ਸਿੱਖ ਖਬਰਾਂ

ਦਲ ਖਾਲਸਾ ਵੱਲੋਂ ‘ਸ਼ਹੀਦ, ਸੰਘਰਸ਼ ਅਤੇ ਆਜ਼ਾਦੀ ਦਾ ਰਾਹ’ ਵਿਸ਼ੇ ਤੇ ਸੈਮੀਨਾਰ 29 ਨੂੰ

September 23, 2024 | By

ਅੰਮ੍ਰਿਤਸਰ: ਦਲ ਖ਼ਾਲਸਾ ਵੱਲੋਂ ਜਥੇਬੰਦੀ ਦੇ ਬਾਨੀ ਆਗੂ ਮਰਹੂਮ ਭਾਈ ਗਜਿੰਦਰ ਸਿੰਘ ਦੀ ਨਿੱਘੀ ਯਾਦ ਵਿੱਚ 29 ਸਤੰਬਰ 2024 ਨੂੰ ਗੁਰਦਾਸਪੁਰ ਵਿਖੇ ‘ਸ਼ਹੀਦ, ਸੰਘਰਸ਼ ਅਤੇ ਆਜ਼ਾਦੀ ਦਾ ਰਾਹ’ ਵਿਸ਼ੇ ਤੇ ਸੈਮੀਨਾਰ ਕਰਨ ਦਾ ਫੈਸਲਾ ਲਿਆ ਗਿਆ ਹੈ।

ਦਲ ਖਾਲਸਾ ਦੇ ਸਰਪ੍ਰਸਤ ਭਾਈ ਗਜਿੰਦਰ ਸਿੰਘ (ਫਾਈਲ ਫੋਟੋ)

ਇਸ ਸਬੰਧੀ ਜਾਣਕਾਰੀ ਜਥੇਬੰਦੀ ਦੇ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਮੰਡ, ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ, ਗੁਰਦਾਸਪੁਰ ਜ਼ਿਲ੍ਹੇ ਦੇ ਪ੍ਰਧਾਨ ਭਾਈ ਦਿਲਬਾਗ ਸਿੰਘ ਨੇ ਪ੍ਰੈੱਸ ਨਾਲ ਸਾਂਝੀ ਕੀਤੀ ।

ਉਹਨਾਂ ਦੱਸਿਆ ਕਿ 43 ਵਰ੍ਹੇ ਪਹਿਲਾਂ 29 ਸਤੰਬਰ ਵਾਲੇ ਦਿਨ ਸੰਤ-ਸਿਪਾਹੀ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਲਿਆਂ ਦੀ ਰਿਹਾਈ, ਸੰਤਾਂ ਦੀ ਗ੍ਰਿਫਤਾਰੀ ਮੌਕੇ ਚੌਂਕ ਮਹਿਤਾ ਵਿਖੇ ਪੁਲਿਸ ਗੋਲੀਆਂ ਨਾਲ ਸਿੰਘਾਂ ਦੀ ਸ਼ਹਾਦਤ ਅਤੇ ਸਿੱਖਾਂ ਦੀ ਆਜ਼ਾਦੀ ਦਾ ਮੁੱਦਾ ਅੰਤਰਰਾਸ਼ਟਰੀ ਮੰਚ ਉਤੇ ਉਭਾਰਨ ਲਈ 13 ਵਰ੍ਹੇ ਜੇਲ੍ਹ ਅਤੇ 30 ਵਰ੍ਹੇ ਜਲਾਵਤਨ ਰਹਿੰਦਿਆਂ ਭਾਈ ਗਜਿੰਦਰ ਸਿੰਘ 3 ਜੁਲਾਈ 2024 ਨੂੰ ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿਖੇ ਅਕਾਲ ਚਲਾਣਾ ਕਰ ਗਏ ਸਨ।

ਸ. ਪਰਮਜੀਤ ਸਿੰਘ ਮੰਡ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ

ਅਕਾਲ ਤਖ਼ਤ ਸਾਹਿਬ ਵੱਲੋਂ ‘ ਸਿੱਖ ਜਲਾਵਤਨ ਯੋਧੇ’ ਦੀ ਉਪਾਧੀ ਨਾਲ ਸਨਮਾਨਿਤ ਭਾਈ ਗਜਿੰਦਰ ਸਿੰਘ ਦੀ ਯਾਦ ਵਿੱਚ ਰੱਖੇ ਸੈਮੀਨਾਰ ਬਾਰੇ ਖੁਲਾਸਾ ਕਰਦਿਆਂ ਆਗੂਆਂ ਨੇ ਕਿਹਾ ਕਿ ਭਾਈ ਸਾਹਿਬ ਦੀ ਇਨਕਲਾਬੀ ਸੋਚ ਅਤੇ ਸੰਘਰਸ਼ ਨੂੰ ਨੌਜਵਾਨ ਪਨੀਰੀ ਤੱਕ ਸਹੀ ਸਪਿਰਿਟ ਵਿੱਚ ਪਹੁੰਚਾਉਣ ਲਈ ਸੈਮੀਨਾਰਾਂ ਦੀ ਲੜੀ ਜਾਰੀ ਰੱਖੀ ਜਾਵੇਗੀ। ਉਹਨਾਂ ਕਿਹਾ ਕਿ ਚਾਲੀ ਸਾਲ ਦਾ ਸੰਘਰਸ਼, ਚਾਲੀ ਹਜ਼ਾਰ ਦੇ ਕਰੀਬ ਸ਼ਹਾਦਤਾਂ ਤੋ ਬਾਅਦ ਪੰਜਾਬ ਦੀ ਆਜ਼ਾਦੀ ਲਈ ਜਦੋ ਜਹਿਦ ਜਾਰੀ ਰੱਖਣਾ ਸਾਡੇ ਕੌਮੀ ਫ਼ਰਜ਼ਾਂ ਵਿੱਚ ਆਉਂਦਾ ਹੈ ।

ਦਲ ਖ਼ਾਲਸਾ ਦਫਤਰ ਬੁਲਾਈ ਗਈ ਪ੍ਰੈੱਸ ਕਾਨਫਰੰਸ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਦੀ ਅਮਰੀਕਾ ਫੇਰੀ, ਅਮਰੀਕਾ ਦੀ ਇੱਕ ਕੋਰਟ ਵੱਲੋਂ ਭਾਰਤ ਸਰਕਾਰ ਦੇ ਦਾਗ਼ੀ ਅਧਿਕਾਰੀਆਂ ਨੂੰ ਸੰਮੰਨ, ਭਾਜਪਾ ਆਗੂ ਕੰਗਨਾ ਰਣੌਤ ਵੱਲੋਂ ਸਿੱਖ ਸ਼ਹੀਦ ਸੰਤ-ਸਿਪਾਹੀ ਬਾਬਾ ਜਰਨੈਲ ਸਿੰਘ ਪ੍ਰਤੀ ਅਪਮਾਨਜਨਕ ਟਿੱਪਣੀ ਉਤੇ ਆਗੂਆਂ ਨੇ ਤਿੱਖੇ ਪ੍ਰਤੀਕਰਮ ਦਿੱਤੇ।

ਪਾਰਟੀ ਦੇ ਸਿਆਸੀ ਮਾਮਲਿਆਂ ਦੇ ਸਕੱਤਰ ਕੰਵਰਪਾਲ ਸਿੰਘ ਨੇ ਦੱਸਿਆ ਕਿ ਨਰਿੰਦਰ ਮੋਦੀ ਦੀ ਤਿੰਨ ਦਿਨਾਂ ਅਮਰੀਕਾ ਫੇਰੀ ਮੌਕੇ ਉੱਥੋਂ ਦੀਆਂ ਨਿਆਂ-ਪਸੰਦ ਸਿੱਖ ਜਥੇਬੰਦੀਆਂ ਮੋਦੀ ਹਕੂਮਤ ਵੱਲੋਂ ਵਿਦੇਸ਼ਾਂ ਦੀ ਧਰਤੀ ਤੇ ਕੀਤੇ ਸਿੱਖ ਆਗੂਆਂ ਦੇ ਗੈਰ-ਨਿਆਇਕ ਕਤਲਾਂ ਦੇ ਵਿਰੁੱਧ ਭਾਰਤ ਦੇ ਪ੍ਰਧਾਨ ਮੰਤਰੀ ਦਾ ਜ਼ਬਰਦਸਤ ਵਿਰੋਧ ਕਰਨਗੀਆਂ। ਉਹਨਾਂ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ਨੂੰ ਸਿੱਖਾਂ ਨਾਲ ਹੋ ਰਹੇ ਜ਼ੁਲਮਾਂ ਬਾਰੇ ਸਚਾਈ ਦੱਸਣਾ ਜ਼ਰੂਰੀ ਵੀ ਹੈ ਕਿਉਂਕਿ ਸੰਸਾਰ ਭਰ ਦਾ ਸਿੱਖ ਸਮਝ ਚੁੱਕਾ ਹੈ ਕਿ ਇਹਨਾਂ ਕਤਲਾਂ ਪਿੱਛੇ ਭਾਰਤੀ ਖੁਫੀਆ ਏਜੰਸੀ ਰਾਅ ਦਾ ਹੱਥ ਹੈ ਅਤੇ ਜਿਸ ਦੀ ਆਗਿਆ ਮੋਦੀ ਸਰਕਾਰ ਵੱਲੋਂ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਸਿੱਖਾਂ ਨੂੰ ਇਹ ਅਹਿਸਾਸ ਹੈ ਕਿ ਖਾਲਿਸਤਾਨ ਦੀ ਆਵਾਜ਼ ਨੂੰ ਦਬਾਉਣ ਲਈ ਭਾਰਤੀ ਏਜੰਸੀਆਂ ਅਜਿਹੇ ਅਪਰੇਸ਼ਨ ਪੰਜਾਬ ਅੰਦਰ ਸਰਗਰਮ ਸਿੱਖ ਆਗੂਆਂ ਨੂੰ ਵੀ ਨਿਸ਼ਾਨਾ ਬਣਾ ਸਕਦੀਆਂ ਹਨ।

ਭਾਈ ਕੰਵਰਪਾਲ ਸਿੰਘ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ

ਮੋਦੀ ਹਕੂਮਤ ਵਲੋ ਖਾਲਿਸਤਾਨੀ ਸਮਰਥਕ ਨੂੰ ਸਾਜਿਸ਼ੀ ਜਾਂ ਗੁਪਤ ਢੰਗ ਨਾਲ ਕਤਲ ਕਰਵਾਉਣ ਦੇ ਦੋਸ਼ ਹੇਠ ਭਾਰਤ ਦੇ ਦਾਗ਼ੀ ਅਧਿਕਾਰੀਆਂ ਵਿਰੁੱਧ ਅਮਰੀਕੀ ਕੋਰਟ ਵੱਲੋਂ ਭੇਜੇ ਸੰਮਨ ਦਾ ਹਵਾਲਾ ਦੇਂਦਿਆਂ ਆਗੂਆਂ ਨੇ ਇਸਨੂੰ ਇੱਕ ਚੰਗੀ ਤੇ ਸਾਰਥਿਕ ਸ਼ੁਰੂਆਤ ਕਰਾਰ ਦਿੱਤਾ ਅਤੇ ਕਿਹਾ ਅਜਿਹੀ ਕਾਨੂੰਨੀ ਪ੍ਰਕਿਰਿਆ ਦਾ ਅੰਤ ਕੀ ਹੋਵੇਗਾ ਇਸ ਦਾ ਅੱਜ ਕੁਝ ਕਹਿਣਾ ਜਲਦਬਾਜੀ ਹੋਵੇਗਾ ਪਰ ਉਮੀਦ ਜਾਗੀ ਹੈ ਕਿ ਵਿਦੇਸ਼ਾਂ ਵਿੱਚ ਸਿੱਖਾਂ ਦੇ ਡੁੱਲੇ ਖੂਨ ਦਾ ਇਨਸਾਫ ਹੋਵੇਗਾ।

ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਵੱਲੋਂ ਬਾਰ-ਬਾਰ ਸਿੱਖ ਸ਼ਹੀਦਾਂ ਤੇ ਖ਼ਾਸ ਕਰਕੇ ਸੰਤ ਭਿੰਡਰਾਵਾਲਿਆਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਉੱਤੇ ਸਖ਼ਤ ਸ਼ਬਦਾਂ ਵਿੱਚ ਪ੍ਰਤੀਕਰਮ ਦੇਂਦਿੰਆਂ ਦਲ ਖ਼ਾਲਸਾ ਆਗੂਆਂ ਨੇ ਕਿਹਾ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਖ਼ਾਮੋਸ਼ੀ ਨਾਲ ਇਹ ਸਭ ਡਰਾਮਾ ਦੇਖ ਰਹੇ ਹਨ ਅਤੇ ਜਿਸ ਦਿਨ ਕਿਸੇ ਸਿੱਖ ਨੇ ਭਾਵੁਕ ਹੋ ਕੇ ਜਾਂ ਜਜਬਾਤਾਂ ਦੇ ਰੋਹ ਵਿੱਚ ਕੋਈ ਸਖ਼ਤ ਕਦਮ ਚੁੱਕ ਲਿਆ ਤਾਂ ਸਮੂੰਹ ਭਾਰਤੀਆਂ ਨੇ ਸਿੱਖਾਂ ਨੂੰ ਦੋਸ਼ ਦੇਣਾ ਹੈ ਅਤੇ ਸਰਕਾਰ ਤੇ ਇਸਦੇ ਗੋਦੀ ਮੀਡੀਆ ਨੇ ਸਿੱਖਾਂ ਨੂੰ ਦਹਿਸ਼ਤਗਰਦ ਅਤੇ ਹਿੰਸਕ ਹੋਣ ਦੇ ਟੈਗਾਂ ਨਾਲ ਨਿਵਾਜਣਾ ਹੈ।

ਉਹਨਾਂ ਕਿਹਾ ਬੀਬੀ ਕੰਗਨਾ ਨੂੰ ਸੰਤ ਦੇ ਕੋਲ AK 47 (ਸ਼ਸਤਰ) ਹੋਣ ‘ਤੇ ਬਹੁਤ ਇਤਰਾਜ ਹੈ। ਉਹਨਾ ਹਿੰਦੁਸਤਾਨ ਦੇ ਲੋਕਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਬਾਬਾ ਜਰਨੈਲ ਸਿੰਘ ਇੱਕਲੇ ਸੰਤ ਹੀ ਨਹੀਂ ਇੱਕ ਸੱਚੇ ਤੇ ਜਾਂਬਾਜ ਸੰਤ-ਸਿਪਾਹੀ ਸਨ। ਉਹਨਾਂ ਕਿਹਾ ਕਿ ਹਰ ਧਰਮ ਦੇ ਪੈਗਮਬਰ ( ਗੁਰੂ ਸਾਹਿਬਾਨ) ਸ਼ਸਤਰ ਰੱਖਣ ਦੀ ਕੇਵਲ ਇਜਾਜ਼ਤ ਹੀ ਨਹੀ ਦੇਦੇ ਸਗੋ ਸਵੈ-ਰੱਖਿਆ ਅਤੇ ਮਜ਼ਲੂਮ ਦੀ ਇਫਾਜਤ ਅਤੇ ਜ਼ੁਲਮ ਦੇ ਨਾਸ ਲਈ ਉਸਦੀ ਵਰਤੋਂ ਕਰਨ ਦੀ ਖੁੱਲ ਵੀ ਦੇਂਦੇ ਹਨ।

ਉਹਨਾ ਦੱਸਿਆ ਕਿ ਸੰਤ ਜਰਨੈਲ ਸਿੰਘ ਅਤੇ ਉਹਨਾਂ ਦੇ ਸਾਥੀ ਜਿਨਾਂ ਭਾਰਤੀ ਫ਼ੌਜ ਨਾਲ ਹਿੰਦ-ਪੰਜਾਬ ਦੀ ਜੰਗ ਲੜੀ ਉਹਨਾਂ ਦੀ ਯਾਦਗਾਰ ਦਰਬਾਰ ਸਾਹਿਬ ਸਮੂਹ ਬਣਾ ਕੇ ਸਿੱਖਾਂ ਨੇ ਆਪਣੀ ਸ਼ਹੀਦਾਂ ਨੂੰ ਸੱਚੀ ਤੇ ਢੁਕਵੀਂ ਸ਼ਰਧਾਂਜਲੀ ਦਿੱਤੀ ਹੈ ਅਤੇ ਇਹ ਗੱਲ ਕੰਗਣਾ ਤੇ ਬਾਕੀ ਹਿੰਦੁਸਤਾਨ ਦੇ ਸਿਆਸਤਦਾਨਾਂ ਨੂੰ ਸਮਝਾਉਣ ਲਈ ਕਾਫੀ ਹੈ ਕਿ ਸਿੱਖਾਂ ਦੇ ਮਨਾਂ ਅੰਦਰ ਇਹਨਾਂ ਸ਼ਹੀਦਾਂ ਦਾ ਕਿੱਡਾ ਉੱਚਾ ਸਥਾਨ ਹੈ।

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਇਕ ਪੁਰਾਣੀ ਤਸਵੀਰ

ਬੀਤੇ ਦਿਨੀ ਅਮਰੀਕਾ ਦੀ ਧਰਤੀ ਤੇ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਭਾਰਤ ਅੰਦਰ ਸਿੱਖਾਂ ਨਾਲ ਧਾਰਮਿਕ ਤੌਰ ਤੇ ਹੋ ਰਹੀ ਜ਼ਿਆਦਤੀਆਂ ਦਾ ਹਵਾਲਾ ਦੇ ਕੇ ਮੋਦੀ ਸਰਕਾਰ ਨੂੰ ਖਲਨਾਇਕ ਦਰਸਾਇਆ ਗਿਆ ਹੈ। ਦਲ ਖ਼ਾਲਸਾ ਆਗੂ ਨੇ ਕਿਹਾ ਕਿ ਤੱਥਾਂ ਦੀ ਗੱਲ ਕਰੀਏ ਤਾਂ ਇਹ ਸਚਾਈ ਹੈ ਪਰ ਸਵਾਲ ਇਹ ਹੈ ਕਿ ਇਹ ਸੱਚ ਬੋਲ ਕੌਣ ਰਿਹਾ ਹੈ? ਉਹਨਾਂ ਗੰਭੀਰ ਟਿਪੱਣੀ ਕਰਦਿਆਂ ਕਿਹਾ ਕਿ ਉਹ ਵਿਅਕਤੀ ਬੋਲ ਰਿਹਾ ਹੈ ਜਿਸ ਦੀ ਦਾਦੀ, ਪਿਤਾ ਅਤੇ ਮਾਂ ਦੀ ਛਤਰਛਾਇਆ ਹੇਠ ਨਰਸਿਮਾ ਰਾਉ ਦੀਆਂ ਸਰਕਾਰਾਂ ਨੇ ਵੀ ਅਜਿਹੇ ਹੀ ਜ਼ੁਲਮ ਢਾਹੇ ।

ਉਹਨਾਂ ਕਿਹਾ ਕਿ ਜੇਕਰ ਕੋਈ ਵੱਡਾ ਸਿਆਸਤਦਾਨ ਜਿਸ ਦੇ ਪਰਿਵਾਰ ਦਾ ਪਿਛੋਕੜ ਦਾਗ਼ੀ ਹੋਵੇ, ਅਗਰ ਉਹ ਆਪਣੇ ਕਿਸੇ ਸਿਆਸੀ ਵਿਰੋਧੀ ਨੂੰ ਚਿੱਤ ਕਰਨ ਲਈ ਸਾਡੇ ਦਰਦਾਂ ਦੀ ਗੱਲ ਕਰਦਾ ਹੈ ਤਾਂ ਸਾਨੂੰ ਖੁਸ਼ ਹੋਣ ਦੀ ਥਾਂ ਇਗਨੋਰ ਕਰ ਦੇਣਾ ਚਾਹੀਦਾ ਹੈ।

ਇਸ ਮੌਕੇ ਸੀਨੀਅਰ ਆਗੂ ਜਸਵੀਰ ਸਿੰਘ ਖੰਡੂਰ, ਰਣਬੀਰ ਸਿੰਘ, ਗੁਰਨਾਮ ਸਿੰਘ ਅਤੇ, ਗੁਰਪ੍ਰੀਤ ਸਿੰਘ ਹਾਜਿਰ ਸਨ।

 

ਅੰਗ੍ਰੇਜ਼ੀ ਵਿੱਚ ਪੜ੍ਹੋ — Dal Khalsa to hold seminar titled Martyr, Resistance & Road to Freedom on Sep 29

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,