ਪੱਤਰ

ਮਾਮਲਾ ਸ਼ਹੀਦੀ ਯਾਦਗਾਰ ਦਾ: ਰੋਜਾਨਾ ਅਜੀਤ ਦੇ ਸੰਪਾਦਕ ਸ੍ਰ. ਬਰਜਿੰਦਰ ਸਿੰਘ ਹਮਦਰਦ ਦੇ ਨਾਂ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਦਾ ਖਤ

July 10, 2012 | By

ਜਲੰਧਰ ਸਥਿਤ ਇਕ ਉਘੇ ਪੰਜਾਬੀ ਅਖ਼ਬਾਰ ਅਜੀਤ ਦੇ ਸੰਪਾਦਕ ਸ੍ਰ. ਬਰਜਿੰਦਰ ਸਿੰਘ ਹਮਦਰਦ ਨੇ 23 ਜੂਨ ਦੇ ਆਪਣੇ ਸੰਪਾਦਕੀ ਵਿਚ ‘ਅਕਾਲੀ ਦਲ ਨੂੰ ਸਪੱਸ਼ਟ ਪਹੁੰਚ‘ ਅਪਣਾਏ ਜਾਣ ਦੀ ਸਲਾਹ ਦੇ ਕੇ ਅਸਿੱਧੇ ਤੌਰ ‘ਤੇ ਗੋਲ ਮੋਲ ਸ਼ਬਦਾਂ ਵਿਚ ਦਰਬਾਰ ਸਾਹਿਬ ਵਿਚ ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿਚ ਬਣ ਰਹੀ ਯਾਦਗਾਰ ਦੀ ਲੋੜ ‘ਤੇ ਹੀ ਲੁਕਵੀਂ ਸ਼ਬਦਾਵਲੀ ਦੇ ਰੂਪ ਵਿਚ ਸਵਾਲੀਆ ਨਿਸ਼ਾਨ ਲਾ ਦਿੱਤੇ। ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਨੇ ਸੰਜਮ ਅਤੇ ਸਲੀਕੇ ਵਾਲੀ ਸ਼ਬਦਾਵਲੀ ਵਿਚ ਸੰਪਾਦਕ ਜੀ ਨੂੰ ਢੁਕਵੇਂ ਜਵਾਬ ਦਿੱਤੇ। ਅਸੀਂ ਇਹ ਚਿੱਠੀ ਪਾਠਕਾਂ ਦੀ ਜਾਣਕਾਰੀ ਲਈ ਇਥੇ ਪੇਸ਼ ਕਰ ਰਹੇ ਹਾਂ- ਸੰਪਾਦਕ।

ਸਤਿਕਾਰ ਸਹਿਤ ਸਤਿ ਸ੍ਰੀ ਅਕਾਲ,

ਵੇਰਵਾ: ਸੰਪਾਦਕੀ ਰੋਜਾਨਾ ਅਜੀਤ; ਮਿਤੀ: 23 ਜੂਨ, 2012; ਪੰਨਾ 4

ਵੇਰਵਾ: ਸੰਪਾਦਕੀ ਰੋਜਾਨਾ ਅਜੀਤ; ਮਿਤੀ: 23 ਜੂਨ, 2012; ਪੰਨਾ 4

ਤੁਹਾਡੇ ਵਲੋਂ 23 ਜੂਨ ਵਾਲੇ ਦਿਨ ‘ਅਕਾਲੀ ਦਲ ਸਪੱਸ਼ਟ ਪਹੁੰਚ ਅਪਣਾਏ‘ ਦੇ ਸਿਰਲੇਖ ਹੇਠ ਲਿਖੀ ਸੰਪਾਦਕੀ ਬਾਰੇ ਮੈਂ ਲੰਮੀ ਟਿੱਪਣੀ ਦੇਣ ਦੀ ਲੋੜ, ਇਸ ਲਈ ਮਹਿਸੂਸ ਕੀਤੀ ਕਿਉਂਕਿ ਇਹ ਸੰਪਾਦਕੀ ਨਾ ਤਾਂ ਵਿਸ਼ਾਲ ਘੇਰੇ ਵਿਚ ਫੈਲੇ ਤੁਹਾਡੇ ਗੰਭੀਰ ਪਾਠਕਾਂ ਦੀ ਸਮੂਹ ਮਾਨਸਿਕਤਾ ਨਾਲ ਮੇਲ ਖਾਂਦੀ ਹੈ ਅਤੇ ਨਾ ਹੀ ਇਸ ਅਖ਼ਬਾਰ ਦੇ ਬਾਨੀ ਦੇ ਵਿਚਾਰਾਂ ਦਾ ਹਿੱਸਾ ਬਣਦੀ ਸੀ, ਜਿਸ ਨੇ ਸਿੱਖੀ ਦੀ ਅਗਵਾਈ ਆਧਾਰਤ ਪੰਜਾਬੀਆਂ ਦੇ ਜਜਬਿਆਂ ਦਾ ਇਕ ਯਾਦਗਾਰੀ ਵਿਰਸਾ ਅਤੇ ਸਿਧਾਂਤ ਸਥਾਪਤ ਕੀਤਾ ਹੈ।

ਮੈਨੂੰ ਇਉਂ ਲਗਦਾ ਹੈ ਕਿ ਜਿਵੇਂ ਦਰਬਾਰ ਸਾਹਿਬ ਕੰਪਲੈਕਸ ਵਿਚ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦਗਾਰ ਬਣਨ ਬਾਰੇ ਸੰਪਾਦਕੀ ਲਿਖਣ ਤੋਂ ਪਹਿਲਾਂ ਤੁਸਾਂ ਸਿੱਖ ਇਤਿਹਾਸ ਨੂੰ ਵਿਸ਼ੇਸ਼ ਕਰਕੇ ਅਤੇ ਵਿਸ਼ਵ ਇਤਿਹਾਸ ਨੂੰ ਆਮ ਕਰਕੇ ਵਿਚਾਰਧਾਰਕ ਜਜ਼ਬਿਆਂ ਦੇ ਨਜ਼ਰੀਏ ਤੋਂ ਵੇਖਣ ਦੀ ਕੋਸ਼ਿਸ਼ ਨਹੀਂ ਕੀਤੀ। ਮੈਂ ਇਥੇ ਇਤਿਹਾਸ ਦੇ ਸੰਕਲਪ ਅਤੇ ਇਸ ਦੇ ਪ੍ਰਭਾਵਸ਼ਾਲੀ ਘੇਰੇ ਨੂੰ ਖਿੱਚ ਕੇ ਇਸ ਲਈ ਲਿਆਂਦਾ ਹੈ, ਕਿਉਂਕਿ ਜੂਨ 1984 ਦਾ ਘੱਲੂਘਾਰਾ ਬਹੁਤ ਵੱਡੀ ਘਟਨਾ ਸੀ ਅਤੇ ਏਡਾ ਵੱਡਾ ਦੁਖਾਂਤ ਸੀ ਕਿ ਇਸ ਨੇ ਦਿੱਲੀ ਦਰਬਾਰ ਅਤੇ ਸਿੱਖਾਂ ਦੇ ਆਪਸੀ ਸਬੰਧਾਂ ਦੇ ਇਤਿਹਾਸ ਨੂੰ ਪੂਰ ਸਿੱਖ ਰਿਸ਼ਤੇ ਅਤੇ ਉਤਰ ਸਿੱਖ ਰਿਸ਼ਤੇ ਵਿਚ ਵੰਡ ਦਿੱਤਾ ਸੀ। ਇਸ ਲਈ ਇਤਿਹਾਸ ਵਿਚ ਆਏ ਇਸ ਮੋੜ ਅਤੇ ਇਸ ਮੋੜ ਨਾਲ ਜੁੜੀਆਂ ਘਟਨਾਵਾਂ ਅਤੇ ਵਰਤਾਰਿਆਂ ਦੀ ਵਿਆਖਿਆ ਲਈ ਸਾਨੂੰ ਗੰਭੀਰਤਾ ਅਤੇ ਜਿੰਮੇਵਾਰੀ ਦੇ ਆਲਮ ਵਿਚ ਉਤਰਨਾ ਪੈਂਦਾ ਹੈ। ਇਸ ਭਿਆਨਕ ਘੱਲੂਘਾਰੇ ਦਾ ਅਫ਼ਸੋਸਨਾਕ ਪਹਿਲੂ ਇਹ ਸੀ ਕਿ ਇਹ ‘ਭਾਣਾ‘ ਉਨ੍ਹਾਂ ਲੋਕਾਂ ਨੇ ਵਰਤਾਇਆ ਸੀ, ਜਿਹੜੇ ਸਾਡੇ ਆਪਣੇ ਹੋਣ ਦਾ ਦਾਅਵਾ ਕਰਦੇ ਨਹੀਂ ਥੱਕਦੇ, ਉਨ੍ਹਾਂ ਨਾਲ ਸਾਡੀਆਂ ਰਾਜਨੀਤਕ ਸਾਂਝਾ ਦਾ ਇਹ ਕੈਸਾ ਅਜੀਬ ਵਿਅੰਗ ਹੈ ਕਿ ਵਕਤ ਦੀ ਕਾਂਗਰਸ ਸਰਕਾਰ ਤਾਂ ਇਸ ਘਟਨਾ ਲਈ ਸਭ ਤੋਂ ਵੱਡੀ ਮੁਜ਼ਰਮ ਹੈ ਹੀ ਪਰ ਉਹ ਲੋਕ ਵੀ ਕਿਸੇ ਨਾ ਕਿਸੇ ਰੂਪ ਵਿਚ ਉਸ ਕਤਾਰ ਵਿਚ ਸ਼ਾਮਲ ਹਨ, ਜਿਨ੍ਹਾਂ ਨੂੰ ਦਰਬਾਰ ਸਾਹਿਬ ਵਿਚ ਬਣ ਰਹੀ ਯਾਦਗਾਰ ਅਮਨ ਕਾਨੂੰਨ ਲਈ ਖ਼ਤਰਾ ਬਣਦੀ ਹੈ। ਹਾਲ ਹੀ ਵਿਚ ਉਘੇ ਪੱਤਰਕਾਰ ਕੁਲਦੀਪ ਨਈਅਰ ਦੇ ਛਪੇ ਇਕ ਲੇਖ ਨੇ ਤਾਂ ਹੈਰਾਨਗੀ ਤੇ ਰੋਸ ਦੀ ਲਹਿਰ ਪੈਦਾ ਕਰ ਦਿੱਤੀ ਹੈ, ਜਿਨ੍ਹਾਂ ਬਾਰੇ ਇਹ ਲੰਮਾ ਚੌੜਾ ਪ੍ਰਚਾਰ ਸਾਡੀ ਮਾਨਸਿਕਤਾ ਵਿਚ ਸਥਾਪਤ ਕਰ ਦਿੱਤਾ ਗਿਆ ਹੈ ਕਿ ਉਹ ਪੰਜਾਬੀਆਂ ਦੇ ਸਭ ਤੋਂ ਵੱਡੇ ਝੰਡਾ ਬਰਦਾਰ ਹਨ। ਜੇ ਇਹ ਕਈ ਦਹਾਕਿਆਂ ਤੱਕ ਸਿੱਖਾਂ ਦਾ ਹਮਦਰਦ ਅਖਵਾਉਣ ਦਾ ਨਕਾਬ ਪਾਈ ਰੱਖਣ ਵਿਚ ਕਾਮਯਾਬ ਹੁੰਦਾ ਰਿਹਾ ਹੈ ਤਾਂ ਇਸ ਤੋਂ ਇਹੋ ਕਿਹਾ ਜਾ ਸਕਦਾ ਹੈ ਕਿ ਸਾਡੇ ਰਹਿਬਰਾਂ ਨੇ ‘ਸੁਖਮਨੀ ਦੀ ਬਾਣ ਦੇ ਉਸ ਦੂਰਅੰਦੇਸ਼ ਨਜ਼ਰੀਏ ਨੂੰ ਭੁਲਾ ਦਿੰਤਾ ਹੈ, ਜਿਸ ਵਿਚ ਬੰਦਿਆਂ ਦੀ ਪਰਖ ਪੜਚੋਲ ਲਈ ਸਾਵਧਾਨ ਤੇ ਇਕਾਗਰ ਚਿੱਤ, ਹੋਣ ਦੀ ਸ਼ਰਤ ਰੱਖੀ ਗਈ ਸੀ।

ਸੰਪਾਦਕ ਜੀ, ਜੂਨ 1984 ਵਿਚ ਘੱਲੂਘਾਰਾ ਇਸ ਲਈ ਵੀ ਵੱਡਾ ਸਾਕਾ ਹੈ, ਕਿਉਂਕਿ ਦਰਬਾਰ ਸਾਹਿਬ ‘ਤੇ ਹੁਣ ਤੱਕ ਹੋਏ ਤਮਾਮ ਹਮਲਿਆਂ ਵਿਚ ਏਨੇ ਸਿੱਖ ਸ਼ਹੀਦ ਨਹੀਂ ਹੋਏ, ਜਿੰਨੇ ਇਸ ਹਮਲੇ ਦੌਰਾਨ ਹੋਏ ਸਨ। ਇਸੇ ਲਈ ਫਾਂਸੀ ਦਾ ਰੱਸਾ ਚੁੰਮਣ ਤੋਂ ਪਹਿਲਾਂ ਦੋ ਸ਼ਹੀਦ ਨੌਜਵਾਨਾਂ ਸੁਖਦੇਵ ਸਿੰਘ ਸੁੱਖਾ ਤੇ ਹਰਜਿੰਦਰ ਸਿੰਘ ਜਿੰਦਾ ਨੇ ਰਾਸ਼ਟਰਪਤੀ ਨੂੰ ਲਿਖੇ ਇਤਿਹਾਸਕ ਪੱਤਰ ਵਿਚ ਇਨ੍ਹਾਂ ਹਮਲਾਵਰਾਂ ਨੂੰ ‘ਪਾਪ ਦੀ ਜੰਝ‘ ਕਹਿ ਕੇ ਆਪਣੀ ਦੂਰਅੰਦੇਸ਼ ਇਤਿਹਾਸਕ ਸੋਝੀ ਦਾ ਸਬੂਤ ਦਿਤਾ ਸੀ। ਵੈਸੇ ਜਨਰਲ ਸਿਨਹਾ ਦੀ ਸਿੱਖ ਇਤਿਹਾਸ ਪ੍ਰਤੀ ਸੰਜੀਦਾ ਤੇ ਡੂੰਘੀ ਸਮਝ ਨੂੰ ਪ੍ਰਣਾਮ ਕਰਨਾ ਬਣਦਾ ਹੈ, ਜਿਨ੍ਹਾਂ ਨੇ ਇਸ ਹਮਲੇ ਦੀ ਅਗਵਾਈ ਕਰਨ ਤੋਂ ਸਾਫ ਨਾਂਹ ਕਰ ਦਿੱਤੀ ਸੀ। ਦਾਰਸ਼ਨਿਕ ਮੁਹਾਵਰੇ ਵਿਚ ਕਿਹਾ ਜਾਵੇ ਤਾਂ ਇਹ ਕਹਿਣਾ ਬਣਦਾ ਹੈ ਕਿ ਜਨਰਲ ਸਿਨਹਾ ਦੀ ਇਤਿਹਾਸਕ ਦ੍ਰਿਸ਼ਟੀ ਉਸ ਨਦੀ ਵਿਚ ਪਹਿਲਾਂ ਹੀ ਡੁੱਬ ਗਈ ਸੀ, ਜਿਸ ਨੇ ਅਜੇ ਵਗਣਾ ਸੀ। ਦੂਜੇ ਸ਼ਬਦਾਂ ਵਿਚ ਇਸ ਹਿੰਦੂ ਜਰਨੈਲ ਦੀ ਤੀਸਰੀ ਅੱਖ ਨੇ ਇਸ ਹਮਲੇ ਦੀਆਂ ਉਦਾਸ ਯਾਦਾਂ ਦਾ ਇਕ ਪਵਿੱਤਰ ਮਹਿਲ ਦਰਬਾਰ ਸਾਹਿਬ ਵਿਚ ਉਸਰਦਾ ਪਹਿਲਾਂ ਹੀ ਵੇਖ ਲਿਆ ਸੀ। ਅੱਜ ਯਾਦਗਾਰ ‘ਤੇ ਇਤਰਾਜ਼ ਉਠਾਉਣ ਵਾਲੇ ਲੋਕਾਂ ਨੂੰ ਕਿੰਨ੍ਹਾਂ ਸ਼ਬਦਾਂ ਨਾਲ ਯਾਦ ਕੀਤਾ ਜਾਵੇ, ਜਿਨ੍ਹਾਂ ਦੀ ਇਤਿਹਾਸ ਪ੍ਰਤੀ ਸਮਝ ਏਨੀ ਕੋਰੀ ਤੇ ਖੁਸ਼ਕ ਹੈ ਕਿ ਉਨ੍ਹਾਂ ਨੂੰ ਇਹ ਪਤਾ ਹੀ ਨਹੀਂ ਰਿਹਾ ਕਿ ਪਾਵਨ ਯਾਦਗਾਰ ਦਾ ਨੀਂਹ ਪੱਥਰ ਤਾਂ ਜੂਨ 1984 ਵਿਚ ਹੀ ਰੱਖਿਆ ਗਿਆ ਸੀ।

ਸੰਪਾਦਕ ਜੀ, ਉਪਰੋਕਤ ਤੱਥਾਂ ਤੇ ਹਕੀਕਤਾਂ ਦੀ ਰੌਸ਼ਨੀ ਵਿਚ ਸਿੱਖ ਪੰਥ ਸੁਭਾਵਕ ਹੀ ਇਹ ਮਹਿਸੂਸ ਕਰਦਾ ਸੀ ਕਿ ਸੂਝਵਾਨ ਸੰਪਾਦਕ ਪੰਥਕ ਦਰਦ ਨੂੰ ਉਹ ਸ਼ਬਦ ਦਿੰਦੇ ਜੋ ਇਤਿਹਾਸ ਹੋ ਨਿੱਬੜੇ। ਉਹ ਸੁਭਾਗੀ ਘੜੀ ਕਿੰਨੀ ਯਾਦਗਾਰ ਬਣ ਜਾਣੀ ਸੀ ਜੇ ਤੁਸੀਂ ਯਾਦਗਾਰ ਬਾਰੇ ਪਾਏ ਜਾ ਰਹੇ ਬੇਬੁਨਿਆਦੀ, ਗੈਰ ਇਤਿਹਾਸਕ ਤੇ ਹਾਸੋਹੀਣੇ ਸ਼ੋਰ ਸ਼ਰਾਬੇ ਵਾਲੇ ਲੋਕਾਂ ਵਲੋਂ ਪ੍ਰਚਾਰੀ ਅਤੇ ਪ੍ਰਸਾਰੀ ਜਾਰੀ ਰਹੀ ਮੁੱਖ ਧਾਰਾ ਤੋਂ ਵੱਖਰੀ ਅਤੇ ਬਦਲਵੀਂ ਪਹੁੰਚ ਅਪਣਾ ਕੇ ਮੈਦਾਨ ਵਿਚ ਉਤਰਦੇ ਅਤੇ ਵਿਰੋਧੀਆਂ ਦੇ ਘਰ ਵਿਚ ਇਹ ਪੈਗਾਮ ਪਹੁੰਚਦਾ ਕਰਦੇ ਕਿ ਅਸੀਂ ਆਪਣੇ ਇਤਿਹਾਸ ਨੂੰ ਇਸ ਨਜ਼ਰੀਏ ਤੋਂ ਵੇਖਦੇ ਹਾਂ, ਪਰ ਅਜਿਹਾ ਨਹੀਂ ਹੋ ਸਕਿਆ।

ਤੁਹਾਡੇ ਸੰਪਾਦਕੀ ਦਾ ਪਹਿਲਾ ਹਿੱਸਾ ਜੋ ਕੁਝ ਸਵਾਲ ਖੜ੍ਹੇ ਕਰਦਾ ਹੈ, ਉਹ ਇਕ ਤਾਂ ਸਾਫ਼ ਅਤੇ ਨਿਖਰਵੇਂ ਨਹੀਂ ਹਨ ਅਤੇ ਸ਼ਾਇਦ ਅਸਪੱਸ਼ਟਤਾ ਨੂੰ ਹੀ ਸਪੱਸ਼ਟ ਕਰ ਰਹੇ ਹਨ ਪਰ ਖੁਦ ਆਪਣੇ ਵਿਚਾਰਾਂ ਨੂੰ ਅਸਪੱਸ਼ਟ ਤੇ ਧੁੰਦਲਾ ਰੰਗ ਦੇ ਰਹੇ ਹੋ। ਜੇ ਮੈਂ ਗਲ਼ਤ ਨਹੀਂ ਤਾਂ ਮੈਨੂੰ ਜਾਪਦਾ ਹੈ ਜਿਵੇਂ ਤੁਸੀਂ ਲੁਕਵੇਂ ਅੰਦਾਜ਼ ਵਿਚ ਜਾਂ ਅਚੇਤ ਰੂਪ ਵਿਚ ਇਕ ਯਾਦਗਾਰ ਦੀ ਇਤਿਹਾਸਕ ਲੋੜ ਅਤੇ ਅਹਿਮੀਅਤ ‘ਤੇ ਹੀ ਪ੍ਰਸ਼ਨ ਚਿੰਨਾ ਲਗਾ ਰਹੇ ਹੋ। ਜੇ ਇਹ ਤੁਹਾਡੇ ਨਿੱਜੀ ਵਿਚਾਰ ਹਨ ਤਾਂ ਯਕੀਨਨ ਸਿੱਖ ਪੰਥ ਦੀ ਹਰੇਕ ਪਰਤ ਬੜੇ ਸਤਿਕਾਰ ਤੇ ਸਲੀਕੇ ਨਾਲ ਇਨ੍ਹਾਂ ਵਿਚਾਰਾਂ ਤੋਂ ਦੂਰੀ ਬਣਾ ਕੇ ਰੱਖੇਗੀ। ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਬਾਰੇ ਸਰਗਰਮੀਆਂ ਇਕ ਹੱਦ ਤੋਂ ਵੱਧ ਜਾਣ ‘ਤੇ ਵੀ ਤੁਸੀਂ ਇਤਰਾਜ਼ ਕੀਤਾ ਹੈ, ਪਰ ਇਸ ਸਬੰਧ ਵਿਚ ਫੈਲੇ ਤੂਫ਼ਾਨੀ ਰੋਸ ਦੇ ਡੂੰਘੇ ਮਨੋਵਿਗਿਆਨਕ ਅਰਥਾਂ ਤੇ ਜਜ਼ਬਿਆਂ ਦੀ ਵਿਆਖਿਆ ਨੂੰ ਪੰਥ ਤੋਂ ਦੂਰ ਹੀ ਰੱਖਿਆ। ਇਹ ਵੀ ਪਤਾ ਨਹੀਂ ਲੱਗ ਰਿਹਾ ਕਿ ਇਸ ਸਬੰਧ ਵਿਚ ਤੁਹਾਡੇ ਵਲੋਂ ਭਾਰਤੀ ਜਨਤਾ ਪਾਰਟੀ ਦੇ ਰੁਖ ਦੀ ਸ਼ਲਾਘਾ ਕਿਸ ਆਧਾਰ ‘ਤੇ ਕੀਤੀ ਗਈ ਹੈ? ਕਿਸੇ ਵੀ ਗੰਭੀਰ ਪਾਠਕ ਨੂੰ ਤੁਹਾਡੇ ਸ਼ਬਦਾਂ ਵਿਚ ਛਿਪੀ ਤੇ ਅਣਦਿਸਦੀ ਸ਼ਬਦਾਵਲੀ ਨੂੰ ਪੜ੍ਹਨ ਵਿਚ ਮੁਸ਼ਕਲ ਨਹੀਂ ਪੇਸ਼ ਆ ਸਕਦੀ ਜਿਸ ਰਾਹੀਂ ਤੁਸੀਂ ਇਤਿਹਾਸ ਵਿਚ ਸਿਰ ਉਚਾ ਕਰਕੇ ਮਾਰਚ ਕਰ ਰਹੇ ਯੋਧਿਆਂ ਨੂੰ ਭੁੱਲ ਜਾਣ ਦੀ ਖਾਮੋਸ਼ ਸਲਾਹ ਦਿੱਤੀ।

ਸੰਪਾਦਕੀ ਦੇ ਦੂਜੇ ਹਿੱਸੇ ਵਿਚ ਤੁਸੀਂ ਅਕਾਲੀ ਦਲ ਨੂੰ ਚੋਣਾਂ ਦੌਰਾਨ ਕੀਤੇ ਵਿਕਾਸ ਅਤੇ ਇਕਰਾਰਨਾਮੇ ‘ਤੇ ਪਹਿਰਾ ਦੇਣ ਦੀ ਸਲਾਹ ਦਿੱਤੀ ਹੈ। ਇਥੇ ਵੀ ਜਾਪਦਾ ਹੈ ਜਿਵੇਂ ਤੁਸੀਂ ਕਿਸੇ ਬੇਲੋੜੀ ਜਲਦਬਾਜ਼ੀ ਵਿਚ ਵਿਕਾਸ ਦੇ ਸੰਕਲਪ ਅਤੇ ਇਸ ਨਾਲ ਜੁੜੇ ਅਰਥਾਂ ਨੂੰ ਸਰਵਪੱਖੀ ਨਜ਼ਰੀਏ ਤੋਂ ਨਹੀਂ ਵੇਖਿਆ ਤੇ ਸ਼ਾਇਦ ਅਕਾਲੀ ਦਲ ਵੀ ਵਿਕਾਸ ਦੇ ਉਸ ਸੰਕਲਪ ਦੀ ਕੈਦ ਵਿਚ ਨਜ਼ਰਬੰਦ ਹੈ ਜਿਸ ਵਿਚ ਚੌੜੀਆਂ ਤੇ ਖੂਬਸੂਰਤ ਸੜਕਾਂ, ਖੰਭਿਆਂ ‘ਤੇ ਸਜਾਈਆਂ ਰੰਗ ਬਿਰੰਗੀਆਂ ਰੋਸ਼ਨੀਆਂ, ਅਸਮਾਨ ਨੂੰ ਹੱਥ ਲਾਉਂਦੀਆਂ ਇਮਾਰਤਾਂ ਤੇ ਵੱਡੇ ਵੱਡੇ ਸ਼ਾਪਿੰਗ ਮਾਲ ਹੀ ਵਿਕਾਸ ਦੀ ਸਭ ਤੋਂ ਵੱਡੀ ਨਿਸ਼ਾਨੀ ਸਮਝੇ ਜਾਂਦੇ ਹਨ। ਪਰ ਰੋਸ਼ਨ ਦਿਮਾਗ ਅਰਥ ਵਿਗਿਆਨੀ ਤਾਂ ਕਹਿੰਦੇ ਹਨ ਕਿ ਅਸਲ ਵਿਕਾਸ ਉਦੋਂ ਹੁੰਦਾ ਹੈ ਜਦੋਂ ਜੀਵਨ ਦੇ ਤਮਾਮ ਰਿਸ਼ਤੇ ਆਪਣੀ ਆਪਣੀ ਬੁਲੰਦੀ ਨੂੰ ਛੂੰਹਦੇ ਹਨ। ਇਨ੍ਹਾਂ ਰਿਸ਼ਤਿਆਂ ਵਿਚੋਂ ਇਕ ਰਿਸ਼ਤਾ ‘ਹਰਿਆਵਲ‘ ਦੇ ਸਿਧਾਂਤ ਨਾਲ ਜੁੜਦਾ ਹੈ। ਜਿਸ ਦੀ ਮਹੱਤਤਾ ਦਾ ਅਹਿਸਾਸ ਕਰਾਉਣ ਲਈ ਤੁਹਾਡੀ ਪਹਿਲ ਕਦਮੀ ਦਾ ਸਾਰੇ ਪਾਸਿਆਂ ਤੋਂ ਸਵਾਗਤ ਹੋਇਆ ਸੀ। ਨੰਨ੍ਹੀਂ ਛਾਂ ਦਾ ਸੰਕਲਪ ਵੀ ਵਿਕਾਸ ਦਾ ਅਟੁੱਟ ਹਿੱਸਾ ਕਿਹਾ ਜਾ ਸਕਦਾ ਹੈ। ਪਰ ਜਦੋਂ ਤੁਸੀਂ ਵਿਕਾਸ ਨੂੰ ਇਤਿਹਾਸ ਤੇ ਕਲਚਰ ਦੇ ਰਿਸ਼ਤੇ ਨਾਲੋਂ ਨਿਖੇੜਨ ਦੀ ਕੋਸ਼ਿਸ਼ ਕੀਤੀ ਅਤੇ ਇਸ ਰਿਸ਼ਤੇ ਵਿਚੋਂ ‘ਯਾਦਗਾਰ‘ ਨੂੰ ਉਹ ਅਹਿਮੀਅਤ ਨਾ ਦਿੱਤੀ ਜੋ ਤੁਹਾਡੇ ਵਲੋਂ ਧੂਮ ਧੜੱਕੇ ਨਾਲ ਦਿੱਤੀ ਜਾਣੀ ਚਾਹੀਦੀ ਸੀ, ਤਾਂ ਸੁਭਾਵਕ ਹੀ ਤੁਹਾਡੇ ਨਜ਼ਰੀਏ ਬਾਰੇ ਸਵਾਲ ਉਠਣੇ ਲਾਜ਼ਮੀ ਹੋ ਗਏ।

ਸਾਡੇ ਸਮਿਆਂ ਦੇ ਮਹਾਨ ਅਰਥ ਵਿਗਿਆਨੀ, ਅਮਰਿਤਯਾ ਸੇਨ ਸਮੇਤ ਜਾਗਦੇ ਹੋਏ ਵਿਦਵਾਨ ਵਿਕਾਸ ਨੂੰ ਰਾਜਨੀਤੀ, ਇਤਿਹਾਸ, ਫਿਲਾਸਫ਼ੀ ਤੇ ਸਮਾਜਿਕ ਵਿਗਿਆਨ ਦਾ ਅਟੁੱਟ ਹਿੱਸਾ ਸਵੀਕਾਰ ਕਰਦੇ ਹੋਏ ਇਹ ਐਲਾਨ ਵੀ ਕਰਦੇ ਹਨ ਕਿ ਵਿਕਾਸ ਦੇ ਹਮੀਆਂ ਨੂੰ ਇਹ ਜਾਨਣ ਦੀ ਵੀ ਲੋੜ ਹੈ ਕਿ ਦੁਨੀਆ ਦਾ ਮੁਹਾਣ ਕਿੱਧਰ ਨੂੰ ਹੈ?

ਸੰਪਾਦਕ ਜੀ, ਸੰਸਾਰ ਨੇ ਤਾਂ ਮਿਟ ਚੁੱਕੀ ਹੜੱਪਾ ਤੇ ਮਹਿੰਜਦੜੋ ਸਭਿਅਤਾ ਦੀਆਂ ਨਿਸ਼ਾਨੀਆਂ ਨੂੰ ਬੜੇ ਚਾਅ ਤੇ ਮਿਹਨਤ ਨਾਲ ਸਾਂਭ ਕੇ ਰੱਖਿਆ ਹੋਇਆ ਹੈ, ਪਰ ਅਸੀਂ ਤਾਂ ਅਜੇ ‘ਜਿਉਂਦੇ ਹਾਂ‘, ਭਾਵੇਂ ਇਹ ਗੱਲ ਵੱਖਰੀ ਹੈ ਕਿ ‘ਜਾਗਣ ਵਾਲੀ‘ ਕਹਾਣੀ ਸਾਡੀ ਤਰਜ਼ ਏ ਜ਼ਿੰਦਗੀ ਵਿਚੋਂ ਸਹਿਜੇ ਸਹਿਜੇ ਅਲੋਪ ਹੋ ਰਹੀ ਹੈ। ਜੇ ਯਾਦਗਾਰ ਦੀ ਉਸਾਰੀ ਨਾਲ ਜੁੜੇ ਪ੍ਰਬੰਧਕ ਵਿਰੋਧੀ ਪ੍ਰਾਪੇਗੰਡੇ ਨੂੰ ਨਜ਼ਰਅੰਦਾਜ਼ ਕਰਕੇ ਅਤੇ ਨਿਰਭਉ ਅਤੇ ਨਿਰਵੈਰ ਹੋ ਕੇ ਇਹੋ ਜਿਹੀ ਇਮਾਰਤ ਦੀ ਸਿਰਜਣਾ ਕਰਦੇ ਹਨ, ਜਿਸ ਵਿਚ ਗੁਰਦੁਆਰੇ ਦਾ ਸੰਕਲਪ ਵੀ ਹੋਏ ਤੇ ਗੁਰਦੁਆਰੇ ਤੋਂ ਵੱਖਰੀ ਵੀ ਕੋਈ ਨਿਆਰੀ ਗੱਲ ਹੋਵੇ ਤਾਂ ਇਹ ਯਾਦਗਾਰ ਸਾਡੇ ਇਤਿਹਾਸ ਦਾ ਸੁਨਹਿਰੀ ਕਾਂਡ ਹੋਵੇਗੀ ਤੇ ਸਾਨੂੰ ਜਾਗਣ ਤੇ ਜਗਾਉਣ ਦਾ ਕੰਮ ਕਰੇਗੀ। ਸਾਡਾ ‘ਜਾਗਣ‘ ਹੋਰਨਾਂ ਨੂੰ ਖਤਰਾ ਕਿਉਂ ਲਗਦਾ ਹੈ, ਇਸ ਸਵਾਲ ‘ਤੇ ਵੀ ਬਹਿਸ ਹੋਣੀ ਚਾਹੀਦੀ ਹੈ। ਇਸ ਯਾਦਗਾਰ ਨਾਲ ਨਾ ਤਾਂ ‘ਬੇਲੋੜੇ ਵਿਕਾਸ‘ ਹੋਣਗੇ ਤੇ ਨਾ ਹੀ ਇਹ ਅਮਨ ਕਾਨੂੰਨ ਲਈ ਖਤਰਾ ਬਣੇਗੀ, ਸਗੋਂ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਨੂੰ ਆਪਣੀ ਹਸਤੀ ਤੇ ਹੋਂਦ ਨੂੰ ਚੇਤਿਆਂ ਵਿਚ ਸਾਂਭ ਸਾਂਭ ਕੇ ਰੱਖਣ ਵਿਚ ਸਾਡੀ ਮਦਦਗਾਰ ਬਣੇਗੀ। ਜੋ ਨੀਲੇ ਘੋੜੇ ਦੇ ਸ਼ਾਹ ਸਵਾਰ ਨੇ ਕਿਸੇ ਅਨੰਤ ਖੁਸ਼ੀ ਵਿਚ ਸਾਡੇ ‘ਤੇ ਇਹ ਬਖਸ਼ਿਸ਼ ਕੀਤੀ ਸੀ।

ਤੁਹਾਡਾ ਸ਼ੁਭਚਿੰਤਕ:

– ਕਰਮਜੀਤ ਸਿੰਘ

ਚੰਡੀਗੜ੍ਹ
ਮਕਾਨ ਨੰ. 1063/44-ਬੀ

ਮੋਬਾਇਲ: 099150-91063

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,