May 6, 2024 | By ਸਿੱਖ ਸਿਆਸਤ ਬਿਊਰੋ
ਪੰਥ ਸੇਵਕ ਜੁਝਾਰੂ ਸ਼ਖ਼ਸੀਅਤਾਂ ਨੇ ਅੱਜ ਜਾਰੀ ਕੀਤੇ ਇਕ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਕਨੇਡਾ ਵਿਚ ਭਾਈ ਹਰਦੀਪ ਸਿੰਘ ਨਿੱਝਰ ਨੂੰ ਸ਼ਹੀਦ ਕਰਨ ਦੇ ਮਾਮਲੇ ਵਿਚ ਇੰਡੀਆ ਦੇ ਇਕ ਗੈਂਗ ਨਾਲ ਜੁੜੇ ਤਿੰਨ ਵਿਅਕਤੀਆਂ ਦੀਆਂ ਗ੍ਰਿਫਤਾਰੀਆਂ ਨੇ ਦਿੱਲੀ ਦਰਬਾਰ ਦੇ ਗੈਂਗਵਾਦ ਤੇ ਜ਼ੁਰਮੀ ਟੋਲਿਆਂ ਨਾਲ ਗਠਜੋੜ ਦਾ ਤੱਥ ਸੰਸਾਰ ਸਾਹਮਣੇ ਉਜਾਗਰ ਕੀਤਾ ਹੈ। ਇਹ ਬਿਆਨ ਅਸੀਂ ਸਿੱਖ ਸਿਆਂਸਤ ਦੇ ਪਾਠਕਾਂ ਦੀ ਜਾਣਕਾਰੀ ਹਿਤ ਹੇਠਾਂ ਸਾਂਝਾ ਕਰ ਰਹੇ ਹਾਂ:
ਸਾਂਝਾ ਬਿਆਨ
ਪੰਥ ਸੇਵਕਾਂ ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਅਮਰੀਕ ਸਿੰਘ ਈਸੜੂ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਮਨਜੀਤ ਸਿੰਘ ਫਗਵਾੜਾ ਅਤੇ ਭਾਈ ਸੁਖਦੇਵ ਸਿੰਘ ਡੋਡ ਨੇ ਕਿਹਾ ਕਿ ਅਸੀਂ ਪਹਿਲਾਂ ਤੋਂ ਹੀ ਇਸ ਗੱਲੋਂ ਅਗਾਹ ਰਹੇ ਸੀ ਕਿ ਦਿੱਲੀ ਦਰਬਾਰ ਸਿੱਖਾਂ ਵਿਰੁਧ ਖਤਰਨਾਕ ਦੂਹਰੀ ਨੀਤੀ ਲਾਗੂ ਕਰ ਰਿਹਾ ਹੈ ਜਿਸ ਤਹਿਤ ਇਕ ਪਾਸੇ ਸਿੱਖਾਂ ਦੀ ਅਜ਼ਾਦੀ ਦੇ ਸੰਘਰਸ਼ ਨੂੰ ਬਦਨਾਮ ਕਰਨ ਲਈ ਨਸ਼ਾ ਤਸਕਰੀ, ਗੈਂਗਵਾਦ, ਫਿਰੌਤੀਆਂ ਤੇ ਹੋਰ ਮੁਜ਼ਰਮਾਨਾ ਕਾਰਵਾਈਆਂ ਨੂੰ ਸਿੱਖ ਸੰਘਰਸ਼ ਸਿਰ ਮੜ੍ਹਨ ਵਾਸਤੇ ਦੇ ਭੰਡੀ ਪਰਚਾਰ ਦੀ ਮੁਹਿੰਮ ਚਲਾਇ ਜਾ ਰਹੀ ਹੈ ਤੇ ਦੂਜੇ ਪਾਸੇ ਇੰਡੀਆ ਸਰਕਾਰ ਇਹਨਾ ਜਰਾਇਮਪੇਸ਼ਾਂ ਲੋਕਾਂ ਤੋਂ ਭਾੜੇ ਉੱਤੇ ਸਿੱਖਾਂ ਦੇ ਕਤਲਾਂ ਕਰਵਾ ਰਹੀ ਹੈ।
ਪਿਛਲੇ ਸਮੇਂ ਦੌਰਾਨ ਕਨੇਡਾ, ਪਾਕਿਸਤਾਨ ਤੇ ਇੰਗਲੈਂਡ ਵਿੱਚ ਖਾਲਿਸਤਾਨ ਲਹਿਰ ਨਾਲ ਜੁੜੀਆਂ ਸ਼ਖ਼ਸੀਅਤਾਂ ਦੇ ਸਿਆਸੀ ਕਤਲ ਅਤੇ ਅਮਰੀਕਾ ਵਿਚ ਅਜਿਹੀ ਕਾਰਵਾਈ ਕਰਨ ਦੀ ਕੋਸ਼ਿਸ਼ ਪਿੱਛੇ ਇੰਡੀਆ ਸਰਕਾਰ ਦੀਆਂ ਏਜੰਸੀਆਂ ਦਾ ਹੱਥ ਹੋਣ ਦਾ ਜ਼ਿਕਰ ਕਰਦਿਆਂ ਪੰਥ ਸੇਵਕਾਂ ਨੇ ਕਿਹਾ ਕਿ ਇਹ ਕਾਰਵਾਈਆਂ ਇੰਡੀਅਨ ਸਟੇਟ ਦੀ ਇੰਟਰਨੈਸ਼ਨਲ ਜ਼ਬਰ ਦੀ ਨੀਤੀ ਦੇ ਨਾਲ-ਨਾਲ ਦੂਸਰੇ ਮੁਲਕਾਂ ਦੀ ਪ੍ਰਭੂਸਤਾ ਨੂੰ ਚੁਣੌਤੀ ਦੀ ਕਾਰਵਾਈ ਨੂੰ ਦਰਸਾਉਂਦੀਆਂ ਹਨ। ਇੰਡੀਆ ਇਕ ਅਜਿਹੀ ਅਸਥਿਰ (ਵੋਲਾਟਾਈਲ) ਸਟੇਟ ਬਣ ਚੁੱਕਾ ਹੈ, ਜਿਹੜੀ ਕਿ ਸਮੁੱਚੇ ਰੂਪ ਵਿਚ ਇਕ ਗੈਰ-ਭਰੋਸੇਯੋਗ ਇੰਟਰਨੈਸ਼ਨਲ ਸਾਂਝੀਦਾਰ ਅਤੇ ਸਾਰੇ ਖਿੱਤੇ ਦੇ ਅਮਨ ਅਤੇ ਸੁਰੱਖਿਆ ਲਈ ਇਕ ਗੰਭੀਰ ਖਤਰਾ ਹੈ।
ਪੰਥ ਸੇਵਕ ਸ਼ਖ਼ਸੀਅਤਾਂ ਨੇ ਕਿਹਾ ਕਿ ਗੈਂਗਵਾਦ ਜਾਂ ਜੁਰਮ ਦੀ ਦੁਨੀਆ ਵਿਚ ਪੈਰ ਰੱਖਣ ਵਾਲੇ ਨੌਜਵਾਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਧਰਤ ਪੰਜਾਬ ਦੇ ਜਾਇਆਂ ਦਾ ਰਾਹ ਜਾਂ ਵਿਰਾਸਤ ਨਹੀਂ ਹੈ। ਪੰਜਾਬ ਦੀ ਅਣਖੀ ਵਿਰਾਸਤ ਜ਼ਾਬਰ ਸਰਕਾਰਾਂ ਵਿਰੁਧ ਡਟਣ ਦੀ ਹੈ, ਜਾਲਮ ਹਕੂਮਤਾਂ ਦੇ ਜ਼ਬਰ ਦਾ ਸੰਦ ਬਣਨ ਦੀ ਨਹੀਂ। ਜਿਸ ਰਾਹ ਉੱਤੇ ਇਹ ਨੌਜਵਾਨ ਚੱਲ ਰਹੇ ਹਨ ਉਸ ਵਿਚ ਪੰਜਾਬ, ਸਿੱਖਾਂ ਜਾਂ ਉਹਨਾ ਦਾ ਆਪਣਾ ਭਲਾ ਨਹੀਂ ਹੈ ਬਲਕਿ ਇਹ ਬਰਬਾਦੀ ਦਾ ਰਾਹ ਹੈ। ਇਸ ਲਈ ਨੌਜਵਾਨਾਂ ਨੂੰ ਆਪਣੇ ਮੂਲ ਵੱਲ ਮੁੜਨਾ ਚਾਹੀਦਾ ਹੈ।
ਪੰਥ ਸੇਵਕਾਂ ਅਨੁਸਾਰ ਇਸ ਵੇਲੇ ਦੱਖਣੀ ਏਸ਼ੀਆ ਦਾ ਖਿੱਤਾ ਵੱਡੀਆਂ ਸੰਸਾਰ ਤਾਕਤਾਂ ਦੇ ਮੁਫਾਦਾਂ ਦੇ ਭੇੜ ਦਾ ਇਕ ਧੁਰਾ ਬਣ ਰਿਹਾ ਹੈ। ਪੰਜਾਬ ਅਤੇ ਸਿੱਖ ਕ੍ਰਮਵਾਰ ਆਪਣੀ ਭੂ-ਰਣਨਤੀਕ ਅਤੇ ਰਾਜਸੀ ਇਤਿਹਾਸ ਕਾਰਨ ਦੱਖਣੀ ਏਸ਼ੀਆ ਵਿਚ ਅਹਿਮ ਕਾਰਕ ਹਨ। ਉਪਮਹਾਂਦੀਪ ਦੇ ਇਤਿਹਾਸ ਨੇ ਕਈ ਵਾਰ ਇਹ ਪਰਤੱਖ ਦਰਸਾਇਆ ਹੈ ਕਿ ਜ਼ਬਰ ਖਿਲਾਫ ਸਿੱਖਾਂ ਦਾ ਵਿਰੋਧ ਤੇ ਅਗਵਾਈ ਜ਼ਾਬਰ ਦਾ ਰਾਹ ਰੋਕਣ ਅਤੇ ਉਸ ਵਿਰੁਧ ਢਾਂਚਾਗਤ ਤਬਦੀਲੀਆਂ ਲਿਆਉਣ ਦੇ ਸਮਰੱਥ ਲਹਿਰ ਖੜ੍ਹੀ ਕਰਨ ਦੇ ਕਾਬਲੀਅਤ ਰੱਖਦੀ ਹੈ। ਇਸੇ ਕਾਰਨ ਦਿੱਲੀ ਦਰਬਾਰ ਖਾੜਕੂ ਲਹਿਰ ਨੂੰ ਬਦਨਾਮ ਕਰਨ ਦੇ ਨਾਲ-ਨਾਲ ਅਜ਼ਾਦੀ ਲਹਿਰ ਨਾਲ ਜੁੜੀਆਂ ਸ਼ਖ਼ਸੀਅਤਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਖਾੜਕੂ ਲਹਿਰ ਦੀ ਅਗਵਾਈ ਤੇ ਲਹਿਰ ਦੇ ਫੈਸਲਿਆਂ ਬਾਰੇ ਸ਼ੰਕੇ ਖੜ੍ਹੇ ਕਰਨ ਦੀਆਂ ਸੋਸ਼ਲ ਮੀਡੀਆ ਉੱਤੇ ਚੱਲਦੀਆਂ ਮੁਹਿੰਮਾਂ ਵੀ ਇਸੇ ਨੀਤੀ ਦਾ ਹਿੱਸਾ ਹਨ।
ਉਹਨਾ ਕਿਹਾ ਕਿ ਦਿੱਲੀ ਦਰਬਾਰ ਸਿੱਖਾਂ ਵਿਚ ਆਪਸੀ ਫੁੱਟ ਦਾ ਬਿਰਤਾਂਤ ਸਿਰਜ ਕੇ ਪੰਜਾਬ ਵਿਚ ਵੀ ਸੰਘਰਸ਼ੀ ਸਿੱਖ ਹਿੱਸਿਆਂ ਨੂੰ ਨਿਸ਼ਾਨਾ ਬਣਾ ਸਕਦਾ ਹੈ। ਇਸ ਪੱਖੋਂ ਸੁਚੇਤ ਰਹਿੰਦਿਆਂ ਸਿੱਖਾਂ ਨੂੰ ਭਵਿੱਖ ਦੀ ਸਾਂਝੀ ਵਿਓਂਤਬੰਦੀ ਤੇ ਅਮਲਦਾਰੀ ਲਈ ਆਪਸ ਵਿਚ ਸੰਵਾਦ ਰਚਾਉਣਾ ਚਾਹੀਦਾ ਹੈ।
Related Topics: Bhai Amrik Singh Isru, Bhai Daljit Singh Bittu, Bhai Hardeep Singh Mehraj, Bhai Hardeep Singh Nijjar, Bhai Lal Singh Akalgarh, Bhai Manjeet Singh Phagwara, Bhai Narain Singh Chaura, Bhai Rajinder Singh Mughalwal, Bhai Satnam Singh Jhanjian, Bhai Satnam Singh Khandewal, Bhai Sukhdev Singh Dod, Ghallughara June 1984, Indian Government, Panth Sewak, Bhai Bhupinder Singh Bhalwan