November 30, 2018 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: {ਨਰਿੰਦਰ ਪਾਲ ਸਿੰਘ} ਸਿੱਖਿਆ ਦੇ ਮਾਧਿਅਮ ਰਾਹੀਂ ਸਿੱਖ ਬੱਚੇ ਬੱਚੀਆਂ ਨੂੰ ਸਿੱਖੀ ਨਾਲ ਜੋੜਨ ਲਈ ਹੋਂਦ ਵਿੱਚ ਆਈ ਸੰਸਥਾ ਚੀਫ ਖਾਲਸਾ ਦੀਵਾਨ ਦੇ ਮੈਂਬਰ ਹੀ, ਦੀਵਾਨ ਦੇ ਸੰਵਿਧਾਨ ਦੀ ਉਲੰਘਣਾ ਕਰਦਿਆਂ ਅੰਮ੍ਰਿਤ ਦੀ ਦਾਤ ਤੋਂ ਵਿਹੂਣੇ ਹਨ। ਇਹ ਗੱਲ ਸਾਹਮਣੇ ਆਉਣ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵੱਲੋਂ ਦੀਵਾਨ ਦੇ ਪ੍ਰਬੰਧਕਾਂ, ਚੋਣ ਅਬਜ਼ਰਵਰਾਂ ਤੇ ਮੈਬਰਾਂ ਨੂੰ ਇੱਕ ਚਿੱਠੀ ਲਿਖ ਕੇ ਭੇਜੀ ਗਈ ਹੈ ਕਿ 2 ਦਸੰਬਰ ਨੂੰ ਹੋਣ ਵਾਲੀ ਦੀਵਾਨ ਦੀ ਚੋਣ ਦੀਵਾਨ ਦੇ ਸੰਵਿਧਾਨ ਦੀ ਅਨੁਸਾਰ ਹੀ ਹੋਵੇ। ਅਕਾਲ ਤਖਤ ਸਾਹਿਬ ਸਕੱਤਰੇਤ ਦੇ ਇੰਚਾਰਜ ਸ.ਜਸਪਾਲ ਸਿੰਘ ਦੇ ਦਸਤਖਤਾਂ ਹੇਠ ਜਾਰੀ ਇਸ ਚਿੱਠੀ ਵਿੱਚ ਸਾਫ ਲਿਖਿਆ ਗਿਆ ਹੈ ਕਿ ਸਿੰਘ ਸਾਹਿਬ ਨੇ ਹਦਾਇਤ ਕੀਤੀ ਹੈ ਕਿ ਦੀਵਾਨ ਦੇ ਪ੍ਰਧਾਨ ਤੇ ਬਾਕੀ ਅਹੁਦੇਦਾਰਾਂ ਦੀ 2 ਦਸੰਬਰ ਨੂੰ ਹੋ ਰਹੀ ਚੋਣ ਦੀਵਾਨ ਦੇ ਸੰਵਿਧਾਨ ਦੇ ਅਨੁਸਾਰ ਹੋਵੇ।
ਜਿਕਰਯੋਗ ਹੈ ਕਿ ਦੀਵਾਨ ਦੀ ਚੋਣ ਲਈ ਨਿਯੁਕਤ ਅਬਜ਼ਰਵਰ ਪ੍ਰਿੰਸੀਪਲ ਬਲਜਿੰਦਰ ਸਿੰਘ ਨੇ ਬੀਤੇ ਕੱਲ੍ਹ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਮ ਹੇਂਠ ਲਿਖੇ ਪੱਤਰ ਵਿੱਚ ਦੀਵਾਨ ਦੀ ਮੁੱਢਲੀ ਮੈਂਬਰਸ਼ਿਪ ਲੈਣ ਸਮੇਂ ਭਰੇ ਜਾਣ ਵਾਲੇ ਫਾਰਮ ੳ ਅਤੇ ੳ (ੳ)ਦਾ ਹਵਾਲਾ ਦਿੰਦਿਆਂ ਦੱਸਿਆ ਸੀ ਕਿ ‘ਕਿਸੇ ਵੀ ਮੈਂਬਰ ਵਲੋਂ ਇਸ ਫਾਰਮ ਰਾਹੀਂ ਕੀਤੇ ਵਾਅਦੇ ਅਨੁਸਾਰ ਉਸਦਾ ਅੰਮ੍ਰਿਤਧਾਰੀ ਹੋਣਾ ਤੇ ਪੰਜ ਕਕਾਰੀ ਰਹਿਤ ਦਾ ਧਾਰਣੀ ਹੋਣਾ ਲਾਜ਼ਮੀ ਹੈ। ਮਾਰਚ 2018 ਵਿੱਚ ਦੀਵਾਨ ਦੇ ਅਹੁਦੇਦਾਰਾਂ ਅਤੇ ਪ੍ਰਧਾਨ ਦੀ ਚੋਣ ਮੌਕੇ ਵੀ ਇਹ ਮੁੱਦਾ ਸਾਹਮਣੇ ਆਇਆ ਸੀ ਕਿ ਦੀਵਾਨ ਦੇ ਵੱਡੀ ਗਿਣਤੀ ਮੈਂਬਰ ਅੰਮ੍ਰਿਤਧਾਰੀ ਨਹੀਂ ਹਨ, ਕੁਝ ਦਾਹੜੇ ਤੇ ਰੋਮਾਂ ਦੀ ਬੇਅਦਬੀ ਕਰਨ ਵਾਲੇ ਵੀ ਹਨ’।
ਉਨ੍ਹਾਂ ਅੱਗੇ ਦੱਸਿਆ ਸੀ ਕਿ ਦੀਵਾਨ ਦੀ ਹੋ ਰਹੀ 2 ਦਸੰਬਰ ਦੀ ਚੋਣ ਨੂੰ ਲੈ ਕੇ ਦੀਵਾਨ ਦੇ ਜਿਹੜੇ ਮੈਂਬਰਾਂ ਦੀ ਸੂਚੀ 1 ਨਵੰਬਰ 2018 ਨੂੰ ਸਕੱਤਰ ਵਲੋਂ ਚੋਣ ਅਬਜ਼ਰਵਰਾਂ ਨੂੰ ਭੇਜੀ ਗਈ ਉਸ ਅਨੁਸਾਰ ਇਹ ਫੈਸਲਾ ਕਰਨਾ ਔਖਾ ਸੀ ਕਿ ਦੀਵਾਨ ਦੇ ਮੈਂਬਰ ਸੰਵਿਧਾਨ ਦੀ ਮੁੱਢਲੀ ਸ਼ਰਤ ਪੂਰੀ ਕਰਦੇ ਹਨ ਜਾਂ ਨਹੀ। ਉਨ੍ਹਾਂ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ 2 ਦਸੰਬਰ ਨੂੰ ਹੋ ਰਹੀ ਚੋਣ ਮੌਕੇ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰੇ ਸਿੰਘਾਂ ਦੀ ਡਿਊਟੀ ਲਗਾਈ ਜਾਵੇ ਤਾਂ ਜੋ ਦੀਵਾਨ ਦੇ ਨਿਯਮਾਂ ਅਨੁਸਾਰ ਜਿਹਨਾਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਹੈ ਉਹ ਪਛਾਣੇ ਜਾ ਸਕਣ।
ਉਧਰ ਸ੍ਰੀ ਅਕਾਲ ਤਖਤ ਸਾਹਿਬ ਸਕਤਰੇਤ ਵਲੋਂ ਲਿਖੀ ਚਿੱਠੀ ਨੂੰ ਲੈ ਕੇ ਦੀਵਾਨ ਦੇ ਪ੍ਰਧਾਨ ਤੇ ਅਹੁਦੇਦਾਰਾਂ ਦੀ ਚੋਣ ਲੜ ਰਹੇ ਦੋਹਾਂ ਧੜਿਆਂ ਵਿੱਚ ਵੀ ਹਲਚਲ ਸ਼ੁਰੂ ਹੋ ਗਈ ਹੈ। ਇਕ ਧੜੇ ਦਾ ਦਾਅਵਾ ਹੈ ਕਿ ਇੱਕ ਚੋਣ ਅਬਜ਼ਰਵਰ ਵੀ ਅੰਮ੍ਰਿਤਧਾਰੀ ਨਹੀਂ ਹੈ ਤੇ ਇਹ ਮੁੱਦਾ ਖੁੱਦ ਚੋਣ ਮੁਲਾਜ਼ਮਾਂ ਦੀ ਪ੍ਰਬੰਧਕਾਂ ਨਾਲ ਹੋਈ ਬੈਠਕ ਵਿੱਚ ਚੁੱਕਿਆ ਗਿਆ ਸੀ। ਇੱਕ ਹੋਰ ਉਮੀਦਵਾਰ ਦਾ ਕਹਿਣਾ ਹੈ ਕਿ ਖੁਦ ਦੀਵਾਨ ਦੇ ਇੱਕ ਮੌਜੂਦਾ ਅਹੁਦੇਦਾਰ, ਜੋ ਇਸ ਅਹੁਦੇ ਤੇ ਕਈ ਸਾਲਾਂ ਤੋਂ ਬਣੇ ਹੋਏ ਹਨ ਅੰਮ੍ਰਿਤਧਾਰੀ ਨਹੀ ਹਨ। ਬੀਤੇ ਕਲ੍ਹ ਹੀ ਤਜਿੰਦਰ ਪਾਲ ਸਿੰਘ ਨਾਮੀ ਇੱਕ ਸਿੱਖ ਨੇ ਸਬੂਤ ਵਜੋਂ ਫੋਟੋਆਂ ਪੇਸ਼ ਕਰਦਿਆਂ ਦੱਸਿਆ ਸੀ ਕਿ ਦੀਵਾਨ ਦੇ ਇੱਕ ਮੌਜੂਦਾ ਅਹੁਦੇਦਾਰ ਦੀ ਆਰ.ਐਸ.ਐਸ. ਦੀ ਸਿਆਸੀ ਸ਼ਾਖਾ ਭਾਜਪਾ ਨਾਲ ਐਨੀ ਕੁ ਨੇੜਤਾ ਹੈ ਕਿ ਸ਼ੱਕ ਪੈਂਦਾ ਹੈ ਜਿਵੇਂ ਭਾਜਪਾ ਦੀਵਾਨ ਉੱਤੇ ਵੀ ਕਬਜਾ ਕਰ ਚੁੱਕੀ ਹੈ।
ਦੂਸਰੇ ਪਾਸੇ ਦੀਵਾਨ ਦੀ ਚੋਣ ਲੜ ਰਹੇ ਇੱਕ ਧੜੇ ਨੇ ਦਾਅਵਾ ਕੀਤਾ ਹੈ ਕਿ ‘ਪ੍ਰਿੰਸੀਪਲ ਬਲਜਿੰਦਰ ਸਿੰਘ ਤੋਂ ਇਲਾਵਾ ਬਾਕੀ ਦੋ ਚੋਣ ਅਬਜ਼ਰਵਰਾਂ ਦਾ ਕਹਿਣਾ ਹੈ ਕਿ ਪ੍ਰਿੰਸੀਪਲ ਬਲਜਿੰਦਰ ਸਿੰਘ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਪਾਸ ਕੀਤੀ ਸ਼ਿਕਾਇਤ ਨਾਲ ਉਨ੍ਹਾਂ (ਦੋ ਅਬਜ਼ਰਵਰਾਂ) ਦਾ ਕੋਈ ਲੈਣ ਦੇਣ ਨਹੀ’। ਪਰ ਪ੍ਰਿੰਸੀਪਲ ਬਲਜਿੰਦਰ ਸਿੰਘ ਅੱਜ ਵੀ ਆਪਣੇ ਵਲੋਂ ਲਏ ਉਸ ਸਟੈਂਡ ਤੇ ਮਜਬੂਤੀ ਨਾਲ ਖੜ੍ਹੇ ਨਜਰ ਆਏ। ਉਨ੍ਹਾ ਦੱਸਿਆ ਕਿ ਅਕਾਲ ਤਖਤ ਸਾਹਿਬ ਵਲੋਂ ਦੀਵਾਨ ਨੂੰ ਭੇਜੀ ਗਈ ਚਿੱਠੀ ਉਪਰੰਤ ਇਹ ਗੁਰਮਤਿ ਅਤੇ ਦੀਵਾਨ ਦੇ ਸੰਵਿਧਾਨ ਅਨੁਸਾਰ ਵੀ ਲਾਜਮੀ ਹੋ ਗਿਆ ਹੈ ਕਿ ਦੀਵਾਨ ਦੀ ਚੋਣ ਨੂੰ ਗੈਰ ਅੰਮ੍ਰਿਤਧਾਰੀਆਂ ਤੋਂ ਮੁਕਤ ਰੱਖਿਆ ਜਾਵੇ।
Related Topics: Chier Khalsa Diwan