ਚੋਣਵੀਆਂ ਲਿਖਤਾਂ » ਲੇਖ » ਸਿੱਖ ਖਬਰਾਂ

ਥਾਨ ਸੁਹਾਵਾ ਕਰਤਾਰਪੁਰ…………..

December 12, 2018 | By

 ਗੁਰਮੀਤ ਕੌਰ *
 
ਇਸ ਸਾਲ ਦੇ ਸ਼ੁਰੂ ਵਿਚ ਮੈਨੂੰ ਆਪਣੇ ਵਡੇਰਿਆਂ ਦੀ ਸਰਜ਼ਮੀਨ ਲਹਿੰਦੇ ਪੰਜਾਬ ਪਹਿਲੀ ਵਾਰ ਜਾਵਣ ਦਾ ਸੁਭਾਗ ਹੋਇਆ। ਮੈਂ ਕਰਮਾਂਵਾਲ਼ੀ ਆਂ ਕਿ ਪੰਜਾਹਾਂ ਨੂੰ ਢੁਕਣ ਵੇਲੇ ਗੁਰੂ ਨੇ ਮੇਰੇ ’ਤੇ ਮਿਹਰ ਕੀਤੀ। ਮੇਰੇ ਵਡੇਰੇ ਵਿੱਛੜੇ ਗੁਰਧਾਮਾਂ, ਜੱਦੀ ਥਾਵਾਂ ਨੂੰ ਮੁੜ ਜਾਵਣ ਨੂੰ ਤਰਸਦਿਆਂ ਮਰ-ਮੁੱਕ ਗਏ, ਜਿਹੜੀਆਂ ਥਾਵਾਂ ਉਹ ਸੰਨ ਸੰਤਾਲ਼ੀ ਵੇਲੇ ਖ਼ਾਲੀ ਹੱਥ ਪਿੱਛੇ ਛੋੜ ਆਏ ਸਨ। ਜਿੰਨੀ ਅੰਨ੍ਹੀ ਨਫ਼ਰਤ ਉਨ੍ਹਾਂ ਜਰੀ ਸੀ; ਜੋ ਕ਼ਤਲੇਆਮ ਉਨ੍ਹਾਂ ਤੱਕੇ ਸਨ; ਜੋ ਘਰ ਤੇ ਘਰ ਦੇ ਜੀਅ ਉਨ੍ਹਾਂ ਤੋਂ ਖੁੱਸ ਗਏ ਸਨ, ਉਸ ਸਭ ਕਾਸੇ ਨੂੰ ਬਖ਼ਸ਼ਣ ਵਾਸਤੇ ਮੈਨੂੰ ਕਿਤਨੇ ਹੌਸਲੇ ਤੋਂ ਕੰਮ ਲੈਣਾ ਪਿਆ। ਆਪਣੇ ਦਾਦਕਿਆਂ-ਨਾਨਕਿਆਂ ’ਚੋਂ ਮੈਂ ਪਹਿਲੀ ਸਾਂ ਤੇ ਨਾਲ਼ ਮੇਰਾ ਪੁੱਤਰ ਸੀ। ਮੇਰੀ ਜ਼ਿੱਦ-ਜਿਹੀ ਹੁੰਦੀ ਸੀ ਕਿ ਮੈਂ ਪਾਕਿਸਤਾਨ ਕਦੇ ਨਹੀਂ ਜਾਣਾ। ਪਰ ਸੋਸ਼ਲ ਮੀਡੀਆ ਤੇ ਇੰਟਰਨੈੱਟ ਸਦਕੇ ਦੋਹਵੇਂ ਮੁਲਕਾਂ ਦੀਆਂ ਸਰਕਾਰਾਂ ਦੀਆਂ ਪਾਲ਼ੀਆਂ ਨਫ਼ਰਤਾਂ ਨੂੰ ਲੱਗੇ ਖੋਰੇ ਕਰਕੇ ਹੁਣ ਹਾਲਾਤ ਬਹੁਤ ਬਦਲ ਗਏ ਨੇ।

ਅਮਰੀਕਾ ਤੋਂ ਚੱਲ ਕੇ ਲਹੌਰ ਹਵਾਈ ਅੱਡੇ ਅੱਪੜ ਕੇ ਵੀ ਮੈਨੂੰ ਇੰਜ ਪਿਆ ਲਗਦਾ ਸੀ ਕਿ ਮੈਂ ਕੋਈ ਸੁਪਨਾ ਲੈ ਰਹੀ ਹਾਂ। ਮੈਂ ਲਹੌਰ ਦੀ ਲਮਜ਼ ਯੂਨੀਵਰਸਟੀ ਵਿਚ ਅਦਬੀ ਜੋੜਮੇਲੇ ਵਿਚ ਹਿੱਸਾ ਲੈਣ ਪੁੱਜੀ ਸਾਂ, ਜਿੱਥੇ ਮੈਂ ਬਾਲ ਸਾਹਿਤ ਛਾਪਣ ਦੇ ਅਪਣੇ ਕੰਮ ਬਾਰੇ ਦੱਸਣਾ ਸੀ ਤੇ ਹੋਰ ਥਾਂਵਾਂ ’ਤੇ ਗੁਰਮੁਖੀ ਤੇ ਸ਼ਾਹਮੁਖੀ ਵਿਚ ਮੇਰੀ ਅਪਣੀ ਕਿਸਮ ਦੀ ਛਪੀ ਪਹਿਲੀ ਕਿਤਾਬ ‘ਸੋਹਣੇ ਪੰਜਾਬ ਦੀਆਂ ਮੋਹਣੀਆਂ ਬਾਤਾਂ’ ਦੀ ਚੱਠ ਹੋਣੀ ਸੀ। ਮੈਂ ਲਹੌਰ ਹੋਰ ਕਈ ਸਕੂਲਾਂ ਤੇ ਕਾਲਜਾਂ ਥਾਵੀਂ ਅਪਣੀ ਕਿਤਾਬ ਲੈ ਕੇ ਗਈ। ਹਰ ਥਾਂ ਬੜਾ ਭਰਵਾਂ ਹੁੰਗਾਰਾ ਤੇ ਪਿਆਰ ਮਿਲ਼ਿਆ। ਮੇਰੇ ਨਾਲ਼ ਸਾਂਝੇ ਪੰਜਾਬ ਦਾ ਸੁਪਨਾ ਲੈਣ ਵਾਲ਼ੇ ਅਮਰਜੀਤ ਚੰਦਨ ਜੀ ਸਨ ਤੇ ਸ਼ਾਹਮੁਖੀ ਛਾਪ ਦੇ ਸੰਜੋਗੀ (ਸੰਪਾਦਕ) ਸ਼ਾਇਰ ਮਹਮੂਦ ਅਵਾਣ। ਲਹੌਰੋਂ ਅਸੀਂ ਸਿੱਧੇ ਨਨਕਾਣਾ ਸਾਹਿਬ ਤੇ ਕਰਤਾਰ ਸਾਹਿਬ ਦੇ ਦਰਸ਼ਨਾਂ ਨੂੰ ਗਏ।

ਲੇਖਕ – ਗੁਰਮੀਤ ਕੌਰ

ਜਿਸ ਦਿਹਾੜੇ ਮੈਨੂੰ ਪਾਕਿਸਤਾਨ ਦਾ ਵੀਜ਼ਾ ਮਿਲ਼ਿਆ ਸੀ; ਮੈਂ ਕਿਸੇ ਚਾਅ ਵਿਚ ਬਾਲਾਂ ਵਾਂਙ ਰੋਂਦੀ ਰਹੀ ਸਾਂ, ਟੱਪਦੀ ਫਿਰਦੀ ਸਾਂ। ਘਬਰਾਹਟ ਸੀ; ਡਰ ਵੀ ਪਿਆ ਲਗਦਾ ਸੀ। ਮੇਰਾ ਸਾਰਾ ਧਿਆਨ ਨਨਕਾਣੇ ਵਲ ਲੱਗਾ ਹੋਇਆ ਸੀ। ਮੈਂ ਕਿਹੜੇ ਜਿਗਰੇ ਨਾਲ਼ ਅਪਣੇ ਗੁਰਧਾਮ ਦੇ ਦਰਸ਼ਨ-ਦੀਦਾਰ ਕਰਸਾਂ, ਜਿੱਥੇ ਸਾਡੇ ਗੁਰੂਆਂ ਦੇ ਗੁਰੂ ਜੀ ਜਨਮੇ ਤੇ ਵੱਡੇ ਹੋਏ ਸਨ। ਪਰ ਜੋ ਮੈਂ ਓਥੇ ਅੱਪੜ ਕੇ ਵੇਖਿਆ, ਉਸ ਨਾਲ਼ ਮੇਰੀਆਂ ਸਾਰੀਆਂ ਰੀਝਾਂ-ਸੱਧਰਾਂ ਚਕਨਾਚੂਰ ਹੋ ਗਈਆਂ। ਗੁਰਦੁਆਰਾ ਜਨਮ ਅਸਥਾਨ ਉੱਚੀਆਂ ਕੁਹਜੀਆਂ ਇਮਾਰਤਾਂ ਨਾਲ਼ ਵਲ਼ਿਆ ਦੂਰੋਂ ਨਜ਼ਰ ਨਹੀਂ ਆਂਵਦਾ। ਸੜਕਾਂ ਗਲ਼ੀਆਂ ਕੂੜੇ ਨਾਲ਼ ਭਰੀਆਂ ਸਨ। ਸਾਹ-ਘੁੱਟਵੀਂ ਸਕਿਉਰਿਟੀ ਸੀ। ਗੁਰਦੁਆਰੇ ਦੇ ਅੰਦਰ ਭਾਵੇਂ ਥਾਂ ਮ੍ਹੋਕਲ਼ੀ ਸੀ। ਕੰਧਾਂ ਚਿੱਟੀ ਤੇ ਪੀਲ਼ੀ ਕਲ਼ੀ ਨਾਲ਼ ਲਿੱਪੀਆਂ ਖੰਡੇ ਦੇ ਨਿਸ਼ਾਨਾਂ ਨਾਲ਼ ਭਰੀਆਂ ਪਈਆਂ ਸਨ। ਮਹਾਰਾਜਾ ਰਣਜੀਤ ਸਿੰਘ ਦੀ ਬਣਵਾਈ ਬਾਰਾਂਦਰੀ ਇਕ ਨੁੱਕਰੇ ਜਿਚਰ ਢਾਹੇ ਜਾਣ ਦੇ ਡਰੋਂ ਅਣਗੌਲ਼ੀ ਚੁੱਪ-ਜਿਹੀ ਖਲੋਤੀ ਦਿਸਦੀ ਸੀ।
ਇਕ ਗੱਲ ਜਿਸ ਤੋਂ ਮੇਰਾ ਮਨ ਬਹੁਤ ਖੱਟਾ ਹੋਇਆ, ਉਹ ਇਹ ਸੀ ਕਿ ਸਾਰੇ ਅਸਥਾਨ ਵਿਚ ਕਿਤੇ ਵੀ ਸ਼ਾਂਤ ਇਕੱਲ਼ਵਾਂਝੀ ਅੰਤਰ-ਧਿਆਨ ਹੋ ਕੇ ਬੈਠਣ ਲਈ ਜਗ੍ਹਾ ਨਹੀਂ ਹੈ। ਅੰਦਰ ਹਰ ਵੇਲੇ ਸੇਵਾਦਾਰ ਤੇ ਬਾਹਰ ਸਕਿਉਰਿਟੀ ਸਾਡੇ ਨਾਲ਼ ਨਾਲ਼ ਲੱਗੇ ਰਹੇ। ਅਸੀਂ ਉਨ੍ਹਾਂ ਨੂੰ ਕਿੰਜ ਸਮਝਾਂਦੇ ਕਿ ਅਸੀਂ ਗੁਰੂ ਨਾਨਕ ਜੀ ਦੇ ਦਰਸ਼ਨ ਦੀਦਾਰ ਕਰਨ ਆਏ ਹਾਂ। ਅਸੀਂ ਕੋਈ ਸ਼ਾਹੀ ਮਹਿਮਾਨ ਨਹੀਂ ਤੇ ਨਾ ਹੀ ਅਸੀਂ ਕੋਈ ਅਜਾਇਬਘਰ ਤੱਕਣ ਆਏ ਹਾਂ। ਮੈਨੂੰ ਲੱਗਣ ਲੱਗਾ ਕਿ ਮੈਂ ਕੋਈ ਕਸੂਰ ਪਈ ਕਰਦੀ ਹਾਂ। ਭਰੇ ਦਿਲ ਨਾਲ਼ ਮੈਂ ਲਹੌਰ ਮੁੜੀ ਤੇ ਤਹੱਈਆ ਕਰ ਲਿਆ ਕਿ ਅਗਲੇ ਦਿਨ ਅਮਰੀਕਾ ਵਾਪਿਸੀ ਤੋਂ ਪਹਿਲਾਂ ਕਰਤਾਰਪੁਰ ਦੇ ਦਰਸ਼ਨ ਕਰਨੇ ਈ ਕਰਨੇ ਨੇ।
ਰੱਬ-ਸਬੱਬੀ ਮੇਰੀ ਕਰਤਾਰਪੁਰ ਦੀ ਯਾਤਰਾ ਅਗੰਮੀ ਸੀ। ਅਸੀਂ ਜਿਵੇਂ ਕਿਸੇ ਹੋਰ ਈ ਦੁਨੀਆ ਵਿਚ ਚਲੇ ਗਏ। ਅਸੀਂ ਚਾਰ ਈ ਜਣੇ ਸਾਂ – ਚੰਦਨ ਜੀ, ਅਕਰਮ ਵੜੈਚ, ਮੈਂ ਤੇ ਮੇਰਾ ਪੁੱਤਰ ਅੰਗਦ। ਹੁਣ ਸਾਡੇ ’ਤੇ ਕਿਸੇ ਦਾ ਪਹਿਰਾ ਨਹੀਂ ਸੀ ਲੱਗਿਆ। ਕੋਈ ਸਾਨੂੰ ਤਾੜਦਾ ਨਹੀਂ ਸੀ ਪਿਆ। ਇੰਜ ਜਾਪਿਆ ਅਸੀਂ ਬਾਬਾ ਜੀ ਦੇ ਅੰਗਸੰਗ ਹਾਂ। ਆਸਪਾਸ ਗੂੜ੍ਹੀਆਂ ਸਾਵੀਆਂ ਫ਼ਸਲਾਂ, ਰੁੱਖ, ਪੰਛੀ, ਸੁੱਚੀ ਹਵਾ, ਮਿੱਟੀ ਦੀ ਮਹਿਕ ਸਾਡੇ ਅੰਗਅੰਗ ਪਈ ਸਮਾਂਦੀ ਸੀ। ਇਨ੍ਹਾਂ ਹੀ ਖੇਤਾਂ ਦੀ ਮਿੱਟੀ ਨਾਲ਼ ਬਾਬਾ ਜੀ ਮਿੱਟੀ ਹੁੰਦੇ ਹੋਣਗੇ। ਮੈਂ ਨਿੰਵ ਕੇ ਕੱਚੇ ਰਾਹ ਦੀ ਧੂੜ ਮੱਥੇ ਲਾਈ। ਮੇਰੀਆਂ ਅੱਖੀਆਂ ਭਰ ਆਈਆਂ। ਜਾਪਿਆ ਉਨ੍ਹਾਂ ਦਾ ਹੱਥ ਮੇਰੇ ਸਿਰ ‘ਤੇ ਟਿਕਿਆ ਸੀ।
ਬਾਬਾ ਜੀ ਨੇ ਇਕ ਸੌ ਏਕੜ ਥਾਂ ਵਲ਼ ਕੇ ਖੇਤੀ ਕੀਤੀ ਸੰਗਤ ਜੋੜੀ ਸੀ। ਇਹ ਥਾਂ ਸੰਨ ਸੰਤਾਲ਼ੀ ਤੋਂ ਪਹਿਲਾਂ ਗੁਰਦੁਆਰੇ ਕੋਲ਼ ਸੀ। ਹੁਣ ਟਰੱਸਟ ਵਾਲ਼ੇ ਕੁਝ ਏਕੜ ਖ਼ਰੀਦ ਕੇ ਦੇਸੀ (ਔਰਗੈਨਿਕ) ਖੇਤੀ ਕਰਦੇ ਨੇ। ਓਹੀ ਅੰਨ, ਸਬਜ਼ੀ, ਦਾਲ਼ ਗੁਰਦੁਆਰੇ ਦੇ ਲੰਗਰ ਵਿਚ ਪੱਕਦੀ ਹੈ। ਖੇਤਾਂ ਵਿਚ ਭਉਂਦਿਆਂ ਨਾਮ ਜਪਣ, ਕਿਰਤ ਕਰਨ, ਵੰਡ ਛਕਣ ਦੀ ਮਹਿਮਾ ਨਜ਼ਰ ਆਂਵਦੀ ਏ।
ਈਸਾਈ ਲਾਂਗਰੀ ਦੇ ਹੱਥਾਂ ਦਾ ਪੱਕਿਆ ਲੰਗਰ ਅਸਾਂ ਪੰਗਤ ਵਿਚ ਬਹਿ ਕੇ ਛਕਿਆ। ਨਾਲ਼ ਮੁਸਲਮਾਨ ਸੰਗਤੀਏ ਵੀ ਸਨ। ਏਨਾ ਸਵਾਦ ਤੇ ਵਿਸਮਾਦ ਅਸਾਂ ਨੂੰ ਪਹਿਲੀ ਵਾਰ ਨਸੀਬ ਹੋਇਆ। ਫੇਰ ਗੁਰਦੁਆਰੇ ਦੇ ਭਾਈ ਜੀ ਤੇ ਇਨ੍ਹਾਂ ਦੀ ਪਤਨੀ ਨੇ ਸਾਨੂੰ ਕਮਾਦ ’ਚੋਂ ਗੰਨੇ ਭੰਨ ਕੇ ਚੂਪਣ ਲਈ ਦਿੱਤੇ। ਰਸ ਨਿਰਾ ਅਮ੍ਰਿਤ ਸੀ।
ਪਰ ਅਪਣੀ ਕਰਤਾਰਪੁਰੀ ਵਿਚ ਵੀ ਕੁਝ ਗੱਲਾਂ ਰੜਕਵੀਆਂ ਨਜ਼ਰ ਆਂਵਦੀਆਂ ਸਨ – ਚਾਰੇ ਪਾਸੇ ਸਕਿਉਰਿਟੀ ਦੇ ਪੱਜ ਉਸਾਰੀ ਉੱਚੀ ਕੰਧ ਤੇ ਬਾਬਾ ਜੀ ਦੀਆਂ ਕੁਹਜੀਆਂ ਮੂਰਤਾਂ ਵਾਲ਼ੇ ਬਣਾਏ ਵੱਡੇ-ਵੱਡੇ ਫ਼ਲੈਕਸ ਤੇ ਅੰਦਰ ਚੀਨ ਦੇ ਬਣੇ ਪਲਾਸਟਿਕ ਦੇ ਫੁੰਮਣ ਫੁੱਲ ਤੇ ਹਾਰ ਟੰਗੇ ਹੋਏ ਸਨ। ਅੱਖਾਂ ਨੂੰ ਚੁੱਭਦੇ ਸ਼ੋਖ਼ ਰੰਗਾਂ ਦੀਆਂ ਬੱਤੀਆਂ ਜਗਦੀਆਂ ਸਨ। ਖ਼ੈਰ, ਇਹ ਕੋਈ ਵੱਡੀ ਗੱਲ ਨਹੀਂ। ਇਹਨੂੰ ਸੁਹਜਾ ਬਣਾਣਾ ਔਖਾ ਨਹੀਂ।

ਗੁਰਦੁਆਰਾ ਸ੍ਰੀ ਦਰਬਾਰ ਸਾਹਿਬ,ਸ੍ਰੀ ਕਰਤਾਰਪੁਰ ਸਾਹਿਬ,ਨਾਰੋਵਾਲ

 

ਹੁਣ ਕਰਤਾਰਪੁਰ ਦੇ ਲਾਂਘੇ ਦੀਆਂ ਖ਼ਬਰਾਂ ਨਾਲ਼ ਸਾਰੀਆਂ ਦੁਨੀਆ ਭਰ ਦੀ ਨਾਨਕ ਸੰਗਤ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਏ। ਸਰਕਾਰਾਂ ਦਾ ਕੀਤਾ ਸਿਰ-ਮੱਥੇ। ਪਰ ਮੈਨੂੰ ਇਕ ਗੱਲ ਦੀ ਚਿੰਤਾ ਏ। ਇਹ ਮੈਂ ਜਲੰਧਰ ਦੇ ਕਿਸੇ ਪੰਜਾਬੀ ਅਖ਼ਬਾਰ ਵਿਚ ਦੱਸੀ ਸੀ। ਮੇਰੇ ਆਖੇ ਦਾ ਦੁਨੀਆ ਭਰ ਦੇ ਸੈਂਕੜੇ ਪਾਠਕਾਂ ਨੇ ਹੁੰਗਾਰਾ ਭਰਿਆ।
ਕਰਤਾਰਪੁਰ ਵਿਚ ਫ਼ਾਈਵ ਸਟਾਰ ਹੋਟਲ ਖੋਲ੍ਹਣ ਤੇ ਟੂਰਿਜ਼ਮ ਦੇ ਨਾਂ ’ਤੇ ਅੰਨ੍ਹੇਵਾਹ ਬਿਨਾਂ ਸੋਚ ਕੇ ਬਣਾਈਆਂ ਪਲੈਨਾਂ ਤੇ ਫ਼ਿਲਮ ਵਿਚ ਦਿਖਾਏ ਮਾਡਲਾਂ ਨੂੰ ਵੇਖ ਸੁਣ ਕੇ ਮੇਰਾ ਚਾਅ ਮੱਠਾ ਪੈ ਗਿਆ। ਮੈਨੂੰ ਡਰ ਲਗ ਰਿਹਾ ਹੈ ਕਿ ਇਹ ਲੋਕ ਕਰਤਾਰਪੁਰ ਦੀ ਰੂਹਾਨੀ ਦਿਖ ਵੀ ਨਨਕਾਣੇ ਵਾਲ਼ੀ ਹੀ ਨਾ ਬਣਾ ਦੇਣ। ਕਾਰਸੇਵਾ ਦੇ ਨਾਂ ‘ਤੇ ਪੂਰਬੀ ਪੰਜਾਬ ਵਿਚ ਸਾਡੀ ਵਿਰਾਸਤ ਰੋਲ਼ ਕੇ ਥਾਂ-ਥਾਂ ਸੰਗਮਰਮਰ ਤੇ ਸ਼ੀਸ਼ਾਗਿਰੀ ਥੱਪ ਦਿੱਤੀ ਗਈ ਹੈ। ਸਦੀਆਂ ਪਹਿਲਾਂ ਬਣੇ ਕੰਧ ਚਿਤਰਾਂ ‘ਤੇ ਕਲੀ ਫੇਰ ਦਿੱਤੀ ਗਈ ਹੈ। ਪਾਕਿਸਤਾਨ ਵਿਚ ਥੋਹੜਾ ਬਚਾਅ ਹੋ ਗਿਆ ਹੈ, ਕਿਉਂਕਿ ‘ਕਾਰਸੇਵਾ’ ਵਾਲ਼ੇ ਓਥੇ ਪੂਰੀ ਤਰ੍ਹਾਂ ਪੁੱਜ ਨਹੀਂ ਸਕੇ। ਗੁਰਦੁਆਰਾ ਡੇਰਾ ਸਾਹਿਬ, ਬਾਲ ਲੀਲਾ, ਤੇ ਸਿੰਘ-ਸਿੰਘਣੀਆਂ ਵਿਚ ਬਣਾਉਟੀ ਸਜਾਵਟ ਦਾ ਕਹਿਰ ਝੁੱਲਣਾ ਸ਼ੁਰੂ ਹੋ ਗਿਆ ਏ।
ਮੇਰੀ ਤੇ ਮੇਰੇ ਵਰਗੀ ਲੱਖਾਂ ਦੀ ਸੰਗਤ ਦੀ ਇਹ ਪੁਕਾਰ ਪਾਕਿਸਤਾਨ ਸਰਕਾਰ ਦੇ ਕੰਨੀਂ ਕੋਈ ਪਾ ਦੇਵੇ। ਉਂਜ ਮੱਕੇ, ਯੋਰੂਸ਼ਲੋਮ ਤੇ ਵੈਟੀਕਨ ਰੋਮ ਤੇ ਅਨੇਕ ਧਾਰਮਿਕ ਸਥਾਨਾਂ ਦੀਆਂ ਚੰਗੀਆਂ ਮਿਸਾਲਾਂ ਸਾਡੇ ਸਾਹਮਣੇ ਹਨ। ਉਹ ਅਪਣਾਉਣ ’ਚ ਕੋਈ ਹਰਜ਼ ਨਹੀਂ:-
1. ਕਰਤਾਰਪੁਰ ਵਿਚ ਪ੍ਰਕਿਰਤੀ ਦੇ ਵਾਸੇ ਵਾਸਤੇ ਗੁਰਦੁਆਰੇ ਦੁਆਲ਼ੇ ਖੇਤਾਂ ਨੂੰ ਕੋਈ ਨਾ ਛੇੜੇ। ਓਥੇ ਪਹਿਲਾਂ ਵਾਂਗ ਹੀ ਦੇਸੀ ਖੇਤੀ ਹੁੰਦੀ ਰਹੇ। ਇਕ ਸੌ ਏਕੜ ਚੋਂ ਅੱਧੀ ਜ਼ਮੀਨ ਵਿਚ ਵਣ ਲਾ ਦਿਤਾ ਜਾਵੇ, ਜਿੱਥੇ ਦੇਸੀ ਰੁੱਖ ਲਾਏ ਜਾਣ। ਇਸ ਨਾਲ਼ ਸਵੱਛ ਪੌਣ ਪਾਣੀ ਦਾ, ਪੰਛੀਆਂ-ਪੰਖੇਰੂਆਂ ਦਾ ਵਾਸਾ ਹੋਵੇਗਾ, ਜਿਚਰ ਗੁਰੂ ਜੀ ਵੇਲੇ ਹੁੰਦਾ ਸੀ।
2. ਗੁਰਦੁਆਰੇ ਦਾ ਹੁਣ ਵਾਲ਼ਾ ਭਵਨ ਤੇ ਵਿਹੜਾ ਵੀ ਇੰਜ ਦਾ ਹੀ ਰੱਖਿਆ ਜਾਵੇ। ਖੋਜ ਕਰਕੇ ਗੁਰੂ ਜੀ ਨਾਲ਼ ਜੁੜੀਆਂ ਥਾਵਾਂ ਮੁੜ ਉਸਾਰੀਆਂ ਜਾਵਣ ਤੇ ਉਨ੍ਹਾਂ ਨੂੰ ਦਰਬਾਰ ਸਾਹਿਬ ਤੇ ਨਾਲ਼ ਦੀ ਖੂਹੀ ਨਾਲ਼ ਪੈਦਲ ਡੰਡੀ ਨਾਲ਼ ਜੋੜਿਆ ਜਾਵੇ। ਨਵੀਂ ਉਸਾਰੀ ਦੀ ਦਿੱਖ ਗੁਰੂ ਜੀ ਦੇ ਵੇਲੇ ਵਾਲ਼ੀ ਹੋਵੇ, ਵੀਹ-ਵੀਹ ਮੰਜ਼ਿਲਾਂ ਵਾਲ਼ੀ ਅੱਜ ਦੀ ਕੁਹਜੀ ਮਾਡਰਨ ਦਿੱਖ ਨਹੀਂ। ਰਿਹਾਇਸ਼ੀ ਇਮਾਰਤਾਂ ਜੇ ਬਣਾਣੀਆਂ ਜ਼ਰੂਰੀ ਹੋਣ, ਤਾਂ ਉਹ ਦਰਬਾਰ ਸਾਹਿਬ ਤੋਂ ਚੋਖੀ ਦੂਰ ਹੋਣ।
3. ਆਵਾਜਾਈ ਵਧੇਰੇ ਪੈਦਲ ਵਾਲ਼ੀ ਰੱਖੀ ਜਾਵੇ। ਹਰ ਦਿਨ ਦੀ ਸੰਗਤ ਦੀ ਤਾਦਾਦ ਮਿਥੀ ਜਾਵੇ। ਬਜ਼ੁਰਗਾਂ ਤੇ ਨਿਰਯੋਗ ਸੰਗਤ ਨੂੰ ਢੋਣ ਲਈ ਬਿਜਲੀ ਵਾਲ਼ੀਆਂ ਗੱਡੀਆਂ ਹੋਣ। ਲਾਂਘੇ ਵਿਚ ਕੋਈ ਅਪਣੀ ਪੈਟਰੋਲ-ਫੂਕ ਗੱਡੀ ਨਾ ਲਿਆ ਸਕੇ। ਪਲਾਸਟਿਕ ਬੈਗਾਂ, ਸ਼ਾਪਰਾਂ, ਬੋਤਲਾਂ ਤੇ ਜੰਕ ਫ਼ੂਡ ‘ਤੇ ਸਖ਼ਤ ਰੋਕ ਲੱਗੇ।
4. ਇਸ ਕਿਸਮ ਦਾ ਪ੍ਰਬੰਧ ਰਾਵੀ ਪਾਰ ਡੇਰਾ ਬਾਬਾ ਨਾਨਕ ਵਿਚ ਵੀ ਹੋਵੇ। ਆਖ਼ਰਕਾਰ ਦੋਹਵੇਂ ਸਥਾਨ ਇੱਕੋ ਰਸਤੇ ਦੇ ਦੋ ਸਿਰੇ ਹੋਣਗੇ।
5. ਪੱਛਮੀ ਤੇ ਪੂਰਬੀ ਪੰਜਾਬ ਵਿਚ ਦੋਹਵੀਂ ਪਾਸੀਂ ਬੜੇ ਆਹਲਾ ਕਿਸਮ ਦੇ ਕਾਰੀਗਰ ਆਰਕੀਟੈਕਟ ਸੇਵਾ ਕਰਨ ਲਈ ਤਿਆਰ ਹਨ। ਸਾਨੂੰ ਭੱਜ ਕੇ ਇਜ਼ਰਾਈਲ ਦੇਸ ਦੇ ਆਰਕੀਟੈਕਟਾਂ ਨਾਲ਼ੋਂ ਅਪਣੇ ਘਰ ਦੇ ਬੰਦਿਆਂ ਦੀ ਸਾਰ ਲੈਣ ਦੀ ਲੋੜ ਹੈ।
ਰੱਬ ਦੇ ਵਾਸਤੇ ਕਰਤਾਰਪੁਰ ਕਰਤਾਰਪੁਰ ਹੀ ਰੱਖਣਾ, ਇਹਨੂੰ ਡਿਜ਼ਨੀਲੈਂਡ ਨਾ ਬਣਾ ਘੱਤਣਾ।
 
*ਐਟਲਾਂਟਾ (ਅਮਰੀਕਾ) ਵੱਸਦੀ ਗੁਰਮੀਤ ਕੌਰ ਪੰਜਾਬੀ ਬਾਲ ਸਾਹਿਤ ਲੇਖਿਕਾ ਤੇ ਪ੍ਰਕਾਸ਼ਕ ਹੈ।
 
**ਪਾਠਕਾਂ ਦੇ ਧਿਆਨ ਹਿਤ: ਉਕਤ ਲੇਖ ਪਹਿਲਾਂ ਪੰਜਾਬੀ ਟ੍ਰਿਬਿਊਨ  ਦੇ 12 ਦਸੰਬਰ ਦੇ ਅੰਕ ਵਿਚ ਛਪਿਆ ਹੈ। ਇਸਨੁੰ ਇਥੇ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿਤ ਧੰਨਵਾਦ ਸਹਿਤ ਛਾਪਿਆ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , , , , ,