May 11, 2014 | By ਸਿੱਖ ਸਿਆਸਤ ਬਿਊਰੋ
ਲੰਡਨ,(10 ਮਈ 2014):- ਅਕਾਲੀ ਦਲ ਪੰਚ ਪ੍ਰਧਾਨੀ ਦੇ ਸਾਬਕਾ ਚੇਅਰਮੈਨ ,ਪੰਥਕ ਕਮੇਟੀ ਦੇ ਸਾਬਕਾ ਮੈਂਬਰ ,ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਸਿੱਖ ਸੰਘਰਸ਼ ਦੇ ਸਿਧਾਂਤਕ ਆਗੂ ਭਾਈ ਦਲਜੀਤ ਸਿੰਘ ਬਿੱਟੂ ,ਭਾਈ ਮਨਧੀਰ ਸਿੰਘ ,ਭਾਈ ਬਲਵੀਰ ਸਿੰਘ ਸਮੇਤ ਦਸ ਸਿੰਘਾਂ ਦੇ ਲਿੱਲੀ ਸ਼ਰਮਾ ਕਤਲ ਕੇਸ ਚੋਂ ਬਾਇੱਜਤ ਬਰੀ ਹੋਣ ਦਾ ਯੂ,ਕੇ ਦੀਆਂ ਸਿੱਖ ਜਥੇਬੰਦੀਆਂ ਵਲੋਂ ਹਾਰਦਿਕ ਸਵਾਗਤ ਕੀਤਾ ਗਿਆ ।
ਦਲ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ ,ਜਨਰਲ ਸਕੱਤਰ ਸ੍ਰ, ਲਵਸ਼ਿੰਦਰ ਸਿੰਘ ਡੱਲੇਵਾਲ ,ਅਖੰਡ ਕੀਰਤਨੀ ਜਥਾਂ ਯੂ,ਕੇ ਦੇ ਸਿਆਸੀ ਵਿੰਗ ਦੇ ਆਗੂ ਜਥੇਦਾਰ ਜੋਗਾ ਸਿੰਘ , ਅਕਾਲੀ ਦਲ ਪੰਚ ਪ੍ਰਧਾਨੀ ਪੰਜਾਬ ਦੇ ਆਗੂ ਸ੍ਰ, ਚਰਨਜੀਤ ਸਿੰਘ ਸੁੱਜੋਂ ਨੇ ਜਾਰੀ ਪ੍ਰੈੱਸ ਬਿਆਨ ਵਿੱਚ ਆਖਿਆ ਕਿ ਅਦਾਲਤ ਦੇ ਇਸ ਫੈਂਸਲੇ ਨਾਲ ਸਾਬਤ ਹੋ ਗਿਆ ਕਿ ਸਾਢੇ ਚਾਰ ਪਹਿਲਾ ਪੂਰੀ ਸਕੀਮ ਨਾਲ ਸਰਕਾਰੀ ਜੁਲਮ ਦਾ ਕੁਹਾੜਾ ਅਕਾਲੀ ਪੰਚ ਪ੍ਰਧਾਨੀ ਤੇ ਸ਼ੁਰੂ ਕੀਤਾ ਗਿਆ ਜੋ ਅੱਜ ਤੱਕ ਜਾਰੀ ਹੈ ।
ਹਿੰਦੂਤਵੀ ਸਰਕਾਰ , ਇਸ ਦੇ ਸਿੱਖੀ ਭੇਸ ਵਿੱਚ ਵਿਚਰ ਰਹੇ ਫੀਲੇ ਅਤੇ ਇਸ ਦੀਆਂ ਸਰਕਾਰੀ ਏਜੰਸੀਆਂ ਅਕਾਲੀ ਦਲ ਪੰਚ ਪ੍ਰਧਾਨੀ ਦੇ ਪੰਜਾਬ ਦੇ ਪਿੰਡ ਪੱਧਰ ਤੱਕ ਵਿੱਚ ਵੱਧ ਰਹੇ ਫੈਲਾਅ ਅਤੇ ਜਥੇਬੰਦਕ ਢਾਂਚੇ ਤੋਂ ਇਸ ਕਦਰ ਖਫਾ ਹੋ ਸਨ ਕਿ ਪਾਰਟੀ ਆਗੂਆਂ ਤੇ ਜੁਲਮ ਕਰਨ ਲਈ ਕੋਈ ਬਹਾਨਾ ਲੱਭ ਰਹੇ ਸਨ । ਲੁਧਿਆਣਾ ਰੇਲਵੇ ਸਟੇਸ਼ਨ ਤੋਂ ਭਾਈ ਬਲਵੀਰ ਸਿੰਘ ਉਰਫ ਭੂਤਨਾ ਨੂੰ ਗ੍ਰਿਫਤਾਰ ਕਰਨ ਮਗਰੋਂ ਇਸ ਬਹਾਨੇ ਪਾਰਟੀ ਆਗੂਆਂ ਨੂੰ ਵੱਡੀ ਪੱਧਰ ਤੇ ਗ੍ਰਿਫਤਾਰ ਕਰ ਲਿਆ ਗਿਆ , ਪਾਰਟੀ ਦੇ ਸਾਰਾ ਦਫਤਰੀ ਰਿਕਾਰਡ ਅਤੇ ਸਮਾਨ ਵੀ ਜ਼ਬਤ ਕਰ ਲਿਆ ਗਿਆ ।
ਢਾਈ ਸਾਲ ਜੇਹਲ ਵਿੱਚ ਕੱਟਣ ਤੋਂ ਬਾਅਦ ਭਾਈ ਦਲਜੀਤ ਬਿੱਟੂ ਦੀ ਰਿਹਾਈ ਹੋਈ ਜਦਕਿ ਭਾਈ ਜਸਪਾਲ ਸਿੰਘ ਮੰਝਪੁਰ ਸਮੇਤ ਚਾਰ ਪਾਰਟੀ ਆਗੂਆਂ ਨੂੰ ਡੇਢ ਸਾਲ ਤੋਂ ਵੱਧ ਸਮਾਂ ਜੇਹਲ ਵਿੱਚ ਬੰਦ ਕਰੀ ਰੱਖਿਆ । ਬਾਦਲ ਸਰਕਾਰ ਨੇ ਸਿਆਸੀ ਰੰਜਿਸ਼ ਤਹਿਤ ਪਾਰਟੀ ਦੇ ਜਥੇਬੰਦਕ ਅਤੇ ਸੂਝਵਾਨ ਅਤੇ ਮੀਡੀਏ ਵਿੱਚ ਸਰਗਰਮ ਭਾਈ ਜਸਪਾਲ ਸਿੰਘ ਮੰਝਪੁਰ ਤੋਂ ਇਲਾਵਾ ਭਾਈ ਪਰਮਜੀਤ ਸਿੰਘ ਗਾਜ਼ੀ ,ਭਾਈ ਸੇਵਕ ਸਿੰਘ ਵਰਗੇ ਦੋ ਦਰਜਨ ਤੋਂ ਵੱਧ ਆਗੂਆਂ ਨੂੰ ਥਾਣਿਆ ਵਿੱਚ ਸੱਦ ਸੱਦ ਕੇ ਪੁੱਛਗਿੱਛ ਕੀਤੀ ਗਈ ।
ਇਸੇ ਹੀ ਜ਼ੁਲਮ ਨੂੰ ਜਾਰੀ ਰੱਖਦਿਆਂ ਢਾਈ ਸਾਲ ਬਾਅਦ ਜਦੋਂ ਭਾਈ ਦਲਜੀਤ ਸਿੰਘ ਬਿੱਟੂ ਦੀ ਰਿਹਾਈ ਹੋਈ ਤਾਂ ਛੇ ਮਹੀਨੇ ਬਾਅਦ ਹੀ ਸਤੰਬਰ 2012 ਵਿੱਚ ਉਹਨਾਂ ਨੂੰ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਕੁਲਬੀਰ ਸਿੰਘ ਬੜਾਪਿੰਡ ਨੂੰ ਗ੍ਰਿਫਤਾਰ ਕਰ ਲਿਆ ਗਿਆ । ਗੁਰਾਇਆਂ ਅਤੇ ਫਿਲੌਰ ਦੀ ਪੁਲੀਸ ਨੇ ਗੁਰਾਇਆਂ ਥਾਣੇ ਦੇ ਮਾਲ ਖਾਨੇ ਵਿੱਚੋਂ ਪਿਸਤੌਲ ਕੱਢ ਕੇ ਭਾਈ ਬੜਾਪਿੰਡ ਦੇ ਘਰ ਰੱਖ ਕੇ ਬਰਾਮਦੀ ਦਿਖਾ ਦਿੱਤੀ । ਭਾਈ ਬੜਾਪਿੰਡ ਇਸ ਝੂਠੇ ਕੇਸ ਵਿੱਚ ਅਜੇ ਤੱਕ ਨਾਭਾ ਜੇਹਲ ਵਿੱਚ ਬੰਦ ਹੈ ।
ਉਕਤ ਆਗੂਆਂ ਨੇ ਭਾਈ ਦਲਜੀਤ ਸਿੰਘ ਬਿੱਟੂ ਅਤੇ ਸਮੂਹ ਸਾਥੀਆਂ ਦੇ ਬਾਇੱਜਤ ਬਰੀ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਸੱਚ ਦੀ ਜਿੱਤ ਅਤੇ ਝੂਠ ਦੀ ਹਾਰ ਕਰਾਰ ਦਿੱਤਾ ਹੈ । ਸਰਕਾਰ ਦੇ ਘਟੀਆ ਅਤੇ ਕੋਝੇ ਹੱਥਕੰਡੇ ਅਜਾਦ ਸਿੱਖ ਰਾਜ ਖਾਲਿਸਤਾਨ ਲਈ ਸੰਘਰਸ਼ ਕਰਨ ਵਾਲਿਆਂ ਦੇ ਹੌਂਸਲੇ ਪਸਤ ਨਹੀਂ ਕਰ ਸਕਣਗੇ ।
Related Topics: Akali Dal Panch Pardhani, Bhai Daljit Singh Bittu, United Khalsa Dal U.K, ਲਵਸ਼ਿੰਦਰ ਸਿੰਘ ਡੱਲੇਵਾਲ