January 9, 2012 | By ਸਿੱਖ ਸਿਆਸਤ ਬਿਊਰੋ
ਲੁਧਿਆਣਾ (10 ਜਨਵਰੀ, 2012): ਭਾਈ ਦਲਜੀਤ ਸਿੰਘ ਬਿੱਟੂ ਦੀ ਗ੍ਰਿਫਤਾਰੀ ਸੰਨ 1995 ਵਿਚ ਹੋਈ ਸੀ। ਇਸ ਤੋਂ ਪਹਿਲਾਂ ਉਹ ਹਥਿਆਰਬੰਦ ਜੁਝਾਰੂ ਸੰਘਰਸ਼ ਦਾ ਹਿੱਸਾ ਰਹੇ। ਇਸ ਸਮੇਂ ਦੌਰਾਨ ਵੀ ਭਾਈ ਦਲਜੀਤ ਸਿੰਘ ਨੂੰ ਉਨ੍ਹਾਂ ਦੀ ਦੂਰ-ਦ੍ਰਿਸ਼ਟੀ, ਸਹਿਜ, ਜੁਝਾਰੂ ਕਾਰਨਾਮਿਆਂ ਅਤੇ ਸੰਘਰਸ਼ਸ਼ੀਲ ਤੇ ਚੇਤਨ ਸਿਆਸਤ ਕਾਰਨ ਸਿੱਖ ਸੰਘਰਸ਼ ਦੇ ਸਿਧਾਂਤਕ ਆਗੂ ਦੇ ਤੌਰ ਉੱਤੇ ਜਾਣਿਆ ਜਾਂਦਾ ਰਿਹਾ ਹੈ। ਸਾਲ 2006 ਵਿਚ ਤਕਰੀਬਨ 10 ਸਾਲ ਦੀ ਨਜ਼ਰਬੰਦੀ ਤੋਂ ਬਾਅਦ ਭਾਈ ਦਲਜੀਤ ਸਿੰਘ ਦੀ ਰਿਹਾਈ ਹੋਈ। ਇਸ ਸਮੇਂ ਦੌਰਾਨ ਤਿੰਨ ਸਾਲ ਤੱਕ ਉਨ੍ਹਾਂ ਵੱਲੋਂ ਪੰਜਾਬ ਦੇ ਜਨਤਕ ਤੇ ਸਿਆਸੀ ਖੇਤਰ ਵਿਚ ਜ਼ਮੀਨੀ ਪੱਧਰ ਉੱਤੇ ਕੀਤੀ ਗਈ ਸਰਗਰਮੀ ਨੇ ਇਕ ਵਾਰ ਮੁੜ ਇਹ ਸਾਬਤ ਕੀਤਾ ਕਿ ਜੇਲ੍ਹ ਦੀ ਕਾਲ ਕੋਠੜੀ ਵੀ ਭਾਈ ਦਲਜੀਤ ਸਿੰਘ ਦੇ ਸਿਦਕ, ਸਿਰੜ, ਗੁਰੂ ਸਾਹਿਬ ਉੱਤੇ ਭਰੋਸੇ ਅਤੇ ਸੰਘਰਸ਼ਸ਼ੀਲ ਬਿਰਤੀ ਨੂੰ ਡੋਲਾ ਨਹੀਂ ਸਕੀ।
ਭਾਈ ਦਲਜੀਤ ਸਿੰਘ ਨੂੰ ਜਨਤਕ ਅਤੇ ਸਿਆਸੀ ਖੇਤਰ ਦੀ ਸਰਗਰਮੀ ਤੋਂ ਦੂਰ ਰੱਖਣ ਲਈ ਉਨ੍ਹਾਂ ਨੂੰ ਸਾਲ 2009 ਵਿਚ ਮੁੜ ਗ੍ਰਿਫਤਾਰ ਕਰ ਲਿਆ ਗਿਆ। ਭਾਵੇਂ ਕਿ ਸਾਲ 2006 ਤੋਂ 2009 ਤੱਕ ਵੀ ਉਨ੍ਹਾਂ ਨੂੰ ਕਈ ਵਾਰ ਗ੍ਰਿਫਤਾਰੀ ਦਾ ਸਾਹਮਣਾ ਕਰਨਾ ਪਿਆ ਸੀ, ਪਰ ਸਾਲ 2009 ਵਿਚ ਇਹ ਗ੍ਰਿਫਤਾਰੀ ਲੰਮੀ ਵਿਓਂਤਬੰਦੀ ਤੇ ਵੱਡੇ ਮਨਸੂਬਿਆਂ ਦੀ ਪੂਰਤੀ ਹਿਤ ਕੀਤੀ ਗਈ ਸੀ। ਭਾਈ ਦਲਜੀਤ ਸਿੰਘ ਦੀ ਨਜ਼ਰਬੰਦੀ ਬਾਰੇ ਸਰਕਾਰ, ਪੁਲਿਸ ਅਤੇ ਅਦਾਲਤਾਂ ਦੇ ਵਤੀਰੇ ਨੂੰ ਇਸ ਵਿਓਂਤਬੰਦੀ ਅਤੇ ਮਨੋਰਥ ਦੇ ਪ੍ਰਮਾਣ ਵੱਜੋਂ ਵੇਖਿਆ ਜਾ ਸਕਦਾ ਹੈ।
ਭਾਈ ਦਲਜੀਤ ਸਿੰਘ ਦੀ ਤਕਰੀਬਨ ਤਿੰਨ ਸਾਲ ਦੀ ਸਿਆਸੀ ਸਰਗਰਮੀ ਨੂੰ ਰੂਪਮਾਨ ਕਰਦੀਆਂ ਤਸਵੀਰਾਂ ਅਤੇ ਵੇਰਵਿਆਂ ਦਾ ਸੰਗ੍ਰਿਹ ਆਉਂਦੇ ਦਿਨਾਂ ਵਿਚ ਦੁਨੀਆਂ ਭਰ ਵਿਚ ਬੈਠੇ ਪੰਥ ਦਰਦੀਆਂ ਤੱਕ ਪਹੁੰਚਾਉਣ ਦੇ ਯਤਨਾਂ ਤਹਿਤ ਭਾਈ ਦਲਜੀਤ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੀਡੀਆ ਕਮੇਟੀ ਮੈਂਬਰ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਵੱਲੋਂ ਇਕ ਕਿਤਾਬ ਜਾਰੀ ਕੀਤੀ ਜਾ ਰਹੀ ਹੈ। ਐਡਵੋਕੇਟ ਮੰਝਪੁਰ ਵੱਲੋਂ ਸਮਾਜਕ ਸੰਪਰਕ ਮੰਚ “ਫੇਸਬੁੱਕ” ਉੱਤੇ ਨਸ਼ਰ ਕੀਤੀ ਗਈ ਜਾਣਕਾਰੀ ਮੁਤਾਬਕ ’21ਵੀਂ ਸਦੀ ਦੀ ਸਿੱਖ ਸਿਆਸਤ ਦਾ’ – “ਸੱਚਾ ਪਾਂਧੀ” ਨਾਮੀ ਇਹ ਪੁਸਕਤ ਜਲਦ ਹੀ ਇੰਟਰਨੈਟ ਰਾਹੀਂ ਜਾਰੀ ਕਰ ਦਿੱਤੀ ਜਾਵੇਗੀ।
ਐਡਵੋਕੇਟ ਮੰਝਪੁਰ ਨੇ ਆਪਣੀ “ਫੇਸਬੁੱਕ ਵਾਲ” ਉੱਤੇ ਲਿਖਿਆ ਹੈ ਕਿ: “ਭਾਈ ਦਲਜੀਤ ਸਿੰਘ ਦੀਆਂ ਪੰਥਕ ਸਰਗਰਮੀਆਂ ਨੂੰ ਰੂਪਮਾਨ ਕਰਦੀ ਮੇਰੇ ਵੱਲੋਂ ਸੰਪਾਦਤ ਈ-ਕਿਤਾਬ ਇੰਟਰਨੈਟ ਉੱਤੇ ਜਲਦ ਆ ਰਹੀ ਹੈ”।
9 ਜਨਵਰੀ, 2012 ਨੂੰ ਜਾਰੀ ਕੀਤੀ ਗਈ ਇਸ ਜਾਣਕਾਰੀ ਦੇ ਨਾਲ ਕਿਤਾਬ ਦਾ ਸਰਵਰਕ ਵੀ ਜਾਰੀ ਕੀਤਾ ਗਿਆ ਹੈ, ਜਿਸ ਉੱਤੇ ਭਾਈ ਦਲਜੀਤ ਸਿੰਘ ਦੀ ਇਕ ਪ੍ਰਭਾਵਸ਼ਾਲੀ ਤਸਵੀਰ ਦੇ ਨਾਲ-ਨਾਲ ਇਹ ਕਾਵਿ-ਸਤਰਾਂ ਲਿਖਿਆਂ ਹੋਈਆਂ ਹਨ:
ਪਾਣੀਆਂ ਦੀ ਕੁੱਲ ਜੰਮ ਹਾਂ,
ਨਾ ਥੰਮਣਾ ਏ ਨਾ ਥੰਮੇ ਹਾਂ,
ਤੇ ਪੈਂਡਾ ਬੜਾ ਅਥਾਹ ਸਾਡਾ,
ਬੱਸ ਇਹੀਓ ਯਾਰ ਗੁਨਾਹ ਸਾਡਾ।
ਬਣਿਆ ਇਤਿਹਾਸ ਗਵਾਹ ਸਾਡਾ,
ਬੱਸ ਇਹੀਓ ਯਾਰ ਗੁਨਾਹ ਸਾਡਾ।
Related Topics: Akali Dal Panch Pardhani, Bhai Daljit Singh Bittu, Jaspal Singh Manjhpur (Advocate), ਭਾਈ ਦਲਜੀਤ ਸਿਘ ਬਿੱਟੂ