July 13, 2021 | By ਸਿੱਖ ਸਿਆਸਤ ਬਿਊਰੋ
ਪੰਜਾਬ ਵਿੱਚ ਜਮੀਨੀ ਪਾਣੀ ਦਾ ਪੱਧਰ ਤੇਜੀ ਨਾਲ ਹੇਠਾਂ ਜਾ ਰਿਹਾ ਹੈ। ਸਿਰਫ ਗਿਣਤੀ ਦੇ ਬਲਾਕ ਹੀ ਅਜਿਹੇ ਹਨ ਜਿੱਥੋਂ ਪਾਣੀ ਦੀ ਵਰਤੋਂ ਸੁਰੱਖਿਅਤ ਸ਼੍ਰੇਣੀ ਵਿੱਚ ਆਉਂਦੀ ਹੈ। ਇਹਨਾਂ 17% ਸੁਰੱਖਿਅਤ ਕਹੇ ਜਾਂਦੇ ਬਲਾਕਾਂ ਵਿੱਚੋਂ ਵੀ ਬਹੁਤੇ ਉਹ ਹਨ ਜਿੱਥੇ ਜਮੀਨੀ ਪਾਣੀ ਖਾਰਾ ਹੋਣ ਕਾਰਨ ਉਸਦੀ ਵਰਤੋਂ ਹੀ ਨਹੀਂ ਹੁੰਦੀ। ਸੋ ਕੁਝ ਕੁ ਬਲਾਕ ਹੀ ਅਜਿਹੇ ਹਨ ਜਿੱਥੇ ਜਮੀਨੀ ਪਾਣੀ ਠੀਕ ਵੀ ਹੈ ਅਤੇ ਉਸਦੀ ਵਰਤੋਂ ਵੀ ਸੁਰੱਖਿਅਤ ਹੈ। ਮੁਹਾਲੀ ਜਿਲ੍ਹੇ ਦੀ ਖਰੜ ਤਹਿਸੀਲ ਦੇ ਮਜਾਰੀ ਬਲਾਕ ਦੀ ਗਿਣਤੀ ਅਜਿਹੇ ਸੁਰੱਖਿਅਤ ਬਲਾਕਾਂ ਵਿੱਚ ਹੀ ਹੈ। ਪਰ ਫਿਰ ਵੀ ਪੰਜਾਬ ਦੇ ਜਲ ਸੰਕਟ ਨੂੰ ਧਿਆਨ ਵਿੱਚ ਰੱਖਦਿਆਂ ਰਕੌਲੀ ਪਿੰਡ ਦੇ ਉੱਦਮੀ ਕਿਸਾਨ ਸ. ਗੁਰਮੀਤ ਸਿੰਘ ਪਾਣੀ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਕਰਦੇ ਹਨ।
ਖੇਤੀਬਾੜੀ ਅਤੇ ਵਾਤਾਵਰਨ ਕੇਂਦਰ ਵੱਲੋਂ #ਝੋਨਾ_ਘਟਾਓ_ਪੰਜਾਬ_ਬਚਾਓ ਮੁਹਿੰਮ ਤਹਿਤ ਕੀਤੀ ਜਾ ਰਹੀ #ਜਲ_ਚੇਤਨਾ_ਯਾਤਰਾ ਦੌਰਾਨ ਪਿਛਲੇ ਸਾਲ ਉਹਨਾ ਤਜ਼ਰਬੇ ਵੱਜੋਂ ਸਿਰਫ ਇੱਕ ਕਿੱਲੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ। ਪੀ.ਆਰ.126 ਕਿਸਮ ਦੇ ਝੋਨੇ ਨੂੰ ਉਹਨਾਂ ਸਿਰਫ ਵੱਤਰ ਦੇ 5 ਪਾਣੀ ਲਗਾਏ ਸਨ ਅਤੇ ਇਸਦਾ ਝਾੜ 28 ਕੁਇੰਟਲ ਨਿੱਕਲਿਆ ਸੀ। ਇਸ ਵਾਰ ਉਹਨਾਂ 10 ਕਿੱਲੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ। ਉਹਨਾਂ ਤਰ-ਵੱਤਰ ਜਮੀਨ ਵਿੱਚ 28 ਮਈ ਝੋਨਾ ਨੂੰ ਕੇਰਿਆ ਸੀ ਅਤੇ ਹੁਣ ਤੱਕ ਸਿਰਫ ਇੱਕ ਪਾਣੀ ਲਗਾਇਆ ਹੈ। ਦੂਜੇ ਗੇੜ ਦੀ ਬਿਜਾਈ ਉਹਨਾਂ 12 ਜੂਨ ਨੂੰ ਕੀਤੀ ਸੀ। ਉਹਨਾਂ ਦੇ ਸਫਲ ਤਜ਼ਰਬੇ ਤੋਂ ਪ੍ਰੇਰਿਤ ਹੋ ਕੇ ਹੁਣ ਤੱਕ ਦੋ ਹੋਰ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸਿੱਧੀ ਬਿਜਾਈ ਦੀ ਵਿਧੀ ਕਾਮਯਾਬ ਹੈ ਅਤੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਭਾਵੇਂ ਉਹ ਪਹਿਲਾਂ ਕੁਝ ਰਕਬੇ ਵਿੱਚ ਤਜ਼ਰਬਾ ਕਰ ਲੈਣ ਅਤੇ ਫਿਰ ਇਸ ਵਿਧੀ ਨੂੰ ਵੱਧ ਰਕਬੇ ਅਪਨਾਉਣ ਤਾਂ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਅਤੇ ਪੰਜਾਬ ਦੇ ਭਵਿੱਖ ਲਈ ਪਾਣੀ ਦੀ ਅਣਮੁੱਲੀ ਦਾਤ ਨੂੰ ਸੰਭਾਲ ਸਕੀਏ।
Related Topics: Agriculture and Environment Center, Punjab, Punjab Farmers, Rakoli, Reduce Paddy Save Water, Save Water Save Punjab