February 29, 2024 | By ਸਿੱਖ ਸਿਆਸਤ ਬਿਊਰੋ
ਬਠਿੰਡਾ: 21 ਫਰਵਰੀ ਨੂੰ ਹਰਿਆਣੇ ਦੀਆਂ ਫੋਰਸਾਂ ਵੱਲੋਂ ਖਨੌਰੀ ਬਾਰਡਰ ਉੱਤੇ ਗੋਲੀ ਨਾਲ ਸ਼ਹੀਦ ਕੀਤੇ ਗਏ ਨੌਜਵਾਨ ਕਿਸਾਨ ਸੁਭਕਰਨ ਸਿੰਘ ਦਾ ਅੱਜ ਅੰਤਿਮ ਸੰਸਕਾਰ ਬਹੁਤ ਭਾਵਕ ਮਾਹੌਲ ਵਿੱਚ ਉਸਦੇ ਜੱਦੀ ਪਿੰਡ ਵਿਖੇ ਕੀਤਾ ਗਿਆ। ਬੀਤੇ ਕੱਲ ਪੰਜਾਬ ਪੁਲਿਸ ਵੱਲੋਂ ਸੁਭਕਰਨ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਜ਼ੀਰੋ ਐਫ.ਆਈ.ਆਰ. ਧਾਰਾ 302 ਅਤੇ 124 ਤਹਿਤ ਦਰਜ਼ ਕੀਤੇ ਜਾਣ ਤੋਂ ਬਾਅਦ ਮ੍ਰਿਤਕ ਦੇਹ ਦਾ ਪੋਸਟਮਾਰਟਮ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਕੀਤਾ ਗਿਆ ਸੀ।
ਅੱਜ ਸਵੇਰੇ ਸੁਭਕਰਨ ਸਿੰਘ ਦੀ ਮ੍ਰਿਤਕ ਦੇਹ ਨੂੰ ਪਹਿਲਾਂ ਕਿਸਾਨੀ ਮੋਰਚੇ ਦੇ ਖਨੌਰੀ ਬਾਰਡਰ ਵਾਲੇ ਪੜਾਅ ਉੱਤੇ ਲਿਆਂਦਾ ਗਿਆ ਜਿੱਥੇ ਕਿਸਾਨ ਆਗੂਆਂ ਅਤੇ ਕਿਸਾਨਾਂ ਨੇ ਉਸ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਇਸ ਤੋਂ ਬਾਅਦ ਸੁਭਕਰਨ ਸਿੰਘ ਦੀ ਮ੍ਰਿਤਕ ਦੇਹ ਨੂੰ ਉਸ ਦੇ ਜੱਦੀ ਪਿੰਡ ਵਿਖੇ ਲਿਆਂਦਾ ਗਿਆ। ਖਨੌਰੀ ਬਾਰਡਰ ਤੋਂ ਉਸ ਦੇ ਜੱਦੀ ਪਿੰਡ ਤੱਕ ਦੇ ਰਸਤੇ ਵਿੱਚ ਥਾਂ ਥਾਂ ਉੱਤੇ ਕਿਸਾਨਾਂ ਨੇ ਅਰਥੀ ਉੱਤੇ ਫੁੱਲ ਵਰਸਾਏ ਅਤੇ ਕਿਸਾਨੀ ਸੰਘਰਸ਼ ਲੇਖੇ ਆਪਣੀ ਜਾਨ ਲਾਉਣ ਵਾਲੇ ਸੁਭਕਰਨ ਸਿੰਘ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।
ਸੁਭਕਰਨ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਉਸ ਵੇਲੇ ਮਾਹੌਲ ਬਹੁਤ ਭਾਵਕ ਹੋ ਗਿਆ ਜਦੋਂ ਉਸ ਦੀ ਭੈਣ ਨੇ ਆਪਣੇ ਵੀਰ ਦੀ ਲਾਸ਼ ਦੇ ਸਿਰ ਸਿਹਰਾ ਸਜਾਇਆ। ਇਸ ਮੌਕੇ ਸੰਗਤਾਂ ਵੱਲੋਂ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਸੀ।
ਪੰਜਾਬ ਪੁਲਿਸ ਵੱਲੋਂ ਦਰਜ ਐਫ.ਆਈ.ਆਰ. ਵਿੱਚ ਕਿਹਾ ਗਿਆ ਹੈ ਕਿ ਸੁਭਕਰਨ ਸਿੰਘ ਦੇ ਕਤਲ ਵਾਲੀ ਥਾਂ ਪੰਜਾਬ ਵਿੱਚ ਪੈਂਦੀ ਹੈ ਜਾਂ ਹਰਿਆਣੇ ਵਿੱਚ ਇਸ ਦਾ ਪਤਾ ਤਫਤੀਸ਼ ਰਾਹੀਂ ਲਗਾਇਆ ਜਾਵੇਗਾ ਅਤੇ ਫਿਰ ਉਸ ਮੁਤਾਬਕ ਇਸ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਚੱਲ ਰਹੇ ਕਿਸਾਨੀ ਮੋਰਚੇ ਦੀ ਅਗਲੀ ਰਣਨੀਤੀ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਮੋਰਚੇ ਵੱਲੋਂ ਭਲਕੇ ਐਲਾਨੀ ਜਾਵੇਗੀ।
Related Topics: Farmers Protest, Farmers Protest 2024, Shambhu Border, Shambhu Morcha