August 21, 2014 | By ਸਿੱਖ ਸਿਆਸਤ ਬਿਊਰੋ
ਜਲੰਧਰ (20 ਅਗਸਤ 2014): ਪੰਜਾਬ ਕਾਂਗਰਸ ਵੱਲੌਂ ਫਿਲ਼ਮ “ਕੌਮ ਦੇ ਹੀਰੇ” ਤੇ ਪਾਬੰਦੀ ਦੀ ਮੰਗ ਕਰਨ ਤੋਂ ਬਾਅਦ ਹੁਣ ਸ਼ਿਵ ਸੈਨਾ ਅਤੇ ਭਾਜਪਾ ਵੱਲੋਂ ਵੀ ਫਿਲਮ ਦੀ ਪਾਬੰਦੀ ਲਾਉਣ ਦੀ ਮੰਗ ਕਰਦਿਆਂ ਮੁਜ਼ਾਹਰੇ ਕਰਨ ਦੀ ਧਮਕੀ ਦਿੱਤੀ ਹੈ।
1984 ‘ਚ ਭਾਰਤ ਦੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕਰਨ ਵਾਲੇ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ ਅਤੇ ਸ਼ਹੀਦ ਭਾਈ ਕੇਹਰ ਸਿੰਘ ਦੇ ਜੀਵਨ ‘ਤੇ ਬਣੀ ਪੰਜਾਬੀ ਫਿਲਮ ‘ਕੌਮ ਦੇ ਹੀਰੇ’ ‘ਤੇ ਭਾਰਤੀ ਜਨਤਾ ਪਾਰਟੀ ਨੇ ਰੋਕ ਲਗਾਉਣ ਦੀ ਮੰਗ ਕਰਦਿਆਂ ਕਿਹਾ ਕਿ ਇਸ ਫਿਲਮ ਦੇ ਪ੍ਰਦਰਸ਼ਨ ਦੀ ਮਨਜ਼ੂਰੀ ਕਿਵੇਂ ਦਿੱਤੀ ਗਈ ਹੈ, ਇਸ ਦੀ ਜਾਂਚ ਕਰਾਈ ਜਾਣੀ ਚਾਹੀਦੀ ਹੈ। ਪਾਰਟੀ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਬਣਾਉਣ ਦਾ ਟੀਚਾ ਪੰਜਾਬ ਅਤੇ ਮੁਲਕ ਨੂੰ ਅਸ਼ਾਂਤ ਕਰਨਾ ਹੀ ਹੋ ਸਕਦਾ ਹੈ।
ਇੱਥੇ ਇਹ ਜ਼ਿਕਰਯੋਗ ਹੈ ਕਿ ਇੰਦਰਾਂ ਗਾਂਧੀ ਵੱਲੋਂ ਸਿੱਖਾਂ ਦੇ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਭਾਰਤੀ ਫੌਜ ਵੱਲੋਂ ਅਟੈਕ ਕਰਨ ਦਾ ਹੁਕਮ ਦਿੱਤਾ ਸੀ । ਇਸ ਅਟੈਕ ਵਿੱਚ ਹਜ਼ਾਰਾਂ ਸਿੱਖ ਫੌਜ ਵੱਲੋਂ ਕਤਲ ਕੀਤੇ ਗਏ ਸਨ । ਜੂਨ 1984 ਦੇ ਹਮਲੇ ਤੋਂ ਬਾਅਦ ਭਾਈ ਬੇਅੰਤ ਸਿੰਘ ਤੇ ਭਾਈ ਸਤਵੰਤ ਸਿੰਘ ਨੇ 31 ਅਕਤੂਬਰ 1984 ਨੂੰ ਗੋਲੀਆਂ ਨਾਲ ਭੁੰਨ ਦਿੱਤਾ ਸੀ । ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਨੂੰ ਸਿੱਖ ਕੌਮ ਅਤੇ ਅਕਾਲ ਤਖਤ ਸਾਹਿਬ ਵੱਲੋਂ ਕੌਮੀ ਸ਼ਹੀਦਾਂ ਦਾ ਦਰਜਾ ਦਿੱਤਾ ਹੋਇਆ ਹੈ ।
ਭਾਜਪਾ ਦੀ ਸਾਬਕਾ ਰਾਸ਼ਟਰੀ ਉਪ ਪ੍ਰਧਾਨ ਡਾ. ਲਛਮੀਕਾਂਤ ਚਾਵਲਾ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਲਿਖ ਕੇ ਕਿਹਾ ਹੈ, ”ਦੇਸ਼ ਦੀ ਪ੍ਰਧਾਨ ਮੰਤਰੀ ਦੀ ਹੱਤਿਆ ਕਰਨ ਵਾਲਿਆਂ ਦੇ ਜੀਵਨ ‘ਤੇ ‘ਕੌਮ ਦੇ ਹੀਰੇ’ ਫਿਲਮ ਦਾ ਨਿਰਮਾਣ ਕੀਤਾ ਗਿਆ ਹੈ। ਇਸ ‘ਚ ਉਨ੍ਹਾਂ ਨੂੰ ਕੌਮ ਦੇ ਨਾਇਕ ਦਿਖਾਇਆ ਗਿਆ ਹੈ।
ਭਾਜਪਾ ਨੇਤਾ ਨੇ ਕਿਹਾ, ”ਮੰਗਲਵਾਰ ਨੂੰ ਹੀ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਸੈਂਸਰ ਬੋਰਡ ਦੇ ਲੋਕ ਪੈਸੇ ਲੈ ਕੇ ਫਿਲਮ ਨੂੰ ਪ੍ਰਦਰਸ਼ਿਤ ਕਰਨ ਦਾ ਸਰਟੀਫਿਕੇਟ ਦਿੰਦੇ ਹਨ। ਇਸ ਲਈ ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਅਜਿਹੀਆਂ ਘਟੀਆ ਫਿਲਮਾਂ ਨੂੰ ਪ੍ਰਸਾਰਣ ਦੀ ਮਨਜ਼ੂਰੀ ਕਿਵੇਂ ਦਿੱਤੀ ਗਈ ਹੈ, ਜਿਸ ‘ਚ ਪ੍ਰਧਾਨ ਮੰਤਰੀ ਦੇ “ਹੱਤਿਆਰਿਆਂ” ਨੂੰ ਨਾਇਕ ਕਰਾਰ ਦਿੱਤਾ ਗਿਆ ਹੈ।”
ਇਸੇ ਦੌਰਾਨ ਰੋਪੜ ਤੋੰ ਪੰਜਾਬ ਸ਼ਿਵਸੈਨਾਂ ਨੇ ਵੀ ਕਾਂਗਰਸ ਅਤੇ ਬੀਜੇਪੀ ਦੀ ਸੁਰ ਵਿੱਚ ਸੁਰ ਮਿਲਾਉਦਿਆਂ ਫਿਲਮ ਕੌਮ ਦੇ ਹੀਰੇ ‘ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ।
ਰੋਪੜ ਦੇ ਡਿਪਟੀ ਕੰਿਸ਼ਨਰ ਨੂੰ ਦਿੱਤੇ ਪੱਤਰ ਵਿੱਚ ਸ਼ਿਵ ਸੈਨਾ (ਪ੍ਰਧਾਨ ਰੋਪੜ) ਨੇ ਕਿਹਾ ਕਿ ਫਿਲਮ ਦਾ ਨਾਮ “ਕੌਮ ਦੇ ਹੀਰੇ” ਵਿਵਾਦਤ ਨਾਮ ਹੈ। ਉਸਨੇ ਕਿਹਾ ਕਿ ਫਿਲਮ ਦਾ ਪ੍ਰਦਰਸ਼ਨ ਪੰਜਾਬ ਦੇ ਭਾਈਚਾਰਕ ਮਾਹੋਲ ਨੂੰ ਖਰਾਬ ਕਰ ਸਕਦਾ ਹੈ।
ਇਸੇ ਦੌਰਾਨ ਫਿਲਮ ਦੇ ਨਿਰਮਾਤਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਫਿਲਮ ਠਾਕੁਰ ਕਮਿਸ਼ਨ, ਜਿਸ ਨੇ ਇੰਦਰਾ ਗਾਂਧੀ ਕਤਲ ਕੇਸ ਦੀ ਜਾਂਚ ਕੀਤੀ ਸੀ, ਉਸਦੀ ਜਾਂਚ ‘ਤੇ ਅਧਾਰਤਿ ਇੱਕ ਸੱਚੀ ਕਹਾਣੀ ‘ਤੇ ਬਣਾਈ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਫਿਲਮ ਪੂਰੀ ਤਰਾਂ ਨਿਰਪੱਖ ਫਿਲਮ ਹੈ ਅਤੇ ਇਸ ਵਿੱਚ ਕਿਦੇ ਭਾਈਚਰੇ ਨੂੰ ਨੀਵਾ ਨਹੀਂ ਦਿਖਾਇਆ ਗਿਆ। ਕੁਝ ਲੋਕ ਬਿਨ੍ਹਾਂ ਫਿਲ਼ਮ ਦੇਖੇ ਬੇਲੋੜਾ ਵਿਵਾਦ ਖੜਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਉਨਾਂ ਨੇ ਕਿਹਾ ਕਿ ਸੈਂਸਰ ਬੋਰਡ ਨੇ ਫਿਲਮ ਨੂੰ ਏ ਸਰਟੀਫਿਕੇਟ ਨਾਲ ਪਾਸ ਕੀਤਾ ਹੈ ਅਤੇ ਫਿਲਮ 22 ਅਗਸਤ ਨੂੰ ਪੰਜਾਬ ਦੇ 100 ਤੋਂ ਵੱਧ ਸਿਨੇਮਾ ਘਰਾਂ ਵਿੱਚ ਵਿਖਾਈ ਜਾਵੇਗੀ।
ਇਸ ਖ਼ਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਸਾਡੀ ਅੰਗਰੇਜ਼ੀ ਦੀਆਂ ਖ਼ਬਰਾਂ ਵਾਲੀ ਵੈੱਬਸਾਈਟ ‘ਤੇ ਜਾਓ: ਵੇਖੋ
Congress, BJP, Shiv Sena echo demand for ban on Kaum De Heere Movie
Related Topics: BJP, Congress Government in Punjab 2017-2022, Kaum De Heere Movie, Punjab Politics, Shiv Sena