November 22, 2022 | By ਸਿੱਖ ਸਿਆਸਤ ਬਿਊਰੋ
ਜੁਝਾਰੂ ਪੰਥਕ ਸਖਸ਼ੀਅਤਾਂ ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਦਲਜੀਤ ਸਿੰਘ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਨਰਾਇਣ ਸਿੰਘ ਚੌੜਾ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਸਤਨਾਮ ਸਿੰਘ ਝੰਜੀਆ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਅਮਰੀਕ ਸਿੰਘ ਈਸੜੂ, ਭਾਈ ਸੁਖਦੇਵ ਸਿੰਘ ਡੋਡ ਅਤੇ ਭਾਈ ਮਨਜੀਤ ਸਿੰਘ ਫਗਵਾੜਾ ਨੇ ਫਿਲਮਾਂ ਵਿਚ ਗੁਰੂ ਸਾਹਿਬਾਨ, ਗੁਰੂ ਸਾਹਿਬਾਨ ਦੇ ਮਾਤਾ ਪਿਤਾ, ਗੁਰੂ ਕੇ ਮਹਿਲ, ਸਾਹਿਬਜ਼ਾਦੇ, ਗੁਰੂ ਸਾਹਿਬ ਦੇ ਸੰਗੀ ਮਹਾਨ ਗੁਰਸਿੱਖਾਂ ਅਤੇ ਸ਼ਹੀਦਾਂ ਦੇ ਸਵਾਂਗ ਰਚਨ ਤੇ ਨਕਲਾਂ ਲਾਹੁਣ ਦੇ ਬਿਪਰਵਾਦੀ ਕਰਮ ਬਾਰੇ ਇੱਕ ਸਾਂਝਾ ਬਿਆਨ ਜਾਰੀ ਕੀਤਾ ਹੈ। ਇਹ ਬਿਆਨ ਅਸੀਂ ਪਾਠਕਾਂ ਦੀ ਜਾਣਕਾਰੀ ਹਿਤ ਹੇਠਾਂ ਸਾਂਝਾ ਕਰ ਰਹੇ ਹਾਂ:
ਸਾਂਝਾ ਬਿਆਨ
‘ਗੁਰਮਤਿ ਮਾਰਗ’ ਗੁਰ-ਸ਼ਬਦ ਅਤੇ ਗੁਰੂ-ਆਸ਼ੇ ਨੂੰ ਜੀਵਨ ਅਮਲ ਵਿੱਚ ਧਾਰਨ ਕਰਨ ਦਾ ਪੰਧ ਹੈ। ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ‘ਬਿਪਰਨ ਕੀ ਰੀਤ’ ਤੋਂ ਨਿਰਲੇਪ ਰਹਿਣ ਦਾ ਉਪਦੇਸ਼ ਦਿੰਦਿਆਂ, ਇਸ ’ਤੇ ਚੱਲਣ ਦੀ ਸਖਤ ਮਨਾਹੀ ਕੀਤੀ ਹੈ। ਗੁਰਮਤਿ ਦੇ ਪਾਂਧੀਆਂ ਲਈ ਗੁਰ-ਸ਼ਬਦ ਅਤੇ ਗੁਰੂ-ਆਸ਼ੇ ਦੇ ਪ੍ਰਚਾਰ-ਪ੍ਰਸਾਰ ਵਾਸਤੇ ਅਪਣਾਇਆ ਜਾਣ ਵਾਲਾ ਢੰਗ-ਤਰੀਕਾ ਵੀ ਗੁਰਮਤਿ ਅਨੁਸਾਰੀ ਹੀ ਹੋਣਾ ਚਾਹੀਦਾ ਹੈ। ਇਸ ਕਰਕੇ ਸਿੱਖ ਇਤਿਹਾਸ ਦੀ ਜਾਣਕਾਰੀ ਦੇਣ ਜਾਂ ਗੁਰ-ਸ਼ਬਦ ਦੇ ਪ੍ਰਚਾਰ ਲਈ ‘ਬਿਪਰਨ ਕੀ ਰੀਤ’ ਵਾਲੇ ਢੰਗ-ਤਰੀਕੇ ਬਿਲਕੁਲ ਨਹੀਂ ਅਪਣਾਏ ਜਾ ਸਕਦੇ।
ਖਾਲਸਾਈ ਸਿਧਾਤਾਂ ਤੇ ਰਵਾਇਤਾਂ ਵਿੱਚ ਗੁਰੂ-ਜੋਤਿ ਦੇ ਪ੍ਰਗਟਾਵੇ ਦੀ ਚਿੱਤਰਤ ਜਾਂ ਨਾਟਕੀ ਪੇਸ਼ਕਾਰੀ ਕਰਨ ਦੀ ਸਖਤ ਮਨਾਹੀ ਹੈ, ਕਿਉਂਕਿ ਅਜਿਹੀ ਪੇਸ਼ਕਾਰੀ ਗੁਰਮਤਿ ਦਾ ਮਾਰਗ ਨਹੀਂ, ਬਿਪਰਨ ਕੀ ਰੀਤ ਹੈ। ਇਸੇ ਲਈ ਹੀ ਖਾਲਸਾਈ ਰਿਵਾਇਤ ਵਿੱਚ ਗੁਰੂ ਸਾਹਿਬਾਨ, ਗੁਰੂ ਸਾਹਿਬਾਨ ਦੇ ਮਾਤਾ-ਪਿਤਾ, ਗੁਰੂ ਕੇ ਮਹਿਲਾਂ, ਸਾਹਿਬਜ਼ਾਦਿਆਂ, ਗੁਰੂ ਜੀਵਨ ਨਾਲ ਸੰਬੰਧਤ ਮਹਾਨ ਗੁਰਸਿੱਖਾਂ ਅਤੇ ਸਿੱਖ ਸ਼ਹੀਦਾਂ ਦੀਆਂ ਨਕਲਾਂ ਉਤਾਰਨ ਅਤੇ ਉਹਨਾਂ ਦੇ ਸਵਾਂਗ ਰਚਣ ਦੀ ਆਗਿਆ ਨਹੀਂ ਹੈ।
ਗੁਰੂ ਸਾਹਿਬਾਨ ਦੀਆਂ ਮਨੋਕਲਪਤ ਤਸਵੀਰਾਂ ਦਾ ਪ੍ਰਚਲਨ ਵੀ ਸਿੱਖਾਂ ਵਿੱਚ ਬੁਤਪ੍ਰਸਤੀ ਦੇ ਕੁਰਾਹੇ ਦਾ ਆਧਾਰ ਬਣਦਾ ਜਾ ਰਿਹਾ ਹੈ। ਜਿਸ ਦਾ ਅਗਲਾ ਪੜਾਅ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਦਾ ਨਾਟਕੀ ਚਿਤਰਣ ਕਰਦੀਆਂ ਫਿਲਮਾਂ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਸਿੱਖਾਂ ਵਿੱਚ ਬਿੱਪਰ ਦੀ ਰੀਤ ਦੇ ਹੋ ਰਹੇ ਇਸ ਪਸਾਰੇ ਨੂੰ ਰੋਕਣਾ ਅਤੀ ਜ਼ਰੂਰੀ ਹੈ। ਇਸ ਲਈ ‘ਦਾਸਤਾਨ-ਏ-ਸਰਹੰਦ’ ਨਾਮੀ ਫਿਲਮ, ਜਿਸ ਵਿੱਚ ਸਾਹਿਬਜ਼ਾਦਿਆਂ ਦਾ ਸਵਾਂਗ ਰਚਿਆ ਗਿਆ ਹੈ, ਤੁਰੰਤ ਰੋਕ ਲਵਾ ਕੇ ਬੰਦ ਕਰਾਈ ਜਾਵੇ। ਇਹ ਫਿਲਮ ਰੋਕਣ ਲਈ ਪੰਥ ਦੇ ਸੇਵਾਦਾਰ ਜਥਿਆਂ, ਸਥਾਨਕ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਮਾਜ-ਸੇਵੀ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਮਤੇ ਸੰਗਤ ਦੀਆਂ ਭਾਵਨਾਵਾਂ ਦਾ ਪ੍ਰਤੱਖ ਪ੍ਰਗਟਾਵਾ ਹਨ। ਇਸ ਲਈ ਪੂਰੇ ਸਿੱਖ ਜਗਤ ਦੀਆਂ ਸਿੱਖ ਸੰਗਤਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਗੁਰਮਤਿ ਆਸ਼ੇ ਮੁਤਾਬਕ ਅਜਿਹੇ ਮਤੇ ਕਰਨੇ ਚਾਹੀਦੇ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਮੁੱਖ ਸਿੱਖ ਸ਼ਹੀਦਾਂ ਦੇ ਨਾਟਕੀਕਰਨ ਅਤੇ ਫਿਲਮਾਂਕਣ ਦੀ ਆਗਿਆ ਦੇਣ ਦੇ ਆਪਣੇ ਫੈਸਲੇ ਦਾ ਖਾਲਸਾਈ ਰਿਵਾਇਤਾਂ ਦੇ ਪਰਿਪੇਖ ਵਿੱਚ ਮੁੜ ਮੁਲਾਂਕਣ ਕਰੇ।
ਖਾਲਸਾ ਪੰਥ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਵੱਲੋਂ ਅਜਿਹੀਆਂ ਫਿਲਮਾਂ ਨੂੰ ਰੋਕਣ ਬਾਰੇ ਕੋਈ ਪੱਕਾ ਫੈਸਲਾ ਨਾ ਲਏ ਜਾਣ ਕਾਰਨ ਹੀ ਇਹ ਕੁਰਾਹਾ ਵਾਰ-ਵਾਰ ਪ੍ਰਗਟ ਹੋ ਰਿਹਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਉਕਤ ਫਿਲਮ ਨੂੰ ਰੋਕਣ ਦੇ ਨਾਲ-ਨਾਲ ਅਗੇ ਤੋਂ ਅਜਿਹੀਆਂ ਫਿਲਮਾਂ ਬਣਾਉਣ ਦੀ ਮੁਕੰਮਲ ਮਨਾਹੀ ਦਾ ਫੈਸਲਾ ਲਿਆ ਜਾਵੇ। ਇਸ ਵਾਸਤੇ ਗੁਰੂ ਖਾਲਸਾ ਪੰਥ ਦੀਆਂ ਸਮੂਹ ਸੰਪਰਦਾਵਾਂ, ਜਥੇਬੰਦੀਆਂ, ਸੰਸਥਾਵਾਂ ਤੇ ਸਖਸ਼ੀਅਤਾਂ ਅਤੇ ਗੁਰ-ਸੰਗਤ ਨੂੰ ਉਚੇਚਾ ਉੱਦਮ ਕਰਨਾ ਚਾਹੀਦਾ ਹੈ ਤਾਂ ਕਿ ਇਸ ਕੁਰਾਹੇ ਨੂੰ ਸਦੀਵੀ ਠੱਲ੍ਹ ਪਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਜਾਰੀ ਕੀਤਾ ਜਾ ਸਕੇ।
Related Topics: Bhai Amrik Singh Isru, Bhai Bhupinder Singh Pehalwan, Bhai Daljit Singh Bittu, Bhai Hardeep Singh Mehraj, Bhai Lal Singh Akalgarh, Bhai Manjeet Singh Phagwara, Bhai Narain Singh Chauda, Bhai Rajinder Singh Mughalwal, Bhai Satnam Singh Jhanjian, Bhai Satnam Singh Khandewal, Bhai Sukhdev Singh Dod