June 12, 2019 | By ਸਿੱਖ ਸਿਆਸਤ ਬਿਊਰੋ
ਲੰਡਨ: ਇੰਗਲੈਂਡ ਦੇ ਸਿੱਖਾਂ ਵੱਲੋਂ ਪਾਕਿਸਤਾਨ ਵਿਚਲੇ ਸਿੱਖ ਗੁਰਧਾਮਾਂ ਦੀ ਸਾਂਭ ਸੰਭਾਲ ਲਈ ਮਾਇਕ ਪੱਖੋਂ ਵੱਡਾ ਯੋਗਦਾਨ ਪਾਉਣ ਦਾ ਐਲਾਨ ਕੀਤਾ ਗਿਆ ਹੈ।
ਸਿੱਖ ਸਿਆਸਤ ਕੋਲ ਲਿਖਤੀ ਤੌਰ ਤੇ ਪਹੁੰਚੀ ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਸੈਰ ਸਪਾਟਾ ਮਹਿਕਮੇਂ ਦੇ ਚੇਅਰਮੈਨ ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਲਾਹਕਾਰ ਸਈਅਦ ਜ਼ੁਲਫਕਾਰ ਬੁਖਾਰੀ ਨਾਲ ਲੰਡਨ ਦੇ ਰੈਮਬਰਾਂਡਿਟ ਹੋਟਲ ਵਿਖੇ ਇੰਗਲੈਂਡ ਦੇ ਸਿੱਖਾਂ ਦੀ ਇਕ ਅਹਿਮ ਮੁਲਾਕਾਤ ਹੋਈ, ਜਿਸ ਵਿਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਵਿਚਾਰ ਵਟਾਂਦਰਾ ਹੋਇਆ।
ਇਸ ਦੌਰਾਨ ਸਿੱਖ ਕਾਰੋਬਾਰੀ ਤੇ ਪੀਟਰ ਵਿਰਦੀ ਫਾਊਂਡੇਸ਼ਨ ਦੇ ਚੇਅਰਮੈਨ ਪੀਟਰ ਵਿਰਦੀ ਨੇ ਸਿੱਖ ਕਾਰੋਬਾਰੀਆਂ ਨਾਲ ਮਿਲ ਕੇ ਸਿੱਖ ਗੁਰਦੁਆਰਾ ਸਾਹਿਬਾਨ ਲਈ ਨਵਾਂ ਟਰੱਸਟ ਬਣਾ ਕੇ 500 ਮਿਲੀਅਨ ਪੌਂਡ ਦਾ ਹਿੱਸਾ ਪਾਉਣ ਦਾ ਐਲਾਨ ਕੀਤਾ। ਪੌਂਡ ਦੀ ਦਰ ਮੁਤਾਬਕ ਇਹ ਰਕਮ ਤਕਰੀਬਨ 44 ਅਰਬ ਰੁਪਏ ਤੋਂ ਵੱਧ ਬਣਦੀ ਹੈ।
ਸੈਂਟਰਲ ਗੁਰਦੁਆਰਾ (ਖਾਲਸਾ ਜੱਥਾ) ਲੰਡਨ ਵਲੋਂ ਪੀਟਰ ਵਿਰਦੀ ਸੰਸਥਾ ਦੇ ਸਹਿਯੋਗ ਨਾਲ 10 ਜੂਨ ਨੂੰ ਕਰਵਾਏ ਇਸ ਸਮਾਗਮ ਵਿਚ ਬੋਲਦਿਆਂ ਸਈਅਦ ਬੁਖਾਰੀ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਤੇ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਦੁਨੀਆ ਭਰ ਦੇ ਸਿੱਖਾਂ ਵਿਚ ਭਾਰੀ ਉਤਸ਼ਾਹ ਹੈ।
ਪਾਕਿਸਤਾਨ ਸਰਕਾਰ ਦੇ ਨੁਮਾਇੰਦੇ ਨੇ ਕਿਹਾ ਕਿ ਸਿੱਖ ਯਾਤਰੂਆਂ ਨੂੰ ਅਗਾਉਂ ਵੀਜ਼ਾ, ਬਿਜਲਈ ਢੰਗਾਂ ਰਾਹੀਂ ਵੀਜ਼ਾ ਅਤੇ ਮੌਕੇ ਉੱਤੇ ਵੀਜ਼ਾ ਆਦਿ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਵੱਡੇ ਗੁਰੂ ਘਰਾਂ ਨੂੰ ਜੋੜਨ ਲਈ ਵਿਸ਼ੇਸ਼ ਬੱਸ ਸੇਵਾ ਨਾਲ ਜੋੜਿਆ ਜਾਵੇਗਾ।
⊕ ਇਹ ਖਬਰ ਅੰਗਰੇਜ਼ੀ ਵਿਚ ਪੜ੍ਹੋ –
ਇਸ ਮੌਕੇ ਸਿੱਖਾਂ ਪਾਕਿਸਤਾਨ ਸਰਕਾਰ ਨੂੰ ਧਾਰਮਿਕ ਤੇ ਇਤਿਹਾਸਕ ਥਾਵਾਂ ਦੀ ਸੰਭਾਲ ਲਈ ਹੋਰ ਯਤਨ ਕਰਨ ਲਈ ਵੀ ਕਿਹਾ।
ਇਸ ਸਮਾਗਮ ਮੌਕੇ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ, ਯੂਰਪੀਅਨ ਸੰਸਦ ਮੈਂਬਰ ਨੀਨਾ ਗਿੱਲ, ਲਾਰਡ ਰਣਬੀਰ ਸਿੰਘ ਸੂਰੀ, ਲਾਰਡ ਲੂੰਬਾ, ਗੁਰਪ੍ਰੀਤ ਸਿੰਘ ਅਨੰਦ, ਸਿੱਖ ਫੈਡਰੇਸ਼ਨ ਯੂ. ਕੇ. ਦੇ ਆਗੂ ਅਮਰੀਕ ਸਿੰਘ ਗਿੱਲ, ਦਬਿੰਦਰਜੀਤ ਸਿੰਘ, ਕੁਲਦੀਪ ਸਿੰਘ ਚਹੇੜੂ, ਸਿੱਖ ਕੌਂਸਲ ਯੂ. ਕੇ. ਵਲੋਂ ਸੁਖਜੀਵਨ ਸਿੰਘ, ਹਰਮੀਤ ਸਿੰਘ ਸਿੰਘ ਸਭਾ ਸਾਊਥਾਲ, ਅਜੈਬ ਸਿੰਘ ਚੀਮਾ ਵਜ਼ੈਂਡ, ਬਿੰਦਰਜੀਤ ਸਿੰਘ, ਮਨਵੀਰ ਸਿੰਘ ਭੋਗਲ, ਜਸਟਿਸ ਅਨੂਪ ਸਿੰਘ ਸਮੇਤ ਵੱਡੀ ਗਿਣਤੀ ਵਿਚ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਤੇ ਕਾਰਕੁੰਨ ਹਾਜ਼ਰ ਸਨ।
Related Topics: Bhai Amrik Singh Gill, Dabinderjit Singh, Dera Baba Nanak to Kartarpur Sahib Corridor, Gurdwara Kartarpur Sahib, Gurdwaras in Pakistan, kartarpur, Kartarpur Sahib, Peter Virdee, Preet Kaur Gill, Sikh Diaspora, Sikh Federation UK, Sikh News Pakistan, Sikh News UK, Sikhs In Pakistan, Sikhs in United Kingdom