ਖਾਸ ਖਬਰਾਂ » ਸਿੱਖ ਖਬਰਾਂ

ਸ਼ਹੀਦਾਂ ਦੇ ਸਨਮਾਨ ਲਈ ਸਮਾਗਮ 16 ਦਸੰਬਰ ਨੂੰ ਗੁਰੂਸਰ ਮਹਿਰਾਜ ਵਿਖੇ

December 11, 2023 | By

ਬਠਿੰਡਾ 12 ਨਵੰਬਰ – ਚੁਰਾਸੀ ਦੇ ਤੀਜੇ ਘੱਲੂਘਾਰੇ ਬਾਅਦ ਉਭਰੇ ਹਥਿਆਰਬੰਦ ਖਾੜਕੂ ਲਹਿਰ ਦੌਰਾਨ ਇਲਾਕੇ ਦੇ ਸ਼ਹੀਦ ਹੋਏ ਸਿੰਘਾਂ, ਸਿੰਘਣੀਆਂ ਤੇ ਝੂਠੇ ਪੁਲਿਸ ਮੁਕਾਬਲਿਆਂ ’ਚ ਖਪਾਏ ਗਏ ਸ਼ਹੀਦ ਨੌਜਵਾਨਾਂ ਦੇ ਪਰਿਵਾਰਾਂ ਨੂੰ 1 ਪੋਹ, 16 ਦਸੰਬਰ 2023 ਨੂੰ ‘ਵੱਡਾ ਗੁਰੂਸਰ ਮਹਿਰਾਜ’ ਵਿਖੇ ਕਰਵਾਏ ਜਾ ਰਹੇ ਇਕ ਵਿਸ਼ੇਸ਼ ਸ਼ਹੀਦੀ ਸਨਮਾਨ ਸਮਾਰੋਹ ਦੌਰਾਨ ਸਨਮਾਨ ਕੀਤਾ ਜਾਵੇਗਾ।

ਇਸ ਦੀਆਂ ਤਿਆਰੀਆਂ ਵਜੋਂ ਪੰਥ ਸੇਵਕ ਜਥਾ ਵੱਲੋਂ ਇਲਾਕੇ ਦੇ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨਾਲ ਰਾਬਤਾ ਕਰਨ ਦਾ ਸਿਲਸਿਲਾ ਜਾਰੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜਥਾ ਦੇ ਸੇਵਾਦਾਰ ਭਾਈ ਹਰਦੀਪ ਸਿੰਘ ਮਹਿਰਾਜ ਨੇ ਬਠਿੰਡਾ ’ਚ ਬੁਲਾਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਕੀਤਾ।

ਉਹਨਾਂ ਦੱਸਿਆ ਕਿ ਸ਼ਹੀਦ ਬਾਬਾ ਹਰਦਿਆਲ ਸਿੰਘ ਗੁਰਸਰ ਮਹਿਰਾਜ, ਕਾਰ ਸੇਵਾ ਸਹਿਰਾਲੀ ਵਾਲਿਆਂ ਨੂੰ ਸਮਰਪਿਤ ਸਮਾਗਮ ਲਈ ਇਕ ਪੰਜ ਮੈਂਬਰੀ ਟੀਮ ਜਿਸ ’ਚ ਬਲਜਿੰਦਰ ਸਿੰਘ ਕੋਟਭਾਰਾ, ਭਾਈ ਸਵਰਨ ਸਿੰਘ ਕੋਟਧਰਮੂ, ਭਾਈ ਜੀਵਨ ਸਿੰਘ ਗਿੱਲ ਕਲਾਂ ਤੇ ਭਾਈ ਰਾਮ ਸਿੰਘ ਢਪਾਲੀ ਹਨ, ਵੱਲੋਂ ਹੁਣ ਤੱਕ ਜਿਲ੍ਹਾ ਬਠਿੰਡਾ ਦੇ ਇਕ ਸੌ ਪੰਝੀ ਤੇ ਮਾਨਸਾ ’ਚ ਤੀਹ ਦੇ ਕਰੀਬ ਸ਼ਹੀਦ ਪਰਿਵਾਰਾਂ ਨੂੰ ਨਿੱਜੀ ਤੌਰ ’ਤੇ ਜਾ ਕੇ ਮਿਲੀ ਤੇ ਉਹਨਾਂ ਬਾਰੇ ਜਾਣਕਾਰੀ ਤੇ ਸਬੰਧਤ ਤੱਥ ਇਕੱਤਰ ਕੀਤੇ, ਇਹਨਾਂ ਸ਼ਹੀਦਾਂ ’ਚ ਹਿੰਦੂ ਤੇ ਮੁਸਲਮਾਨ ਭਾਈਚਾਰੇ ਨਾਲ ਸਬੰਧਤ ਸ਼ਹੀਦ ਵੀ ਸ਼ਾਮਲ ਹਨ।

ਉਹਨਾਂ ਕਿਹਾ ਕਿ ਵੀਹਵੀਂ ਸਦੀ ’ਚ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਰਹਿਨਮਾਈ ਹੇਠ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦੀ ਅਗਵਾਈ ’ਚ ਚਲਾਏ ਹਥਿਆਰਬੰਦ ਸੰਘਰਸ਼ ਦੌਰਾਨ ਸਿੱਖ ਕੌਮ ਦੀ ਹੋਂਦ, ਇੰਡੀਅਨ ਸਟੇਟ ਵੱਲੋਂ ਸਿੱਖ ਕੌਮ ਦੀ ਨਸਲਕੁਸ਼ੀ ਦਾ ਬਦਲਾ ਲੈਣ ਲਈ ਦਿੱਤੀਆਂ ਕੁਰਬਾਨੀਆਂ ਤੇ ਪੰਜਾਬ ਪੁਲਿਸ ਵੱਲੋਂ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ’ਚ ਖਪਾ ਕੇ ਡੋਲੇ ਗਏ ਖ਼ੂਨ ਨੂੰ ਅੱਖੋਂ ਪਰੋਖੇ ਕਰਕੇ ਕੌਮ ਦੇ ਇਕ ਮਹਾਨ ਇਤਿਹਾਸ ਨੂੰ ਮਨਫ਼ੀ ਨਹੀਂ ਕੀਤਾ ਜਾ ਸਕਦਾ। ਉਹਨਾਂ ਇਲਾਕੇ ਦੀ ਸੰਗਤ ਤੇ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਇਸ ਵਿਸ਼ੇਸ਼ ਸਹੀਦੀ ਸਨਮਾਨ ਸਮਾਰੋਹ ਵਿਚ ਪੁੱਜਣ ਦੀ ਅਪੀਲ ਕੀਤੀ। ਇਸ ਮੌਕੇ ਉਹਨਾਂ ਨਾਲ ਬਲਜਿੰਦਰ ਸਿੰਘ ਕੋਟਭਾਰਾ, ਭਾਈ ਸਵਰਨ ਸਿੰਘ ਕੋਟਧਰਮੂ, ਭਾਈ ਗੁਰਵਿੰਦਰ ਸਿੰਘ ਬਠਿੰਡਾ, ਭਾਈ ਗੁਰਪਾਲ ਸਿੰਘ ਧਿਗੜ , ਸੁਖਪਾਲ ਸਿੰਘ ਪਾਲਾ ਬਾਬਾ, ਭਾਈ ਲਵਦੀਪ ਸਿੰਘ ਆਦਿ ਵੀ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,