July 7, 2014 | By ਸਿੱਖ ਸਿਆਸਤ ਬਿਊਰੋ
ਦਿਲਜੀਤ ਦੁਸਾਂਝ ਦੀ ਅਦਾਕਾਰੀ ਵਾਲੀ ਫਿਲਮ ‘‘ਪੰਜਾਬ 1984” ਬੀਤੇ ਸ਼ੁੱਕਰਵਾਰ ਦੁਨੀਆ ਭਰ ਵਿਚ ਜਾਰੀ ਹੋਈ। ਇਸ ਫਿਲਮ ਦੇ ਨਿਰਦੇਸ਼ਕ ਅਨੁਰਾਗ ਸਿੰਘ ਅਨੁਸਾਰ ਉਸਦੀ ਫਿਲਮ ‘‘ਗੈਰ-ਸਿਆਸੀ” ਹੈ।
ਭੀੜ ਪਖੋਂ ਇਸ ਫਿਲਮ ਦੀ ਸ਼ੁਰੂਆਤ ਨੂੰ ਇਕ ਨਵੇਂ ਕੀਰਤੀਮਾਨ ਵਜੋਂ ਵੇਖਿਆ ਜਾ ਰਿਹਾ ਹੈ ਤੇ ਵਿਚਾਰਕ ਪਖੋਂ ਵੀ ਦਰਸ਼ਕਾਂ ਵਲੋਂ ਇਸ ਨੂੰ ਰਲਿਆ-ਮਿਲਿਆ ਹੁੰਗਾਰਾ ਦਿੱਤਾ ਜਾ ਰਿਹਾ ਹੈ। ਦਿਲਜੀਤ ਦੇ ਪ੍ਰਸ਼ੰਸਕਾਂ ਜਿਨ੍ਹਾਂ ਵਿਚ ਵੱਡੀ ਗਿਣਤੀ ਅੱਲ੍ਹੜ ਉਮਰ ਵਾਲਿਆਂ ਦੀ ਹੈ, (ਭਾਵੇਂ ਕਿ ਇਸ ਵਿਚ ਹਰ ਉਮਰ-ਵਰਗ ਦੇ ਲੋਕ ਸ਼ਾਮਲ ਹਨ) ਵਲੋਂ ਇਸ ਫਿਲਮ ਦੀ ਪੁੱਜ ਕੇ ਸ਼ਲਾਘਾ ਕੀਤੀ ਜਾ ਰਹੀ ਹੈ। ਕਈ ਨੌਜਵਾਨਾਂ ਦਾ ਕਹਿਣਾ ਹੈ ਕਿ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਨੂੰ 1984 ਨਾਲ ਸੰਬੰਧਤ ਤੱਥਾਂ ਬਾਰੇ ਜਾਣਕਾਰੀ ਹੋ ਗਈ ਹੈ।
ਪਰ ਦੂਜੇ ਪਾਸੇ ਕਈ ਸਿੱਖ ਹਲਕਿਆਂ ਵਲੋਂ ਇਸ ਫਿਲਮ ਦੀ ਅਲੋਚਨਾ ਕੀਤੀ ਜਾ ਰਹੀ ਹੈ ਕਿ ਇਹ ਫਿਲਮ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਦੀ ਹੈ ਅਤੇ ਸਿੱਖ ਖਾੜਕੂ ਲਹਿਰ ਖਿਲਾਫ ਕੀਤੇ ਗਏ ਸਰਕਾਰੀ ਕੂੜ-ਪ੍ਰਚਾਰ ਤੋਂ ਪ੍ਰਭਾਵਤ ਹੈ ਅਤੇ ਸਿੱਖ ਸੰਘਰਸ਼ ਬਾਰੇ ਮਾੜਾ ਨਜ਼ਰੀਆ ਪੇਸ਼ ਕਰਦੀ ਹੈ।
ਸਮਾਜਕ ਸੰਪਰਕ ਵੈਬਸਾਈਟਾਂ ਉੱਤੇ ਉਕਤ ਦੋਵਾਂ ਵਿਚਾਰਾਂ ਵਿਚ ਬਹਿਸ ਵੀ ਚੱਲ ਰਹੀ ਹੈ।
ਜੇਕਰ ਇਸ ਫਿਲਮ ਦੀ ਕਹਾਣੀ ਬਾਰੇ ਗੱਲ ਕਰਨੀ ਹੋਵੇ ਤਾਂ ਇਹ ਉਸ ਮਾਂ ਦੀ ਕਹਾਣੀ ਹੈ ਜਿਸ ਦੇ ਪੁੱਤਰ ਨੂੰ ਸ਼ਰੀਕ ਜਮੀਨ ਦੇ ਝਗੜੇ ਦੇ ਚੱਲਦਿਆਂ ਪੁਲਿਸ ਕੋਲੋਂ ਚੁਕਵਾ ਦਿੰਦੇ ਹਨ ਤੇ ਫਿਰ ਉਸ ਦਾ ਕੋਈ ਥਹੁ-ਪਤਾ ਨਹੀਂ ਲੱਗਦਾ ਤੇ ਉਸ ਮਾਂ ਦੀ ਉਡੀਕ ਕਦੇ ਵੀ ਨਾ ਮੁੱਕਣ ਵਾਲੀ ਜਾਪਦੀ ਹੈ।
ਦੂਜੇ ਪਾਸੇ ਇਹ ਉਸ ਪੁੱਤ ਦੀ ਕਹਾਣੀ ਹੈ ਜੋ ਪੁਲਿਸ ਦੇ ਡਰੋਂ ਰਾਤ ਨੂੰ ਲੁਕ-ਛਿਪ ਕੇ ਆਪਣੇ ਘਰ ਨਹੀਂ ਜਾਣਾ ਚਾਹੁੰਦਾ ਬਲਕਿ ਚਿੱਟੇ ਦਿਨ, ਜੈਕਾਰੇ ਗਜਾਉਂਦਾ ਹੋਇਆ ਅਤੇ ਅਣਖ ਨਾਲ ਘਰ ਮੁੜਨਾ ਚਾਹੁੰਦਾ ਹੈ। ਪੁੱਤ ਨੂੰ ਲੱਭਣ ਵਿਚ ਮਾਂ ਦੀ ਮਦਦ ਉਸਦੇ ਪੁੱਤ ਦਾ ਇਕ ਹਿੰਦੂ ਦੋਸਤ ਸਾਰੇ ਖਤਰਿਆਂ ਨੂੰ ਰੱਦ ਕਰਕੇ ਕਰਦਾ ਹੈ ਤੇ ‘‘ਖਾੜਕੂਆਂ” ਹਥੋਂ ਹਿੰਦੂ ਹੋਣ ਕਰਕੇ ਮਾਰਿਆ ਜਾਂਦਾ ਹੈ।
ਫਿਲਮ ਦੀ ਕਹਾਣੀ ਦੀ ਪਿੱਠ-ਭੂਮੀ ਵਿਚ ਦਿਖਾਇਆ ਗਿਆ ਹੈ ਕਿ ਸ਼ਿਵੇ (ਪਾਤਰ ਦਿਲਜੀਤ) ਦਾ ਪਿਤਾ ਜੂਨ 1984 ਦੇ ਹਮਲੇ ਦੌਰਾਨ ਦਰਬਾਰ ਸਾਹਿਬ ਦੀ ਪਰਕਰਮਾ ਵਿਚ ਭਾਰਤੀ ਫੌਜ ਅਤੇ ਸਿੱਖ ਲੜਾਕਿਆਂ ਵਿਚ ਚੱਲਦੀ ਦੁਵੱਲੀ ਗੋਲੀਬਾਰੀ ਵਿਚ ਮਾਰਿਆ ਜਾਂਦਾ ਹੈ। ਉਸ ਦੇ ਪਿਤਾ ਨੂੰ ਅੱਤਵਾਦੀ ਗਰਦਾਨ ਕੇ ਸਰਕਾਰ ਵਲੋਂ ਉਸ ਦੀ ਮਿਰਤਕ ਦੇਹ ਖੁਰਦ-ਬੁਰਦ ਕਰ ਦਿੱਤੀ ਜਾਂਦੀ ਹੈ।
ਇਸ ਫਿਲਮ ਵਿਚ ਸ਼ਿਵੇ ਦੇ ਪਰਿਵਾਰ ਦਾ ਆਪਣੇ ਸ਼ਰੀਕਾਂ ਨਾਲ ਜ਼ਮੀਨ ਦਾ ਝਗੜਾ ਹੈ। ਸ਼ਰੀਕ ਪੁਲਿਸ ਨਾਲ ਸਾਜਿਸ਼ ਕਰਦੇ ਹਨ ਤੇ ਪੁਲਿਸ ਅਫਸਰ ਰਾਣਾ ਇਕ ਖਾੜਕੂ ਕਾਰਵਾਈ ਦਾ ਬਹਾਨਾ ਬਣਾ ਕੇ ਸ਼ਿਵੇ ਨੂੰ ਚੁਕ ਲੈਂਦਾ ਹੈ।
ਸ਼ਿਵਾ ਦੋ ਹੋਰਾਂ ਨਾਲ ਪੁਲਿਸ ਹਿਰਾਸਤ ਵਿਚੋਂ ਦੌੜ ਜਾਂਦਾ ਹੈ – ਜਿਨ੍ਹਾਂ ਵਿਚੋਂ ਪਹਿਲਾ ਵਿਦਰੋਹੀ ਕਵਿਤਾਵਾਂ ਲਿਖਣ ਕਰਕੇ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਇਆ ਹੁੰਦਾ ਹੈ ਤੇ ਦੂਜਾ ਇਸ ਕਰਕੇ ਕਿ ਉਸ ਨੇ ਆਪਣੀ ‘ਸਹੇਲੀ’ ਨੂੰ ਛੇੜਨ ਕਰਕੇ ਇਕ ਪੁਲਿਸ ਵਾਲੇ ਦੇ ਮੁੰਡੇ ਨੂੰ ਕੁਟਾਪਾ ਚਾੜ੍ਹਿਆ ਸੀ।
ਇਹ ਤਿੰਨੇ ਇਕ ਅਜਿਹੇ ਖਾੜਕੂ ਗੁਰੱਪ ਵਿਚ ਸ਼ਾਮਲ ਹੋ ਜਾਂਦੇ ਹਨ ਜਿਸ ਦਾ ਆਗੂ ਗੱਲਾਂ ਤਾਂ ਬੰਦੂਕ ਵਿਚੋਂ ਖਾਲਸਤਾਨ ਕੱਢਣ ਦੀਆਂ ਕਰਦਾ ਹੈ ਪਰ ਉਸ ਦਾ ਆਪਣਾ ਚਰਿੱਤਰ ਹੀਣਾ ਵਿਖਾਇਆ ਗਿਆ ਹੈ।
ਇਹ ਨਵੇਂ ‘‘ਰੰਗਰੂਟ” ਪਾਕਿਸਤਾਨ ਵਿਚ ਟ੍ਰੇਰਨਿੰਗ ਲੈਂਦੇ ਹਨ ਅਤੇ ਫਿਰ ਐਕਸ਼ਨ (ਕਾਰਵਾਈਆਂ) ਕਰਨ ਲਈ ਪੰਜਾਬ ਆ ਜਾਂਦੇ ਹਨ।
ਉਹ ਇਕ ਵੱਡੇ ਪੁਲਿਸ ਅਫਸਰ ਨੂੰ ਮਾਰਦੇ ਹਨ। ਸ਼ਿਵਾ (ਦਿਲਜੀਤ) ਇਸ ਕੰਮ ਲਈ ਇਸ ਕਰਕੇ ਤਿਆਰ ਹੋ ਜਾਂਦਾ ਹੈ ਕਿਉਂਕਿ ਉਹ ਪੁਲਿਸ ਅਫਸਰ ਰਾਣੇ (ਉਹ ਪੁਲਿਸ ਵਾਲਾ ਜਿਸ ਨੇ ਸ਼ਿਵੇ ਨੂੰ ਚੁੱਕਿਆ ਸੀ) ਦਾ ਸੀਨੀਅਰ ਸੀ।
ਇਸ ਤੋਂ ਬਾਅਦ ਸ਼ਿਵਾ ਆਮ ਲੋਕਾਂ ਨੂੰ ਮਾਰਨ ਲਈ ਇਕ ਬੱਸ ਵਿਚ ਬੰਬ ਰੱਖ ਦਿੰਦਾ ਹੈ ਪਰ ਜਦੋਂ ਦੇਖਦਾ ਹੈ ਕਿ ਉਸ ਬੱਸ ਵਿਚ ਉਸਦੀ ਆਪਣੀ ਮਾਂ ਸਫਰ ਕਰ ਰਹੀ ਹੈ ਤਾਂ ਉਹ ਬੱਸ ਪਿੱਛੇ ਦੌੜ ਕੇ ਬੰਬ ਬਾਹਰ ਕੱਢ ਲੈਂਦਾ ਹੈ ਤੇ ਫਿਰ ਅਜਿਹੀਆਂ ਕਾਰਵਾਈਆਂ ਦੇ ਵਿਰੁਧ ਹੋ ਜਾਂਦਾ ਹੈ।
ਸ਼ਿਵਾ ਆਪਣੇ ਸ਼ਰੀਕ ਨੂੰ ਉਸ ਵੇਲੇ ਮਾਰ ਦਿੰਦਾ ਹੈ ਜਦੋਂ ਕਿ ਉਹ ਸ਼ਿਵੇ ਕੀ ਜ਼ਮੀਨ ਵਾਹੁਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ।
ਸ਼ਿਵੇ ਵਾਲੇ ‘‘ਖਾੜਕੂ” ਗੁਰੱਪ ਦਾ ਆਗੂ ਪਾਕਿਸਤਾਨ ਤੋਂ ਅਦੇਸ਼ ਮਿਲਣ ਉੱਤੇ ਆਪਣੇ ਬੰਦਿਆਂ ਰਾਹੀਂ ਬੱਸ ਵਿਚੋਂ ਕੱਢਵਾ ਕੇ ਹਿੰਦੂਆਂ ਨੂੰ ਕਤਲ ਕਰਵਾਉਂਦਾ ਹੈ। ਕਤਲ ਹੋਣ ਵਾਲਿਆਂ ਵਿਚ ਸ਼ਿਵੇ ਦਾ ਬਚਪਨ ਦਾ ਯਾਰ ਵੀ ਸ਼ਾਮਲ ਹੂੰਦਾ ਹੈ।
ਸ਼ਿਵੇ ਦੇ ਗਰੁੱਪ ਵਾਲੇ ਇਕ ਖਾਲਸਤਾਨੀ ਆਗੂ ਦਾ ਕਤਲ ਕਰ ਦਿੰਦੇ ਹਨ ਜਿਸ ਨੇ ਇਕ ਮੀਟਿੰਗ ਵਿਚ ਨਿਰਦੋਸ਼ ਹਿੰਦੂਆਂ ਦੇ ਕਤਲਾਂ ਨੂੰ ਸਹੀ ਠਹਿਰਾਇਆ ਸੀ (ਭਾਵੇਂ ਕਿ ਕਹਾਣੀ ਅਨੁਸਾਰ ਵੀ ਉਹ ਆਗੂ ਇਨ੍ਹਾਂ ਕਤਲਾਂ ਲਈ ਜਿੰਮੇਵਾਰ ਨਹੀਂ ਦਿਖਾਇਆ ਗਿਆ)।
ਸ਼ਿਵੇ ਦੇ ਗੁਰੱਪ ਦਾ ਆਗੂ ਆਪਣੇ ਬੰਦਿਆ ਰਾਹੀਂ ਸ਼ਿਵੇ ਦੇ ਸਾਥੀ ਨੂੰ ਮਾਰ ਦਿੰਦਾ ਹੈ ਪਰ ਸ਼ਿਵਾ ਬਚ ਜਾਂਦਾ ਹੈ ਤੇ ਉਹ ਗੁਰੱਪ ਦੇ ਆਗੂ ਨੂੰ ਅਤੇ ਇਕ ਹੋਰ ਸਿਆਸਤ ਦਾਨ ਨੂੰ, ਜੋ ਕਿ ਇਸ ਸਾਰੇ ਮਹੌਲ ਵਿਚ ਆਪਣੀ ਸਿਆਸਤ ਜਮਾਉਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ, ਮਾਰ ਦਿੰਦਾ ਹੈ।
ਫਿਰ ਸ਼ਿਵਾ ਰਾਣੇ (ਪੁਲਿਸ ਵਾਲੇ) ਨੂੰ ਖੁੱਲੀ ਚਣੌਤੀ ਦਿੰਦਾ ਹੈ ਤੇ ਉਸਨੂੰ ਮਾਰ ਦਿੰਦਾ ਹੈ। ਰਾਣੇ ਨੂੰ ਮਾਰ ਕੇ ਸ਼ਿਵਾ ‘‘ਜੈਕਾਰੇ” ਲਗਾਉਂਦਾ ਹੋਇਆ ਆਪਣੇ ਘਰ ਪਰਤਦਾ ਹੈ ਪਰ ਬਰੂਹਾਂ ਉੱਤੇ ਉਸ ਨੂੰ ਇਕ ਹੋਰ ਪੁਲਿਸ ਵਾਲਾ ਇਹ ਕਹਿੰਦਿਆਂ ਮਾਰ ਦਿੰਦਾ ਹੈ ਕਿ ‘‘ਇਨ੍ਹਾਂ ਅੱਤਵਾਦੀਆਂ ਨੇ ਮਾਹੌਲ ਖਰਾਬ ਕੀਤਾ ਹੋਇਆ ਹੈ”।
ਫਿਲਮ ਦੇ ਅੰਤ ਵਿਚ ਪੁਲਿਸ ਵਲੋਂ ਚੁੱਕ ਕੇ ਲਾਪਤਾ ਕੀਤੇ ਗਏ ਨੌਜਵਾਨਾਂ ਤੇ ਉਨ੍ਹਾਂ ਦੇ ਪਰਵਾਰਾਂ ਦੀਆਂ ਤਸਵੀਰਾਂ ਵਿਖਾਉਂਦਿਆਂ ਉਨ੍ਹਾਂ ਬਾਰੇ ਸੰਖੇਪ ਜਾਣਕਾਰੀ ਵੀ ਦਿੱਤੀ ਗਈ ਹੈ।
ਇਹ ਫਿਲਮ ਇਕ ਦੁਖਾਂਤਕ-ਡਰਾਮਾ ਕਿਸਮ ਦੀ ਫਿਲਮ ਹੈ। ਪਰਿਵਾਰਕ ਦੁਸ਼ਮਣੀ/ ਲਾਗਤਬਾਜ਼ੀ, ਪੁਲਿਸ ਵਧੀਕੀਆਂ ਤੇ ਸਿਆਸਤਦਾਨਾਂ ਦੀ ਸੌੜੀ ਸਿਆਸਤ ਦੇ ਵਿਸ਼ਿਆਂ ਉੱਤੇ ਪੁਹਿਲਾਂ ਵੀ ਕਈ ਫਿਲਮਾਂ ਬਣ ਚੁੱਕੀਆਂ ਹਨ।
ਹੁਣ ਸਵਾਲ ਇਹ ਹੈ ਕਿ ਕਿਸੇਂ ਨੂੰ ਇਸੇ ਬਾਰੇ ਇਤਰਾਜ਼ ਕਿਉਂ ਹੋ ਸਕਦੇ ਹਨ?
ਹੇਠਾਂ ਕੁਝ ਨੁਕਤੇ ਸਾਂਝੇ ਕਰ ਰਿਹਾ ਹਾਂ, ਜਿਨ੍ਹਾਂ ਕਰਕੇ ਮੈਨੂੰ ਇਸ ਫਿਲਮ ਬਾਰੇ ਇਤਰਾਜ਼ ਹਨ:
1984 ਦੇ ਦੁਖਾਂਤ ਨੂੰ ਸਿੱਖ ਯਾਦ ਤੋਂ ਵੱਖ ਕਰਨ ਦੀ ਕੋਸ਼ਿਸ਼: ‘‘1984” ਦੇ ਸਿੱਖਾਂ ਲਈ ਖਾਸ ਅਰਥ ਹਨ। ‘‘1984” ਸਿੱਖਾਂ ਦੇ ਕੌਮੀ ਦੁਖਾਂਤ ਨੂੰ ਰੂਪਮਾਨ ਕਰਦਾ ਹੈ। ‘‘ਸਿੱਖ ਯਾਦ” ਵਿਚ ਜੂਨ 1984 ‘ਚ ਦਰਬਾਰ ਸਾਹਿਬ ਸਮੂਹ ਉੱਤੇ ਹੋਇਆ ਹਮਲਾ ਨਵੇਂ ਘੱਲੂਘਾਰੇ ਦੀ ਸ਼ੁਰੂਆਤ ਵਜੋਂ ਸਥਾਪਤ ਹੋ ਚੁੱਕਾ ਹੈ। ਇਹ ਘਟਨਾਵਾਂ ਸਿੱਖਾਂ ਲਈ ‘‘ਸਭਿਆਚਾਰਕ ਦੁਖਾਂਤ” ਦਾ ਰੁਤਬਾ ਹਾਸਲ ਕਰ ਚੁੱਕੀਆਂ ਹਨ, ਜਿਸ ਦਾ ਸੰਬੰਧ ਸਿੱਖਾਂ ਦੇ ਅਤੀਤ ਤੇ ਭਵਿੱਖ ਨਾਲ ਡੂੰਘੇ ਰੂਪ ਵਿਚ ਜੁੜ ਚੁੱਕਾ ਹੈ। ਪਿਛਲੇ 30 ਸਾਲਾਂ ਦੌਰਾਨ ਸਰਕਾਰ ਵਲੋਂ ਪ੍ਰਾਪੇਗੈਂਡੇ ਦੇ ਹੜ੍ਹ ਨਾਲ ਇਸ ਯਾਦ ਨੂੰ ਸਿੱਖਾਂ ਦੇ ਮਨਾਂ ਵਿਚੋਂ ਰੋੜ੍ਹ ਦੇਣ ਦੇ ਕਈ ਯਤਨ ਹੋਏ ਪਰ ਸਿੱਖਾਂ ਨੇ ਨਾ ਸਿਰਫ ਇਸ ਯਾਦ ਨੂੰ ਆਪਣੇ ਮਨਾਂ ਵਿਚ ਸੰਭਾਲਿਆ ਹੋਇਆ ਹੈ ਬਲਕਿ ਸਿੱਖ ਇਸ ਬਾਰੇ ਆਪਣਾ ਬਿਰਤਾਂਤ ਸਿਰਜਣ ਲਈ ਵੀ ਯਤਨਸ਼ੀਲ ਰਹੇ ਹਨ।
ਅੱਜ ਅਸੀਂ 1984 ਦੀਆਂ ਘਟਨਾਵਾਂ ਤੋਂ 30 ਵਰ੍ਹਿਆਂ ਦੀ ਵਿੱਥ ਉੱਤੇ ਖੜ੍ਹੇ ਹਾਂ ਤੇ ਸਿੱਖਾਂ ਦੀ ਨਵੀਂ ਪੀੜ੍ਹੀ ਅੱਜ ਜਵਾਨੀ ਵਿਚ ਵਿਚਰ ਰਹੀ ਹੈ। ਇਨ੍ਹਾਂ ਨੌਜਵਾਨਾਂ ਨੇ 1984 ਦੀਆਂ ਘਟਨਾਵਾਂ ਨਾ ਅੱਖੀਂ ਦੇਖੀਆਂ ਹਨ ਤੇ ਨਾ ਹੀ ਹੱਡੀਂ ਹੰਡਾਈਆਂ ਹਨ ਪਰ ਫਿਰ ਵੀ ਉਹ ਆਪਣੇ ਆਪ ਨੂੰ ਇਨ੍ਹਾਂ ਘਟਨਾਵਾਂ ਨਾਲ ਜੁੜਿਆ ਹੋਇਆ ਮਹਿਸੂਸ ਕਰਦੇ ਹਨ। ਉਹ ਇਨ੍ਹਾਂ ਘਟਨਾਵਾਂ ਨੂੰ ਸਮਝਣ ਦੇ ਯਤਨਾਂ ਵਿਚ ਵੀ ਰਹਿੰਦੇ ਹਨ, ਜਿਸ ਲਈ ਉਹ ਕਿਤਾਬਾਂ, ਆਡੀਓ/ਵੀਡੀਓ (ਲੈਕਚਰ, ਵਿਚਾਰ-ਚਰਚਾ, ਇੰਟਰਵਿਊ) ਆਦਿ ਦੀ ਮਦਦ ਲੈਂਦੇ ਹਨ।
ਸਿਨੇਮਾ ਇਕ ਬਹੁਤ ਹੀ ਪ੍ਰਭਾਵਸ਼ਾਲੀ ਸਾਧਨ ਹੈ ਜੋ ਦਰਸ਼ਕਾਂ ਨੂੰ ਕਹਾਣੀ ਵਿਚ ਸ਼ਾਮਲ ਕਰਵਾ ਲੈਣ ਤੇ ਉਨ੍ਹਾਂ ਨੂੰ ਭਾਵਨਾਤਮਕ ਪੱਧਰ ਤੱਕ ਪ੍ਰਭਾਵਤ ਕਰਨ ਦੀ ਤਾਕਤ ਰੱਖਦਾ ਹੈ।
‘ਪੰਜਾਬ 1984’ ਫਿਲਮ ਬਾਰੇ ਮੇਰਾ ਪਹਿਲਾ ਇਤਰਾਜ਼ ਇਹ ਹੈ ਕਿ ਇਹ ਫਿਲਮ ਪੰਜਾਬ+1984 ਦੇ ਬਿੰਬ ਨੂੰ ਸਿੱਖਾਂ ਦੇ ਦੁਖਾਂਤ ਤੋਂ ਤੋੜਨ ਦਾ ਯਤਨ ਕਰਦੀ ਹੈ।
1984 ਦੇ ਤੀਹ ਸਾਲ ਬਾਅਦ ਤਾਂ ਭਾਰਤੀ ਸਟੇਟ ਦੇ ਪ੍ਰਚਾਰਕਾਂ ਲਈ ਵੀ ਉਸ ਦੌਰ ਦੌਰਾਨ ਸਿੱਖਾਂ ਨਾਲ ਕੀਤੀਆਂ ਵਧੀਕੀਆਂ ਨੂੰ ਨੰਗੇ-ਚਿਟੇ ਰੂਪ ਵਿਚ ਜਾਇਜ਼ ਠਹਿਰਾਉਣਾ ਮੁਸ਼ਕਿਲ ਹੋ ਰਿਹਾ ਹੈ; ਇਸ ਲਈ ਇਕ ਨਵੀਂ ਵਿਆਖਿਆ ਇਹ ਲਿਆਂਦੀ ਜਾ ਰਹੀ ਹੈ ਕਿ ਉਸ ਸਮੇਂ ਦੌਰਾਨ ਚੱਕੀ ਦੇ ਦੋ ਪੁੜਾਂ (‘‘ਦਹਿਸ਼ਤਗਰਦੀ” ਅਤੇ ਪੁਲਿਸ ਜ਼ਬਰ) ਵਿਚਕਾਰ ਪੰਜਾਬ ਦੇ ਆਮ ਲੋਕ ਪਿਸਦੇ ਰਹੇ। ਇਹ ਫਿਲਮ ਸਪਸ਼ਟ ਰੂਪ ਵਿਚ ਇਨ੍ਹਾਂ ਲੀਹਾਂ ਉੱਤੇ ਹੈ। ਇਹ ਪੀੜਤ ਧਿਰ ਤੇ ਜਾਬਰ ਧਿਰ ਨੂੰ ਬਰਾਬਰ ਦੇ ਦੋਸ਼ੀ ਪੇਸ਼ ਕਰਦੀ ਹੈ। ਇਹ ਇਸ ਫਿਲਮ ਦਾ ਮੁਖ ਸਿਧਾਂਤਕ ਔਗੁਣ ਹੈ।
ਇਸ ਬਾਰੇ ਦੋ ਗੱਲਾਂ ਦਾ ਖਾਸ ਜ਼ਿਕਰ ਕਰਨਾ ਬਣਦਾ ਹੈ:
ਪਹਿਲੀ ਤਾਂ ਇਹ ਕਿ ਅੱਜੇ ਤੱਕ ਕਿਸੇ ਨੇ ਵੀ ਜੂਨ 1984 ਦੌਰਾਨ ਦਰਬਾਰ ਸਾਹਿਬ ਦੇ ਅੰਦਰ ਵਾਪਰੇ ਹਾਲਾਤ ਨੂੰ ਪਰਦੇ ਉੱਤੇ ਨਹੀਂ ਸੀ ਉਤਾਰਿਆ, ਪਰ ਇਸ ਫਿਲਮ ਨੇ ਅਜਿਹਾ ਕੀਤਾ ਹੈ, ਭਾਵੇਂ ਕਿ ਉਹ ਹਿੱਸਾ ਬਹੁਤ ਥੋੜਾ ਹੈ ਅਤੇ ਇਹ ਦਲੀਲ ਦਿੱਤੀ ਜਾਵੇਗੀ ਕਿ ਇਹ ਹਿੱਸਾ ਤਾਂ ਓਨਾ ਕੁ ਹੀ ਸੀ ਜਿੰਨਾ ਕੁ ਸ਼ਿਵੇ ਦੀ ਕਹਾਣੀ ਨਾਲ ਜੁੜਦਾ ਸੀ (ਕਿਉਂਕਿ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਗਿਆ ਹੈ ਕਿ ਉਸ ਦੇ ਪਿਤਾ ਦੀ ਮੌਤ ਦਰਬਾਰ ਸਾਹਿਬ ਦੀ ਪਰਕਰਮਾ ਵਿਚ ਗੋਲੀ ਲੱਗਣ ਕਾਰਨ ਹੁੰਦੀ ਹੈ)। ਪਰ ਇਥੇ ਵਿਚਾਰਨ ਯੋਗ ਨੁਕਤਾ ਇਹ ਹੈ ਕਿ ਇਹ ਦ੍ਰਿਸ਼ ਕੀ ਪ੍ਰਭਾਵ ਛੱਡਦਾ ਹੈ? ਦੁਵੱਲੀ ਗੋਲੀਬਾਰੀ ਵਿਚ ਨਿਰਦੋਸ਼ਾਂ ਦਾ ਮਾਰਿਆ ਜਾਣਾ? ਕੀ ਇਹ ਉਹੀ ਪ੍ਰਭਾਵ ਨਹੀਂ ਹੈ ਜੋ ਸਟੇਟ ਉਸ ਦੁਖਾਂਤ ਬਾਰੇ ਪ੍ਰਚਾਰਨਾ ਚਾਹੁੰਦੀ ਹੈ?
ਦੂਜੀ ਗੱਲ, ਕਿ ਪੰਜਾਬ 1984 ਦੀ ਕਹਾਣੀ ਇਕ ਵੱਖਰੇ ਧਰਾਤਲ ਉੱਤੇ ਉੱਸਰਦੀ ਹੈ, ਜਿਸ ਦਾ ਪੰਜਾਬ+1984 ਨਾਲ ਕੋਈ ਖਾਸ ਵਾਹ-ਵਾਸਤਾ ਨਹੀਂ ਹੈ ਪਰ ਇਸ ਫਿਲਮ ਨੂੰ ਇਸ ਬਿੰਬ ਨਾਲ ਜੋੜਨ ਲਈ ਕੁਝ ਕੁ ਢਿੱਲੜ ਜਿਹੀਆਂ ਕੜੀਆਂ ਪਾਈਆਂ ਗਈਆਂ ਹਨ, ਜਿਸ ਦਾ ਇਕੋ-ਇਕ ਮਨੋਰਥ ਫਿਲਮ ਨੂੰ ਲੋਕਾਂ ਵਿਚ ਆਕਰਸ਼ਨ ਦਾ ਕੇਂਦਰ ਬਣਾਉਣਾ ਹੀ ਜਾਪਦਾ ਹੈ।
ਮੈਂ ਕੌਮੀ ਆਵਾਜ਼ ਰੇਡੀਓ ਦੇ ਉਸ ਸਰੋਤੇ ਨਾਲ ਪੂਰਾ ਇਤਫਾਕ ਰੱਖਦਾ ਹਾਂ ਜਿਸ ਅਨੁਸਾਰ ਕਿ ਜੇਕਰ ਇਹ ਫਿਲਮ ਸਿਰਫ ਮਾਂ-ਪੱਤ ਦੇ ਦੁਖਾਂਤ ਦੀ ਕਹਾਣੀ ਹੈ ਤਾਂ ਇਸ ਦਾ ਸਿਰਲੇਖ ‘‘ਉਡੀਕ – ਉਮਰਾਂ ਤੋਂ ਲੰਮੀ” ਹੋਣਾ ਚਾਹੀਦਾ ਸੀ।
ਮੇਰਾ ਮਨੋਰਥ ਫਿਲਮ ਦੇ ਪ੍ਰਬੰਧਕਾਂ ਨੂੰ ਸਲਾਹ ਦੇਣਾ ਨਹੀਂ ਹੈ ਬਲਕਿ ਮੈਂ ਸਿਰਫ ਇਹ ਨੁਕਤਾ ਦਰਸਾਉਣ ਚਾਹੁੰਦਾ ਹਾਂ ਕਿ ਇਸ ਫਿਲਮ ਦਾ ਧਰਾਤਲ ‘‘ਪੰਜਾਬ+1984” ਤੋਂ ਬਿਲਕੁਲ ਵੱਖਰਾ ਹੈ ਅਤੇ ‘‘ਪੰਜਾਬ 1984” ਸਿਰਲੇਖ ਇਸ ਕਹਾਣੀ ਨੂੰ ਵਧੀਆਂ ਤਰੀਕੇ ਨਾਲ ਵੇਚਣ ਲਈ ਵਰਤਿਆ ਗਿਆ ਹੈ।
ਸਿੱਖ ਲਹਿਰ ਦੇ ਅਕਸ ਦਾ ਮਾਮਲਾ:
ਪਹਿਲਾ ਪ੍ਰਭਾਵ:
ਸਿੱਖ ਖਾੜਕੂ ਲਹਿਰ ਬਾਰੇ ਇਹ ਫਿਲਮ ਪਹਿਲਾ ਪ੍ਰਭਾਵ ਤਾਂ ਇਹ ਦਿੰਦੀ ਹੈ ਕਿ ਇਸ ਲਹਿਰ ਵਿਚ ਸ਼ਾਮਲ ਹੋਣ ਵਾਲਿਆਂ ਦੇ ਕੋਈ ਵਿਚਾਰਧਾਰਕ ਸਰੋਕਾਰ ਨਹੀਂ ਸਨ, ਬਲਕਿ ਉਹ ਤਾਂ ਨਿੱਜੀ ਕਾਰਨਾਂ ਕਰਕੇ ਇਸ ਲਹਿਰ ਵਿਚ ਸ਼ਾਮਲ ਹੋਏ ਸਨ।
ਇਸ ਫਿਲਮ ਦਾ ਰਿਵਿਊ ਕਰਦਿਆਂ ਇਕ ਲੇਖਕਾ (ਸਿਮਰਨ ਕੌਰ) ਨੇ ਇਹ ਨੁਕਤੇ ਉਭਾਰੇ ਕਿ:
“Punjab 1984 isn’t a propaganda film for the Khalistan Movement, nor should we have expected it to have been. That having been said, I believe the film is positive towards the Movement and Daljit’s character, Shivjit Singh (Shiv) is a strong protagonist.
Like the main character in the film, many of the young men who joined the Movement were initially not particularly ideological or often even all that religious. They were pushed into taking up arms by circumstances and the fact that there were few alternatives available to them.
The story in Punjab 1984 is one that happened all across Punjab. Family disputes, land disputes and other business disputes became thrown into and interwoven with the ongoing insurgency. Some people joined a Jathebandi to ensure their security or because a rival had joined another Jathebandi. In many disputes about money or land, one side paid the police to frame their rivals in order to get rid of them.”
ਇੰਨੇ ਲੰਮੇ ਹਵਾਲੇ ਲਈ ਖਿਮਾ ਪਰ ਇਹ ਹਵਾਲਾ ਇਸ ਫਿਲਮ ਵਿਚ ਖਾੜਕੂ ਲਹਿਰ ਬਾਰੇ ਜੋ ਦਰਸਾਇਆ ਹੈ ਉਸ ਦੀ ਕਾਫੀ ਹੱਦ ਤੱਕ ਤਸਵੀਰ ਖਿੱਚਦਾ ਹੈ। (ਕਿਉਂਕਿ ਮੂਲ ਲਿਖਤ ਅੰਗਰੇਜ਼ੀ ਵਿਚ ਸੀ ਤੇ ਤਰਜ਼ਮੇਂ ਦੀਆਂ ਸੀਮਤਾਈਆਂ ਕਾਰਨ ਉਕਤ ਹਵਾਲਾ ਅੰਗਰੇਜ਼ੀ ਵਿਚ ਦੇਣਾ ਹੀ ਸਹੀ ਲੱਗਿਆ)।
ਜਿਵੇਂ ਕਿ ਪਾਠਕ ਵੇਖ ਸਕਦੇ ਹਨ, ਉਕਤ ਸਤਰਾਂ ਦੀ ਲੇਖਕਾ ਨੇ ਪੰਜਾਬ 1984 ਵਿਚ ਦਿਖਾਈ ਇਕ-ਇਕ ਗੱਲ (ਕਿ ਲੋਕ ਨਿੱਜੀ ਕਾਰਨਾਂ ਕਰਕੇ ਖਾੜਕੂ ਲਹਿਰ ਵਿਚ ਸ਼ਾਮਲ ਹੋਏ ਅਤੇ ਹੋਰ ਕਿ ਜ਼ਮੀਨਾਂ ਦੇ ਝਗੜੇ, ਗੱਦਾਰ ਖਾਲਸਤਾਨੀ ਲੀਡਰ, ਸੌੜੀ ਸਿਆਸਤ ਵਾਲੇ ਸਿਆਸਤਦਾਨ ਆਦਿ – ਕਈ ਨੁਕਤੇ ਹਵਾਲੇ ਵਿਚ ਨਹੀਂ ਹਨ ਪਰ ਪੂਰੀ ਲਿਖਤ ਵਿਚ ਮੌਜੂਦ ਹਨ) ਨੂੰ ਇਹ ਕਹਿੰਦਿਆਂ ਜਾਇਜ਼ ਠਹਿਰਾਇਆ ਹੈ ਕਿ ਇਹ ਸਭ ਕੂਝ ਲਹਿਰ ਵਿਚ ਵਾਪਰਿਆ ਸੀ। ਪਰ ਉਸੇ ਸਮੇਂ ਇਹ ਗੱਲ ਕਿਉਂ ਵਿਸਾਰ ਦਿੱਤੀ ਗਈ ਕਿ ਇਹ ਤਸਵੀਰ ਦਾ ਸਿਰਫ ਇਕ ਛੋਟਾ ਜਿਹਾ ਪਹਿਲੂ ਤਾਂ ਹੋ ਸਕਦਾ ਹੈ ਪੂਰੀ ਤਸਵੀਰ ਨਹੀਂ ਅਤੇ ਅਜਿਹੇ ਕਈ ਹੋਰ ਪੱਖ ਵੀ ਹਨ ਜੋ ਅਨੁਰਾਗ ਨੇ ਆਪਣੀ ਇਸ ਫਿਲਮ ਵਿਚ ਲੁਕਾ ਲਏ (ਕਿਉਂਕਿ ਇਹ ਸਿਰਫ ਇੰਨੀ ਕੁ ਗੱਲ ਨਹੀਂ ਹੈ ਕਿ ਉਸਨੇ ਉਹ ਦੂਜੇ ਪੱਖ ਨਹੀਂ ਵਿਖਾਏ, ਬਲਕਿ ਗੱਲ ਇਸਤੋਂ ਵੱਧ ਕੇ ਹੈ ਕਿ ਉਸ ਨੇ ਉਹ ਪੱਖ ਬਿਲਕੁਲ ਲੁਕਾ ਲਏ)।
ਅਜੇ ਵੀ ਖਾੜਕੂ ਲਹਿਰ ਨਾਲ ਸੰਬੰਧਤ ਅਜਿਹੀਆਂ ਕਈ ਜਿਓਂਦੀਆਂ ਜਾਗਦੀਆਂ ਮਿਸਾਲਾ ਮੌਜੂਦ ਹਨ ਜੋ ਇਸ ਲਹਿਰ ਵਿਚ ਨਾ ਤਾ ਪੁਲਿਸ ਤਸ਼ੱਦਦ ਦੇ ਡਰੋਂ ਸ਼ਾਮਿਲ ਹੋਏ ਸਨ ਤੇ ਨਾ ਹੀ ਨਿੱਜੀ ਰੰਜਸ਼ਾਂ ਕਰਕੇ। ਬਲਕਿ ਉਨ੍ਹਾਂ ਸਿੱਖਾਂ ਦੀ ਕੌਮੀ ਹੋਂਦ ਹਸਤੀ ਉੱਤੇ ਲੱਗ ਰਹੇ ਸਵਾਲੀਆ ਨਿਸ਼ਾਨਾਂ ਦੇ ਮੱਦੇਨਜ਼ਰ ਹੱਥਾਂ ਵਿਚ ਹਥਿਆਰ ਫੜ੍ਹੇ ਸਨ।
ਮੈਨੂੰ ਯਾਦ ਹੈ ਕਿ ਅੰਮ੍ਰਿਤਸਰ ਵਿਖੇ ‘‘ਸਾਡਾ ਹੱਕ” ਫਿਲਮ ਦਾ ਖਾਸ ਸ਼ੋਅ (ਫਿਲਮ ਰਲੀਜ਼ ਤੋਂ ਕਈ ਮਹੀਨੇ ਪਹਿਲਾਂ) ਵੇਖਣ ਤੋਂ ਬਾਅਦ ਭਾਈ ਰਣਜੀਤ ਸਿੰਘ ਕੁੱਕੀ ਨੇ ਸਪਸ਼ਟ ਕਿਹਾ ਸੀ ਕਿ ਉਹ ਪੁਲਿਸ ਤਸ਼ੱਦਦ ਦੇ ਡਰੋਂ ਜਾਂ ਨਿੱਜੀ ਰੰਜਸ਼ਾਂ ਕਰਕੇ ਲਹਿਰ ਵਿਚ ਸ਼ਾਮਲ ਨਹੀਂ ਸਨ ਹੋਏ ਬਲਕਿ ਉਹ ਉਸ ਸਮੇਂ ਲਹਿਰ ਵਿਚ ਸ਼ਾਮਲ ਹੋਏ ਸਨ ਜਦੋਂ ਉਨ੍ਹਾਂ ਦੀਆਂ ਅੱਖਾਂ ਅੱਗੇ ਢੱਠੇ ਹੋਏ ਅਕਾਲ ਤਖ਼ਤ ਸਾਹਿਬ ਦੀ ਤਸਵੀਰ ਸੀ ਅਤੇ ਨਵੰਬਰ 1984 ਦੀ ਨਸਲਕੁਸ਼ੀ ਵਰਗੇ ਹਾਲਾਤ ਕੌਮ ਦੀ ਹੋਂਦ-ਹਸਤੀ ਉੱਤੇ ਸਵਾਲ ਉਠਾ ਰਹੇ ਸਨ।
ਦੂਜਾ ਪ੍ਰਭਾਵ:
ਇਸ ਬਾਰੇ ਦੂਜਾ ਨੁਕਤਾ ਇਹ ਹੈ ਕਿ ‘‘ਪੰਜਾਬ 1984” ਫਿਲਮ ਸਿੱਖ ਸੰਘਰਸ਼ ਦਾ ਕੀ ਅਕਸ ਉਭਾਰਦੀ ਹੈ? ਕਈਆਂ ਦਾ ਇਹ ਮੰਨਣਾ ਹੈ ਕਿ ਇਹ ਫਿਲਮ ਸਿੱਖ ਖਾੜਕੂਵਾਦ ਬਾਰੇ ਨਹੀਂ ਹੈ ਅਤੇ ਇਹ ਤਾਂ ਮਾਂ-ਪੱਤ ਦੇ ਦੁਖਾਂਤ ਦੀ ਕਹਾਣੀ ਹੈ ਇਸ ਲਈ ਸਿੱਖ ਸੰਘਰਸ਼ ਦੇ ਹਿਮਾਇਤੀਆਂ ਦੇ ਫਿਲਮ ਬਾਰੇ ਇਤਰਾਜ਼ ਵਾਜਬ ਨਹੀਂ ਹਨ।
ਪਰ ਇਸ ਫਿਲਮ ਦਾ ਸੰਬੰਧ ਸਿੱਖ ਸੰਘਰਸ਼ ਦੀਆਂ ਘਟਨਾਵਾਂ ਨਾਲ ਇੰਨਾ ਵੀ ਦੂਰ ਦਾ ਨਹੀਂ ਹੈ ਕਿ ਉਕਤ ਵਿਚਾਰ ਨਾਲ ਸਹਿਮਤ ਹੋਇਆ ਜਾ ਸਕੇ, ਅਤੇ ਮੁੱਦੇ ਦੀ ਗੱਲ ਇਹ ਹੈ ਕਿ ਇਹ ਫਿਲਮ ਸਿੱਖ ਖਾੜਕੂ ਲਹਿਰ ਵਿਚ ਸ਼ਾਮਲ ਹੋਣ ਵਾਲਿਆਂ (ਜਿਸ ਦਾ ਜ਼ਿਕਰ ਉੱਪਰ ਹੋ ਚੁੱਕਾ ਹੈ) ਵਾਂਙ ਹੀ ਇਸ ਲਹਿਰ ਦਾ ਚਿਤਰਨ ਵੀ ਕਰਦੀ ਹੈ। ਖਾੜਕੂ ਲਹਿਰ ਨਾਲ ਸੰਬੰਧਤ ਜਿੰਨੇ ਵੀ ਦ੍ਰਿਸ਼ ਇਸ ਫਿਲਮ ਵਿਚ ਹਨ ਉਨ੍ਹਾਂ ਵਿਚੋਂ ਲਹਿਰ ਦਾ ਇਕ ਹੀ ਰੂਪ ਉੱਭਰ ਕੇ ਸਾਹਮਣੇ ਆਉਂਦਾ ਹੈ ਤੇ ਉਹ ਹੈ – ਵਿਚਾਰ-ਹੀਣ, ਹਿੰਸਕ ਦਹਿਸ਼ਤਗਰਦੀ ਵਾਲਾ।
ਖਾੜਕੂ ਲਹਿਰ ਦਾ ਇਸ ਫਿਲਮ ਵਿਚਲਾ ਫਿਲਮਾਂਕਣ ਇਸ ਵਿਚਾਰ ਦਾ ਨਿਖੇਧ ਕਰਦਾ ਹੈ ਕਿ ਇਹ ਲਹਿਰ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਸਿੱਖ ਸਭਿਆਚਾਰ ਤੇ ਸਿੱਖ ਹਸਤੀ ਨੂੰ ਮੇਟਣ ਲਈ ਹੋ ਰਹੇ ਹਮਲਿਆਂ ਦੇ ਮੱਦੇਨਜ਼ਰ ਉੱਭਰੀ ਲਹਿਰ ਸੀ।
‘‘ਹਜ਼ਮ/ ਸਹਿਣ” ਕਰ ਜਾਣ ਦੀ ਵਕਾਲਤ ਤੇ ਇਸ ਦੇ ਤਰਕਾਂ ਬਾਰੇ:
ਸਿੱਖਾਂ ਨੂੰ ਇਸ ਫਿਲਮ ਨੂੰ ‘‘ਹਜ਼ਮ” ਕਰ ਜਾਣ ਦੀਆਂ ਸਲਾਹਾਂ ਇਹ ਕਹਿੰਦਿਆਂ ਦਿੱਤੀਆਂ ਜਾ ਰਹੀਆਂ ਹਨ ਕਿ ਇਹ ਫਿਲਮ ਮਾਂ-ਪੱਤ ਦੇ ਦੁਖਾਂਤ ਦੀ ਆਲ੍ਹਾ ਦਰਜ਼ੇ ਦੀ ਪੇਸ਼ਕਾਰੀ ਕਰਦੀ ਹੈ। ਕਈ ਹੋਰ ਤਾਂ ਇਹ ਤਰਕ ਦਿੰਦਿਆਂ ਫਿਲ਼ਮ ਨੂੰ ਹਜ਼ਮ ਕਰ ਲੈਣ ਦੀ ਵਕਾਲਤ ਕਰਦੇ ਹਨ ਕਿ ਇਹ ਫਿਲਮ ਅਦਾਕਾਰੀ ਅਤੇ ਤਕਨੀਕੀ ਪੱਖਾਂ ਤੋਂ ਬਹੁਤ ਮਜਬੂਤ ਹੈ (ਕੁਝ ਸੱਜਣ ਤਾਂ ਇਹ ਹਵਾਲਾ ਵੀ ਦਿੰਦੇ ਹਨ ਕਿ ‘ਕੌਮ ਦੇ ਹੀਰੇ’ ਫਿਲਮ ਵਿਚ ਤਕਨੀਕੀ ਅਤੇ ਅਦਾਕਾਰੀ ਦੇ ਪੱਖੋਂ ਬਹੁਤ ਕਮੀਆਂ ਸਨ)।
ਪਾਠਕਾਂ ਨੂੰ ਬੇਨਤੀ ਹੈ ਕਿ ਉਹ ਇਸ ਗੱਲ ਨੂੰ ਖੁਦ ਹੀ ਵਿਚਾਰ ਲੈਣ ਕਿ ਕੀ ‘‘ਪਰਿਵਾਰਕ ਦੁਖਾਂਤ” ਅਤੇ ‘‘ਅਦਾਕਾਰੀ/ ਤਕਨੀਕੀ” ਪੱਖ ‘‘ਕੌਮ ਦੇ ਦੁਖਾਂਤ” ਅਤੇ ‘‘ਵਿਚਾਰਧਾਰਾ” ਤੋਂ ਜ਼ਿਆਦਾ ਅਹਿਮ ਹੋ ਸਕਦੇ ਹਨ? ਅਤੇ ਜੇਕਰ ਕਿਸੇ ਹਾਲਾਤ ਵਿਚ ਹਜ਼ਮ (ਸਮਝੌਤਾ) ਕਰਨਾ ਹੀ ਪਵੇਂ ਇਨ੍ਹਾਂ ਵਿਚੋਂ ਕਿਸ ਦੀ ਚੋਣ ਕਰਨੀ ਚਾਹੀਦੀ ਹੈ?
ਸਾਰ:
ਉਕਤ ਵਿਚਾਰਾਂ ਤੋਂ ਬਾਅਦ ਕੁਝ ਕੁ ਨੁਕਤੇ ਦਹੁਰਾ ਲੈਣ ਦੀ ਇਜਾਜ਼ਤ ਦਿਓ ਕਿ, ਮਾਂ-ਪੱਤ ਦੇ ਦੁਖਾਂਤ, ਪਰਿਵਾਰਕ ਦੁਸ਼ਮਣੀ, ਪੁਲਿਸ ਜ਼ਬਰ ਅਤੇ ਬੇਈਮਾਨ ਸਿਆਸਤਦਾਨਾਂ ਦੀਆਂ ਸਾਜਿਸ਼ਾਂ ਬਾਰੇ ਬਣਨ ਵਾਲੀ ਫਿਲਮ ਉੱਤੇ ਮੈਨੂੰ ਕੋਈ ਇਤਰਾਜ਼ ਨਹੀਂ ਹੈ, ਪਰ ਮੈਨੂੰ ਇਸ ਫਿਲਮ ਬਾਰੇ ਜਰੂਰ ਇਤਰਾਜ਼ ਹਨ ਕਿਉਂਕਿ: ਭਾਵੇਂ ਕਿ ਇਸ ਦੀ ਕਹਾਣੀ ਦਾ ਧਰਾਤਲ ਵੱਖਰਾ ਹੈ ਪਰ ਫਿਰ ਵੀ ਇਸ ਫਿਲਮ ਵਿਚ ‘‘ਪੰਜਾਬ 1984” ਦੇ ਸਿੱਖ ਦੁਖਾਂਤਕ ਬਿੰਬ ਨੂੰ (ਪ੍ਰਤੱਖ ਰੂਪ ਵਿਚ) ਵਪਾਰਕ ਹਿੱਤਾਂ ਲਈ ਵਰਤਿਆ ਗਿਆ; ਇਹ ਫਿਲਮ ‘‘ਪੰਜਾਬ 1984” ਦੇ ਬਿੰਬ ਨੂੰ ਸਿੱਖਾਂ ਦੇ ਕੌਮੀ ਦੁਖਾਂਤ ਨਾਲੋਂ ਨਿਖੇੜਨ ਦਾ ਯਤਨ ਕਰਦੀ ਹੈ; ਇਹ ਫਿਲਮ 1984 ਅਤੇ ਬਾਅਦ ਦੇ ਦੌਰ ਬਾਰੇ ਜਿਸ ਤਰ੍ਹਾਂ ਦੀ ਜਾਣਕਾਰੀ ਪੇਸ਼ ਕਰ ਰਹੀ ਹੈ ਉਸ ਵਿਚੋਂ ਇਸ ਦੌਰ ਦੀ ਸਿਰਫ ਇਕ ਹੀ ਤਸਵੀਰ ਉੱਭਰਦੀ ਹੈ ਜਿਸ ਨੂੰ ਕਿ ਸਰਕਾਰੀ ਭਾਸ਼ਾ ਵਿਚ ‘‘ਪੰਜਾਬ ਦੇ ਕਾਲੇ ਦੌਰ” ਦਾ ਨਾਂ ਦਿੱਤਾ ਜਾਂਦਾ ਹੈ ਅਤੇ ਅਖੀਰੀ ਗੱਲ ਕਿ ਇਹ ਫਿਲਮ ਸਿੱਖ ਲਹਿਰ ਦਾ ਬਹੁਤ ਮਾੜਾ ਅਕਸ ਪੇਸ਼ ਕਰਦੀ ਹੈ।
ਕੀ ਅਸਰ ਛੱਡ ਰਹੀ ਹੈ ਇਹ ਫਿਲਮ:
ਅੰਤ ਵਿਚ ਇਸ ਫਿਲਮ ਦੇ ਅਸਰ ਬਾਰੇ ਵੀ ਕੁਝ ਗੱਲਾਂ ਸੰਖੇਪ ਵਿਚ ਸ਼ਾਂਝੀਆਂ ਕਰਨੀਆਂ ਚਾਹੁੰਦਾ ਹਾਂ। ਯੂ-ਟਯੂਬ ਉੱਤੇ ਫਿਲਮ ਬਾਰੇ ਦਰਸ਼ਕਾਂ ਦੇ ਵਿਚਾਰਾਂ ਬਾਰੇ ਇਕ ਵੀਡੀਓ ਵੇਖੀ (ਅਫਸੋਸ ਕਿ ਇਸਦਾ ਲਿੰਕ ਹੁਣ ਮੇਰੇ ਕੋਲ ਨਹੀਂ ਹੈ) ਜਿਸ ਵਿਚ ਇਕ ਅੱਲੜ ਉਮਰ ਦਾ ਨੌਜਵਾਨ ਕਹਿ ਰਿਹਾ ਸੀ ਕਿ ‘‘ਕਾਲੇ ਦੌਰ ਦੀ ਸੱਚਾਈ ਦਿਖਾ ਦਿੱਤੀ”। ਇਕ ਹੋਰ ਨੌਜਵਾਨ ਅਨੁਸਾਰ ‘‘ਅੱਤਵਾਦੀਆਂ ਨੇ ਐਵੇਂ ਤਾਂ ਹਥਿਆਰ ਨਹੀਂ ਸਨ ਚੁੱਕੇ”।
ਅਮਰ ਉਜਾਲਾ ਦਾ ਅੱਜ ਦਾ ਹੀ ਇਕ ਸਿਰਲੇਖ ਹੈ ਕਿ ‘‘ਬੜੇ ਪਰਦੇ ਪਰ ਦਿਖਾ ਪੰਜਾਬ ਕੇ ਕਾਲੇ ਦੌਰ 1984 ਕਾ ਸਚ”।
Related Topics: Diljit Dosanjh, Punjabi Movie, ਜੂਨ 1984 ਫੌਜੀ ਹਮਲਾ ( Indian Army Attack on Sri Darbar Sahib)