November 8, 2023 | By ਸੁਰਿੰਦਰ ਸਿੰਘ ਇਬਾਦਤੀ
ਚਿੱਠੀਆਂ ਲਿਖਣ ਦਾ ਰਿਵਾਜ਼ ਅੱਜਕਲ੍ਹ ਲੁਪਤ ਹੋ ਗਿਆ ਹੈ। ਚਿੱਠੀਆਂ ਦੀ ਇਕ ਅਹਿਮੀਅਤ ਹੈ ਕੇ ਚਿੱਠੀ ਲਿਖਣ ਵਾਲਾ ਆਪਣੀਆਂ ਭਾਵਨਾਵਾਂ ਦੇ ਵਹਿਣ ਵਿਚ ਵਹਿ ਕੇ ਜਾਂ ਕਹਿ ਲਿਆ ਜਾਵੇ ਭਿੱਜ ਕੇ ਚਿੱਠੀ ਲਿਖਦਾ ਹੈ। ਮੈਂ ਕਿਤਾਬ ਰੂਪ ਦੇ ਵਿਚ ਸਭ ਤੋਂ ਪਹਿਲਾਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਪੱਤ੍ਰ (ਕਿਤਾਬ ਗੁਰਮੁਖ ਸਿੱਖਿਆ) ਪੜ੍ਹੇ ਸਨ। ਜੋ ਕੇ ਭਾਈ ਸਾਹਿਬ ਨੇ ਆਪਣੇ ਪਿਆਰ ਕਰਨ ਵਾਲਿਆਂ ਨੂੰ ਓਹਨਾਂ ਦੇ ਪਤ੍ਰਾਂ ਦੇ ਜਵਾਬ ਵਿੱਚ ਉਹਨਾਂ ਦੀ ਸੁਰਤ ਸੰਭਾਲ, ਮਤਿ ਉੱਚੀ ਕਰਨ ਤੇ ਚੜ੍ਹਦੀਕਲਾ ਭਰਨ ਲਈ ਲਿਖੇ। ਜਿਨ੍ਹਾਂ ਨੂੰ ਪੜ੍ਹਦਿਆਂ ਪ੍ਰਤੀਤ ਹੁੰਦਾ ਹੈ ਕੇ ਜ਼ਿੰਦਗੀ ਦੇ ਢਾਹ ਭੰਨ ਵਾਲਿਆਂ ਸਮਿਆਂ ਲਈ ਇਹ ਪੱਤ੍ਰ ਭਾਈ ਸਾਹਿਬ ਨੇ ਸਾਡੇ ਲਈ ਹੀ ਲਿਖੇ ਹੋਣ।
ਪਿਛਲੇ ਦਿਨੀਂ ਬਿਬੇਕਗੜ੍ਹ ਪ੍ਰਕਾਸ਼ਨ ਵਲੋਂ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀਆਂ ਜੇਲ੍ਹ ਚਿੱਠੀਆਂ ਦੀ ਕਿਤਾਬ ਅਜ਼ਾਦਨਾਮਾ – ਫਾਂਸੀ ਦੇ ਤਖ਼ਤੇ ਤੋਂ ਜੇਲ੍ਹ ਚਿੱਠੀਆਂ ਛਪ ਕੇ ਆਈ ਹੈ। ਕੁਦਰਤੀ ਕਿਤਾਬ ਦੇ ਸੰਪਾਦਕ ਪਰਮਜੀਤ ਸਿੰਘ ਅਤੇ ਰਣਜੀਤ ਸਿੰਘ ਹੋਣਾਂ ਨਾਲ ਚੰਦ ਕੂ ਦਿਨ ਕਿਤਾਬ ਦੀ ਤਿਆਰੀ ਵਾਲੇ ਕਾਰਜ ਮੇਰੀ ਝੋਲੀ ਵੀ ਪਏ ਸਨ। ਜਿਉਂ-ਜਿਉਂ ਮੈਂ ਚਿੱਠੀਆਂ ਪੜ੍ਹੀਆਂ ਤਾਂ ਚਿੱਠੀਆਂ ਵਿਚੋਂ ਮਿਲਦੇ ਗੁਰਸਿੱਖੀ ਦੇ ਬਾਰੀਕ ਸਿਧਾਂਤਾਂ ਨੇ ਮੈਨੂੰ ਪ੍ਰਭਾਵਿਤ ਕੀਤਾ।
ਇਸ ਅਹਿਮ ਕਿਤਾਬ ਦਾ ਸਵਾਗਤ ਕਰਨਾ ਬਣਦਾ ਹੈ। ਇਸ ਕਿਤਾਬ ਵਿਚ ਕੁਝ ਨਵੀਆਂ ਚਿੱਠੀਆਂ ਅਤੇ ਭਾਈ ਸਾਹਿਬਾਨ ਹੋਣਾ ਦੀਆਂ ਤਸਵੀਰਾਂ ਅਤੇ ਯਾਦ ਨਿਸ਼ਾਨੀਆਂ ਦੀਆਂ ਤਸਵੀਰਾਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ। ਬੇਸ਼ੱਕ ਇਹ ਜੇਲ੍ਹ ਚਿੱਠੀਆਂ ਕਿਤਾਬ ਰੂਪ ਵਿਚ ਪਹਿਲਾਂ ਵੀ ਛਪੀਆਂ ਹਨ। ਇਸ ਬਾਬਤ ਸੰਪਾਦਕੀ ਵਲੋਂ ਲਿਖੀ ਮੁੱਢਲੀ ਬੇਨਤੀ ਵਿਚ ਵੀ ਲਿਖਿਆ ਹੈ ਕਿ “ਭਾਈ ਸੁਖਦੇਵ ਸਿੰਘ ਸੁੱਖਾ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਨੇ ਆਪਣੀ ਜੇਲ੍ਹ ਦੇ ਜੀਵਨ ਦੌਰਾਨ ਕਈ ਚਿੱਠੀਆਂ ਲਿਖੀਆਂ। ੯ ਅਕਤੂਬਰ ੧੯੯੨ ਨੂੰ ਉਹਨਾਂ ਦੀ ਸ਼ਹਾਦਤ ਤੋਂ ਦੋ ਕੁ ਮਹੀਨੇ ਬਾਅਦ ਹੀ ਉਹਨਾਂ ਦੀਆਂ ਲਿਖੀਆਂ ਚੋਣਵੀਆਂ ਚਿੱਠੀਆਂ ਤੇ ਹੋਰ ਦਸਤਾਵੇਜ਼ਾਂ ਉੱਤੇ ਅਧਾਰਤ ਇਕ ਕਿਤਾਬ ਸਿੱਖ ਸਟੂਡੈਂਟਸ ਫਰੰਟ ਵੱਲੋਂ ਦਸੰਬਰ ੧੯੯੨ ਵਿਚ ਛਾਪ ਦਿੱਤੀ ਗਈ ਸੀ। ਇਹ ਕਿਤਾਬ ਸਾਲ ੧੯੯੨, ੧੯੯੩ ਅਤੇ ੧੯੯੬ ਵਿਚ ਛਪੀ। ਉਸ ਤੋਂ ਬਾਅਦ ਗੁਰਮਤਿ ਪੁਸਤਕ ਭੰਡਾਰ (੩੧ ਨੰਬਰ ਦੁਕਾਨ) ਵੱਲੋਂ ਸ਼ਹੀਦ ਭਾਈ ਸੁੱਖਾ-ਜਿੰਦਾ ਦੀਆਂ ਜੇਲ੍ਹ ਚਿੱਠੀਆਂ ਦੀ ਇਕ ਕਿਤਾਬ ਛਾਪੀ ਗਈ ਸੀ। ਇਸੇ ਤਰ੍ਹਾਂ ਇਕ ਕਿਤਾਬ ਦਮਦਮੀ ਟਕਸਾਲ (ਸੰਗਰਾਵਾਂ) ਵੱਲੋਂ ਵੀ ਛਾਪੀ ਗਈ ਹੈ ਜਿਸ ਨੂੰ ਸ. ਚਰਨਜੀਤ ਸਿੰਘ ਨੇ ਸੰਪਾਦਤ ਕੀਤਾ ਹੈ। ਇਹਨਾਂ ਕਿਤਾਬਾਂ ਦਾ ਆਪਣਾ ਮਹੱਤਵ ਹੈ, ਖਾਸ ਕਰਕੇ ਸ. ਨਵਦੀਪ ਸਿੰਘ ਬਿੱਟੂ (ਸਕਰੌਦੀ), ਸਿੱਖ ਸਟੂਡੈਂਟਸ ਫਰੰਟ ਵੱਲੋਂ ਛਾਪੀ ਗਈ ਕਿਤਾਬ ਦਾ। ਇਹ ਕਿਤਾਬ ਭਾਈ ਸਾਹਿਬਾਨ ਦੀ ਸ਼ਹਾਦਤ ਤੋਂ ਫੌਰਨ ਬਾਅਦ ਹੀ ਦਸੰਬਰ ੧੯੯੨ ਵਿਚ ਛਪ ਕੇ ਆ ਗਈ ਸੀ।”
ਜਦੋਂ ਮੈਂ ਕੁਝ ਚਿੱਠੀਆਂ ਪੜ੍ਹੀਆਂ ਤਾਂ ਪਤਾ ਲੱਗਾ ਕੇ ਇਕ ਸਿੱਖ ਦੇ ਲਈ ਸ਼ਹੀਦੀ ਦਾ ਚਾਅ ਕਿੰਨਾ ਵੱਡਾ ਹੁੰਦਾ ਹੈ। ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਇਕ ਚਿੱਠੀ ਵਿੱਚ ਲਿਖਦੇ ਹਨ –
“ਆਪ ਜੀ ਦੇ ਵੀਰ ਇਸ ਵਕਤ ਇਕ ਅਜੀਬ ਹੀ ਖੁਸ਼ੀ ਮਹਿਸੂਸ ਕਰ ਰਹੇ ਹਨ ਤੇ ਉਸ ਸੁਲੱਖਣੀ ਘੜੀ ਦੀ ਬਹੁਤ ਹੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ। ਅਸੀਂ ਆਪਸ ਵਿਚ ਗੱਲਾਂ ਕਰਦੇ ਹਾਂ ਕਿ ਪ੍ਰਮਾਤਮਾ ਦੀ ਆਪਣੇ ਤੇ ਕਿੰਨੀ ਮਿਹਰ ਹੈ। ਆਪਾਂ ਕਿਸ ਤਰ੍ਹਾਂ ਆਨੰਦ ਵਿਚ ਤੇ ਚੜ੍ਹਦੀਆਂ ਕਲਾ ਵਿਚ ਹਾਂ। ਇਹ ਸਭ ਗੁਰਬਾਣੀ ਦਾ ਹੀ ਆਸਰਾ ਹੈ। ਅਸੀਂ ਤਾਂ ਚਾਹੁੰਦੇ ਹਾਂ ਕਿ ਸਾਨੂੰ ਸਾਰੀ ਦੁਨੀਆਂ ਦੇ ਸਾਹਮਣੇ ਫਾਂਸੀ ਦਿੱਤੀ ਜਾਏ ਤਾਂ ਕਿ ਦੁਨੀਆਂ ਨੂੰ ਪਤਾ ਲੱਗ ਸਕੇ ਸਿੱਖ ਕਿਸ ਤਰ੍ਹਾਂ ਹੱਸ ਹੱਸ ਰੱਸੇ ਚੁੰਮਦੇ ਹਨ।”
ਭਾਈ ਸਾਹਿਬਾਨ ਦਾ ਜੇਲ੍ਹ ਜੀਵਨ ਦੌਰਾਨ ਗੁਰਬਾਣੀ ਅਭਿਆਸ ਕਿੰਨਾ ਵੱਡਾ ਸੀ, ਉਨ੍ਹਾਂ ਦਾ ਗੁਰਬਾਣੀ ਨਾਲ ਕਿੰਨਾ ਪਿਆਰ ਸੀ ਇਸਦੀ ਝਲਕ ਵੀ ਸਾਨੂੰ ਭਾਈ ਸਾਹਿਬਾਨ ਹੋਣਾਂ ਦੀਆਂ ਲਿਖੀਆਂ ਚਿੱਠੀਆਂ ਵਿਚ ਮਿਲ ਜਾਂਦੀ ਹੈ। ਇਕ ਚਿੱਠੀ ਵਿਚ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਲਿਖਦੇ ਹਨ –
“ਗੁਰਬਾਣੀ ਵੱਧ ਤੋਂ ਵੱਧ ਪੜ੍ਹਿਆ ਕਰੋ। ਪਰਮਾਤਮਾ ਨਾਲ ਇਹੋ ਜਿਹਾ ਪਿਆਰ ਪਾਉਣਾ ਚਾਹੀਦਾ ਜਿਵੇਂ ਮੱਛੀ ਪਾਣੀ ਨਾਲ ਕਰਦੀ ਹੈ। ਮੱਛੀ ਪਾਣੀ ਤੋਂ ਬਿਨਾਂ ਇੱਕ ਖਿਨ ਵੀ ਨਹੀਂ ਜੀਅ ਸਕਦੀ ਅਤੇ ਜਿਹੋ ਜਿਹਾ ਪਪੀਹੇ ਦਾ ਪ੍ਰੇਮ ਵਰਖਾ ਬੂੰਦ ਨਾਲ ਹੈ। ਪਪੀਹਾ ਤਿਹਾਇਆ ਹੁੰਦਾ ਹੈ ਪਰ ਹੋਰ ਪਾਣੀ ਨਹੀਂ ਪੀਂਦਾ। ਉਹ ਮੁੜ ਮੁੜ ਕੇ ਵਰਖਾ ਦੀ ਕਣੀ ਮੰਗਦਾ ਹੈ ਤੇ ਬੱਦਲਾਂ ਨੂੰ ਆਖਦਾ ਹੈ, ਹੇ ਸੋਹਣੀ ਮੇਘੂ ਵਰਖਾ ਕਰ।”
ਇਸੇ ਤਰ੍ਹਾਂ ਹੀ ਇਕ ਚਿੱਠੀ ਵਿੱਚ ਸ਼ਹੀਦ ਭਾਈ ਸੁਖਦੇਵ ਸਿੰਘ ਗੁਰਬਾਣੀ ਪ੍ਰੇਮ ਵਿਚ ਭਿੱਜੇ ਅਤੇ ਅੰਮ੍ਰਿਤ ਦੀ ਦਾਤ ਬਾਰੇ ਲਿਖਦੇ ਹਨ –
“ਇਸ ਜੀਵਨ ਦੇ ਸਫਰ ਵਿਚ ਜਿਸ ਮਨੁੱਖ ਨੇ ਗੁਰਬਾਣੀ ਰਾਹੀ ਅਤੇ ਗੁਰੂ ਦੀ ਸ਼ਰਨ ਪੈ ਕੇ ਅੰਮ੍ਰਿਤ ਛੱਕ ਕੇ ਪ੍ਰਮਾਤਮਾ ਦੀ ਰਜ਼ਾ ਨੂੰ ਸਮਝ ਲਿਆ ਅਤੇ ਉਸਦੀ ਰਜ਼ਾ ਨੂੰ ਖਿੜੇ ਮੱਥੇ ਕਬੂਲ ਕਰ ਲਿਆ ਉਹ ਪ੍ਰਮਾਤਮਾ ਦੀ ਦਰਗਾਹ ਵਿਚ ਕਬੂਲ ਹੋ ਜਾਂਦਾ ਹੈ। ਜਿਸ ਮਨੁੱਖ ਨੇ ਪੂਰੇ ਗੁਰੂ ਦੇ ਚਰਨ ਫੜਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲਈ, ਉਸ ਦੇ ਪਿਛਲੇ ਕਰੋੜਾਂ ਜਨਮਾਂ ਦੇ ਪਾਪ ਲਹਿ ਜਾਂਦੇ ਹਨ।”
ਸ਼ਸਤਰਾਂ ਨਾਲ ਪਿਆਰ ਦਾ ਸਬੂਤ ਦਿੰਦੇ ਇਕ ਚਿੱਠੀ ਵਿੱਚ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਆਪਣੇ ਭੈਣ ਜੀ ਨੂੰ ਲਿਖਦੇ ਹਨ –
“ਭੈਣ ਜੀ ਤੁਹਾਡੀਆਂ ਫੋਟੋਆਂ ਤੇ ਸ੍ਰੀ ਸਾਹਿਬ ਜੀ ਨਜਰ ਨਹੀਂ ਆ ਰਹੀ। ਤੁਸੀਂ ਸ੍ਰੀ ਸਾਹਿਬ ਜੀ ਉੱਪਰ ਦੀ ਪਾਕੇ ਰੱਖਿਆ ਕਰੋ। ਘਰ ਵੀ ਤੇ ਜਦੋਂ ਬਾਹਰ ਜਾਂਦੇ ਹੋ ਉਦੋਂ ਵੀ। ਸ੍ਰੀ ਸਾਹਿਬ ਵੀ ਬਿਲਕੁਲ ਛੋਟੀ ਜਿਹੀ ਨਹੀਂ ਪਾਉਣੀ।”
ਜੇਲ੍ਹ ਜੀਵਨ ਵਿਚ ਓਹ ਕਿਸ ਤਰ੍ਹਾਂ ਚੜ੍ਹਦੀਕਲਾ ਵਿਚ ਰਹਿੰਦੇ ਸਨ, ਇਸਦਾ ਸਬੂਤ ਓਹੋ ਹਾਸੇ ਮਖੌਲ ਰਾਹੀਂ ਵੀ ਦੇ ਜਾਂਦੇ ਹਨ। ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਇਕ ਚਿੱਠੀ ਵਿੱਚ ਲਿਖਦੇ ਹਨ –
“ਹੁਣ ਇੱਕ ਹਾਸੇ ਵਾਲੀ ਗੱਲ ਸੁਣਾਵਾਂ। ਕੱਲ੍ਹ ਪਰਸੋਂ ਮੈਨੂੰ ਜੇਲ੍ਹਰ ਹੌਲੀ ਜਿਹੀ ਆ ਕੇ ਪੁੱਛਦਾ ਕਿ ਤੁਹਾਡੀ ਆਖਰੀ ਖਾਹਿਸ਼ ਕੀ ਹੈ ?” ਤਾਂ ਮੈਂ ਉਸ ਨੂੰ ਅੱਗੋਂ ਹੱਸ ਕੇ ਕਿਹਾ, “ਮੇਰੀ ਜਗ੍ਹਾ ਸੁਪਰਡੈਂਟ ਨੂੰ ਫਾਂਸੀ ਚੜ੍ਹਾ ਦਿਓ’ ਤਾਂ ਉਹ ਬੜਾ ਹੱਸਿਆ। ਮੈਂ ਆਈ.ਜੀ. ਨੂੰ ਵੀ ਦੋ ਚੁਟਕਲੇ ਸੁਣਾਏ। ਇੱਕ ਇਹੋ ਹੀ ਸੁਪਰਡੈਂਟ ਵਾਲਾ ਤੇ ਇੱਕ ਹੋਰ। “ਇੱਕ ਫਾਂਸੀ ਵਾਲੇ ਨੂੰ ਆਖਰੀ ਖਾਹਿਸ਼ ਪੁੱਛੀ ਜਾਂਦੀ ਹੈ ਤਾਂ ਉਹ ਕਹਿੰਦਾ ਹੈ, “ਮੈਂ ਖਰਬੂਜਾ ਖਾਣਾ” ਤਾਂ ਉਹ ਕਹਿੰਦੇ ‘ਖਰਬੂਜੇ ਦਾ ਤੇ ਹੁਣ ਮੌਸਮ ਨਹੀਂ’ ਤਾਂ ਉਹ ਕਹਿੰਦਾ, “ਕੋਈ ਗੱਲ ਨਹੀਂ ਤਦ ਤੱਕ ਇੰਤਜਾਰ ਕਰ ਲਵਾਂਗਾ”।”
ਭਾਈ ਸਾਹਿਬਾਨ ਹੋਣੇ ਜਿੱਥੇ ਇਕ ਆਮ ਮਨੁੱਖ ਵਾਂਗ ਵਿਚਰਦੇ ਸਨ, ਓਥੇ ਹੀ ਓਹਨਾਂ ਦੇ ਗੁਰੂ ਭਰੋਸੇ ਸਦਕਾ ਇਰਾਦੇ ਦ੍ਰਿੜ ਸਨ। ਇਸ ਸਭ ਦਾ ਗਿਆਤ ਸਾਨੂੰ ਓਹਨਾਂ ਦੀ ਸ਼ਹੀਦੀ ਤੋਂ ਹੀ ਮਿਲ ਜਾਂਦਾ ਹੈ। ਇਸ ਕਿਤਾਬ ਵਿਚ ਦਰਜ ਕੀਤੀਆਂ ਚਿੱਠੀਆਂ ਰਾਹੀ ਓਹਨਾਂ ਦੇ ਦ੍ਰਿੜ ਇਰਾਦਿਆਂ ਨੂੰ, ਸਿੱਖੀ ਪ੍ਰੇਮ ਨੂੰ, ਗੁਰਬਾਣੀ ਸਤਿਕਾਰ ਨੂੰ ਨੇੜੇ ਹੋ ਕੇ ਵੇਖਿਆ ਜਾ ਸਕਦਾ ਹੈ।
ਇਹਨਾਂ ਜੇਲ੍ਹ ਚਿੱਠੀਆਂ ਨੂੰ ਬਹੁਤ ਮਿਹਨਤ ਨਾਲ ਕਿਤਾਬ ਰੂਪ ਵਿਚ ਸੰਗਤ ਦੀ ਝੋਲੀ ਵਿਚ ਪਾਉਣ ਲਈ ਭਾਈ ਪਰਮਜੀਤ ਸਿੰਘ ਗਾਜ਼ੀ ਤੇ ਵੀਰ ਰਣਜੀਤ ਸਿੰਘ ਵਧਾਈ ਦੇ ਪਾਤਰ ਹਨ। ਅਰਦਾਸ ਹੈ ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਵਿਚ ਰੱਖਣ, ਤੁਹਾਡੀ ਬਿਬੇਕ ਬੁੱਧ ਵਿਚ ਨਿਰੰਤਰ ਵਾਧਾ ਹੁੰਦਾ ਰਹੇ ਤੇ ਤੁਸੀਂ ਸੰਗਤਾਂ ਦੀ ਅਸੀਸ ਲੈਂਦੇ ਰਹੋ। ਬਿਬੇਕਗੜ੍ਹ ਪ੍ਰਕਾਸ਼ਨ ਵਲੋਂ ਛਪੀ “ਅਜ਼ਾਦਨਾਮਾ – ਫਾਂਸੀ ਦੇ ਤਖ਼ਤੇ ਤੋਂ ਜੇਲ੍ਹ ਚਿੱਠੀਆਂ” ਨੂੰ ਖ਼ੁਸ਼ਆਮਦੀਦ ਕਹਿੰਦਾ ਹਾਂ। ਸਾਨੂੰ ਸਭ ਨੂੰ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ ਤਾਂ ਜੋ ਅਸੀਂ ਕੌਮ ਦੇ ਮਹਾਨ ਸ਼ਹੀਦਾਂ ਦੇ ਜੀਵਨ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰ ਸਕੀਏ, ਉਨ੍ਹਾਂ ਦੀ ਸਖਸ਼ੀਅਤ ਦੇ ਦਰਸ਼ਨ ਕਰ ਸਕੀਏ ਅਤੇ ਸਿੱਖੀ ਸਿਧਾਂਤਾ ਨੂੰ ਆਪਣੇ ਜੀਵਨ ਵਿੱਚ ਜਗ੍ਹਾ ਦੇ ਸਕੀਏ।
ਕਿਤਾਬ ਮੰਗਵਾਉਣ ਲਈ ਸਿੱਖ ਸਿਆਸਤ ਦੇ ਵਟਸਐਪ ਤੇ ਸੁਨੇਹਾ ਭੇਜੋ ਜੀ – 89682-25990
Related Topics: Azadnama, Bhai Sukha Jinda, Bibekgarh Parkashan, Parmjeet Singh Gazi, Ranjit Singh, Shaheed Bhai Harjinder Singh Jinda, Shaheed Bhai Sukhdev Singh Sukha, Surinder Singh Ibadati