January 3, 2020 | By ਸਿੱਖ ਸਿਆਸਤ ਬਿਊਰੋ
ਸਟੂਡੈਂਟਸ ਫਾਰ ਸੁਸਾਇਟੀ ਅਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ 10 ਦਸੰਬਰ, 2019 ਨੂੰ ਵਿਸ਼ਵ ਮਨੁੱਖੀ ਅਧਿਕਾਰ ਦਿਵਸ ਵਜੋਂ ਕਸ਼ਮੀਰੀ ਕਾਰਕੁਨ ਪ੍ਰੋਫੈਸਰ ਐਸ.ਆਰ. ਗਿਲਾਨੀ ਦੀ ਯਾਦ ਵਿੱਚ ਇੱਕ ਸਮਾਗਮ ਆਯੋਜਿਤ ਕੀਤਾ। ਇਹ ਸਮਾਗਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਗਾਂਧੀ ਭਵਨ ਵਿਖੇ ਹੋਇਆ ਸੀ।
ਇਸ ਮੌਕੇ ਵਕੀਲ ਰਾਜਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਤਸੱਦਦ ਮਨੁੱਖ ਨੂੰ ਉਦਾਸੀ (ਡਿਪਰੈਸ਼ਨ) ਵੱਲ ਲੈ ਜਾਂਦਾ ਹੈ, ਤੇ ਉਸ ਹਿਸਾਬ ਨਾਲ ਤਾਂ ਪ੍ਰੋਫੈਸਰ ਗਿਲਾਨੀ ਦਾ ਜੀਵਨ ਬਹੁਤ ਉਦਾਸੀ ਭਰਿਆ ਹੋਣਾ ਚਾਹੀਦਾ ਸੀ। ਪਰ ਹਕੀਕਤ ਇਸ ਸੀ ਕਿ ਸਟੇਟ ਦੇ ਤਸੱਦਦ ਨਾਲ ਪ੍ਰੋਫੈਸਰ ਗਿਲਾਨੀ ਦੀ ਸ਼ਖਸੀਅਤ ਹੋਰ ਨਿਖਰਦੀ ਗਈ। ਅਜਿਹਾ ਉਨ੍ਹਾਂ ਦੇ ਜੀਵਨ ਵਿਚ ਆਏ ਰੂਹਾਨੀ ਅੰਸ਼ ਦਾ ਨਤੀਜਾ ਸੀ।
ਪ੍ਰੈਫੋਸਰ ਗਿਲਾਨੀ ਨਾਲ ਹੋਈ ਆਪਣੀ ਗੱਲਬਾਤ ਨੂੰ ਸਿੱਖ ਕਾਰਕੁੰਨ ਨਰੈਣ ਸਿੰਘ ਚੋੜਾ ਦੇ ਤਜਰਬੇ ਨਾਲ ਮਿਲਾ ਕੇ ਪੇਸ਼ ਕਰਦਿਆਂ ਵਕੀਲ ਰਾਜਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਇਹ ਲੋਕ ਦੱਸਦੇ ਹਨ ਕਿ ਪੁਲਿਸ ਪੜਤਾਲ (ਇਨਟੈਰੌਗੇਸ਼ਨ) ਕਰਨ ਵਾਲਿਆਂ ਦੀ ਮਾਨਸਿਕਤਾ ਬਿਲਕੁਲ ਬਿਪਰਵਾਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਾਂਚ ਏਜੰਸੀਆਂ ਆਪਣੀ ਨਾਕਾਮੀ ਨੂੰ ਲੁਕਾਉਂਣ ਲਈ ਝੂਠੇ ਕੇਸ ਪਾਉਂਦੀਆਂ ਹਨ।
ਭਾਰਤੀ ਉਪ-ਮਹਾਦੀਪ ਦੇ ਜਰਜਰੇ ਹੋ ਚੁੱਕੇ ਨਿਆਇਕ ਢਾਂਚੇ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਪੁਲਿਸ ਹਿਰਾਸਤ ਵਿਚ ਤਾਂ ਗ੍ਰਿਫਤਾਰ ਕੀਤੇ ਲੋਕਾਂ ਨੂੰ ਪਹਿਲਾਂ ਹੀ ਕੋਈ ਹੱਕ ਨਹੀਂ ਸਨ ਮਿਲਦੇ ਅਤੇ ਹੁਣ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਤਹਿਤ ਜਮਾਨਤ ਦਾ ਹੱਕ ਵੀ ਲਗਭਗ ਖਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੈਦਰਾਬਾਦ ਵਿਚ ਬੀਤੇ ਦਿਨੀਂ ਬਣਾਇਆ ਗਿਆ ਪੁਲਿਸ ਮੁਕਾਬਲਾ ਦਰਸਾਉਂਦਾ ਹੈ ਕਿ ਹੁਣ ਤਾਂ ਮੁਕਦਮਾ ਲੜ ਕੇ ਆਪਣੇ ਆਪ ਨੂੰ ਬੇਗੁਨਾਹ ਸਾਬਿਤ ਕਰ ਦਾ ਹੱਕ ਵੀ ਖਤਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਬਿਖੜੇ ਹਾਲਾਤ ਵਿਚ ਵੀ, ਘੱਟੋ-ਘੱਟ ਪੰਜਾਬ ਵਿਚ, ਹਰ ਵੰਨਗੀ ਦੇ ਲੋਕਾਂ ਵਿਚ ਸੰਵਾਦ ਹੋ ਰਿਹਾ ਹੈ। ਇਸ ਲਈ ਬੇਹਤਰੀ ਦੀ ਉਮੀਦ ਬਰਕਰਾਰ ਹੈ।
Related Topics: Advocate Rajwinder Singh Bains, Prof. SAR Gilani, Punjab Human Rights Organisation (PHRO), Punjab University, Punjab University Chandigarh, SFS, Siad Ali Shah Gilani, Students For Society SFS