October 25, 2014 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ (24 ਅਕਤੂਬਰ, 2014)ਹਰਿਆਣਾ ਵਿੱਚ ਵਿਧਾਨਸਭਾ ਚੋਣਾਂ ਦੇ ਨਤੀਝਿਆਂ ਤੋਂ ਬਾਅਦ ਪੈਦਾ ਹੋਈ ਸਥਿਤੀ ਤੋਂ ਬਾਅਦ ਵਿਚਾਰ ਕਰਨ ਅਤੇ ਭਵਿੱਖ ਦੀ ਰਣਨਤਿੀ ਤੈਅ ਕਰਨ ਲਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਬਾਡੀ ਦੀ ਹੰਗਾਮੀ ਮੀਟਿੰਗ 27 ਅਕਤੂਬਰ ਨੂੰ ਕੁਰੂਕਸ਼ੇਤਰ ਵਿਚ ਸਵੇਰੇ 11 ਵਜੇ ਬੁਲਾਈ ਗਈ ਹੈ।
ਇਹ ਜਾਣਕਾਰੀ ਐਡਹਾਕ ਤੌਰ ‘ਤੇ ਉਕਤ ਨਾਮਜ਼ਦ 41 ਮੈਂਬਰੀ ਕਮੇਟੀ ਦੇ ਜਨਰਲ ਸੈਕਟਰੀ ਸ: ਜੋਗਾ ਸਿੰਘ ਨੇ ‘ਅਜੀਤ’ ਨਾਲ ਗੱਲਬਾਤ ਕਰਦੇ ਹੋਏ ਦਿੱਤੀ । ਉਨ੍ਹਾਂ ਦੱਸਿਆ ਕਿ ਹੁਣ ਜਦੋਂ ਕਿ ਭਾਜਪਾ ਦੇ ਸ੍ਰੀ ਮਨੋਹਰ ਲਾਲ ਖੱਟਰ ਪਹਿਲੀ ਵਾਰ ਰਾਜ ਸਰਕਾਰ ਦੀ ਵਾਗ ਡੋਰ ਸੰਭਾਲਣ ਜਾ ਰਹੇ ਹਨ ਤਾਂ ਘੱਟ ਗਿਣਤੀਆਂ ਨੂੰ ਇਹ ਹੀ ਉਮੀਦ ਹੈ ਕਿ ਉਹ ਸਮਾਜ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣਗੇ ਤੇ ਉਨ੍ਹਾਂ ਦੇ ਹਿਤਾਂ ਦੀ ਰਾਖੀ ਕਰਨਗੇ।
ਉਨ੍ਹਾਂ ਦੱਸਿਆ ਕਿ ਉਕਤ ਮੀਟਿੰਗ ਦਾ ਏਜੰਡਾ ਹੀ ਇਹੀ ਹੈ ਕਿ ਸ੍ਰੀ ਖੱਟਰ ਨਾਲ ਮਿਲ ਕੇ ਉਨ੍ਹਾਂ ਨੂੰ ਸਾਰੇ ਹਾਲਾਤ ਤੋਂ ਜਾਣੰ ਕਰਾਇਆ ਜਾਵੇ ਕਿ ਕਿਸ ਤਰ੍ਹਾਂ ਤੇ ਕਿੰਨੀ ਲੰਬੀ ਜਦੋ-ਜਹਿਦ ਤੋਂ ਪਿੱਛੋਂ ਹਰਿਆਣਾ ਦੇ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਉਕਤ ਕਮੇਟੀ ਹੋਂਦ ਵਿਚ ਆਈ ਹੈ।ਉਨ੍ਹਾਂ ਕਿਹਾ ਕਿ ਹੁਣ ਇਸ ਕਮੇਟੀ ਦਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਹੈ।
ਇਕ ਸੁਆਲ ਦੇ ਉੱਤਰ ‘ਚ ਉਨ੍ਹਾਂ ਕਿਹਾ ਕਿ ਉਕਤ ਕਮੇਟੀ ਦਾ ਇਕ ਪ੍ਰਤੀਨਿਧ ਮੰਡਲ ਛੇਤੀ ਹੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜ ਨਾਥ ਸਿੰਘ ਨਾਲ ਨਵੀਂ ਦਿੱਲੀ ‘ਚ ਮੁਲਾਕਾਤ ਕਰੇਗਾ, ਮੁਲਾਕਾਤ ਦਾ ਸਮਾਂ ਮੰਗਿਆ ਗਿਆ ਹੈ।
ਜਾਣਕਾਰੀ ਅਨੁਸਾਰ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਉਕਤ ਕਮੇਟੀ ਦੇ ਕਈ ਮੈਂਬਰ ਹੁਣ ਕਿਸੇ ਹੱਦ ਤੱਕ ਕੁਝ ਠੰਢੇ ਪੈ ਗਏ ਹਨ ਤੇ ਉਨ੍ਹਾਂ ਦੀ ਰਾਇ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਐਡਹਾਕ ਤੌਰ ‘ਤੇ ਹੀ ਨਾਮਜ਼ਦ ਕੀਤੀ ਗਈ ਹੈ, ਨੂੰ ਰਾਜਨੀਤੀ ਤੋਂ ਦੂਰ ਰਹਿਣਾ ਚਾਹੀਦਾ ਹੈ।
Related Topics: HSGMC, Sikhs in Haryana