April 21, 2015 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ (20 ਅਪ੍ਰੈਲ , 2015): ਆਮ ਆਦਮੀ ਪਾਰਟੀ ਦੇ ਚੋਟੀ ਦੀ ਲੀਡਰਸ਼ਿਪ ਵਿੱਚ ਪਿੱਛਲੇ ਸਮੇਂ ਤੋਂ ਚੱਲਦੇ ਘਮਸਾਨ ਤੋਂ ਬਾਅਦ ਅੱਜ ਪਾਰਟੀ ਦੀ ਸਿਰਜਣਾ ਵਿੱਚ ਅਹਿਮ ਭੁਮਿਕਾ ਨਿਭਾਉਣ ਵਾਲੇ ਮੁੱਖ ਆਗੂਆਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ਾਂ ਅਧੀਨ ਨੇਤਾਵਾਂ ਯੋਗੇਂਦਰ ਯਾਦਵ, ਪ੍ਰਸ਼ਾਂਤ ਭੂਸ਼ਣ, ਆਨੰਦ ਕੁਮਾਰ ਅਤੇ ਅਜੀਤ ਝਾਅ ਨੂੰ ਪਾਰਟੀ ‘ਚੋ ਬਾਹਰ ਕੱਢ ਦਿੱਤਾ ਗਿਆ ਹੈ। ‘ਆਪ’ ਦੀ ਰਾਸ਼ਟਰੀ ਅਨੁਸ਼ਾਸਨ ਕਮੇਟੀ ਦੀ ਛੇ ਘੰਟੇ ਤੱਕ ਚੱਲੀ ਮੀਟਿੰਗ ਦੇ ਬਾਅਦ ਇਨ੍ਹਾਂ ਬਾਗੀ ਨੇਤਾਵਾਂ ਨੂੰ ਪਾਰਟੀ ‘ਚੋਂ ਬਾਹਰ ਕੱਢਣ ਦਾ ਫੈਸਲਾ ਕੀਤਾ ਗਿਆ।
ਕਮੇਟੀ ਨੇ ਆਪਣੇ ਫੈਸਲੇ ‘ਚ ਕਿਹਾ ਕਿ ਉਹ ਬਾਗੀ ਆਗੂਆਂ ਨੂੰ ਬੀਤੀ 17 ਅਪ੍ਰੈਲ ਨੂੰ ਦਿੱਤੇ ਕਾਰਨ ਦੱਸੋ ਨੋਟਿਸ ਦੇ ਮਿਲੇ ਜੁਆਬ ਤੋਂ ਸੰਤੁਸ਼ਟ ਨਹੀਂ ਹੈ। ਪਾਰਟੀ ਦੇ ਬੁਲਾਰੇ ਦੀਪਕ ਬਾਜਪੇਈ ਨੇ ਦੱਸਿਆ ਕਿ ਚਾਰੇ ਬਾਗੀ ਆਗੂਆਂ ਨੂੰ ਗੰਭੀਰ ਅਨੁਸ਼ਾਸਨਹੀਣਤਾ, ਪਾਰਟੀ ਵਿਰੋਧੀ ਕਾਰਵਾਈਆਂ ਅਤੇ ਪਾਰਟੀ ਦੇ ਕਾਨੂੰਨ ਦੀ ਉਲੰਘਣਾ ਕਰਨ ‘ਤੇ ਪਾਰਟੀ ‘ਚੋਂ ਬਾਹਰ ਕੱਢਿਆ ਗਿਆ ਹੈ।
ਪ੍ਰਸ਼ਾਂਤ ਭੂਸ਼ਣ ‘ਤੇ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਨੂੰ ਹਰਾਉਣ ਲਈ ਕੰਮ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਉਸ ‘ਤੇ ਪਾਰਟੀ ਦੇ ਵੱਖ ਹੋਏ ਧੜੇ ‘ਅਵਾਮ’ ਦਾ ਸਮਰਥਨ ਕਰਨ ਦਾ ਵੀ ਦੋਸ਼ ਲਗਾਇਆ ਗਿਆ। ਝਾਅ ਨੂੰ ਛੱਡ ਕੇ ਬਾਕੀ ਤਿੰਨਾਂ ਆਗੂਆਂ ਨੇ ਨੋਟਿਸ ਦਾ ਜੁਆਬ ਦਿੱਤਾ ਸੀ।
ਨੋਟਿਸ ਦੇ ਆਪਣੇ ਜੁਆਬ ‘ਚ ਬਾਗੀਆਂ ਨੇ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ‘ਤੇ ਪਾਰਟੀ ਦੇ ਸੰਵਿਧਾਨ ਦੀ ਗੰਭੀਰ ਉਲੰਘਣਾ ਕਰਨ ਦਾ ਦੋਸ਼ ਲਗਾਇਆ ਅਤੇ ਇਸ ਅਨੁਸ਼ਾਸਨ ਕਮੇਟੀ ਦੇ ਦੋ ਮੈਂਬਰਾਂ ‘ਤੇ ਸ਼ੱਕੀ ਕੰਪਨੀਆਂ ਤੋਂ ਚੰਦਾ ਲੈਣ ਲਈ ਹਮਲਾ ਕੀਤਾ।
ਕਾਰਨ ਦੱਸੋ ਨੋਟਿਸ ਦੇ ਜੁਆਬ ‘ਚ ਭੂਸ਼ਣ ਅਤੇ ਯਾਦਵ ਨੇ ਕਮੇਟੀ ਦੇ ਅਧਿਕਾਰ ਖੇਤਰ ‘ਤੇ ਹੀ ਸਵਾਲ ਖੜ੍ਹੇ ਕਰ ਦਿੱਤੇ ਅਤੇ ਕਿਹਾ ਕਿ 28 ਮਾਰਚ ਨੂੰ ਪਾਰਟੀ ਦੀ ਰਾਸ਼ਟਰੀ ਕੌਂਸਲ ਦੀ ‘ਗੈਰਕਾਨੂੰਨੀ’ ਅਤੇ ‘ਅਸੰਵਿਧਾਨਿਕ’ ਬੈਠਕ ਦੇ ਬਾਅਦ ਇਸ ਦਾ ਗਠਨ ਕੀਤਾ ਗਿਆ ਸੀ।
Related Topics: Aam Aadmi Party, Yoginder Yadav