December 9, 2023 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਦੁਨੀਆ ਭਰ ਵਿਚ ਵੱਸਦਾ ਸਿੱਖ ਭਾਈਚਾਰਾ ਇਸ ਵੇਲੇ ਬਿਖੜੇ ਹਾਲਾਤਾਂ ਵਿਚੋਂ ਗੁਜ਼ਰ ਰਿਹਾ ਹੈ। ਇਸ ਵੇਲੇ ਇੰਡੀਅਨ ਵੱਲੋਂ ਸਿੱਖਾਂ ਉੱਤੇ ਕੀਤੇ ਜਾਂਦੇ ਜੁਲਮਾਂ ਦਾ ਦਾਇਰਾ ਸੰਸਾਰ ਭਰ ਤੱਕ ਵਧਾਇਆ ਹੈ। ਹਾਲ ਹੀ ਵਿਚ ਅਮਰੀਕਾ, ਕਨੇਡਾ, ਪਾਕਿਸਤਾਨ ਅਤੇ ਇੰਗਲੈਂਡ ਵਿਚ ਸਿੱਖਾਂ ਦੇ ਮਿੱਥ ਕੇ ਕਤਲ ਕਰਨ ਪਿੱਛੇ ਦਿੱਲੀ ਦਰਬਾਰ ਦਾ ਹੱਥ ਹੋਣ ਦੇ ਖੁਲਾਸੇ ਇੰਡੀਅਨ ਸਟੇਟ ਦੀ ਗੈਰ-ਨਿਆਇਕ ਕਤਲਾਂ ਦੀ ਦਹਿਸ਼ਤਵਾਦੀ ਨੀਤੀ ਅਤੇ ਕੌਮਾਂਤਰੀ ਪੱਧਰ ਉੱਤੇ ਲਾਗੂ ਕੀਤੀ ਜਾ ਰਹੀ ਸਿੱਖਾਂ ਦੇ ਕਤਲਾਂ ਦੀ ਯੋਜਨਾਬੱਧ ਮੁਹਿੰਮ ਨੂੰ ਉਜਾਗਰ ਕਰਦੀ ਹੈ। ਇਹ ਘਟਨਾਵਾਂ ਦਰਸਾਉਂਦੀਆਂ ਹਨ ਕਿ 1984 ਵਿਚ ਇੰਡੀਆ ਵਿਚ ਸਿੱਖਾਂ ਦੀ ਕੀਤੀ ਗਈ ਨਸਲਕੁਸ਼ੀ ਅਤੇ 1980-90ਵਿਆਂ ਦੌਰਾਨ ਪੰਜਾਬ ਵਿਚ ਕੀਤੇ ਗਏ ਮਨੁੱਖਤਾ ਖਿਲਾਫ ਜ਼ੁਰਮਾਂ ਪਿੱਛੇ ਕੰਮ ਕਰਦੀ ਇੰਡੀਆ ਸਟੇਟ ਵਿਚਲੀ ‘ਨਸਲਕੁਸ਼ੀ ਦੀ ਤਰੰਗ’ (ਜਿਨੋਸਾਈਲ ਇਮਪਲਸ) ਮੁੜ ਜ਼ੋਰ ਫੜ੍ਹ ਰਹੀ ਹੈ।
ਇਸ ਦੇ ਮੱਦੇਨਜ਼ਰ ਸਿੱਖ ਕਾਰਕੁੰਨਾਂ ਵੱਲੋਂ 10 ਦਸੰਬਰ ਨੂੰ ਸਿੱਖ ਇੱਕਮੁਠਤਾ ਦੇ ਪਰਗਟਾਵੇ ਲਈ “ਕਾਲੀ ਦਸਤਾਰ ਦਿਵਸ” ਦਾ ਸੱਦਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਯੁਨਾਇਟਡ ਨੇਸ਼ਨਜ਼ ਵੱਲੋਂ 10 ਦਸੰਬਰ ਨੂੰ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮਨਾਇਆ ਜਾਂਦਾ ਹੈ। ਯੂ.ਐਨ. ਨੇ ਇਸ ਵਾਰ ਸਾਲ 2023 ਲਈ ਇਹ ਦਿਹਾੜੇ ਦਾ ਮਨੋਰਥ “ਸਭਨਾ ਲਈ ਅਜ਼ਾਦੀ, ਬਰਾਬਰੀ ਅਤੇ ਨਿਆਂ” ਮਿੱਥਿਆ ਹੈ। ਸਿੱਖ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਇਹ ਸੱਦਾ ਦਿੱਤਾ ਹੈ ਕਿ ਆਓ ਦਿੱਲੀ ਦਰਬਾਰ ਦੇ ਸਿੱਖਾਂ ਵਿਰੁਧ ਜ਼ੁਲਮਾਂ ਵਿਰੁਧ ਰੋਹ ਦਾ ਪ੍ਰਗਟਾਵਾ ਕਰਨ ਲਈ ਅਤੇ ਸਵੈ-ਨਿਰਣੇ ਦੇ ਹੱਕ ਸਮੇਤ ਸਿੱਖਾਂ ਦੇ ਸਮੂਹਿਕ ਹੱਕਾਂ ਦੇ ਪ੍ਰਗਟਾਵੇ ਲਈ ਇਕਜੁਟ ਹੋਈਏ। ਉਹਨਾ ਕਿਹਾ ਕਿ ਅਸੀਂ ਸੰਸਾਰ ਭਰ ਵਿਚ ਵੱਸਦੇ ਸਿੱਖਾਂ ਨੂੰ ਬੇਨਤੀ ਕਰਦੇ ਹਾਂ ਕਿ ਆਉਂਦੀ 10 ਦਸੰਬਰ ਨੂੰ ਕਾਲੀਆਂ ਦਸਤਾਰਾਂ ਤੇ ਪੱਗਾਂ ਬੰਨ੍ਹ ਕੇ ਅਤੇ ਬੀਬੀਆਂ ਕਾਲੀਆਂ ਚੁੰਨੀਆਂ ਤੇ ਦੁਪੱਟੇ ਲੈ ਕੇ ਸਿੱਖਾਂ ਦੀ ਆਪਸੀ ਏਕਤਾ ਅਤੇ ਇੰਡੀਆ ਦੀ ਸਿੱਖਾਂ ਖਿਲਾਫ ਜ਼ੁਰਮਾਂ ਦੀ ਕੌਮਾਂਤਰੀ ਪੱਧਰ ਦੀ ਮੁਹਿੰਮ ਦਾ ਵਿਰੋਧ ਕਰਨ। ਸਮੂਹ ਨਿਆਂ ਪਸੰਦ ਲੋਕ ਸਿੱਖਾਂ ਨਾਲ ਹਮਦਰਦੀ ਦੇ ਪ੍ਰਗਟਾਵੇ ਵੱਜੋਂ ਸੱਜੀ ਬਾਂਹ ਉੱਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਇਸ ਮੁਹਿੰਮ ਦਾ ਸਾਥ ਦੇਣ।
ਉਹਨਾ ਸਮੁੱਚੇ ਸਿੱਖ ਭਾਈਚਾਰੇ ਨੂੰ ਬੇਨਤੀ ਕੀਤੀ ਕਿ ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ ਨੂੰ ਕਾਲੀ ਦਸਤਾਰ ਦਿਵਸ ਵਜੋਂ ਮਨਾ ਕੇ ਅਸੀਂ ਇਕ ਅਜਿਹਾ ਪ੍ਰਤੀਕ ਸਿਰਜੀਏ ਕਿ ਦੁਨੀਆ ਵਿਚ ਇੰਡੀਆ ਦੀ ਸਿੱਖ ਵਿਰੋਧੀ ਨੀਤੀਆਂ ਉਜਾਗਰ ਹੋਣ ਤੇ ਸੰਸਾਰ ਦੇ ਇਨਸਾਫ ਪਸੰਦ ਲੋਕ ਸਾਡਾ ਸਾਥ ਦੇ ਸਕਣ।
ਵਕੀਲ ਮੰਝਪੁਰ ਨੇ ਕਿਹਾ ਕਿ ਸਾਰੇ ਵੀਰ 10 ਦਸੰਬਰ 2023 ਨੂੰ ਕਾਲੀਆਂ ਦਸਤਾਰਾਂ ਸਜਾਉਣ ਤੇ ਕਾਲੀਆਂ ਪੱਗਾਂ ਬੰਨਣ। ਭੈਣਾਂ ਕਾਲੇ ਦੁਪੱਟੇ ਲੈਣ।
ਆਪਣੇ ਕਿੱਤੇ ਦੌਰਾਨ ਵਰਦੀ ਪਾਉਣ ਵਾਲੇ ਸਿੱਖ ਸੱਜੀ ਬਾਂਹ ਉੱਤੇ ਕਾਲੀ ਪੱਟੀ ਬੰਨ ਕੇ ਇਕਜੁਟਤਾ ਦਾ ਪ੍ਰਗਟਾਵਾ ਕਰਨ।
ਸਮੂਹ ਸਿੱਖ ਜਥੇਬੰਦੀਆਂ, ਜਥੇ, ਸੰਸਥਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸੰਪਰਦਾਵਾਂ ਇਸ ਮੁਹਿੰਮ ਦਾ ਸਾਥ ਦੇਣ।
ਜਿੱਥੇ ਵੀ ਸੰਭਵ ਹੋਵੇ 10 ਦਸੰਬਰ ਵਾਲੇ ਦਿਨ ਸਥਾਨਕ ਪੱਧਰ ਉੱਤੇ ਇਕੱਤਰਤਾ ਕੀਤੀ ਜਾਵੇ ਤੇ ਇਸ ਇਕਜੁਟਤਾ ਦੀਆਂ ਤਸਵੀਰਾਂ/ਵੀਡੀਓ ਬਿਜਲ ਸੱਥ (ਸੋਸ਼ਲ ਮੀਡੀਆ) ਉੱਤੇ ਸਾਂਝੀਆਂ ਕੀਤੀਆਂ ਜਾਣ।
ਉਹਨਾ ਕਿਹਾ ਕਿ ਸਮੂਹ ਸਿੱਖ ਆਪਣੀਆਂ ਸੋਸ਼ਲ ਮੀਡੀਆਂ ਪੋਸਟਾਂ ਵਿਚ #BlackTurbanDay ਤੰਦ ਜਰੂਰ ਸ਼ਾਮਿਲ ਕਰੋ ਅਤੇ ਇਹਨਾ ਸੁਨੇਹਿਆਂ ਵਿਚ ਸਥਾਨਕ ਅਤੇ ਕੌਮਾਂਤਰੀ ਪੱਧਰ ਦੀਆਂ ਮਨੁੱਖੀ ਹੱਕਾਂ ਦੀਆਂ ਜਥੇਬੰਦੀਆਂ ਤੇ ਖਬਰ ਅਦਾਰਿਆਂ ਨੂੰ ਜਰੂਰ ਜੋੜੋ (ਟੈਗ ਕਰੋ)।
Related Topics: #Blackturbanday, Black Turban Day, Jaspal Singh Manjhpur (Advocate)