July 5, 2023 | By ਭਾਈ ਵੀਰ ਸਿੰਘ
ਅਕਾਲ ਬੁੰਗੇ ਦਾ ਅਕਾਲੀ ਉਹ ਹੋ ਸਕਦਾ ਸੀ ਜੋ ਨਾਮ ਬਾਣੀ ਦਾ ਪ੍ਰੇਮੀ ਹੋਵੇ ਤੇ ਨਾਲ ਪੂਰਨ ਤਿਆਗ ਵੈਰਾਗ ਦੀ ਬ੍ਰਿਤੀ ਰੱਖਦਾ ਹੋਵੇ।
ਘਰ ਬਾਰ ਮਾਲ ਮਿਲਖ ਤੋਂ ਉਸ ਨੇ ਕਬਜ਼ੇ ਤੇ ਅਪਣਤ ਦਾ ਨਾ ਸਿਰਫ ਮੂੰਹੋਂ ਸਗੋਂ ਸੱਚੀ ਮੁੱਚੀ ਸਬੰਧ ਤੋੜਿਆ ਹੋਇਆ ਹੋਵੇ।
ਜੋ ਕਿਸੇ ਸ਼ੈ ਨੂੰ ਆਪਣੀ ਨਾ ਸਮਝਦਾ ਹੋਵੇ ਅਰ ਕਿਸੇ ਮਾਲ ਮਿਲਖ ਤੇ ਦਾਵਾ ਨਾ ਰੱਖਦਾ ਹੋਵੇ।
ਪਰ ਏਹ ਉਦਾਸੀ ਸੰਨਯਾਸੀ ਨਹੀਂ ਸੇ ਹੁੰਦੇ, ਏਹ ਉਚੇ ਮਨ ਵਾਲੇ ਉਨਮਨੀਏ, ਨਾਮ ਰਸੀਏ, ਵੈਰ ਵਿਰੋਧ ਨੂੰ ਜਿੱਤੇ ਸੂਰੇ ਅਰ ਅਤਿ ਨਿਰਭੈ ਸੂਰਮੇ ਹੁੰਦੇ ਸੇ।
ਜੇ ਇਨ੍ਹਾਂ ਨਾਲ ਪਦਾਰਥ ਦੀ ਗੱਲ ਕਰੋ ਤਾਂ ਪਤੇ ਦਾ ਉੱਤਰ ਦੇਣਗੇ,
ਜੇ ਇਨ੍ਹਾਂ ਦਾ ਸਤਿਸੰਗ ਕਰੋ ਤਾਂ ਨਾਮ ਦਾ ਰੰਗ ਚੜ੍ਹੇਗਾ,
ਜੇ ਇਨ੍ਹਾਂ ਨਾਲ ਮੋਹ ਪਾਉ ਉਹ ਕਾਬੂ ਨਹੀਂ ਆਉਣਗੇ
ਜੇ ਲਾਲਚ ਦਿਓ ਤਾਂ ਠੱਗੇ ਨਹੀਂ ਜਾਣਗੇ,
ਜੇ ਇਸਤ੍ਰੀਆਂ ਦੇ ਕਟਾਯਾਂ ਦੀ ਤੀਰ-ਬਰਖਾ ਹੇਠ ਖੜੇ ਕਰ ਦਿਓ ਤਾਂ ਕਿਸੇ ਇਕ ਦੀ ਨੋਕ ਦੀ ਚੋਭ ਬੀ ਨਹੀਂ ਖਾਣਗੇ।
ਜ਼ੁਬਾਨ ਇਨ੍ਹਾਂ ਦੀ ਨਾਮ ਰਸ ਰੁੱਤੀ ਚੁੱਪ, ਪਰ ਬੋਲਣ ਤਾਂ ਬ੍ਰਹਮ ਗਿਆਨ, ਜੇ ਜਗਤ ਦੀ ਗੱਲ ਕਰੋ ਤਾਂ ਪੰਥ ਰੱਖ੍ਯਾ, ਪੰਥ ਦੀ ਭਲਾਈ, ਪੰਥ ਦੇ ਬਚਾਉ ਦੀ, ਹੋਰ ਮਾਮਲੇ ਛੇੜੋ ਤਾਂ ਇਹ ਮੋਨੀ।
ਇਨ੍ਹਾਂ ਦਾ ਵਜੂਦ ਆਪਣੇ ਆਪ ਵਿਚ ਰੂਹਾਨੀ ਖਿੱਚ ਦਾ ਕੇਂਦਰ ਹੁੰਦਾ ਸੀ। ਤਦੋਂ ਲੈਕਚਰ ਤੇ ਉਪਦੇਸ਼ਕਾਂ ਦੇ ਵਖਿਆਨ ਨਹੀਂ ਸੇ ਹੁੰਦੇ, ਬਸ ਅਕਾਲ ਬੁੰਗੇ ਆਓ, ਇਨ੍ਹਾਂ ਵ੍ਯਕਤੀਆਂ ਦੇ ਦਰਸ਼ਨ ਮੇਲੇ ਮਿਕਨਾਤੀਸੀ ਅਸਰ ਪਾ ਕੇ ਗੁਰੂ ਚਰਨਾਂ ਵੱਲ ਖਿੱਚ ਲੈਂਦੇ ਸੀ। ਸ੍ਰੀ ਦਰਬਾਰ ਸਾਹਿਬ ਜੀ ਦੇ ਗ੍ਰੰਥੀਆਂ, ਸੇਵਾਦਾਰਾਂ ਦਾ ਜੀਵਨ ਬੀ ਇਸੇ ਤਰ੍ਹਾਂ ਨਾਮ ਰਸ ਰੱਤਾ, ਸ਼ਾਂਤਿ-ਸਰੋਵਰ ਹੁੰਦਾ ਸੀ।
Related Topics: Article by Bhai Veer Singh, Sri Akal Takhat Sahib