ਖਾਸ ਖਬਰਾਂ

ਮਾਂ-ਬੋਲੀ ਸਤਿਕਾਰ ਕਮੇਟੀ ਨੇ ਹਿੰਦੀ ਅਤੇ ਅੰਗਰੇਜ਼ੀ ਦੀਆਂ ਤਖ਼ਤੀਆਂ ‘ਤੇ ਕਾਲਾ ਪੋਚਾ ਫੇਰਨ ਦੀ ਮੁਹਿੰਮ ਸ਼ੁਰੂ ਕੀਤੀ

April 2, 2018 | By

ਚੰਡੀਗੜ੍ਹ: ਮਾਂ ਬੋਲੀ ਸਤਿਕਾਰ ਕਮੇਟੀ ਨੇ ਬਠਿੰਡਾ-ਪਟਿਆਲਾ ਕੌਮੀ ਸ਼ਾਹਰਾਹ ਦੇ ਤਕਰੀਬਨ ਸੈਂਕੜੇ ਸਾਈਨ ਬੋਰਡਾਂ ’ਤੇ ਕਾਲਾ ਪੋਚਾ ਫੇਰ ਦਿੱਤਾ। ਇਸ ਕਮੇਟੀ ਨੇ ਪੋਚਾ ਫੇਰ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਜੋ 15 ਅਪਰੈਲ ਤੱਕ ਚੱਲੇਗੀ। ਬਠਿੰਡਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਈਨ ਬੋਰਡਾਂ ’ਤੇ ਸ਼ਨੀਵਾਰ ਰਾਤ ਕਾਲਾ ਪੋਚਾ ਫੇਰ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ।

ਸਾਈਨ ਬੋਰਡਾਂ ‘ਤੇ ਲਿਖੀ ਹਿੰਦੀ ਅਤੇ ਅੰਗਰੇਜ਼ੀ ‘ਤੇ ਕਾਲਾ ਰੰਗ ਫੇਰਦੇ ਹੋਏ ਨੌਜਵਾਨ

ਲੱਖਾ ਸਧਾਣਾ, ਦਲ ਖ਼ਾਲਸਾ ਦੇ ਬਾਬਾ ਹਰਦੀਪ ਮਹਿਰਾਜ, ਬੀਕੇਯੂ (ਕ੍ਰਾਂਤੀਕਾਰੀ) ਦੇ ਸੁਰਜੀਤ ਫੂਲ ਅਤੇ ਅਕਾਲੀ ਦਲ (ਅੰਮ੍ਰਿਤਸਰ) ਰਜਿੰਦਰ ਸਿੰਘ ਫ਼ਤਿਹਗੜ੍ਹ ਛੰਨਾ ਆਦਿ ਨੇ ਇਸ ਮੁਹਿੰਮ ਦੀ ਅਗਵਾਈ ਕੀਤੀ। ਮਾਂ ਬੋਲੀ ਸਤਿਕਾਰ ਕਮੇਟੀ ਦੇ ਕਾਫ਼ਲੇ ਵਿੱਚ 300 ਤੋਂ ਜ਼ਿਆਦਾ ਕਾਰਕੁਨ ਸ਼ਾਮਲ ਸਨ, ਜਿਨ੍ਹਾਂ ਅੱਜ ਪਿੰਡ ਮਹਿਰਾਜ ਦੇ ਗੁਰੂ ਘਰ ਤੋਂ ਰਵਾਨਗੀ ਕੀਤੀ। ਇਸ ਤੋਂ ਪਹਿਲਾਂ ਲੰਘੀ ਰਾਤ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫ਼ਤਰ, ਆਮਦਨ ਕਰ ਵਿਭਾਗ, ਡਾਕਘਰ ਅਤੇ ਮੈਕਸ ਹਸਪਤਾਲ ਦੇ ਸਾਈਨ ਬੋਰਡਾਂ ’ਤੇ ਕਾਲਾ ਪੋਚਾ ਫੇਰਿਆ ਗਿਆ।

ਕਮੇਟੀ ਆਗੂ ਲੱਖਾ ਸਧਾਣਾ ਨੇ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਕਮੇਟੀ ਤਰਫ਼ੋਂ ਹਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਪੰਜਾਬੀ ਭਾਸ਼ਾ ਲਾਗੂ ਕਰਾਉਣ ਸਬੰਧੀ ਮੰਗ ਪੱਤਰ ਦਿੱਤੇ ਗਏ ਸਨ। ਕੌਮੀ ਹਾਈਵੇਅ ਅਥਾਰਿਟੀ ਨੂੰ ਲੀਗਲ ਨੋਟਿਸ ਵੀ ਭੇਜਿਆ ਗਿਆ ਪ੍ਰੰਤੂ ਸਰਕਾਰ ਨੇ ਮਾਂ ਬੋਲੀ ਦੇ ਸਤਿਕਾਰ ਲਈ ਕੋਈ ਕਦਮ ਨਹੀਂ ਚੁੱਕਿਆ ਜਿਸ ਕਰਕੇ ਅੱਜ ਸਤਿਕਾਰ ਕਮੇਟੀ ਨੂੰ ਇਹ ਮੁਹਿੰਮ ਵਿੱਢਣੀ ਪਈ ਹੈ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਪੂਰੇ 15 ਦਿਨ ਚੱਲੇਗੀ ਅਤੇ ਹਰ ਅੰਗਰੇਜ਼ੀ ਤੇ ਹਿੰਦੀ ਵਾਲੇ ਸਾਈਨ ਬੋਰਡ ’ਤੇ ਪੋਚਾ ਫੇਰਿਆ ਜਾਵੇਗਾ।

ਇਸ ਤੋਂ ਇਲਾਵਾ ਭਵਾਨੀਗੜ੍ਹ ਬਲਾਕ ਅੰਦਰ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਉੱਤੇ ਲੱਗੇ ਬੋਰਡਾਂ ਤੋਂ ਅੰਗਰੇਜ਼ੀ ਦੇ ਲਿਖੇ ਨਾਵਾਂ ਉੱਤੇ ਕਾਲੇ ਰੰਗ ਨਾਲ ਪੋਚਾ ਫੇਰ ਦਿੱਤਾ ਗਿਆ। ਇਸ ਮੌਕੇ ਲੱਖਾ ਸਿੰਘ ਸਧਾਣਾ ਅਤੇ ਮਾਨ ਦਲ ਦੇ ਆਗੂ ਰਜਿੰਦਰ ਸਿੰਘ ਛੰਨਾ ਨੇ ਕਿਹਾ ਕਿ ਪੰਜਾਬ ਅੰਦਰ ਨੈਸ਼ਨਲ ਹਾਈਵੇਜ਼ ਉੱਤੇ ਲਗਾਏ ਸੰਕੇਤਕ ਬੋਰਡਾਂ ਉੱਤੇ ਸਭ ਤੋਂ ਉਪਰ ਪੰਜਾਬੀ ਦੀ ਥਾਂ ਅੰਗਰੇਜ਼ੀ ਜਾਂ ਹਿੰਦੀ ਭਾਸ਼ਾ ਵਿੱਚ ਨਾਮ ਲਿਖਕੇ ਸਾਡੀ ਮਾਂ ਬੋਲੀ ਪੰਜਾਬੀ ਨਾਲ ਵਿਤਕਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬੋਰਡਾਂ ਉੱਤੇ ਸਭ ਤੋਂ ਉੱਤੇ ਪੰਜਾਬੀ ਭਾਸ਼ਾ ਵਿੱਚ ਲਿਖਿਆ ਹੋਣਾ ਚਾਹੀਦਾ ਹੈ, ਦੂਜੀਆਂ ਭਾਸ਼ਾਵਾਂ ਵਿੱਚ ਨਾਮ ਹੇਠਾਂ ਲਿਖੇ ਜਾਣ। ਉਨ੍ਹਾਂ ਕਿਹਾ ਕਿ ਅਸਲ ਵਿੱਚ ਜਿਸ ਵੀ ਸੂਬੇ ਵਿੱਚੋਂ ਦੀ ਕੋਈ ਨੈਸ਼ਨਲ ਹਾਈਵੇਅ ਲੰਘਦੀ ਹੋਵੇ ਤਾਂ ਸਭ ਤੋਂ ਉੱਤੇ ਸਬੰਧਤ ਸੂਬੇ ਦੀ ਭਾਸ਼ਾ ਵਿੱਚ ਹੀ ਨਾਮ ਲਿਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਵਿੱਚ ਸਮੂਹ ਪੰਜਾਬੀ ਪ੍ਰੇਮੀਆਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,