August 9, 2014 | By ਸਿੱਖ ਸਿਆਸਤ ਬਿਊਰੋ
ਤਲਵੰਡੀ ਸਾਬੋ, 8 ਅਗਸਤ 2014): ਆਮ ਆਦਮੀ ਪਾਰਟੀ ਵੱਲੋਂ ਹਲਕਾ ਤਲਵੰਡੀ ਸਾਬੋ ਤੋਂ ਜ਼ਿਮਨੀ ਚੋਣ ਲੜ ਰਹੀ ਸਿੱਖੀ ਨੂੰ ਸਮਰਪਿਤ ਪਰਿਵਾਰ ਦੀ ਲੜਕੀ ਬੀਬੀ ਪ੍ਰੋ. ਬਲਜਿੰਦਰ ਕੌਰ ਨੂੰ ਅੱਜ ਯੂਨਾਈਟਿਡ ਸਿੱਖ ਮੂਵਮੈਂਟ ਨੇ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ ਹੈ ਤਾਂ ਜੋ ਪੰਜਾਬ ਵਿੱਚੋਂ ਬਾਦਲ ਦਲ ਅਤੇ ਕਾਂਗਰਸ ਦੇ ਖ਼ਿਲਾਫ਼ ਤੀਜੀ ਧਿਰ ‘ਆਪ’ ਖੜ੍ਹੀ ਕੀਤੀ ਜਾ ਸਕੇ।
ਯੂਨਾਈਟਿਡ ਸਿੱਖ ਮੂਵਮੈਂਟ ਦੀ ਇੱਥੇ ਹੋਈ ਮੀਟਿੰਗ ਵਿੱਚ ਪ੍ਰਧਾਨ ਭਾਈ ਮੋਹਕਮ ਸਿੰਘ, ਜਨਰਲ ਸਕੱਤਰ ਗੁਰਦੀਪ ਸਿੰਘ ਬਰਾੜ, ਸਤਨਾਮ ਸਿੰਘ ਮਨਾਵਾਂ, ਹਰਬੰਸ ਸਿੰਘ ਅਤੇ ਸੁੱਚਾ ਸਿੰਘ ਛੋਟੇਪੁਰ ਸ਼ਾਮਲ ਹੋਏ।
ਇਨ੍ਹਾਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਅਕਾਲੀ ਅਤੇ ਕਾਂਗਰਸੀ ਇੱਕ ਥਾਲੀ ਦੇ ਚੱਟੇ-ਵੱਟੇ ਹਨ। ਇਸ ਲਈ ‘ਆਪ’ ਨੂੰ ਉਭਾਰਨ ਲਈ ਮੂਵਮੈਂਟ ਨੇ ਤਲਵੰਡੀ ਸਾਬੋ ਦੀ ਜ਼ਿਮਨੀ ਚੋਣ ਲੜ ਰਹੀ ਪੜ੍ਹੀ ਲਿਖੀ ਲੜਕੀ ਪ੍ਰੋਫੈਸਰ ਬਲਜਿੰਦਰ ਕੌਰ ਦੀ ਹਮਾਇਤ ਕਰਨ ਦਾ ਫੈਸਲਾ ਲਿਆ ਹੈ।
ਇਸ ਮੌਕੇ ਹਾਜ਼ਰ ਸੁੱਚਾ ਸਿੰਘ ਛੋਟੇਪੁਰ ਨੇ ਮੂਵਮੈਂਟ ਵੱਲੋਂ ਬੀਬੀ ਬਲਜਿੰਦਰ ਕੌਰ ਨੂੰ ਹਮਾਇਤ ਦਿੱਤੇ ਜਾਣ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਸ ਨਾਲ‘ਆਪ’ ਦੀ ਸਥਿਤੀ ਹੋਰ ਮਜ਼ਬੂਤ ਹੋਵੇਗੀ।
ਜ਼ਿਕਰਯੋਗ ਹੈ ਕਿ ਬੀਬੀ ਬਲਜਿੰਦਰ ਕੌਰ ਸਿੱਖ ਸੰਘਰਸ਼ ਦੇ ਜੁਝਾਰੂ ਯੋਧੇ ਸ਼ਹੀਦ ਭਾਈ ਸੁਖਪਾਲ ਸਿੰਘ ਬੱਬਰ ਦੀ ਭਤੀਜੀ ਹਨ, ਜਿਨ੍ਹਾਂ ਨੇ ਇਲਾਕੇ ਵਿੱਚ ਕੌਮੀ ਸੰਘਰਸ਼ ਦੀ ਅਗਵਾਈ ਕਰਦਿਆਂ ਕੌਮੀ ਸੇਵਾ ਦੇ ਨਾਲ ਨਾਲ ਇਲਾਕੇ ਦੇ ਲੋਕਾਂ ਦਾ ਅਥਾਹ ਪਿਆਰ ਪ੍ਰਾਪਤ ਕੀਤਾ ਸੀ।
Related Topics: Aam Aadmi Party, Punjab Politics, United SIkh Movement