ਅਤੇ ਰਾਜਨੀਤਕ ਛਤਰ ਛਾਇਆ ਦਿੱਤੀ ਜਾਂਦੀ ਰਹੀ ਹੈ।
ਖੇਤਾਨ ਨੇ ਦੱਸਿਆ ਕਿ ਸਬੂਤਾਂ ਤੋਂ ਇਹ ਵੀ ਸਾਹਮਣੇ ਆਉਂਦਾ ਹੈ ਕਿ 2007 ਵਿੱਚ ਪੰਜਾਬ ਵਿੱਚ ਬਾਦਲ ਪਰਿਵਾਰ ਦੇ ਸੱਤਾ ਵਿੱਚ ਆਉਂਦੇ ਹੀ ਮਜੀਠੀਏ ਦੀ ਛੱਤਰੀ ਥੱਲੇ ਡਰੱਗ ਤਸਕਰਾਂ ਨੇ ਡਰੱਗ ਕਾਰੋਬਾਰ ਵਿੱਚ ਖੁੱਲਕੇ ਖੇਡਣਾ ਸ਼ੁਰੂ ਕਰ ਦਿੱਤਾ ਸੀ। ਬਾਦਲ ਸਰਕਾਰ ਵਿੱਚ ਉਦੋਂ ਤੋਂ ਮਜੀਠੀਆ ਸ਼ਕਤੀਸ਼ਾਲੀ ਮੰਤਰੀ ਬਣਿਆ ਹੋਇਆ ਹੈ।
ਖੇਤਾਨ ਨੇ ਦੱਸਿਆ ਕਿ ਈਡੀ ਦੇ ਰਿਕਾਰਡ ਦੇ ਅਨੁਸਾਰ ਮਜੀਠੀਏ ਦੇ ਹਿਫਾਜ਼ਤ ਵਿੱਚ ਵਧਣ-ਫੁਲਣ ਵਾਲੀ ਡਰੱਗ ਤਸਕਰੀ ਵਿੱਚ ਹੁਣ ਤੱਕ ਹਜਾਰਾਂ ਕਰੋੜਾਂ ਰੁਪਏ ਦੀ ਕਾਲੀ ਕਮਾਈ ਕੀਤੀ ਜਾ ਚੁੱਕੀ ਹੈ। ਇੰਨਾ ਹੀ ਨਹੀਂ ਸਬੂਤਾਂ ਤੋਂ ਸੰਕੇਤ ਮਿਲ ਰਹੇ ਹਨ ਕਿ ਡਰੱਗ ਤਸਕਰੀ ਨਾਲ ਜੁੜੇ ਇਸ ਹਾਈ-ਪ੍ਰੋਫਾਈਲ ਮਾਫੀਆ ਨਾਲ ਸਬੰਧਤ ਕਾਫ਼ੀ ਲੋਕਾਂ ਭਾਰਤ ਅਤੇ ਵਿਦੇਸ਼ਾਂ ਵਿੱਚ ਜਾਇਦਾਦਾਂ ਦੇ ਨਾਲ-ਨਾਲ ਹੋਰ ਵੀ ਬਿਜਨੈਸ ਖੜੇ ਕਰ ਚੁੱਕੇ ਹਨ।
ਈਡੀ ਦੀ ਪੁੱਛਗਿਛ ਦੇ ਦੌਰਾਨ ਡਰੱਗ ਤਸਕਰੀ ਦੇ ਦੋਸ਼ੀਆਂ ਨੇ ਦੱਸਿਆ ਕਿ ਮਜੀਠੀਆ ਬੇਨਾਮੀ ਤਰੀਕੇ ਨਾਲ ਸ਼ਰਾਬ ਅਤੇ ਰੇਤੇ ਦੀਆਂ ਖੱਡਾਂ ਤੋਂ ਮੋਟੀ ਕਮਾਈ ਕਰਕੇ ਕਾਰੋਬਾਰ ਚਲਾ ਰਿਹਾ ਹੈ। ਈਡੀ ਦੇ ਦਸਤਾਵੇਜਾਂ ਵਿਚ ਮਜੀਠੀਏ ਦੇ ਖਾਸਮ-ਖਾਸ ਕੰਵਰਜੀਤ ਸਿੰਘ ਰੋਜੀ ਬਰਕੰਦੀ ਵਲੋਂ ਰੇਤ-ਬਜਰੀ ਦੇ ਵਪਾਰ ਦੀ ਗੱਲ ਵੀ ਸਾਹਮਣੇ ਆਈ ਹੈ।
ਇਹ ਵੀ ਦੱਸਿਆ ਕਿ ਪਿਛਲੇ ਦਸ ਸਾਲਾਂ ਦੇ ਦੌਰਾਨ ਮਜੀਠੀਆ ਕਨੇਡਾ, ਅਮਰੀਕਾ ਅਤੇ ਯੂਰਪ ਦੇ ਅਣਗਿਣਤ ਚੱਕਰ ਲਗਾ ਚੁੱਕਿਆ ਹੈ ਅਤੇ ਉਸਦੇ ਕਨੇਡਾ ਦੇ ਤਸਕਰਾਂ ਦੇ ਨਾਲ ਸੰਬੰਧ ਸਾਹਮਣੇ ਆਏ ਹਨ। ਇਸ ਮੌਕੇ ਉਨਾਂ ਨਾਲ ਹਿਮੰਤ ਸਿੰਘ ਸ਼ੇਰਗਿੱਲ, ਕਰਨਲ ਸੀਡੀ ਸਿੰਘ ਕੰਬੋਜ, ਅਮਨ ਅਰੋੜਾ ਅਤੇ ਆਰ.ਆਰ ਭਾਰਦਵਾਜ ਵੀ ਮੌਜੂਦ ਸਨ।
Related Topics: Aam Aadmi Party, Bikramjit Singh Majithia, Drugs Abuse and Drugs Trafficking in Punjab, Punjab Poltics