ਮਨੁੱਖੀ ਅਧਿਕਾਰ » ਲੇਖ

ਸੱਚ ਬੋਲਣ ਦੀ ਕੀਮਤ ਤਾਰਨੀ ਪੈਂਦੀ ਹੈ ਪਰ ਇਹ ਕੀਮਤ ਹੀ ਅਸਲ ਇਨਾਮ ਹੁੰਦੀ ਹੈ

September 4, 2018 | By

ਅਕਸਰ ਇਹ ਸੁਣਦੇ ਹਾਂ ਕਿ ਸੱਚ ਬੋਲਣ ਦੀ ਕੀਮਤ ਅਦਾ ਕਰਨੀ ਪੈਂਦੀ ਹੈ। ਸਹੀ ਹੈ, ਜਦੋਂ ਝੂਠ ਦਾ ਰਾਜ ਹੋਵੇ ਤਾਂ ਸੱਚ ਮਹਿੰਗਾ ਹੀ ਹੁੰਦਾ ਹੈ। ਜਿਹਨਾਂ ਸੱਚ ਬੋਲਣਾ ਹੁੰਦਾ ਹੈ ਉਹਨਾਂ ਨੂੰ ਇਹਦੀ ਮਹਿੰਗੀ ਕੀਮਤ ਅਦਾ ਕਰਨੀ ਹੀ ਪੈਂਦੀ ਹੈ।

ਸਜ਼ਾ ਸੁਣਾਏ ਜਾਣ ਤੋਂ ਬਾਅਦ ਪੁਲਿਸ ਹਿਰਾਸਤ ਵਿਚ ਅੰਗੂਠਿਆਂ ਨਾਲ ਚੜਦੀਕਲਾ ਦੇ ਨਿਸ਼ਾਨ ਬਣਾਉਂਦੇ ਹੋਏ ਰਿਊਟਰਜ਼ ਦੇ ਪੱਤਰਕਾਰ

ਅੱਜ ਸਵੇਰੇ ਜਦੋਂ ਬਰਮਾਂ ਦੀ ਇਕ ਅਦਾਲਤ ਵੱਲੋਂ ਰਿਊਟਰਜ਼ ਖਬਰ ਏਜੰਸੀ ਦੇ ਦੋ ਪੱਤਰਕਾਰਾਂ ਨੂੰ ਸੱਤ ਸਾਲ ਦੀ ਸਜ਼ਾ ਸੁਣਾਏ ਜਾਣ ਬਾਰੇ ਖਬਰ ਪੜ੍ਹੀ ਤਾਂ ਪਹਿਲੇ ਵਿਚਾਰ ਤਾਂ ਇਹੀ ਮਨ ਵਿੱਚ ਆਇਆ ਕਿ ਇਹਨਾਂ ਨੇ ਸੱਚ ਬੋਲਣ ਦੀ ਕੀਮਤ ਅਦਾ ਕੀਤੀ ਹੈ ਪਰ ਜਦੋਂ ਉਹਨਾਂ ਦੀਆਂ ਸਜਾ ਸੁਣਾਏ ਜਾਣ ਤੋਂ ਬਾਅਦ ਦੀਆਂ ਤਸਵੀਰਾਂ ਵੇਖੀਆਂ ਤਾਂ ਮੰਜ਼ਰ ਕੁਝ ਵੱਖਰਾ ਲੱਗਾ।

ਮਹਿੰਗੀ ਕੀਮਤ ਤਾਰ ਕੇ ਸੱਚ ਖਰੀਦਣ ਵਾਲੇ ਉਸ ਦੇ ਹਾਣ ਦੇ ਲੱਗੇ ਕਿਉਂਕਿ ਉਹਨਾਂ ਦੇ ਹੱਥਕੜੀ ਲੱਗੇ ਹੱਥ ਵੀ ਅੰਗੂਠਿਆਂ ਨਾਲ ਚੜ੍ਹਦੀਕਲਾ ਦੇ ਨਿਸ਼ਾਨ ਬਣਾ ਰਹੇ ਸਨ ਤੇ ਚਿਹਰਿਆਂ ਉੱਤੇ ਖੇੜਾ ਸੀ।

ਐਡਵਰਡ ਸਨੋਡਨ ਦੀ ਸਕਾਈਪ ਰਾਹੀਂ ਲੋਕਾਂ ਨਾਲ ਗੱਲ ਕਰਦਿਆਂ ਲਈ ਗਈ ਤਸਵੀਰ

ਅਮਰੀਕਾ ਦੀ ਖੂਫੀਆ ਏਜੰਸੀ ਐਨ.ਐਸ.ਏ. ਵੱਲੋਂ ਲੋਕਾਂ ਦੀ ਕੀਤੀ ਜਾਂਦੀ ਵਿਆਪਕ ਜਸੂਸੀ ਦਾ ਭੇਤ ਦੱਸਣ ਵਾਲੇ ਐਡਵਰਡ ਸਨੋਡਨ ਨੂੰ ਦੂਰੋਂ ਗੱਲਬਾਤ ਕਰਨ ਵਾਲੇ ਇਕ ਮੁਲਾਕਾਤੀ ਨੇ ਸਰੋਤਿਆਂ ਦੀ ਭਰੀ ਸਭਾ ਵਿੱਚ ਪੁੱਛਿਆ ਸੀ ਕਿ ਉਹ ਅੱਜ ਅਜਿਹੀ ਜਿੰਦਗੀ ਜਿਉਂ ਰਿਹਾ ਹੈ ਕਿ ਪਤਾ ਨਹੀਂ ਅਗਲੇ ਪਲ ਕੀ ਹੋ ਜਾਵੇ। ਅਜਿਹੇ ਵਿੱਚ ਉਸ ਨੂੰ ਕਿਹੋ ਜਿਹਾ ਮਹਿਸੂਸ ਹੁੰਦਾ ਹੈ ਤਾਂ ਉਹਦਾ ਜਵਾਬ ਸੀ ਕਿ ਜਿਸ ਦਿਨ ਉਸਨੇ ਭੇਤ ਉਜਾਗਰ ਕਰਨ ਦਾ ਕਦਮ ਚੁੱਕਿਆ ਸੀ ਉਦੋਂ ਉਹਦੇ ਕੋਲ ਅੰਤਾਂ ਦੀ ਦੌਲਤ ਤੇ ਐਨ.ਐਸ.ਏ. ਰਾਹੀਂ ਮਿਲੀ ਅਥਾਹ ਤਾਕਤ ਸੀ ਤੇ ਕਦਮ ਚੁੱਕਦੇ ਸਾਰ ਉਹ ਸਭ ਕੁਝ ਮਿਟ ਗਿਆ ਪਰ ਉਸਨੇ ਜੋ ਕੀਤਾ ਉਹਦੇ ਤੇ ਉਹਨੂੰ ਏਨੀ ਸੰਤੁਸ਼ਟੀ ਹੈ ਕਿ ਹੁਣ ਇਹ ਫਿਕਰ ਕਰਨ ਦੀ ਲੋੜ ਨਹੀਂ ਕਿ ਅਗਲੇ ਪਲ ਕੀ ਹੋਵੇਗਾ।

ਪੁਲਿਸ ਹਿਰਾਸਤ ਵਿਚ ਮੁਕਰਾਉਂਦਾ ਹੋਇਆ ਭਾਈ ਜਗਤਾਰ ਸਿੰਘ ਹਵਾਰਾ

ਕਈ ਸਾਲ ਪਹਿਲਾਂ ਜਦੋਂ ਭਾਈ ਜਗਤਾਰ ਸਿੰਘ ਹਵਾਰਾ ਦੀ ਗ੍ਰਿਫਤਾਰੀ ਹੋਈ ਤਾਂ ਦਿੱਲੀ ਯੂਨੀਵਰਸਿਟੀ ਪੜ੍ਹਦੇ ਇਕ ਦੋਸਤ ਨੂੰ ਅਖਬਾਰ ਵਿੱਚ ਲੱਗੀ ਭਾਈ ਹਵਾਰਾ ਦੀ ਤਸਵੀਰ ਵੇਖ ਕੇ ਕਿਸੇ ਗੈਰ-ਪੰਜਾਬੀ ਵਿਿਦਆਰਥੀ ਨੇ ਕਿਹਾ ਸੀ ਕਿ, “ਕੁਸ਼ ਬਾਤ ਹੈ ਇਸਮੇਂ, ਪੁਲਿਸ ਵਾਲੋਂ ਕੀ ਪਕੜ ਮੇਂ ਭੀ ਇਸਕੇ ਚਿਹਰੇ ਪਰ ਖੁਸ਼ੀ ਹੈ।” ਅਸਲ ਵਿੱਚ ਉਹ ਖੁਸ਼ੀ ਦਾ ਖੇੜਾ ਮਹਿੰਗੇ ਭਾਅ ਖਰੀਦੇ ਸੱਚ ਦਾ ਹੀ ਖੇੜਾ ਸੀ।

ਕੁਝ ਸਮਾਂ ਪਹਿਲਾਂ ਛੱਜਲਵੱਡੀ ਪਿੰਡ ਵਿੱਚ ਭਾਈ ਸੁਰਜੀਤ ਸਿੰਘ ਪੈਂਟੇ ਦੇ ਬਾਪੂ ਸ. ਸਵਰਨ ਸਿੰਘ ਨਾਲ ਮੁਲਾਕਾਤ ਦਾ ਸਵੱਬ ਮਹਾਰਾਜ ਨੇ ਬਖਸ਼ਿਆ। ਜ਼ਿੰਦਗੀ ਦੇ ਅਠਵੇਂ ਦਹਾਕੇ ਵਿੱਚ ਦਗਦੇ ਚਿਹਰੇ ਵਾਲਾ ਬਾਪੂ ਆਪਣੀ ਜ਼ਿੰਦਗੀ ਵਿੱਚ ਖਰੀਦੇ ਸੱਚ ਨੂੰ ਆਪਣਾ ਸਭ ਤੋਂ ਵੱਡਾ ਖਜਾਨਾ ਦੱਸਦਾ ਸੀ, ਭਾਵੇਂ ਕਿਸ ਇਸ ਦੀ ਕੀਮਤ ਵਜੋਂ ਆਪਣੇ ਪਰਵਾਰ ਦੇ ਨੌਂ ਜੀਅ, ਸਮੇਤ ਆਪਣੇ ਦੁੱਧ ਚੁੰਗਦੇ ਦੋਹਤੇ ਦੇ, ਅਦਾ ਕਰਨੇ ਪਏ ਸਨ।

ਜਸਵੰਤ ਸਿੰਘ ਖਾਲੜਾ

ਸੱਚ ਦੇ ਇਹਨਾਂ ਵਪਾਰੀਆਂ ਦੀ ਸੂਚੀ ਲੰਮੀ ਤੇ ਬਾਤਾਂ ਨਿਆਰੀਆਂ ਹਨ। ਇਸੇ ਸੱਚੇ ਸੌਦੇ ਦਾ ਅਹਿਸਾਸ ਹੀ ਜਸਵੰਤ ਸਿੰਘ ਖਾਲੜਾ ਨੂੰ ਹਨੇਰੇ ਦੀ ਸਲਤਨਤ ਦੌਰਾਨ ਪੰਜਾਬ ਵਿੱਚੇ ਰਹਿ ਕੇ ਚਾਨਣ ਦੀ ਬਾਤ ਪਾਉਣ ਦੀ ਹਿੰਮਤ ਦੇਂਦਾ ਸੀ, ਜਿਸਦੀ ਕੀਮਤ ਉਹਨਾਂ ਆਪਣੀ ਜਾਨ ਨਾਲ ਉਤਾਰੀ।

ਗੱਲ ਠੀਕ ਹੈ ਕਿ ਸੱਚ ਲਈ ਕੀਮਤ ਤਾਰਨੀ ਪੈਂਦੀ ਹੈ ਪਰ ਜਿਹੜੇ ਉਤਾਰ ਦਿੰਦੇ ਹਨ ਉਹਨਾਂ ਲਈ ਉਹ ਕੀਮਤ ਹੀ ਸਭ ਤੋਂ ਕੀਮਤੀ ਇਨਾਮ ਬਣ ਬਹੁੜਦੀ ਹੈ।

– ਪਰਮਜੀਤ ਸਿੰਘ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,