January 14, 2019 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਲੰਮਾ ਸਮਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਪੀਰਮੁਹੰਮਦ) ਦੇ ਪ੍ਰਧਾਨ ਰਹਿਣ ਵਾਲੇ ਕਰਨੈਲ ਸਿੰਘ ਪੀਰਮੁਹੰਮਦ ਅੱਜ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਬਾਗੀ ਹੋਏ ਆਗੂਆਂ ਵਲੋਂ ਬਣਾਏ ਗਏ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਿਚ ਸ਼ਾਮਲ ਹੋ ਗਏ।
ਕਰਨੈਲ ਸਿੰਘ ਪੀਰਮੁਹੰਮਦ ਨੂੰ ਸ਼੍ਰੋ.ਅ.ਦ (ਟ) ਵਿਚ ਸ਼ਾਮਲ ਕਰਨ ਦਾ ਐਲਾਨ ਦਲ ਦੇ ਮੁਖੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਹੋਰਨਾਂ ਮੁੱਖ ਆਗੂਆਂ- ਸੇਵਾ ਸਿੰਘ ਸੇਖਵਾਂ ਤੇ ਰਤਨ ਸਿੰਘ ਅਜਨਾਲਾ ਸਮੇਤ ਚੰਡੀਗੜ੍ਹ ਵਿਚ ਕੀਤਾ।
ਸ਼੍ਰੋ.ਅ.ਦ (ਟ) ਦੇ ਆਗੂਆਂ ਨੇ ਕਿਹਾ ਕਿ ਕਰਨੈਲ ਸਿੰਘ ਪੀਰਮੁਹੰਮਦ ਨੇ ਲੰਮਾ ਸਮਾਂ ਵਿਦਿਆਰਥੀ ਜਥੇਬੰਦੀ ‘ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ’ ਦੀ ‘ਮਹਾਨ ਸੇਵਾ’ ਕੀਤੀ ਹੈ ਪਰ ਹੁਣ ਸ਼੍ਰੋ.ਅ.ਦ. (ਟ) ਫੈਡਰੇਸ਼ਨ ਨੂੰ ਇਕ ਵਿਦਿਆਰਥੀ ਜਥੇਬੰਦੀ ਵਜੋਂ ਸਿੱਖਿਆ ਅਦਾਰਿਆਂ, ਭਾਵ ਸਕੂਲਾਂ ਤੇ ਕਾਲਜਾਂ ਵਿਚ ਮੁੜ ਜਥੇਬੰਦ ਕਰੇਗਾ।
ਕਰਨੈਲ ਸਿੰਘ ਪੀਰਮੁਹੰਮਦ ਨੂੰ ਪੱਤਰਕਾਰਾਂ ਵੱਲੋਂ ਜਦੋਂ ਇਹ ਸਵਾਲ ਕੀਤਾ ਗਿਆ ਕਿ ਕੀ ਉਹ ਚੋਣ ਲੜਨ ਲਈ ਸ਼੍ਰੋ.ਅ.ਦ (ਟ) ਵਿਚ ਸ਼ਾਮਲ ਹੋਏ ਹਨ ਤਾਂ ਪੀਰਮੁਹੰਮਦ ਨੇ ਜਵਾਬ ਦਿੱਤਾ ਕਿ ਉਹ ਇਕ ਆਮ ਕਾਰਕੁੰਨ ਵਜੋਂ ਦਲ ਵਿੱਚ ਸ਼ਾਮਲ ਹੋਏ ਹਨ ਤੇ ਦਲ ਵਲੋਂ ਉਹਨਾਂ ਜਿੰਮੇ ਜੋ ਵੀ ਕੰਮ ਲਾਇਆ ਜਾਵੇਗਾ ਉਹ ਉਹੀ ਕਰਨਗੇ।
ਇਸ ਮੌਕੇ ਇਕ ਪੱਤਰਕਾਰ ਨੇ ਸਵਾਲ ਕੀਤਾ ਕਿ ਕਰਨੈਲ ਸਿੰਘ ਪੀਰਮੁਹੰਮਦ ਦਾ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂੰ ਨਾਲ ਨੇੜਲਾ ਸਬੰਧ ਰਿਹਾ ਹੈ ਹੁਣ ਪੀਰਮੁਹੰਮਦ ਸ਼੍ਰੋ.ਅ.ਦ. (ਟ) ਦੇ ਆਗੂ ਹਨ ਤਾਂ ਕੀ ਸ਼੍ਰੋ.ਅ.ਦ. (ਟ) ਵੀ ਸਿੱਖਸ ਫਾਰ ਜਸਟਿਸ ਦੇ “ਰਿਫਰੈਂਡਮ 2020” ਦੀ ਹਿਮਾਇਤ ਕਰਦਾ ਹੈ? ਸ਼੍ਰੋ.ਅ.ਦ. (ਟ) ਆਗੂਆਂ ਨੇ ਇਸ ਸਵਾਲ ਦਾ ਕੋਈ ਸਿੱਧਾ ਜਵਾਬ ਨਾ ਦਿੱਤਾ। ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਅਸਲ ਵਿਚ ਜਦੋਂ ਵੀ ਕਿਸੇ ਨੂੰ ਸ਼੍ਰੋ.ਅ.ਦ. (ਟ) ਵਿਚ ਸ਼ਾਮਲ ਕਰਵਾਇਆ ਜਾਂਦਾ ਹੈ ਤਾਂ ਉਸ ਕੋਲੋਂ ਦਲ ਦੇ ਸੰਵਿਧਾਨ ਪ੍ਰਤੀ ਵਚਨਬੱਧਤਾ ਲਈ ਜਾਂਦੀ ਹੈ। ਇਸ ਉੱਤੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਭਾਵੇਂ ਉਸਨੇ ਕਈ ਵਿਅਕਤੀਆਂ ਤੇ ਧਿਰਾਂ ਨਾਲ ਰਲ ਕੇ ਕੰਮ ਕੀਤਾ ਹੈ ਪਰ ਹੁਣ ਉਹ ਸ਼੍ਰੋ.ਅ.ਦ. (ਟ) ਦੇ ਸੰਵਿਧਾਨ ਮੁਤਾਬਕ ਹੀ ਕੰਮ ਕਰੇਗਾ। ਜਦੋਂ ਪੱਤਰਕਾਰ ਨੇ ਮੁੜ ਇਹ ਪੁੱਛਿਆ ਕਿ “ਰਿਫਰੈਂਡਮ 2020” ਬਾਰੇ ਦਲ ਦੇ ਸੰਵਿਧਾਨ ਮੁਤਾਬਕ ਕੀ ਪੱਖ ਬਣਦਾ ਹੈ ਤਾਂ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਇਹ ਲੰਮਾ ਵਿਸ਼ਾ ਹੈ, “ਤੁਹਾਨੂੰ ਸੰਵਿਧਾਨ ਦੀ ਕਾਪੀ ਦੇ ਦਿਆਂਗੇ ਤੁਸੀਂ ਆਪ ਪੜ੍ਹ ਲਿਓ”।
Related Topics: AISSF (Peer Mohammad), Karnail Singh Peer Mohammad, Punjab Politics, Ranjit Singh Brahampura, Shiromani Akali Dal (Taksali)