July 29, 2022 | By ਸਿੱਖ ਸਿਆਸਤ ਬਿਊਰੋ
ਪੰਜਾਬ ਇਸ ਸਮੇਂ ਪਾਣੀ ਅਤੇ ਵਾਤਾਵਰਨ ਦੇ ਗੰਭੀਰ ਸੰਕਟ ਵਿਚ ਘਿਰਿਆ ਹੋਇਆ ਹੈ। ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਤੇਜੀ ਨਾਲ ਹੇਠਾਂ ਡਿੱਗ ਰਿਹਾ ਹੈ ਅਤੇ ਇੱਥੇ ਜੰਗਲਾਤ ਹੇਠ ਰਕਬਾ ਸਿਰਫ 3.67% ਹੈ। ਪੰਜਾਬ ਦਾ ਸਿਰਫ 6% ਹਿੱਸਾ ਹੀ ਰੁੱਖਾਂ ਦੀ ਛਤਰੀ ਹੇਠ ਹੈ। ਅੱਜ ਹਰ ਪੰਜਾਬ ਵਾਸੀ ਤੇ ਪੰਜਾਬ ਦਾ ਦਰਦੀ ਦਾ ਇਹ ਫਰਜ਼ ਬਣਦਾ ਹੈ ਕਿ ਉਹ ਪੰਜਾਬ ਦੇ ਜਲ ਤੇ ਵਾਤਾਵਰਨ ਦੇ ਸੰਕਟ ਦੀ ਰੋਕਥਾਮ ਲਈ ਬਣਦਾ ਉੱਦਮ ਕਰੇ।
ਕੁਰਾਲੀ ਦੇ ਨੌਜਵਾਨ ਗੁਰਜਸਪਾਲ ਸਿੰਘ ਦੇ ਪਰਿਵਾਰ, ਜੋ ਅੱਜ ਕੱਲ ਵਿਦੇਸ਼ ਵਿਚ ਰਹਿੰਦੇ ਹਨ, ਵੱਲੋਂ ਕੁਝ ਮਹੀਨੇ ਪਹਿਲਾਂ ਆਪਣੀ ਪੁਸ਼ਤੈਨੀ ਜਮੀਨ ਝੋਨਾ ਮੁਕਤ ਕਰਨ ਦਾ ਐਲਾਨ ਕੀਤਾ ਗਿਆ ਸੀ। ਕਾਰਸੇਵਾ ਸੰਸਥਾ ਖਡੂਰ ਸਾਹਿਬ ਵੱਲੋਂ 550 ਗੁਰੂ ਨਾਨਕ ਯਾਦਗਾਰੀ ਜੰਗਲ ਲਾਉਣ ਦੀ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਪਿੰਡ ਸੰਤਪੁਰ ਚੁੱਪਕੀ (ਨੇੜੇ ਕੁਰਾਲੀ) ਵਿਖੇ ਪੈਂਦੀ ਗੁਰਜਸਪਾਲ ਸਿੰਘ ਹੋਰਾਂ ਦੇ ਪਰਿਵਾਰ ਦੀ ਜਮੀਨ ਵਿਚ ਕਰੀਬ 2 ਕਨਾਲ ਰਕਬੇ ਵਿਚ 25 ਜੁਲਾਈ 2022 ਨੂੰ 184ਵੇਂ ਗੁਰੂ ਨਾਨਕ ਯਾਦਗਾਰੀ ਜੰਗਲ ਲਈ ਬੂਟੇ ਲਗਾਏ ਗਏ।
ਇਸ ਝਿੜੀ ਵਿਚ ਫਲਦਾਰ, ਫੁੱਲਦਾਰ, ਛਾਂ-ਦਾਰ, ਸੁਗੰਧੀਦਾਰ ਅਤੇ ਦਵਾ-ਦਾਰ ਵਨਗੀਆਂ ਦੀਆਂ 50 ਕਿਸਮਾਂ ਦੇ ਰੁੱਖਾਂ ਦੇ 550 ਬੂਟੇ ਲਗਾਏ ਗਏ। ਬੂਟੇ ਲਗਾਉਣ ਦੀ ਸਮੁੱਚੀ ਸੇਵਾ ਕਾਰਸੇਵਾ ਖਡੂਰ ਸਾਹਿਬ ਦੇ ਸੇਵਾਦਾਰਾਂ ਵਲੋਂ ਬਾਬਾ ਦਵਿੰਦਰ ਸਿੰਘ ਦੀ ਅਗਵਾਈ ਵਿਚ ਕੀਤੀ ਗਈ।
ਇਸ ਝਿੜੀ ਲਈ #ਖੇਤੀਬਾੜੀਅਤੇਵਾਤਾਵਰਨਜਾਗਰੂਕਤਾਕੇਂਦਰ ਵਲੋਂ ਤਾਲਮੇਲ ਕੀਤਾ ਗਿਆ ਸੀ।
ਵਿਦੇਸ਼ ਤੋਂ ਗੱਲਬਾਤ ਕਰਦਿਆਂ ਗੁਰਜਸਪਾਲ ਸਿੰਘ ਨੇ ਕਿਹਾ ਕਿ ਉਹਨਾ ਦਾ ਪਰਿਵਾਰ ਹੁਣ ਖੇਤੀ ਦੀ ਆਮਦਨ ਉੱਤੇ ਨਿਰਭਰ ਨਹੀਂ ਹੈ ਇਸ ਲਈ ਉਹਨਾ ਕੁਝ ਰਕਬੇ ਵਿਚ ਝਿੜੀ ਲਵਾ ਦਿੱਤੀ ਹੈ ਅਤੇ ਰਹਿੰਦੀ ਥਾਂ ਵਿਚ ਫਲਦਾਰ ਰੁੱਖ ਲਗਾਉਣ ਦਾ ਫੈਸਲਾ ਕੀਤਾ ਹੈ।
Related Topics: Agriculture and Environment Awareness Centre, Agriculture and Environment Center, Kurali