April 29, 2020 | By ਲਵਸ਼ਿੰਦਰ ਸਿੰਘ ਡੱਲੇਵਾਲ
ਅਪ੍ਰੈਲ ਮਹੀਨੇ ਦੀ 29 ਤਰੀਕ ਨੂੰ ਦਮਦਮੀ ਟਕਸਾਲ ਦੇ ਚੌਧਵੇਂ ਜਥੇਦਾਰ ਅਤੇ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਅੱਤ ਸਤਿਕਾਰਯੋਗ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਲਿਆਂ ਅਤੇ ਸਾਥੀ ਸਿੰਘਾਂ ਦੀਆਂ ਲਾਸਾਨੀ ਸ਼ਹਾਦਤਾਂ ਨਾਲ ਸਿਰਜੇ ਗਏ ਕੌਮੀ ਨਿਸ਼ਾਨੇ ਖਾਲਿਸਤਾਨ ਦੇ ਐਲਾਨ ਦੀ ਵਰ੍ਹੇਗੰਢ ਹੈ। ਯੂਨਾਇਟਿਡ ਖਾਲਸਾ ਦਲ ਯੂ.ਕੇ. ਜਿੱਥੇ ਖਾਲਿਸਤਾਨ ਦੀ ਜੰਗੇ ਅਜਾਦੀ ਦੇ ਸਮੂਹ ਸ਼ਹੀਦਾਂ ਨੂੰ ਕੇਸਰੀ ਪ੍ਰਣਾਮ ਕਰਦਿਆਂ ਖਾਲਿਸਤਾਨ ਦੇ ਨਿਸ਼ਾਨੇ ਤੋਂ ਭਟਕ ਚੁੱਕੇ ਵਿਆਕਤੀਆਂ ਖਾਲਸੇ ਦੀ ਮੁੱਖਧਾਰਾ ਵਿੱਚ ਵਾਪਸ ਪਰਤ ਆਉਣ ਦਾ ਸੱਦਾ ਦਿੰਦਾ ਹੈ, ਉੱਥੇ ਹਰ ਸਿੱਖ ਨੂੰ ਸਨਿਮਰ ਅਪੀਲ ਹੈ ਕਿ ਖਾਲਿਸਤਾਨੀ ਅਖਵਾਉਣ ਦੀ ਬਜਾਏ ਖਾਲਿਸਤਾਨੀ ਬਣਨਾ ਬੇਹੱਦ ਜਰੂਰਤ ਹੈ।
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਸ ਸੰਪੂਰਨ ਮਨੁੱਖ (ਖਾਲਸਾ) ਦਾ ਖਾਕਾ ਚਿਤਰਿਆ ਸੀ ਅਤੇ ਉਸ ਖਾਕੇ ਵਿੱਚ ਵੱਖ-ਵੱਖ ਗੁਰੂ ਸਹਿਬਾਨ ਵਲੋਂ ਸੇਵਾ, ਸਿਮਰਨ, ਕੁਰਬਾਨੀ, ਸੂਰਬੀਰਤਾ, ਭਰਾਤਰੀ ਭਾਵ, ਪਰਉਪਕਾਰ, ਅਜਾਦ ਮਾਨਸਿਕਤਾ, ਸਹਿਣਸ਼ੀਲਤਾ ਆਦਿ ਵਰਗੇ ਗੁਣਾਂ ਰੂਪੀ ਰੰਗ ਭਰੇ ਗਏ। ਜਦੋਂ ਇਹ ਤਸਵੀਰ ਮੁਕੰਮਲ ਤਿਆਰ ਹੋ ਗਈ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਤਸਵੀਰ ਨੂੰ ਪੰਜ ਪਿਆਰਿਆਂ ਦੀ ਸ਼ਹਾਦਤ ਰਾਹੀਂ ਪ੍ਰਗਟ ਕੀਤਾ।
ਗੂਰੂ ਸਾਹਿਬ ਨੇ ਖਾਲਸੇ ਨੂੰ ਰਹਿਤਾਂ, ਕੁਰਿਹਤਾਂ ਅਤੇ ਹਿਦਾਇਤਾਂ ਦ੍ਰਿੜ ਕਰਵਾਈਆਂ।
ਖਾਲਸੇ ਦਾ ਧਾਰਮਿਕ ਤੌਰ ਤੇ ਨਿਸ਼ਾਨਾ ਸੰਸਾਰ ਵਿੱਚ ਰਹਿੰਦਿਆਂ ਅਕਾਲ ਪੁਰਖ ਨਾਲ ਮਿਲਾਪ ਦੀ ਤਾਂਘ ਵਿੱਚ ਜੀਵਨ ਬਸਰ ਕਰਨਾ, ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਵਿੱਚ ਰਹਿਣਾ, ਧਰਮ ਦੀ ਕਿਰਤ ਕਰਨਾ ਨਾਮ ਜਪਣਾ ਅਤੇ ਵੰਡ ਛਕਣਾ ਹੈ ਉੱਥੇ ਰਾਜਸੀ ਨਿਸ਼ਾਨਾ ਰਾਜਭਾਗ ਸਥਾਪਤ ਕਰਨਾ ਹੈ ਕਿਉਂਕਿ ਰਾਜ ਵਿਹੂਣੀਆਂ ਕੌਮਾਂ ਦਾ ਪਸਾਰ ਹੋਣਾ ਸੰਭਵ ਨਹੀਂ ਹੁੰਦਾ ਅਤੇ ਨਾ ਹੀ ਅਜਿਹੀਆਂ ਕੌਮਾਂ ਦੇ ਧਾਰਮਿਕ, ਆਰਥਿਕ ਅਤੇ ਸਮਾਜਿਕ ਹਿਤ ਮਹਿਫੂਜ ਹੋਇਆ ਕਰਦੇ ਹਨ। ਗੁਰੂ ਸਹਿਬਾਨ ਵਲੋਂ ਬਖਸ਼ੇ ਹੋਏ ਸਿਧਾਂਤਾਂ ਨੂੰ ਸਿੱਖਾਂ ਨੇ ਚਰਖੜੀਆਂ ਤੇ ਚੜ੍ਹਦਿਆਂ, ਬੰਦ-ਬੰਦ ਕਟਵਾਉਂਦਿਆਂ, ਖੋਪਰੀਆਂ ਲੁਹਾਉਂਦਿਆਂ ਆਪਣੇ ਬੱਚਿਆਂ ਦੇ ਟੋਟੋੇ ਟੋਟੇ ਕਰਵਾ ਝੋਲੀਆਂ ਵਿੱਚ ਹਾਰ ਪਵਾਉਂਦਿਆਂ ਵੀ ਬਰਕਰਾਰ ਰੱਖਿਆ।
ਅੱਜ ਦੇ ਸਮੇਂ ਵਿੱਚ ਖਾਲਸਾ ਪੰਥ ਦੀ ਸਾਜਨਾ ਦੇ ਸਿਧਾਂਤ ਅਤੇ ਨਿਸ਼ਾਨੇ ਨੂੰ ਅਮਲੀ ਤੌਰ ਤੇ ਸਮਝਦਿਆਂ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੂਰਬੀਰ ਯੌਧੇ ਜਰਨੈਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਉਸ ਪੜਾਅ ਨੂੰ ਅੱਗੇ ਵਧਾਇਆ ਜਿਸ ਦੀ ਅਰੰਭਤਾ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਤੱਤੀ ਤਵੀ ਬੈਠ ਕੇ ਸ਼ਹਾਦਤ ਦਿੰਦਿਆਂ ਕੀਤੀ, ਜਿਸ ਨੂੰ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਨੂੰ ਬਚਾਉਣ ਲਈ ਲਾਸਾਨੀ ਸ਼ਹਾਦਤ ਦਿੰਦਿਆਂ ਅੱਗੇ ਤੋਰਿਆ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰੇ ਸਾਹਿਬਜਾਦੇ ਸ਼ਹੀਦ ਕਰਵਾ ਕੇ ਅੱਗੇ ਵਧਾਇਆ। ਅਗਰ ਇਹ ਆਖ ਦੇਈਏ ਕਿ ਸੰਤਾਂ ਨੇ ਆਪਣੇ ਦੌਰਾਨ ਜਿਹੜਾ ਵੀ ਸਾਹ ਲਿਆ ਜਾਂ ਜਿਹੜਾ ਵੀ ਕਦਮ ਪੁੱਟਿਆ ਉਹ ਕੇਵਲ ਸਿੱਖ ਕੌਮ ਦੇ ਭਲੇ ਲਈ, ਕੌਮ ਦੀ ਚੜ੍ਹਦੀਕਲਾ ਲਈ, ਸਿੱਖੀ ਦੇ ਪ੍ਰਚਾਰ ਅਤੇ ਪਸਾਰ ਲਈ ਪੁੱਟਿਆ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ।
ਅਖੀਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਲਾਸਾਨੀ ਸ਼ਹਾਦਤ ਦਿੰਦਿਆਂ ਸਿੱਖ ਕੌਮ ਦੇ ਸਾਕਾਰ ਕਰਨ ਯੋਗ ਅਜਾਦ ਸਿੱਖ ਰਾਜ ਖਾਲਿਸਤਾਨ ਦਾ ਸੰਕਲਪ (ਨਿਸ਼ਾਨਾ) ਸਿਰਜ ਦਿੱਤਾ।
26 ਜਨਵਰੀ 1986 ਦੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਤੇ ਸਰਬੱਤ ਖਾਲਸਾ ਹੋਇਆ। ਪੰਜ ਮੈਂਬਰੀ ਪੰਥਕ ਕਮੇਟੀ (ਬਾਬਾ ਗੁਰਬਚਨ ਸਿੰਘ ਮਾਨੋਚਾਹਲ, ਭਾਈ ਗੁਰਦੇਵ ਸਿੰਘ ਉਸਮਾਨਵਾਲਾ, ਭਾਈ ਅਰੂੜ ਸਿੰਘ, ਭਾਈ ਧੰਨਾ ਸਿੰਘ ਅਤੇ ਵਸਣ ਸਿੰਘ ਜਫਰਵਾਲ) ਹੋਂਦ ਵਿੱਚ ਆਈ ਜਿਸ ਨੇ 29 ਅਪ੍ਰੈਲ 1986 ਵਾਲੇ ਦਿਨ ਅਜਾਦ ਸਿੱਖ ਰਾਜ ਦਾ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਚੋਂ ਐਲਾਨ ਕਰਕੇ ਭਾਰਤ ਸਰਕਾਰ ਖਿਲਾਫ ਜ਼ਾਹਰਾ ਤੌਰ ਤੇ ਜੰਗ ਦਾ ਬਿਗਲ ਵਜਾ ਦਿੱਤਾ।
ਭਾਈ ਮਨਬੀਰ ਸਿੰਘ ਚਹੇੜੂ ਦੀ ਅਗਵਾਈ ਵਿੱਚ ਖਾਲਿਸਤਾਨ ਕਮਾਂਡੋ ਫੋਰਸ ਨੂੰ ਹਥਿਆਰਬੰਦ ਜੰਗ ਤੇਜਜ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ।
ਪੰਜ ਮੈਂਬਰੀ ਪੰਥਕ ਕਮੇਟੀ ਵਿੱਚ ਸ਼ਾਮਲ ਸਤਿਕਾਰ ਯੋਗ ਭਾਈ ਗੁਰਦੇਵ ਸਿੰਘ ਜੀ ਉਸਮਾਨਵਾਲਾ ਅਤੇ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ, ਭਾਈ ਅਰੂੜ ਸਿੰਘ ਆਖਰੀ ਦਮ ਤੱਕ ਖਾਲਿਸਤਾਨ ਲਈ ਜੂਝਦੇ ਹੋਏ ਸ਼ਹੀਦ ਹੋ ਗਏ, ਉਹਨਾਂ ਦੀ ਕਹਿਣੀ ਅਤੇ ਵਿੱਚ ਸਮਾਨਤਾ ਸੀ। ਕੌਮ ਦੇ ਗਲੋਂ ਗੁਲਾਮੀਂ ਲਾਹੁਣੀ ਉਹਨਾਂ ਦੇ ਜਿੰਦਗੀ ਦਾ ਮਕਸਦ ਸੀ, ਉਹਨਾਂ ਜੋ ਆਖਿਆ ਉਹਦੀ ਖਾਤਰ ਆਖਰੀ ਸੁਆਸ ਵੀ ਵਾਰ ਦਿੱਤੇ।
ਖਾਲਿਸਤਾਨ ਦਾ ਐਲਾਨ ਕਰਨ ਵਾਲੀ ਇਸੇ ਹੀ ਪੰਥਕ ਕਮੇਟੀ ਦੇ ਦੋ ਮੈਂਬਰ ਅਜੇ ਸਰੀਰਕ ਤੌਰ ਤੇ ਮੌਜੂਦ ਹਨ ਭਾਵੇਂ ਕਿ ਇਹਨਾਂ ਵਲੋਂ ਕੀਤੇ ਗਏ ਖਾਲਿਸਤਾਨ ਦੇ ਐਲਾਨ ਦੀ ਪੂਰਤੀ ਲਈ ਹਜ਼ਾਰਾਂ ਸਿੱਖ ਨੌਜਵਾਨ ਸ਼ਹੀਦ ਹੋਏ, ਸੈਂਕੜੇ ਸਿੱਖਾਂ ਨੇ ਕਈ ਕਈ ਸਾਲ ਜੇਲ੍ਹਾਂ ਵਿੱਚ ਗੁਜ਼ਾਰ ਦਿੱਤੇ, ਕਈ ਪੁਲੀਸ ਤਸ਼ੱਦਦ ਨਾਲ ਉਮਰ ਭਰ ਲਈ ਨਾਕਾਰਾ ਹੋ ਗਏ, ਅਨੇਕਾਂ ਜਲਾਵਤਨ ਕਰ ਦਿੱਤੇ ਗਏ, ਜਾਲਮਾਂ ਨੇ ਬਜ਼ੁਰਗਾਂ ਦੀਆਂ ਡੰਗੋਰੀਆਂ ਤੋੜ ਦਿੱਤੀਆਂ, ਭੈਣਾਂ ਦੇ ਸੁਹਾਗ ਉਜਾੜ ਦਿੱਤੇ ਪਰ ਇਹਨਾਂ ਦੋਵਾਂ ਨੂੰ ਕੋਈ ਝਰੀਟ ਨਹੀਂ ਆਈ ਕਿਉਂਕਿ ਇਹਨਾਂ ਦੀ ਕਹਿਣੀ ਅਤੇ ਕਰਨੀ ਵਿੱਚ ਵੱਡਾ ਅੰਤਰ ਸੀ। ਇਹਨਾਂ ਦੀ ਅੱਜ ਤੱਕ ਦੀ ਕਾਰਗੁਜ਼ਾਰੀ ਤੋਂ ਇਹੀ ਪ੍ਰਭਾਵ ਮਿਲਦਾ ਹੈ।
ਜਦੋਂ ਖਾਲਿਸਤਾਨ ਦੀ ਜੰਗ ਜੋਬਨ ਉੱਤੇ ਸੀ ਤਾਂ ਵਿਦੇਸ਼ਾਂ ਵਿੱਚ ਖਾਲਿਸਤਾਨ ਦੇ ਅਣਗਿਣਤ ਹਿਮਾਇਤੀ ਸਨ। ਗੁਰੂ ਘਰਾਂ ਦੀਆਂ ਸਟੇਜਾਂ ਤੋਂ ਖਾਲਿਸਤਾਨ ਦੀ ਪ੍ਰਾਪਤੀ ਲਈ ਲੱਛੇਦਾਰ ਦਾਅਵੇ ਕੀਤੇ ਜਾਂਦੇ ਸਨ। ਕੋਈ ਕਿਹਾ ਕਰਦਾ ਸੀ ਕਿ ਖਾਲਿਸਤਾਨ ਨੂੰ ਅਜਾਦ ਕਰਵਾਉਣਾ ਉਨ੍ਹਾਂ ਦੀ ਜਿੰਗਦੀ ਦਾ ਇੱਕੋ ਇੱਕੋ ਮੰਤਵ ਹੈ, ਦੂਜੇ ਦੇ ਬੋਲ ਹੁੰਦੇ ਸਨ ਕਿ ਉਹ ਏ.ਕੇ ਸੰਤਾਲੀ ਵਾਲਿਆਂ ਦੇ ਯਾਰ ਹਨ ਜਿਹਨਾਂ ਨੇ ਏ.ਕੇ.ਸੰਤਾਲੀ ਖਾਲਿਸਤਾਨ ਬਣਾਉਣ ਲਈ ਚੁੱਕੀ ਹੈ, ਤੀਜਾ ਆਖਿਆ ਕਰਦਾ ਸੀ ਕਿ ਖਾਲਿਸਤਾਨ ਦੇ ਬਨੇਰੇ ਨੂੰ ਹੱਥ ਪੈ ਗਿਆ ਹੈ ਹੁਣ ਥੋੜੀ ਕਸਰ ਹੀ ਬਾਕੀ ਹੈ, ਚੌਥਾ ਖਾਲਿਤਾਨ ਦੇ ਡਾਲਰ ਅਤੇ ਪਾਸਪੋਰਟ ਜਾਰੀ ਕਰ ਦਿੰਦਾ ਸੀ, ਪੰਜਵਾਂ ਖਾਲਿਸਤਾਨ ਦਾ ਨਕਸ਼ਾ ਬਣਾ ਲੋਕਾਂ ਨੂੰ ਮਾਇਆ ਦੇਣ ਦੀਆਂ ਅਪੀਲਾਂ ਕਰਿਆ ਕਰਦਾ ਸੀ ਛੇਵਾਂ ਮਨੁੱਖੀ ਬੰਬ ਬਣਨ ਦਾ ਸ਼ੋਸ਼ਾ ਛੱਡ ਦਿਆ ਕਰਦਾ ਸੀ, ਸੱਤਵਾਂ ਖਾਲਿਸਤਾਨ ਦੀਆਂ ਬਕਾਇਦਾ ਸਰਕਾਰਾਂ ਗਠਿਤ ਕਰਦਾ ਰਿਹਾ। ਇਹੋ ਜਿਹੇ ਅਣਕਿਆਸੇ ਦਾਅਵੇ ਤੇ ਵਾਅਦੇ ਵਿਦੇਸ਼ਾਂ ਦੇ ਗੁਰਦੁਆਰਾ ਸਹਿਬਾਨ ਦੀਆਂ ਸਟੇਜਾਂ ਤੋਂ ਨਾਮਨਿਹਾਦ ਖਾਲਿਸਤਾਨੀ ਆਗੂ ਅਕਸਰ ਹੀ ਕਰਿਆ ਕਰਦੇ ਸਨ। ਜੋ ਕਿ ਬੜੀ ਚੰਗੀ ਗੱਲ ਸੀ ਬਸ਼ਰਤੇ ਇਹ ਗੱਲ ਕਰਨ ਵਾਲੇ ਇਸਦੀ ਪਹਿਰੇਦਾਰੀ ਵੀ ਕਰਦੇ। ਆਪਣੇ ਦਸਾਂ ਨੌਹਾਂ ਦੀ ਕਿਰਤ ਕਮਾਈ ਨਾਲ ਖਾਲਿਸਤਾਨ ਦੀ ਜੰਗੇ ਅਜ਼ਾਦੀ ਦੇ ਲੋੜਵੰਦ ਸ਼ਹੀਦਾਂ ਪਰਿਵਾਰਾਂ ਦੀ ਸਾਰ ਲੈਂਦੇ, ਜੇਹਲਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਕਾਨੂੰਨੀ ਚਾਰਾਜੋਈ ਕਰਦੇ ਅਤੇ ਜਦੋਂ ਖਾਲਿਸਤਾਨ ਦੇ ਸੰਘਰਸ਼ ਵਿੱਚ ਖੜੋਤ ਆ ਗਈ ਤਾਂ ਉਸ ਖੜੋਤ ਨੂੰ ਤੋੜਨ ਜਾ ਤਹੱਈਆ ਕਰਦੇ ਪਰ ਅਫਸੋਸ ਕਿ ਅਜਿਹਾ ਨਹੀਂ ਹੋ ਸਕਿਆ। ਐਨ ਇਸ ਦੇ ਉਲਟ ਜਦੋਂ ਸੰਘਰਸ਼ ਵਿੱਚ ਖੜੋਤ ਆ ਗਈ ਤਾਂ ਇਹਨਾਂ ਪੌਣ ਕੁੱਕੜਾਂ ਦੇ ਅਪਾਣੇ ਮੂੰਹ ਘਮਾ ਲਏ। ਇਹਨਾਂ ਨੂੰ ਪੰਜਾਬ ਜਾਣ ਦਾ ਮੋਹ ਜਾਗ ਪਿਆ ਅਤੇ ਇਸ ਮੋਹ ਦੀ ਪੂਰਤੀ ਲਈ ਕੋਈ ਆਰ.ਐੱਸ.ਐੱਸ. ਦੇ ਫੀਲ੍ਹੇ ਰੁਲਦਾ ਸਿੰਹੁ ਦੇ ਮੋਢਿਆਂ ਤੇ ਬਹਿ ਗਿਆ, ਕੋਈ ਭੀਸ਼ਮ ਅਗਨਹੋਤਰੀ ਦੀ ਘਨੇੜੀ ਚੜ੍ਹ ਗਿਆ ਕੋਈ ਹਿੰਦੂਤਵੀਆਂ ਦੇ ਗੁਲਾਮ ਬਾਦਲ ਦਲ ਜਾਂ ਸਿੱਖਾਂ ਤੇ ਸਿੱਖੀ ਦੀ ਕਾਤਲ ਜਮਾਤ ਕਾਂਗਰਸੀਆਂ ਦੇ ਕੁੱਛੜ ਚੜ ਕੇ ਪੰਜਾਬ ਦੀਆਂ ਸੈਰਾਂ ਕਰਨ ਚਲਾ ਗਿਆ ਹਾਲਾਂ ਕਿ ਇਹਨਾਂ ਦੇ ਬੋਲ ਹੁੰਦੇ ਸਨ ਕਿ ਉਹ ਹਿੰਦੋਤਾਨ ਦੇ ਵੀਜਿਆਂ ਤੇ ਥੁੱਕਦੇ ਵੀ ਨਹੀਂ ਹਨ ਜਿੰਨਾ ਚਿਰ ਖਾਲਿਸਤਾਨ ਬਣ ਨਹੀਂ ਜਾਂਦਾ ਉਨਾ ਚਿਰ ਉਹ ਹਿੰਦੋਸਤਾਨ ਦੀ ਧਰਤੀ ਤੇ ਪੈਰ ਤੱਕ ਨਹੀਂ ਪਾਵਾਂਗੇ। ਪੰਜਾਬ ਜਾਣਾ ਕੋਈ ਗੁਨਾਹ ਨਹੀਂ ਬਲਕਿ ਹਰ ਵਿਆਕਤੀ ਦਾ ਦੁਨਿਆਂ ਦੇ ਹਰ ਦੇਸ਼ ਵਿੱਚ ਜਾਣ ਦਾ ਹੱਕ ਹੈ। ਖਾਲਿਸਤਾਨ ਪੰਜਾਬ ਵਿੱਚ ਹੀ ਬਣਨਾ ਹੈ। ਪਰ ਇਹ ਹੱਕ ਉਸ ਵਕਤ ਗੁਨਾਹ ਬਣ ਜਾਂਦਾ ਜਦੋਂ ਇਸ ਦੀ ਪ੍ਰਾਪਤੀ ਲਈ ਕੌਮ ਦੇ ਸਤਿਕਾਰਯੋਗ ਸ਼ਹੀਦਾਂ ਦੇ ਪਵਿੱਤਰ ਖੂਨ ਨਾਲ ਗੱਦਾਰੀ ਕੀਤੀ ਜਾਂਦੀ ਹੈ। ਸੰਘਰਸ਼ ਦੀ ਪਿੱਠ ਵਿੱਚ ਛੁਰਾ ਮਾਰਿਆ ਜਾਂਦਾ ਹੈ। ਕਿਉਂਕਿ ਅਕਸਰ ਦੇਖਣ ਵਿੱਚ ਆਇਆ ਹੈ ਕਿ ਜਿੰਨੇ ਵੀ ਸਿੱਖ ਕੌਮ ਦੇ ਦੋਖੀਆਂ ਦੇ ਢਹੇ ਚੜ ਕੇ ਪੰਜਾਬ ਗਏ ਉਹ ਖਾਲਿਸਤਾਨ ਦੀ ਵਿਚਾਰਧਾਰਾ ਤੋਂ ਪਾਸਾ ਵੱਟ ਗਏ। ਇਹਨਾਂ ਵਲੋਂ ਅਡਵਾਨੀ, ਵਾਜਪਾਈ, ਸੁਦਰਸ਼ਨ, ਸੋਨੀਆ ਆਦਿ ਨੂੰ ਧੰਨਵਾਦੀ ਖਤ, ਮੁਆਫੀ ਨਾਮੇ ਲਿਖ ਕੇ ਸਿੱਖ ਸੰਘਰਸ਼ ਨਾਲ ਵੱਡੀ ਗੱਦਾਰੀ ਕੀਤੀ ਹੈ। ਇਹੀ ਕਿਰਦਾਰ ਪੰਜਾਬ ਦੇ ਅਖੌਤੀ ਜੂਝਾਰੂ ਮਹਿਤਾ, ਚਾਵਲਾ, ਵਲਟੋਹਾ, ਕਾਹਲੋਂ ਜਾਂ ਸੁਖਜਿੰਦਰ ਸਿੰਘ ਵਰਗੇ ਸੈਂਕੜੇ ਖਾਲਿਸਤਾਨੀਆਂ ਨੇ ਨਿਭਾਇਆ। ਜਿਹੜੇ ਸੰਤਾਂ ਦੀ ਗੋਦ ਦਾ ਨਿੱਘ ਮਾਨਣ ਦਾ ਦਾਅਵੇ ਕਰਨ ਵਾਲੇ ਅੱਜ ਹਿੰਦੂਤਵੀਆਂ ਦੇ ਗੁਲਾਮ ਬਾਦਲ ਦਲ ਜਾਂ ਕਾਂਗਰਸ ਦੀ ਬੁੱਕਲ ਵਿੱਚ ਵੜਕੇ ਪੈਰ ਪੈਰ ਤੇ ਖਾਲਿਸਤਾਨ ਲਈ ਸੁਹਿਰਦ ਅਤੇ ਸਿਧਾਂਤਕ ਸਿੱਖਾਂ ਦਾ ਵਿਰੋਧ ਕਰ ਰਹੇ ਹਨ। ਅੱਜ ਹਿੰਦੂ, ਹਿੰਦੀ, ਹਿੰਦੋਸਤਾਨ ਦੇ ਨਾਹਰਾ ਲਗਾਉਣ ਵਾਲੇ ਖਾਲਿਸਤਾਨੀ ਵਿਧਾਰਧਾਰਾ ਨੂੰ ਸਮਰਪਤਿ ਸਿੱਖਾਂ ਨੂੰ ਆਖ ਰਹੇ ਹਨ ਕਿ ਉਹ ਦੇਸ਼ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋ ਜਾਣ ਤਾਂ ਉਹਨਾਂ ਨੂੰ ਸਰਕਾਰ ਮੁਆਫ ਕਰ ਸਕਦੀ ਹੈ ਤੇ ਉਹਨਾਂ ਦੇ ਨਾਮ ਕਾਲੀ ਸੂਚੀ ਚੋਂ ਕੱਢ ਸਕਦੀ ਹੈ।
ਖਾਲਿਸਤਾਨ ਦੇ ਐਲਾਨ ਦਿਵਸ ਦੀ ਵਰ੍ਹੇ ਗੰਢ ਤੇ ਖਾਲਿਸਤਾਨੀ ਵਿਚਾਰਧਾਰਾ ਤੋਂ ਭਗੌੜੇ ਸਿੱਖਾਂ ਨੂੰ ਖਾਲਸੇ ਦੀ ਮੁੱਖਧਾਰਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਖਾਲਸਾ ਪੰਥ ਵਿਸ਼ਾਲ ਹਿਰਦੇ ਦਾ ਮਾਲਕ ਹੈ ਉਹਨਾਂ ਵਲੋਂ ਸਿੱਖ ਸੰਘਰਸ਼ ਪ੍ਰਤੀ ਕੀਤੀਆਂ ਬੇਵਫਾਈਆਂ ਤੇ ਮੁਆਫੀ ਦੇ ਸਕਦਾ ਹੈ ਪਰ ਗੱਦਾਰੀਆਂ ਦੀ ਸਜਾ ਭੁਗਤਣੀ ਪਵੇਗੀ। ਇਹ ਗੱਲ ਗੌਰ ਤਲਬ ਹੈ ਕਿ ਖਾਲਸਈ ਵਿਚਾਰਧਾਰਾ ਦਾ ਹਾਮੀ ਖਾਲਿਸਤਾਨ ਦਾ ਹਾਮੀ ਜਰੂਰ ਹੋਵੇਗਾ।
ਖਾਲਿਸਤਾਨ ਦੀ ਜੰਗੇ ਅਜ਼ਾਦੀ ਦੇ ਅਲਬੇਲੇ ਜਰਨੈਲ ਸ਼ਹੀਦ ਜਰਨਲ ਲਾਭ ਸਿੰਘ ਮੁਖੀ ਖਾਲਿਸਤਾਨ ਕਮਾਂਡੋ ਫੋਰਸ, ਭਾਈ ਮਨਵੀਰ ਸਿੰਘ ਚਹੇੜੂ, ਭਾਈ ਕੰਵਲਜੀਤ ਸਿੰਘ ਸੁਲਤਾਨਵਿੰਡ, ਭਾਈ ਗੁਰਜੀਤ ਸਿੰਘ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ, ਭਾਈ ਰਛਪਾਲ ਸਿੰਘ ਛੰਦੜਾ, ਭਾਈ ਸੁਖਦੇਵ ਸਿੰਘ ਬੱਬਰ, ਭਾਈ ਗੁਰਨਾਮ ਸਿੰਘ ਬੁੱਟਰ, ਭਾਈ ਅਵਤਾਰ ਸਿੰਘ ਬ੍ਰਾਹਮਾ, ਬਾਬਾ ਗੁਰਬਚਨ ਸਿੰਘ ਮਾਨੋਚਾਹਲ, ਭਾਈ ਗੁਰਦੇਵ ਸਿੰਘ ਉਸਮਾਨਵਾਲਾ, ਭਾਈ ਹਰਮਿੰਦਰ ਸਿੰਘ ਸੁਲਤਾਨਵਿੰਡ, ਡਾਕਟਰ ਬਰਜਿੰਦਰ ਸਿੰਘ, ਡਾਕਟਰ ਪ੍ਰੀਤਮ ਸਿੰਘ ਸੇਖੋਂ, ਭਾਈ ਦਿਲਾਵਰ ਸਿੰਘ ਜੀ ਸਮੇਤ ਖਾਲਿਸਤਾਨ ਦੀ ਜੰਗੇ ਅਜ਼ਾਦੀ ਦੇ ਸਮੂਹ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹੋਏ ਖਾਲਿਸਤਾਨ ਦੀ ਕਾਇਮੀ ਲਈ ਕਦਮ ਅੱਗੇ ਵਧਾਈਏ। ਇਹ ਗੱਲ ਕਾਬਲੇ ਜਿਕਰ ਹੈ ਕਿ ਲੋਕਤੰਤਰ ਦੀ ਮਹੱਤਤਾ ਕੇਵਲ ਬਹੁ ਗਿਣਤੀ ਲਈ ਹੋਇਆ ਕਰਦੀ ਹੈ। ਘੱਟ ਗਿਣਤੀ ਲਈ ਇਹ ਮਹੱਤਵਹੀਣ ਹੈ। ਗੁਰੂ ਗੋਬਿੰਦ ਸਿੰਘ ਜੀ ਵਲੋਂ ਦਿੱਤੇ ਹੋਏ ਸਿਧਾਂਤ “ਚੂੰ ਕਾਰ ਅਜ਼ ਹਮਾਂ ਹੀਲਤੇ ਦਰ ਗੁਜ਼ਸ਼ਤ ਹਲਾਲ ਅਸਤ ਬੁਰਦਨ ਬ ਸਮਸ਼ੀਰੇ ਦਸਤ” ਤੋਂ ਬਗੈਰ ਸਿੱਖ ਕੌਮ ਕਦੇ ਵੀ ਸਫਲ ਨਹੀਂ ਹੋ ਸਕਦੀ। ਲੋਕ ਸਭਾ ਚੋਣਾਂ 1989 ਇਸ ਦਾ ਪ੍ਰਤੱਖ ਪ੍ਰਮਾਣ ਹੈ। ਜਦੋਂ ਖਾਲਿਸਤਾਨ ਦੀ ਜੰਗ ਜੋਬਨ ਤੇ ਸੀ। ਜੰਗ ਦੀ ਅਗਵਾਈ ਕਰਨ ਵਾਲੇ ਵੀਰਾਂ ਨੇ ਪੰਜਾਬ ਭਰ ਦੇ ਸਿੱਖਾਂ ਨੂੰ ਅਪੀਲ ਰੂਪੀ ਇਸ਼ਾਰਾ ਕੀਤਾ ਕਿ ਐ! ਪੰਜਾਬ ਦੇ ਵਾਸੀੳ ਅਸੀਂ ਤੁਹਾਨੂੰ ਅਜ਼ਾਦ ਫਿਜ਼ਾ ਵਿੱਚ ਸਾਹ ਲੈਣ ਦੇ ਯੋਗ ਬਣਾਉਣ ਲਈ ਸਿਰਾਂ ਤੇ ਕੱਫਨ ਬੰਨ ਕੇ ਜੂਝ ਰਹੇ ਹਾਂ, ਸਾਡੀ ਤੁਹਾਨੂੰ ਸਨਿਮਰ ਅਪੀਲ ਹੈ ਕਿ ਲੋਕ ਸਭਾ ਲਈ ਪੰਜਾਬ ਦੇ ਇਹਨਾਂ ਸਿੱਖ ਉਮੀਦਵਾਰਾਂ ਨੂੰ ਵੋਟਾਂ ਪਾ ਦਿਉ। ਇਸ ਅਪੀਲ ਨੂੰ ਅਜਿਹਾ ਹੁੰਗਾਰਾ ਮਿਲਿਆ ਕਿ ਜੇਹਲਾਂ ਵਿੱਚ ਬੈਠੇ ਸਿੱਖ ਉਮੀਦਵਾਰ ਮੈਂਬਰ ਪਾਰਲੀਮੈਂਟ ਚੁਣੇ ਗਏ, ਬਲਕਿ ਉਹਨਾਂ ਦੇ ਵਿਰੋਧੀਆਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਹੋਲੀ ਹੌਲੀ ਜਿਵੇਂ ਜਿਵੇਂ ਸੰਘਰਸ਼ ਵਿੱਚ ਖੜੋਤ ਆਉਣੀ ਸ਼ੁਰੂ ਹੋ ਗਈ, ਖਾੜਕੂ ਯੋਧਿਆਂ ਦੀ ਹਿਮਾਇਤ ਵਾਲਾ ਹੱਥ ਪਾਸੇ ਹੋ ਗਿਆ ਤਾਂ ਇਹਨਾਂ ਦੀਆਂ ਅਪਾਣੀਆਂ ਜ਼ਮਾਨਤਾਂ ਜ਼ਬਤ ਹੋ ਰਹੀਆਂ ਹਨ, ਜਿੱਤਣਾ ਤਾਂ ਬੜੀ ਦੂਰ ਦੀ ਗੱਲ ਹੋ ਗਈ। ਸੋੋ ਸੰਘਰਸ਼ ਦੀ ਕਾਮਯਾਬੀ ਲਈ ਮਜਬੂਤ ਰਾਜਨੀਤਕ ਵਿੰਗ ਅਤੇ ਸੰਘਰਸ਼ਮਈ ਵਿੰਗ ਦੋਵੇਂ ਜਰੂਰੀ ਹਨ ਵਰਨਾ ਬਰੂਹਾਂ ਤੇ ਆਈ ਹੋਈ ਜਿੱਤ ਵਾਪਸ ਜਾਣ ਵਿੱਚ ਦੇਰ ਨਹੀਂ ਲਗਾਉਂਦੀ। ਅਜਿਹਾ ਹੀ ਸਿੱਖ ਕੌਮ ਨਾਲ ਹੋਇਆ ਹੈ। ਨੌਜਵਾਨਾਂ ਨੇ ਕੁਰਬਾਨੀਆਂ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ, ਨਲਾਇਕ ਅਤੇ ਖੁਦਗਰਜ਼ ਸਿਆਸੀ ਲੀਡਰ ਸੰਘਰਸ਼ ਨਾਲ ਗੱਦਾਰੀਆਂ ਕਰਨ ਵਿੱਚ ਪਿੱਛੇ ਨਹੀਂ ਰਹੇ।
ਸਮਝਣ ਦੀ ਲੋੜ ਹੈ ਕਿ ਸਮਾਂ ਕਦੇ ਸਥਿਰ ਨਹੀਂ ਰਹਿੰਦਾ ਤੇ ਅਗਰ ਚੰਗੇ ਦਿਨ ਨਹੀਂ ਰਹੇ ਤੇ ਮਾੜੇ ਵੀ ਨਹੀਂ ਰਹਿਣਗੇ। ਖਾਲਿਸਤਾਨ ਅਵੱਸ਼ ਹੋਂਦ ਵਿੱਚ ਆਵੇਗਾ, ਅੱਜ ਲੋੜ ਹੈ ਕਿ ਖਾਲਿਸਤਾਨ ਲਈ ਜੱਦੋ ਜਹਿਦ ਕਰਨ ਵਾਲੇ ਕਾਫਲੇ ਦਾ ਤਨ, ਮਨ ਅਤੇ ਧਨ ਨਾਲ ਸਾਥ ਦੇਣ ਦਾ, ਜੇਹਲਾਂ ਵਿੱਚ ਬੰਦ ਸਿੰਘਾਂ ਦੀ ਪੈਰਵੀ ਅਤੇ ਲੋੜਵੰਦ ਸ਼ਹੀਦ ਪਰਿਵਾਰਾਂ ਦੀ ਸਾਰ ਲੈਣ ਅਤੇ ਪੰਜਾਬ ਵਿੱਚ ਸਿੱਖਾਂ ਤੇ ਹੋ ਰਹੇ ਹਿੰਦੂਤਵੀ ਹਮਲਿਆਂ ਖਿਲਾਫ ਅੰਤਰਾਸ਼ਟਰੀ ਪੱਧਰ ਤੇ ਅਵਾਜ ਬੁਲੰਦ ਕਰਨ ਦੀ। ਇਸ ਦੇ ਨਾਲ ਅੱਜ ਹਰ ਸਿੱਖ ਜਾਂ ਸਿੱਖ ਜਥੇਬੰਦੀ ਨੂੰ ਇਹ ਗੱਲ ਸਮਝ ਲੈਣ ਦੀ ਲੋੜ ਹੈ ਕਿ ਉਸ ਵਲੋਂ ਕੌਮ ਪ੍ਰਤੀ ਕੀਤੀ ਜਾ ਰਹੀ ਸੇਵਾ ਉਸ ਦਾ ਫਰਜ ਹੈ, ਕਿਸੇ ਤੇ ਅਹਿਸਾਨ ਨਹੀਂ। ਮੱਤ ਕੋਈ ਸਮਝੇ ਕਿ ਮੇਰੇ ਜਿੰਨੀ ਜਾਂ ਮੇਰੀ ਜਥੇਬੰਦੀ ਜਿੰਨੀ ਕੋਈ ਕੌਮ ਦੀ ਸੇਵਾ ਨਹੀਂ ਕਰ ਸਕਦਾ ਜਾਂ ਮੈਂ ਹੀ ਅਸਮਾਨ ਥੰਮਿਆ ਹੋਇਆ ਹੈ, ਇਸ ਵਹਿਮ ਚੋਂ ਵੀ ਨਿੱਕਲਣ ਦੀ ਲੋੜ ਹੈ।
Related Topics: Declaration of Khalistan, Khalistan Declaration 29 April 1986, Loveshinder Singh Dallewal, United Khalsa Dal U.K