November 2, 2014 | By ਸਿੱਖ ਸਿਆਸਤ ਬਿਊਰੋ
ਅੰਮਿ੍ਤਸਰ (1 ਨਵੰਬਰ, 2014): ਨਵੰਬਰ 1984 ‘ਚ ਦਿੱਲੀ ਸਮੇਤ ਭਾਰਤ ਦੇ ਵੱਖ-ਵੱਖ ਸ਼ਹਿਰਾਂ ‘ਚ ਸਿੱਖ ਕਤਲੇਆਮ ਦੇ 30 ਵਰ੍ਹੇ ਬੀਤਣ ਉਪਰੰਤ ਵੀ ਪੀੜਤਾਂ ਨੂੰ ਨਿਆਂ ਨਾ ਮਿਲਣ ਦੇ ਰੋਸ ਵਜੋਂ ਸਿੱਖ ਕਤਲੇਆਮ ਦੀ ਪ੍ਰਮੁੱਖ ਗਵਾਹ ਬੀਬੀ ਜਗਦੀਸ਼ ਕੌਰ ਵੱਲੋਂ ਹੋਰਨਾਂ ਹਮਾਇਤੀ ਸਿੱਖ ਜਥੇਬੰਦੀਆਂ, ਫੈਡਰੇਸ਼ਨਾਂ ਦੇ ਸਹਿਯੋਗ ਨਾਲ ਦਿੱਤੇ ਅੱਜ ਪੰਜਾਬ ਬੰਦ ਦੇ ਸੱਦੇ ਨੂੰ ਰਲਵਾਂ ਮਿਲਵਾਂ ਹੁੰਗਾਰਾ ਮਿਲਿਆ।
ਅੱਜ ਪੰਜਾਬ ਬੰਦ ਦੇ ਸੱਦੇ ,ਤੇ ਅੰਮ੍ਰਿਤਸਰ ਵਿੱਚ ਸੜਕ ਆਵਾਜਾਈ ਨੂੰ ਰੋਕਣ ਦੀ ਕੋਸ਼ਿਸ਼ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੂੰ 50 ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ’ਚ ਬੀਬੀ ਜਗਦੀਸ਼ ਕੌਰ ਵੀ ਸ਼ਾਮਲ ਹੈ, ਜਿਨ੍ਹਾਂ ਦੇ ਪਤੀ ਤੇ ਬੱਚਿਆਂ ਸਮੇਤ ਪਰਿਵਾਰ ਦੇ ਪੰਜ ਜੀਅ ਮਾਰੇ ਗਏ ਸਨ।
ਇਸ ਦੌਰਾਨ ਅੰਮ੍ਰਿਤਸਰ ਸ਼ਹਿਰ ਪੂਰੀ ਤਰਾਂ ਬੰਦ ਰਿਹਾ।ਭਾਂਵੇ ਕਿ ਅੰਮ੍ਰਿਤਸਰ ਪੁਲਿਸ ਨੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਨਵੰਬਰ 1984 ਦੇ ਕਤਲੇਆਮ ਦੀ ਪੀੜਤ ਅਤੇ ਜਗਦੀਸ਼ ਟਾਇਟਲਰ ਖਿਲਾਫ ਮੁੱਖ ਗਵਾਹ ਬੀਬੀ ਜਗਦੀਸ਼ ਕੌਰ ਨੂੰ ਅੱਜ ਤੜਕੇ ਹੀ ਗ੍ਰਿਫਤਾਰ ਕਰ ਲਿਆ ਸੀ, ਜਦ ਉਹ ਅੰਮ੍ਰਿਤਸਰ ਰੇਲਵੇ ਸਟੇਸ਼ਨ ਵੱਲ ਰੇਲ ਲਾਈਨ ‘ਤੇ ਧਰਨਾ ਦੇਣ ਜਾ ਰਹੇ ਸਨ।
ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ ਅਤੇ ਹੋਰ ਜੱਥੇਬੰਦੀਆਂ ਦੇ ਆਗੂਆਂ ਨੇ ਇਕੱਠੇ ਹੋ ਕੇ ਸ਼ਿਵਾਲਾ ਰੇਲਵੇ ਫਾਟਕ ਅਤੇ ਜੌੜੇ ਫਾਟਕਾਂ ‘ਤੇ ਆਵਾਜਾਈ ਨੂੰ ਰੋਕਿਆ ਤਾਂ ਪੁਲਿਸ ਵੱਲੋੰਂ ਸ਼ਾਤਮਈ ਰੇਲਵੇ ਫਾਟਕ ‘ਤੇ ਧਰਨਾ ਦੇ ਰਹੇ ਸਿੱਖਾਂ ‘ਤੇ ਲਾਠੀਚਾਰਜ਼ ਕੀਤਾ ਗਿਆ ਅਤੇ ਗ੍ਰਿਫਤਾਰ ਸਿੱਖ ਮੁਜ਼ਾਹਰਾਕਾਰੀਆਂ ਨੂੰ ਵੱਖ- ਵੱਖ ਥਾਣਿਆਂ ਵਿੱਚ ਲਿਜਾਇਆ ਗਿਆ।
ਪੰਜਾਬ ਦੀ ਬਾਦਲ ਸਰਕਾਰ ਦੀ ਪੁਲਿਸ ਵੱਲੋਂ ਸਿੱਖ ਸਟੂਡੈਂਟਸ ਫੈਡਰੇਸ਼ਨ, ਸਿੱਖ ਕਤਲੇਆਮ ਦੇ ਪੀੜਤਾਂ ਅਤੇ ਹੋਰ ਜੱਥੇਬੰਦੀਆਂ ਵੱਲੋਂ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੇ ਮਾਮਾਲੇ ਵਿੱਚ ਪੀੜਤਾਂ ਨੂੰ ਇਨਸਾਫ ਦੇਣ ਤੋਂ ਹੁਣ ਤੱਕ ਟਾਲ ਮਟੋਲ ਕਰਦੀਆਂ ਆ ਰਹੀਆਂ ਸਰਕਾਰਾਂ ਖਿਲਾਫ ਅੱਜ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਅਸਫਲ ਬਣਾਉਣ ਲਈ ਪੰਜਾਬ ਪੁਲਿਸ ਨੇ ਸਿੱਖ ਆਗੂਆਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕੀਤਾ ਹੋਇਆ ਹੈ।ਸਿੱਖ ਸਿਆਸਤ ਨੂੰ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਬੰਦ ਦੇ ਸੱਦੇ ਦੇ ਮੱਦੇ ਨਜ਼ਰ ਪੰਜਾਬ ਪੁਲਿਸ ਨੇ ਕਈ ਸਿੱਖ ਆਗੂਆਂ ਅਤੇ ਸਿੱਖ ਕਲਤੇਆਮ ਦੇ ਪੀੜਤਾਂ ਨੂੰ ਗ੍ਰਿਫਤਾਰ ਕਰ ਲਿਆ ਸੀ।
ਲੁਧਿਆਣਾ ‘ਚ 5 ਘੰਟੇ ਰੇਲਾਂ ਰੋਕੀਆਂ:
ਪੰਜਾਬ ਭਰ ਤੋਂ ਪੁੱਜੇ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਅਤੇ ਫੈਡਰੇਸ਼ਨ ਵਰਕਰਾਂ ਨੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਨੇੜੇ ਲੁਧਿਆਣਾ-ਅੰਬਾਲਾ ਰੇਲ ਮਾਰਗ ‘ਤੇ ਧਰਨਾ ਦੇ ਕੇ 5 ਘੰਟੇ ਦੇ ਕਰੀਬ ਰੇਲਾਂ ਰੋਕੀਆਂ ਅਤੇ ਕਾਂਗਰਸ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇ ਕੇ ਪੀੜਤ ਪਰਿਵਾਰਾਂ ਨੂੰ ਇਨਸਾਫ ਦੇਣ ਦੀ ਮੰਗ ਕੀਤੀ।
1984 ਸਿੱਖ ਕਤਲੇਆਮ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਦੁੱਗਰੀ, ਮਹਿਲਾ ਵਿੰਗ ਪ੍ਰਧਾਨ ਬੀਬੀ ਗੁਰਦੀਪ ਕੌਰ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਪਰਮਜੀਤ ਸਿੰਘ ਖਾਲਸਾ ਦੀ ਅਗਵਾਈ ਹੇਠ ਦੰਗਾ ਪੀੜਤ ਪਰਿਵਾਰਾਂ ਅਤੇ ਫੈਡਰੇਸ਼ਨ ਵਰਕਰਾਂ ਨੇ ਰੇਲ ਪਟੜੀਆਂ ‘ਤੇ ਧਰਨਾ ਦਿੱਤਾ, ਜਿਨ੍ਹਾਂ ਵਿਚ ਦੰਗਾ ਪੀੜਤ ਪਰਿਵਾਰਾਂ ਦੀਆਂ ਔਰਤਾਂ ਅਤੇ ਬੱਚੇ ਵੀ ਸ਼ਾਮਿਲ ਸਨ।
ਵਰਕਰਾਂ ਨੇ ਰੇਲ ਪੱਟੜੀਆਂ ‘ਤੇ ਬੈਠ ਕੇ ਪਹਿਲਾਂ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ ਜਦਕਿ ਬਾਅਦ ਵਿਚ ਢਾਡੀ ਬਲਵੀਰ ਸਿੰਘ ਫੁੱਲਾਂਵਾਲ ਨੇ ਸਿੱਖ ਕਤਲੇਆਮ ਦੀਆਂ ਵਾਰਾਂ ਪੇਸ਼ ਕਰਕੇ ਮਾਹੌਲ ਨੂੰ ਗਰਮਾ ਦਿੱਤਾ। ਇਸ ਮੌਕੇ ਪਰਮਜੀਤ ਸਿੰਘ ਖਾਲਸਾ ਅਤੇ ਸੁਰਜੀਤ ਸਿੰਘ ਦੁੱਗਰੀ ਨੇ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਕਾਂਗਰਸ ਵੱਲੋਂ ਜਿੱਥੇ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ ਉਥੇ ਪੀੜਤ ਪਰਿਵਾਰਾਂ ਨੂੰ ਇਨਸਾਫ ਦੇਣ ਦੇ ਰਾਹ ‘ਚ ਵੀ ਰੋੜ੍ਹੇ ਅਟਕਾਏ ਜਾ ਰਹੇ ਹਨ। ਉਨ੍ਹਾਂ ਪੀੜਤ ਪਰਿਵਾਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਦੇਣ ਅਤੇ ਪੰਜਾਬ ਸਰਕਾਰ ਵੱਲੋਂ ਕੀਤੇ ਫੈਸਲੇ ਅਨੁਸਾਰ ਸਾਰੀਆਂ ਸਹੂਲਤਾਂ ਦੇਣ ਦੀ ਮੰਗ ਵੀ ਕੀਤੀ।
ਵੱਖ-ਵੱਖ ਥਾਵਾਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਅੰਮਿ੍ਤਸਰ, ਜਲੰਧਰ, ਫਗਵਾੜਾ, ਹੁਸ਼ਿਆਰਪੁਰ, ਫ਼ਰੀਦਕੋਟ, ਸਮਰਾਲਾ, ਧਰਮਕੋਟ, ਕੋਟਕਪੁਰਾ, ਲੌਾਗੋਵਾਲ ਆਦਿ ਸ਼ਹਿਰਾਂ ‘ਚ ਮੁਕੰਮਲ ਬੰਦ ਰਿਹਾ ਅਤੇ ਲੁਧਿਆਣਾ, ਕਪੂਰਥਲਾ, ਖਡੂਰ ਸਾਹਿਬ, ਮੁਕੇਰੀਆਂ, ਤਲਵਾੜਾ, ਬਸੀ ਪਠਾਣਾ, ਬਟਾਲਾ, ਜ਼ੀਰਾ, ਗੁਰਦਾਸਪੁਰ, ਮਖੂ, ਰੋਪੜ ਆਦਿ ਸ਼ਹਿਰਾਂ ‘ਚ ਬੰਦ ਨੂੰ ਰਲਵਾਂ ਮਿਲਵਾਂ ਹੁੰਗਾਰਾ ਮਿਲਿਆ, ਜਦੋਂਕਿ ਪਟਿਆਲਾ, ਐੱਸ. ਏ. ਐੱਸ. ਨਗਰ, ਚੰਡੀਗੜ੍ਹ, ਬਠਿੰਡਾ, ਸੰਗਰੂਰ, ਬਰਨਾਲਾ, ਭਾਈ ਰੂਪਾ, ਸੰਗਤ ਮੰਡੀ, ਖਮਾਣੋਂ, ਅਹਿਮਦਗੜ੍ਹ, ਮੁਕੰਦਪੁਰ ਆਦਿ ‘ਚ ਬੰਦ ਦਾ ਅਸਰ ਨਾ ਮਾਤਰ ਸੀ। ਮੋਗਾ ਅਤੇ ਬਾਘਾ ਪੁਰਾਣਾ ਵਿਖੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਸ਼ਾਂਤਮਈ ਰੋਸ ਮਾਰਚ ਕੱਢੇ ਗਏ ਅਤੇ ਜਲਾਲਾਬਾਦ ਵਿਖੇ ਅਰਦਾਸ ਸਮਾਗਮ ਕਰਵਾਇਆ ਗਿਆ। ਨਸਲਕੁਸ਼ੀ ਦੇ ਸ਼ਿਕਾਰ ਹੋਏ ਸਿੱਖਾਂ ਦੀ ਆਤਮਿਕ ਸ਼ਾਂਤੀ ਲਈ ਆਮ ਆਦਮੀ ਪਾਰਟੀ ਵੱਲੋਂ ਫ਼ਾਜ਼ਿਲਕਾ ‘ਚ ਮੋਮਬੱਤੀ ਮਾਰਚ ਕੀਤਾ ਗਿਆ ।
ਰਾਮਪੁਰਾ: ਸਿੱਖ ਸਿਆਸਤ ਨੂੰ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਬੰਦ ਦੇ ਸੱਦੇ ਦੇ ਮੱਦੇ ਨਜ਼ਰ ਪੰਜਾਬ ਪੁਲਿਸ ਨੇ ਕਈ ਸਿੱਖ ਆਗੂਆਂ ਅਤੇ ਸਿੱਖ ਕਲਤੇਆਮ ਦੇ ਪੀੜਤਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਰਾਮਪੁਰਾ ਫੂਲ (ਬਠਿੰਡਾ) ਵਿਖੇ ਅਮਨ ਸ਼ਾਂਤੀ ਨਾਲ ਬਜਾਰ ਬੰਦ ਕਰਨ ਲਈ ਬੇਨਤੀ ਕਰ ਰਹੇ ਬਾਬਾ ਹਰਦੀਪ ਸਿੰਘ ਮਹਿਰਾਜ ਸਮੇਤ ਅਨੇਕਾ ਸਿੱਖ ਨੌਜਵਾਨ ਨਾਲ ਗ੍ਰਿਫਤਾਰ ਕੀਤੇ ਗਏ , ਜਿਨ੍ਹਾਂ ਨੂੰ ਕਿਸੇ ਅਣਦੱਸੀ ਥਾਂ ‘ਤੇ ਲੈ ਗਏ।
ਪੁਲਿਸ ਪ੍ਰਸ਼ਾਸਨ ਦੀ ਇਸ ਧੱਕਾਸ਼ਾਹੀ ਦਾ ਸਮੂਹ ਸਿੱਖ ਜੱਥੇਬੰਦੀਆਂ ਅਤੇ ਸਿੱਖ ਭਾਈਚਾਰੇ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਪੂਰਨ ਤੋਰ ‘ਤੇ ਇਸ ਬੰਦ ਦੇ ਸੱਦੇ ਨੂੰ ਸਮਰਥਨ ਦੇ ਰਹੇ ਵਪਾਰੀ ਵਰਗ ਨੇ ਰਾਮਪੁਰਾ ਸ਼ਹਿਰ ਨੂੰ ਬੰਦ ਰੱਖਿਆ ਤੇ ਪੁਲਿਸ ਨੇ ਪੰਥਕ ਆਗੂਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਧੱਕੇ ਨਾਲ ਦੁਕਾਨਾਂ ਖੁੱਲਾ ਦਿੱਤੀਆਂ।
ਫਗਵਾੜਾ: ਫਗਵਾੜਾ ਵਿੱਚ ਸਿੱਖ ਜਥੇਬੰਦੀਆਂ ਨੇ ਮਨਜੀਤ ਸਿੰਘ ਖਾਲਸਾ ਦੀ ਅਗਵਾਈ ਵਿੱਚ ਮਾਰਚ ਕੀਤਾ। ਮੁਸਲਿਮ ਜਥੇਬੰਦੀਆਂ ਨੇ ਵੀ ਮਾਰਚ ਵਿੱਚ ਸ਼ਾਮਲ ਹੋ ਕੇ ਇਕਮੁੱਠਤਾ ਦਾ ਪ੍ਰਗਟਾਵਾ ਕੀਤਾ।
Related Topics: Punjab Bandh