ਸਿੱਖ ਖਬਰਾਂ

ਵਿਜੈ ਸਾਂਪਲਾ ਸੰਗਤਾਂ ਲਈ ਪੈਦਾ ਕਰ ਰਹੇ ਹਨ ਅੜਿੱਕੇ : ਕੈਪਟਨ ਅਮਰਿੰਦਰ ਸਿੰਘ

January 18, 2019 | By

ਚੰਡੀਗੜ੍ਹ: ਬੀਤੇ ਦਿਨੀਂ ਪੰਜਾਬ ਭਾਜਪਾ ਦੇ ਸਾਬਕਾ ਮੁਖੀ ਵਿਜੈ ਸਾਂਪਲਾ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਸੰਗਤ ਕੋਲ ਪਾਸਪੋਰਟ ਹੋਣ ਦੀ ਸ਼ਰਤ ਨੂੰ ਲਾਗੂ ਕਰਨ ਸੰਬੰਧੀ ਦਿੱਤੇ ਗਏ ਬਿਆਨ ਉੱਤੇ ਪ੍ਰਤੀਕਰਮ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਵਿਜੈ ਸਾਂਪਲਾ ਇਤਿਹਾਸਕ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਦੀ ਪ੍ਰਕਿਰਿਆ ਨੂੰ ਗੈਰ ਜ਼ਰੂਰੀ ਤਰੀਕੇ ਨਾਲ ਗੁੰਝਲਦਾਰ ਬਣਾ ਕੇ ਸਿੱਖ ਭਾਈਚਾਰੇ ਦੇ ਸੁਪਨਿਆਂ ਨੂੰ ਨਾਕਾਮ ਕਰਨ ਦੀ ਕੋਸ਼ਿਸ਼ ਕਰਨ ਵਾਸਤੇ ਕੇਂਦਰੀ ਮੰਤਰੀ ਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਵਿਜੈ ਸਾਂਪਲਾ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਂਪਲਾ ਦਾ ਬਿਆਨ ਭਾਜਪਾ ਦੇ ਘੱਟਗਿਣਤੀ ਵਿਰੋਧੀ ਵਤੀਰੇ ਨੂੰ ਨੰਗਿਆਂ ਕਰਦਾ ਹੈ ।

ਜ਼ਿਕਰਯੋਗ ਹੈ ਕਿ 5 ਦਸੰਬਰ ਨੂੰ ਅਖਬਾਰਾਂ ਵਿਚ ਵਿਜੈ ਸਾਂਪਲਾ ਵਲੋਂ ਦਿੱਤਾ ਗਿਆ ਇਹ ਬਿਆਨ ਵੀ ਛਪਿਆ ਸੀ ਕਿ ਕਰਤਾਰਪੁਰ ਲਾਂਘਾ ਪਾਕਿਸਤਾਨ ਵਲੋਂ ਅੱਤਵਾਦ ਫੈਲਾਉਣ ਦਾ ਇੱਕ ਸਾਧਨ ਵੀ ਬਣ ਸਕਦੈ।

ਵਿਜੈ ਸਾਂਪਲਾ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ।

ਉਹਨਾਂ ਕਿਹਾ ਕਿ ਮੋਦੀ ਸਰਕਾਰ ਲਗਾਤਾਰ ਦੇਸ਼ ਦੀਆਂ ਘੱਟ-ਗਿਣਤੀਆਂ ਨੂੰ ਆਪਣੇ ਸਿਆਸੀ ਹਿੱਤਾਂ ਦੇ ਮੱਦੇਨਜ਼ਰ ਨੁੱਕਰੇ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਖ ਸ਼ਰਧਾਲੂਆਂ ਨੂੰ ਸੁਵਿਧਾਵਾਂ ਮੁਹੱਈਆ ਕਰਵਾਉਣ ਦੀ ਥਾਵੇਂ ਕੇਂਦਰ ਸਰਕਾਰ ਜਾਂ ਖਾਸਕਰ ਸਾਂਪਲਾ ਵਰਗੇ ਚੁਣੇ ਹੋਏ ਨੁਮਾਇੰਦੇ ਲਗਾਤਾਰ ਇਤਿਹਸਕ ਗੁਰਦੁਆਰੇ ਦੇ ਦਰਸ਼ਨ ਕਰਨ ਦੇ ਸੁਪਨੇ ਨੂੰ ਹਕੀਕਤ ਵਿਚ ਲਿਆਉਣ ਦੇ ਰਾਹ ਵਿਚ ਅੜਿੱਕੇ ਡਾਹ ਰਹੇ ਹਨ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਯਾਤਰਾ ਪਰਮਿਟ ਲਾਂਘੇ ਰਾਹੀਂ ਦਾਖਲ ਹੋਣ ਤੇ ਬਾਹਰ ਨਿਕਲਣ ਲਈ ਕਾਫੀ ਹੋਵੇਗਾ। ਇਸ ਨਾਲ ਆਧਾਰ ਕਾਰਡ (ਨਾਗਰਿਕ ਦਾ ਬਾਇੳਮੀਟ੍ਰਿਕ ਵੇਰਵਾ) ਵਰਗਾ ਦਸਤਾਵੇਜ਼ ਉਨ੍ਹਾਂ ਲੋਕਾਂ ਲਈ ਸ਼ਨਾਖਤੀ ਪਰੂਫ ਵਜੋਂ ਵਰਤਿਆ ਜਾ ਸਕਦਾ ਹੈ ਜੋ ਯਾਤਰਾ ਕਰਨੀ ਚਾਹੁੰਦੇ ਹੋਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,